Share on Facebook

Main News Page

ਕਦੋਂ ਤੱਕ ਨਿਭੇਗੀ ਬਾਦਲਾਂ ਅਤੇ ਭਾਜਪਾ ਦੀ ਯਾਰੀ…?
-: ਜਸਪਾਲ ਸਿੰਘ ਹੇਰਾਂ

ਅਸੀਂ ਵਾਰ-ਵਾਰ ਪੰਜਾਬ ਦੇ ਵਰਤਮਾਨ ਹਾਕਮਾਂ ਨੂੰ ਯਾਦ ਕਰਵਾਇਆ ਹੈ ਕਿ ਬੇਗਾਨਿਆਂ ਮੋਢਿਆਂ ਦਾ ਸਹਾਰਾ ਲੈ ਕੇ ਨਿਸ਼ਾਨਾ ਨਹੀਂ ਫੁੰਡਿਆ ਜਾ ਸਕਦਾ, ਬੇਗਾਨੀਆਂ ਵੈਸਾਖੀਆਂ ਸਹਾਰੇ ਚੜ੍ਹਾਈਆਂ ਨਹੀਂ ਚੜ੍ਹੀਆਂ ਜਾਂਦੀਆਂ, ਜੇ ਤੁਹਾਡੀਆਂ ਆਪਣੀਆਂ ਬਾਹਾਂ ਮਜ਼ਬੂਤ ਹਨ, ਤੁਹਾਡੇ ਡੋਲਿਆਂ ‘ਚ ਦਮ ਹੈ, ਤਦ ਹੀ ਤੁਸੀਂ ਆਪਣੀ ਹੋਂਦ ਦਾ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰ ਸਕਦੇ ਹੋ। ਬਾਦਲਾਂ ਦੀ ਭਾਜਪਾ ਨਾਲ ਯਾਰੀ ਕਹੀ ਜਾਂਦੀ ਹੈ, ਪਰ ਅਸਲ ‘ਚ ਇਹ ਯਾਰੀ ਨਹੀਂ, ਸਗੋਂ ਬਾਦਲਾਂ ਵੱਲੋਂ ਭਗਵਾਂ ਬ੍ਰਿਗੇਡ ਦੀ ਕਬੂਲੀ ਗੁਲਾਮੀ ਸੀ।

ਭਾਜਪਾ, ਬਾਦਲ ਦੀ ਸੱਤਾ ਭੁੱਖ ਨੂੰ ਚੰਗੀ ਤਰ੍ਹਾਂ ਭਾਂਪਕੇ, ਬਾਖ਼ੂਬੀ ਪੜ੍ਹ ਕੇ, ਉਸਨੂੰ ਸਿੱਖੀ ਦੀਆਂ ਜੜ੍ਹਾਂ ਤੇ ਚੱਲਣ ਵਾਲਾ ਸਭ ਤੋਂ ਕਾਰਗਾਰ ਕੁਹਾੜਾ ਸਮਝ ਕੇ, ਉਸਨੂੰ ਚੰਗਾ ਚੋਖਾ ਭਾਅ ਦਿੰਦੀ ਰਹੀ, ਇਹੋ ਭਾਅ ਪਿਛਲੀ ਕਾਂਗਰਸ ਦੀ ਕੇਂਦਰੀ ਸਰਕਾਰ ਵੀ ਦਿੰਦੀ ਰਹੀ। ਹੁਣ ਜਦੋਂ ਭਾਜਪਾ ਨੂੰ ਇਹ ਗਿਆਨ ਬਾਖ਼ੂਬੀ ਹੋ ਗਿਆ ਹੈ ਅਤੇ ਭਾਜਪਾ ਦਾ ਵੱਡਾ ਆਗੂ ਇਸ ਦਾ ਸੁਆਦ ਵੀ ਬਾਖ਼ੂਬੀ ਚੱਖ ਗਿਆ ਹੈ ਕਿ ਸਿੱਖ-ਪੰਥ ‘ਚ ਬਾਦਲਾਂ ਦਾ ਪੰਥ ਵਿਰੋਧੀ ਮਖੌਟਾ ਬੁਰੀ ਤਰ੍ਹਾਂ ਤਾਰ-ਤਾਰ ਹੋ ਗਿਆ ਹੈ ਅਤੇ ਬਾਦਲਾਂ ਦੇ ਅਸਲ ਚਿਹਰੇ ਨੂੰ ਸਿਰਫ਼ ਖਾਲਸਾ ਪੰਥ ਹੀ ਨਹੀਂ, ਸਗੋਂ ਸਮੁੱਚਾ ਪੰਜਾਬ ਬਾਖ਼ੂਬੀ ਪਹਿਚਾਣ ਚੁੱਕਿਆ ਹੈ, ਜਿਸ ਕਾਰਣ ਬਾਦਲਾਂ ਦੇ ਭਗਵੇਂ ਯਾਰਾਂ ਦੀਆਂ ਨਜ਼ਰਾਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਉਨ੍ਹਾਂ ਲਈ ਬਾਦਲਾਂ ਦੀ ਕੀਮਤ ਉਦੋਂ ਤੱਕ ਹੀ ਸੀ, ਜਦੋਂ ਤੱਕ ਉਹ ਸਿੱਖੀ ਹੋਂਦ ਦੇ ਖ਼ਾਤਮੇ ਲਈ, ਸਹਾਈ ਹੁੰਦਾ ਰਿਹਾ। ਹੁਣ ਜਦੋਂ ਬਾਦਲ ਦੇ ਸਾਥ ਕਾਰਣ ਭਗਵਾਂ ਬ੍ਰਿਗੇਡ ਦਾ ਮਿਸ਼ਨ, ਪਿਛਲਖੁਰੀ ਮੁੜਦਾ ਜਾਪਦਾ ਹੈ ਤਾਂ ਬਾਦਲ ਕੇ, ਉਨ੍ਹਾਂ ਲਈ "ਚੂਪੇ ਅੰਬ" ਬਣ ਗਏ ਹਨ, ਜਿਸ ਨੂੰ ਵਗਾਂਹ ਕੇ ਪਰੇ ਸੁੱਟ ਦਿੱਤਾ ਜਾਂਦਾ ਹੈ।

ਅਸੀਂ ਜਿਥੇ ਭਾਜਪਾ ਅਥਵਾ ਮੋਦੀ ਸਰਕਾਰ ਦੇ 100 ਦਿਨਾਂ ਦਾ ਹੋਰ ਕੰਮਾਂ ਨੂੰ ਲੈ ਕੇ ਲੇਖਾ-ਜੋਖਾ ਕਰਦੇ ਹਾਂ ਉਥੇ ਇਨ੍ਹਾਂ 100 ਦਿਨਾਂ ‘ਚ ਬਾਦਲਾਂ ਦੇ ਜਾਂ ਪੰਜਾਬ ਦੇ ਪੱਲੇ ਕੀ ਪਾਇਆ, ਉਸਦਾ ਲੇਖਾ-ਜੋਖਾ ਵੀ ਜ਼ਰੂਰੀ ਹੈ। ਬਾਦਲਾਂ ਦੇ ਮਿੰਨਤਾਂ-ਤਰਲਿਆਂ ਕਾਰਣ ਇੱਕ ਲੰਡੂ ਜਿਹਾ ਵਿਭਾਗ ਬਾਦਲ ਪਰਿਵਾਰ ਦੀ ਨੂੰਹ-ਰਾਣੀ ਨੂੰ ਜ਼ਰੂਰ ਦੇ ਦਿੱਤਾ ਗਿਆ। ਉਸਤੋਂ ਇਲਾਵਾ ਪੰਜਾਬ ਦੇ ਪੱਲੇ ਹੋਰ ਕੁਝ ਨਹੀਂ ਪਇਆ। ਝੋਨੇ ਦੇ ਮੁੱਲ ਨੂੰ ਲੈ ਕੇ ਮੋਦੀ ਸਰਕਾਰ ਨੇ ਮੀਸਣੀ ਚੁੱਪ ਵੱਟ ਲਈ। ਬਾਦਲਾਂ ਵੱਲੋਂ ਮੋਦੀ ਦਰਬਾਰ, ਜੇਤਲੀ ਦਰਬਾਰ, ਰਾਜਨਾਥ ਦਰਬਾਰ ‘ਚ ਜਾ ਕੇ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕਜ ਮੰਗਿਆ, ਮੌਕੇ ਲਈ ਰਾਹਤ ਮੰਗੀ। ਪ੍ਰੰਤੂ ਵਿੱਤ ਮੰਤਰੀ ਜੇਤਲੀ ਨੂੰ ਪੰਜਾਬ ਲਈ ਵਿਸ਼ੇਸ਼ ਵਿੱਤੀ ਪੈਕਜ ਦੀ ਮੰਗ ਤੇ ਪੰਜਾਬ ਨੂੰ ਸਾਫ਼ ਅੰਗੂਠਾ ਵਿਖਾ ਦਿੱਤਾ ਹੈ, ਇਕੱਲਾ ਅੰਗੂਠਾ ਹੀ ਨਹੀਂ ਵਿਖਾਇਆ, ਸਗੋਂ ਪਹਿਲਾ ਮਿਲ ਰਹੀ ਨਿਯਮਾਂ ਅਨੁਸਾਰ ਵਿੱਤੀ ਸਹਾਇਤਾ ਦਾ ਅਹਿਸਾਨ ਚੜ੍ਹਾਉਂਦਿਆਂ, ਆਪਣੀ ਫ਼ਸੀ ਆਪ ਨਿਬੇੜਣ ਦੀ ਨਸੀਹਤ ਵੀ ਸੁਣਾ ਦਿੱਤੀ ਹੈ। ਜੇਤਲੀ ਨੇ ਆਖਿਆ ਹੈ ਕਿ ਕੇਂਦਰ ਪਹਿਲਾ ਹੀ ਪੰਜਾਬ ਨੂੰ ਵੱਡੀ ਵਿੱਤੀ ਸਹਾਇਤਾ ਦੇ ਰਿਹਾ ਹੈ। 2011-12 ‘ਚ 11.522 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਸੀ, ਜਿਸਨੂੰ 2012-13 ‘ਚ ਵਧਾ ਕੇ 16.125 ਕਰੋੜ ਕਰ ਦਿੱਤਾ ਗਿਆ ਸੀ। ਹੁਣ ਜੇਤਲੀ ਨੂੰ ਉਸਦੇ ਮੂੰਹ ਤੇ ਇਹ ਆਖਣ ਦੀ ਜੁਰੱਅਤ ਬਾਦਲ ਤਾਂ ਨਹੀਂ ਕਰ ਸਕਣਗੇ ਕਿ "ਉਹ ਸਹਾਇਤਾ ਇਕ ਸਿੱਖ ਪ੍ਰਧਾਨ ਮੰਤਰੀ ਨੇ ਆਪਣੇ ਪੰਜਾਬ ਲਈ ਵਧਾਈ ਸੀ। ਅਸੀਂ ਤੁਹਾਡੇ ਭਾਈਵਾਲ ਹਾਂ, ਸਹਿਯੋਗੀ ਹਾਂ, ਤੁਸੀਂ ਸਾਡੀ ਕੀ ਸਹਾਇਤਾ ਕਰ ਰਹੇ ਹੋ?” ਜਿਸ ਪੰਜਾਬ ‘ਚ ਸਵਾ ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਹੈ, ਉਸਨੂੰ ਆਰਥਿਕ ਦੀਵਾਲੀਆ ਹੋਣ ਤੋਂ ਬਚਾਉਣ ਦੀ ਜੁੰਮੇਵਾਰੀ, ਜੇ ਕੇਂਦਰ ਦੀ ਨਹੀਂ ਤਾਂ ਫਿਰ ਹੋਰ ਕਿਸਦੀ ਹੈ?

ਅਸੀਂ ਹੀ ਨਹੀਂ ਲਗਭਗ ਹਰ ਜਾਗਰੂਕ ਸਿੱਖ ਤੇ ਸਿਆਣਾ ਪੰਜਾਬੀ ਇਹ ਸਮਝ ਚੁੱਕਾ ਹੈ ਕਿ ਭਾਜਪਾ ਹੁਣ ਬਾਦਲ ਨੂੰ ਬੋਝ ਸਮਝਣ ਲੱਗ ਪਈ ਹੈ ਅਤੇ ਇਸਨੂੰ ਜਲਦੀ ਤੋਂ ਜਲਦੀ ਲਾਹ ਕੇ, ਕਿਸੇ ਕਾਰਗਾਰ ਤੇਜ਼ ਤੇ ਤਿੱਖੇ ਕੁਹਾੜੇ ਦੀ ਭਾਲ ‘ਚ ਹੈ ਤਾਂ ਕਿ ਬਾਦਲ ਵਿਰੁੱਧ ਵੱਧਦੀ ਨਫ਼ਰਤ ਕਾਰਣ, ਹੁਣ ਪੰਜਾਬ ‘ਚ ਸਿੱਖੀ ਦਾ ਦਰਦ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਅਤੇ ਜੇ ਇਸੇ ਤਰ੍ਹਾਂ ਇਸ ਦਰਦ ਦਾ ਅਹਿਸਾਸ ਵੱਧਦਾ ਰਿਹਾ, ਤਾਂ ਪੰਜਾਬ ‘ਚ ਸਿੱਖੀ ਨੂੰ ਲਾਈ ਢਾਹ ਰੁੱਕ ਜਾਵੇਗੀ ਅਤੇ ਭਗਵਾਂ ਬ੍ਰਿਗੇਡ ਦੇ ਸਿੱਖੀ ਨੂੰ ਨਿਗਲਣ ਦੇ ਮਨਸੂਬੇ ਧਰੇ-ਧਰਾਏ ਰਹਿ ਜਾਣਗੇ।

ਅਸੀਂ ਬਾਦਲਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਇਤਿਹਾਸ ਤੇ ਨਜ਼ਰ ਮਾਰਨ, ਆਪਣਿਆਂ ਤੇ ਬੇਗਾਨਿਆਂ ਦੀ ਪਛਾਣ ਕਰਨ, ਹੋ ਸਕੇ ਤਾਂ ਕੌਮ ਤੋਂ ਆਪਣੇ ਬਜ਼ਰ ਗੁਨਾਹ ਦੀ ਮਾਫ਼ੀ ਮੰਗ ਕੇ ਸਿੱਖੀ ਦੇ ਵਿਹੜੇ ਵਾਪਸ ਪਰਤਣ, ਨਹੀਂ ਤਾਂ ਫ਼ਿਰ ਭਾਜਪਾ ਹੱਥੋਂ ਆਪਣੇ ਰਾਜਸੀ ਖ਼ਾਤਮੇ ਲਈ ਤਿਆਰ ਹੋ ਜਾਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top