Share on Facebook

Main News Page

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 990)
-: ਨਿਰਮਲ ਸਿੰਘ ਕੰਧਾਲਵੀ

ਕੇਸ ਰੰਗਣੇ ਵਾਲ਼ੀਆਂ ਬੀਬੀਆਂ ਨੂੰ ਕੀਰਤਨ ਕਰਨ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਰੋਕਣ ‘ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਅਵੱਗਿਆ ਦੇ ਨਾਲ਼ ਨਾਲ਼ ਪੰਜਾਬੀ ਵਿਸ਼ੇਸ਼ ਕਰ ਸਿੱਖ ਸੱਭਿਆਚਾਰ ਵਿਚ ਆਈ ਗਿਰਾਵਟ ਵਲ ਵੀ ਧਿਆਨ ਦੇਣ ਲਈ ਵੰਗਾਰਿਆ ਹੈ, ਜਿਵੇਂ ਕਿ ਮਹਿੰਗੇ ਵਿਆਹ-ਸ਼ਾਦੀਆਂ, ਵਿਆਹਾਂ ‘ਚ ਸ਼ਰਾਬ ਦੀ ਵਰਤੋਂ ਅਤੇ ਬੱਚੀਆਂ ਵਲੋਂ ਨੰਗੇਜ਼ ਭਰਪੂਰ ਨਾਚ-ਗਾਣਾ ਅਤੇ ਦਾਜ –ਦਹੇਜ ਦੀ ਲਾਅਨਤ ਤੇ ਭਰੂਣ ਹੱਤਿਆ ਆਦਿ।ਰਾਮੂਵਾਲ਼ੀਆ ਸਾਹਿਬ ਬੜੇ ਹੰਢੇ ਹੋਏ ਸਿਆਸਤਦਾਨ ਹਨ, ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਕਿ ਉਹਨਾਂ ਨੇ ਕੇਸ ਰੰਗਣ ਵਾਲ਼ੀਆਂ ਬੀਬੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ ਜਾਂ ਇਸ ਦੀ ਆੜ ਵਿਚ ਸੱਭਿਆਚਾਰਕ ਗਿਰਾਵਟ ਵਲ ਕੌਮ ਦਾ ਧਿਆਨ ਦਿਵਾਇਆ ਹੈ। ਵੈਸੇ ਰਾਮੂਵਾਲੀਆ ਸਾਹਿਬ ਆਪ ਵੀ ਆਪਣੀ ਦਾਹੜੀ ਦੇ ਇਕ ਵੀ ਚਿੱਟੇ ਵਾਲ਼ ਦੇ ਕਿਸੇ ਨੂੰ ਦਰਸ਼ਨ ਨਹੀਂ ਹੋਣ ਦਿੰਦੇ।

ਸਿੱਖ ਸੰਸਥਾਵਾਂ ਦੀਆਂ ਸਿਖਰ ਦੀਆਂ ਕੁਰਸੀਆਂ ‘ਤੇ ਬੈਠੇ ਸੱਜਣ ਵੀ ਕੇਸ ਦਾਹੜੀ ਰੰਗਣ ਦੇ ਫਤਵੇ ਆਪਣੀ ਮਰਜ਼ੀ ਨਾਲ਼ ਹੀ ਸੁਣਾਉਂਦੇ ਹਨ। ਜਿੱਥੇ ਵਿ ਅਕਤੀ ਇਹਨਾਂ ਦੇ ਧੜੇ ਦਾ ਹੋਵੇ, ਚੋਖੀਆਂ ਵੋਟਾਂ ਜੇਬ ‘ਚ ਪਾਈ ਫਿਰਦਾ ਹੋਵੇ, ਉੱਥੇ ਘੇਸਲ ਵੱਟ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਉਹਨਾਂ ਦੇ ਪਰਵਾਰਾਂ ਬਾਰੇ ਨਿਯਮਾਂ ਵਿਚ ਸਾਫ਼ ਲਿਖ਼ਿਆ ਹੋਇਆ ਹੈ ਕਿ ਮੈਂਬਰ ਅਤੇ ਉਹਨਾਂ ਦੇ ਪਰਵਾਰ ਪਤਿਤ ਅਤੇ ਤਨਖਾਹੀਏ ਨਾ ਹੋਣ। ਪਰ ਕੀ ਇਹਨਾਂ ਸਾਰੇ ਮੈਂਬਰਾਂ ਦੇ ਪਰਵਾਰਾਂ ਦੇ ਜੀਅ ਇਸ ਕਸਵੱਟੀ ‘ਤੇ ਪੂਰੇ ਉੱਤਰਦੇ ਹਨ? ਜੇ ਨਹੀਂ ਤਾਂ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਰੋਜ਼ ਖ਼ਬਰਾਂ ਆਉਂਦੀਆਂ ਹਨ ਕਿ ਫ਼ਲਾਣੇ ਅਕਾਲੀ ਕੋਲੋਂ ਸ਼ਰਾਬ ਫੜੀ ਗਈ, ਫ਼ਲਾਣੇ ਅਕਾਲੀ ਕੋਲੋਂ ਅਫ਼ੀਮ ਡੋਡੇ ਤੇ ਹੋਰ ਨਸ਼ੇ ਫੜੇ ਗਏ, ਕਿੰਨਿਆਂ ਕੁ ਨੂੰ ਅਕਾਲੀ ਦਲ ‘ਚੋਂ ਕੱਢਿਆ ਜਾਂਦਾ ਹੈ? ਵੈਸੇ ਤਾਂ ਅਕਾਲੀ ਦਲ ਹੁਣ ਹੈ ਹੀ ਨਹੀਂ ਇਹ ਤਾਂ ਪੰਜਾਬੀ ਪਾਰਟੀ ਹੈ।

ਪਰ ਚਲੋ ਜੇ ਰਾਮੂਵਾਲੀਆ ਸਾਹਿਬ ਨੇ ਇਸੇ ਬਹਾਨੇ ਹੀ ਬੜੇ ਗੰਭੀਰ ਮੁੱਦਿਆਂ ਬਾਰੇ ਗੱਲ ਕੀਤੀ ਹੈ ਤਾਂ ਵੀ ਇਹ ਸ਼ਲਾਘਾਯੋਗ ਕਰਮ ਹੈ। ਉਹਨਾਂ ਨੇ ਇਸ਼ਾਰਾ ਦੇ ਹੀ ਦਿੱਤਾ ਹੈ ਕਿ ਸਿੱਖ ਧਰਮ ਅੱਜ ਭਾਈ ਲਾਲੋਆਂ ਦਾ ਧਰਮ ਨਹੀਂ ਰਹਿ ਗਿਆ ਇਸ ‘ਤੇ ਮਲਕ ਭਾਗੋਆਂ ਨੇ ਜੱਫਾ ਮਾਰ ਲਿਆ ਹੈ, ਜਿਸ ਦਾ ਖ਼ਮਿਆਜ਼ਾ ਸਿੱਖ ਕੌਮ ਭੁਗਤ ਰਹੀ ਹੈ, ਨਤੀਜੇ ਵਜੋਂ ਲੋਕ ਡੇਰਿਆਂ ਨਾਲ਼ ਜੁੜ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਆਪਣੇ ਗੁਆਂਢ ਗੁਰਦਾਸਪੁਰ ਵਿਚ ਹੀ ਗ਼ਰੀਬੀ ਦੇ ਮਾਰੇ ਇਸਾਈ ਧਰਮ ਅਪਣਾ ਰਹੇ ਹਜ਼ਾਰਾਂ ਸਿੱਖ ਪਰਵਾਰ ਨਹੀਂ ਦਿਸਦੇ। ਅਮੀਰ ਸਿੱਖਾਂ ਨੂੰ ਵੀ ਗੁਆਂਢ ‘ਚ ਭੁੱਖਾ ਨੰਗਾ ਬੈਠਾ ਸਿੱਖ ਨਹੀਂ ਦਿਸਦਾ ਉਹ ਵੀ ਨੋਟਾਂ ਦੇ ਟੋਕਰੇ ਲੈ ਕੇ ਗੁਰਦੁਆਰਿਆਂ ਵਲ ਨੂੰ ਹੀ ਭੱਜਦੇ ਹਨ। ਗੁਰੂ ਸਾਹਿਬ ਦਾ ਕਥਨ ‘ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ’ ਹਰ ਇਕ ਨੂੰ ਭੁੱਲ ਚੁੱਕਾ ਹੈ।

ਸ਼੍ਰੋਮਣੀ ਕਮੇਟੀ ਅਮਰੀਕਾ ਜਿਹੇ ਅਮੀਰ ਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕੇਂਦਰ ਖੋਲ੍ਹਣ ਜਾ ਰਹੀ ਹੈ। ਕਿਹੜੀ ਸਿੱਖੀ ਦਾ ਪ੍ਰਚਾਰ? ਸ਼੍ਰੋਮਣੀ ਕਮੇਟੀ ਵਾਲ਼ੀ ਸਿੱਖੀ? ਪੱਛਮੀ ਦੇਸ਼ਾਂ ਦੇ ਜਾਗਰੂਕ ਸਿੱਖ ਜਾਣਦੇ ਹਨ ਕਿ ਇਹਨਾਂ ਨੇ ਕਿਹੜਾ ਪ੍ਰਚਾਰ ਕਰਨਾ ਹੈ ਉੱਥੇ। ਅਮਰੀਕਾ ਤੋਂ ਇਕ ਸੱਜਣ ਕਹਿ ਰਹੇ ਸਨ ਕਿ ਇਹ ਪ੍ਰਚਾਰ ਕੇਂਦਰ ਜੋ ਚੰਦ ਚਾੜ੍ਹੇਗਾ ਉਹ ਸਭ ਦੇ ਸਾਹਮਣੇ ਹੀ ਆ ਜਾਣਾ ਹੈ। ਬਾਹਰਲੇ ਦੇਸ਼ਾਂ ‘ਚ ਬੈਠੇ ਹੱਕ ਸੱਚ ਦੀ ਗੱਲ ਕਰਨ ਵਾਲ਼ੇ ਸਿੱਖ ਇਹਨਾਂ ਨੂੰ ਚੰਗੇ ਨਹੀਂ ਲਗਦੇ, ਉੱਥੇ ਵੀ ਜਾਗਰੂਕ ਸਿੱਖਾਂ ‘ਤੇ ਝੁਰਲੂ ਫੇਰਨ ਦਾ ਕਾਰਜ ਕੀਤਾ ਜਾਵੇਗਾ ਤਾਂ ਕਿ ਉਹਨਾਂ ਨੂੰ ਆਪਣੇ ਵਾਲ਼ੀ ਮੁੱਖ ਧਾਰਾ ‘ਚ ਲਿਆਂਦਾ ਜਾ ਸਕੇ, ਤਾਂ ਕਿ ਪੰਜਾਬ ‘ਚ ਰਾਜ ਕਰ ਰਹੇ ਹੁਕਮਰਾਨ ਆਰਾਮ ਨਾਲ਼ ਮਨਮਰਜ਼ੀਆਂ ਕਰ ਸਕਣ, ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।

ਉੱਚੀਆਂ ਕੁਰਸੀਆਂ ‘ਤੇ ਬੈਠੇ ਹਾਕਮੋਂ ਅਮਰੀਕਾ ਨੂੰ ਛੱਡੋ ਤੇ ਰਾਮੂਵਾਲੀਏ ਵਲੋਂ ਉਠਾਏ ਗਏ ਮੁੱਦਿਆਂ ‘ਤੇ ਗ਼ੌਰ ਕਰੋ ਜੇ ਸਿੱਖੀ ਦੀ ਸਹੀ ਸੇਵਾ ਕਰਨੀ ਚਾਹੁੰਦੇ ਹੋ। ਇਹ ਗੰਭੀਰ ਮੁੱਦੇ ਵੀ ਕੋਈ ਹੋਰ ਨਹੀਂ ਉਠਾ ਰਿਹਾ ਤੁਹਾਡਾ ਹੀ ਇਕ ਸੀਨੀਅਰ ਆਗੂ ਉਠਾ ਰਿਹਾ ਹੈ। ਕੋਈ ਹੋਰ ਉਠਾਵੇ ਤਾਂ ਤੁਸੀ ਵਿਕਾਸ ਵਿਕਾਸ ਕੂਕ ਕੇ ਉਹਦੀ ਆਵਾਜ਼ ਹੀ ਦਬਾਅ ਦਿੰਦੇ ਹੋ। ਹੈ ਜ਼ੁਰਅਤ ਤੁਹਾਡੇ ‘ਚ ਕੋਈ ਨੇਕ ਕੰਮ ਕਰਨੇ ਦੀ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top