Share on Facebook

Main News Page

ਪੰਜਾਬ ਦੇ ਮੋਹਾਲੀ ਸ਼ਹਿਰ ‘ਚ ਖ਼ਰੜ ਅਤੇ ਕੁਰਾਲੀ ਦੇ ਵਿਚਕਾਰ ਡੇਰਾ ਮੱਲੀ ਬੈਠੇ ਇਕ ਬਾਬੇ ਦੀ ਅਸਲੀਯਤ
-:  ਗੁਰਪ੍ਰੀਤ ਸਿੰਘ ਸਿੰਬਲ ਮਾਜਰਾ
# 98557-39113

ਆਪਣਾ ਪਿਛਲਾ ਜਨਮ ਕਿਸੇ ਉਚੀ ਸ਼ਖਸੀਅਤ ਨਾਲ ਜੋੜ ਕੇ ਪੈਸਾ ਕਮਾਉਣ ਦੀਆਂ ਘਟਨਾਵਾਂ ਸਾਡੇ ਸਾਹਮਣੇ ਹਰ ਰੋਜ਼- ਦਿਨ ਰਾਤ ਆਉਂਦੀਆਂ  ਰਹਿੰਦੀਆਂ ਹਨ। ਪਰ ਇਕ ਅਜੀਬ ਜਿਹੀ ਕਹਾਣੀ  ਸਾਹਮਣੇ ਆਈ ਹੈ ਜੋ ਆਪ ਸੰਗਤ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਇਹ ਇਕ ਬਾਲਕ ਦੀ ਅਸਲੀਅਤ ਹੈ ਜੋ ਸੋਝੀ ਸੰਭਾਲਣ ਤੋਂ ਪਹਿਲਾਂ ਹੀ ਕਰੋੜਾਂ ਦਾ ਮਾਲਿਕ ਬਣ ਬੈਠਾ ਹੈ। 

ਇਸ ਜੁਆਕ ਦੀ ਉਮਰ ਲਗਭੱਗ ੧੦-੧੧ ਸਾਲ ਦੀ ਮਸਾਂ ਹੋਵੇਗੀ। ਇਹ ਘਟਨਾ ਮੋਹਾਲੀ ਜ਼ਿਲੇ ਵਿਚ ਪੈਂਦੇ ਸ਼ਹਿਰ ਕੁਰਾਲੀ ਦੀ ਹੈ ਜਿਥੇ ਇਕ ਬੱਚੇ ਦੇ ਪੈਦਾ ਹੋਣ ਤੋਂ ੩ ਸਾਲ ਮਗਰੋਂ ਹੀ ਇਹ ਅਫਵਾਹ ਫਲਾ ਦਿੱਤੀ ਗਈ ਕਿ ਇਸ ਬੱਚੇ ਵਿਚ ਬਾਬਾ ਬਾਲਕ ਨਾਥ (ਮਿਥਿਹਾਸਿਕ ਦੇਵਤਾ) ਦੀ ਜੋਤ ਆਉਂਦੀ ਹੈ। ਲੋਕ ਆਉਣੇ ਸ਼ੁਰੂ ਹੋ ਗਏ  ਤੇ ਮਾਇਆ ਦੇ ਗੱਫੇ ਵੀ,  ਇੰਨੇ  ਕੁ ਪੈਸੇਆਂ ਨਾਲ ਗੁਜਾਰਾ ਨਾ ਚਲਦਾ ਦੇਖ ਕੇ ਹੋਰ ਵੱਡਾ ਪੈਂਤੜਾ ਖੇਡਿਆ ਗਿਆ ਕਿ ਇਹ ਬੱਚਾ ਸੱਚਿ-ਖੰਡ ਵਾਸੀ ਬ੍ਰਹਮਗਿਆਨੀ ਸੰਤ ਬਾਬਾ ਕਰਤਾਰ ਸਿੰਘ ਭੈਰੋਂ ਮਾਜਰੇ ਵਾਲਿਆਂ ਦਾ ਦੂਜਾ ਜਨਮ ਹੈ। ਭੈਰੋਂ ਮਾਜਰੇ ਵਾਲੇ ਬਾਬੇ ਦਾ ਇਤਿਹਾਸ ਕਿਸੇ ਹੋਰ  ਲੇਖ ਵਿਚ ਸਾਂਝਾ ਕੀਤਾ ਜਾਵੇਗਾ ਕਿ ਇਸਨੂੰ ਸੰਤ, ਬਾਬਾ, ਬ੍ਰਹਮਗਿਆਨੀ ਦੀ ਡਿਗਰੀ ਕਿਥੋ ਮਿਲੀ, ਪਰ ਹਾਲਾਤ ਦੱਸਦੇ ਹਨ ਕਿ  ਇਸ ਬਾਬੇ ਦੇ ਭਗਤਾਂ ਦੀ ਮੰਡੀ ਬਹੁਤ ਵੱਡੀ ਸੀ ਜਾਣੀ ਕਾਫੀ ਫੈਲ ਚੁੱਕੀ ਸੀ। ਇਹ ਗਪੋੜ ਇੰਨਾ ਸੂਤ ਆਇਆ ਕਿ ਬਾਲਕ ਨਾਥ ਤੋਂ ਗੱਗੂ ਬਾਬਾ, ਧੰਨ ਧੰਨ ਬਾਬਾ ਗਗਨਦੀਪ ਸਿੰਘ ਜੀ ਪਡਿਆਲੇ ਵਾਲੇ, ਤੇ ਫਿਰ ਸੰਤ ਬਾਬਾ ਗਗਨਦੀਪ ਸਿੰਘ ਪਡਿਆਲੇ ਵਾਲੇ  ਬਣ ਬੈਠੇ।

ਕੁਰਾਲੀ ਵਿਖੇ ਆਪਣੇ ਸਧਾਰਨ ਜਿਹੇ ਘਰ ਨੂੰ ਆਲੀਸ਼ਾਨ ਕੋਠੀ ਦਾ ਰੂਪ ਦੇ ਦਿੱਤਾ ਤੇ ਨੋਟਾਂ ਦੀਆਂ ਲਹਿਰਾਂ ਥੱਲੇ ਸੁਖੱਲਾ ਜੀਵਨ ਬਤੀਤ ਕਰਨ ਲੱਗੇ। ਖਰੜ ਤੋਂ ਕੁਰਾਲੀ ਮੇਨ ਰੋਡ ਦੇ ਵਿਚਕਾਰ ਪੈਂਦੇ ਪਿੰਡ ਪਡਿਆਲੇ ਜਾ ਡੇਰਾ ਮੱਲਿਆ। ਸੁਣਨ ਵਿਚ ਇਹ ਆਇਆ ਹੈ ਕੀ  ਕੁੱਛ ਕੁ ਜ਼ਮੀਨ ਆਪਣੀ ਸੀ ਤੇ ੨ ਕਿੱਲੇ ਜ਼ਮੀਨ ਕਿਸੇ ਨੇ ਦਾਨ ‘ਚ ਦਿੱਤੀ ਹੈ।  ੩-੪ ਕਿੱਲੇ ਇਕ ਜਗਾ ਤੇ ਇਕੱਠੀ ਹੋ ਗਈ, ਬਹੁਤ ਵੱਡਾ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ 6-7 ਗਾਪੋੜਾਂ ਮਾਰ ਕੇ ਲੋਕਾਂ ਨੂੰ ਭਰਮਾਉਣ ਵਾਲੇ ਵੀ ਰੱਖ ਲਏ।  ਗੱਪੀ ਬਾਬਿਆਂ ਨੇ ਇਸ ਜੁਆਕ ਜਿਹੇ ਬਾਬੇ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੱਤਾ । ਗਡੀਆਂ, ਟ੍ਰੈਕਟਰ-ਟਰਾਲੀਆਂ ਅਤੇ ਘੋੜਿਆਂ ਆਦਿ ਦਾ ਕੋਈ ਅੰਤ ਨਹੀਂ।

ਇਸ ਛੋਟੇ ਕਾਕੇ ਨਾਲ ਜੋ ਡਿਗਰੀਆਂ ਲਗਾ ਦਿਤੀਆਂ ਗਈਆਂ ਹਨ, ਇਹ ਸੋਚੀ ਸਮਝੀ ਸਕੀਮ ਦੇ ਤਹਿਤ ਹੋਇਆ ਹੈ। ਜਰੂਰ ਇਸ ਵਿਚ ਕਿਸੇ ਵੱਡੇ ਡੇਰੇਦਾਰ ਦਾ ਦਿਮਾਗ ਕੰਮ ਕਰ ਰਿਹਾ ਹੈ ਤਾਂ ਜੋ ਇਸ ਬਾਲਕ ਦੇ ਸਿਰ ਤੋਂ ਮੋਟੀ ਕਮਾਈ ਕਰਕੇ ਆਪਣੀ ਗੋਗੜ ਹੋਰ ਵਧਾਈ ਜਾ ਸਕੇ। ਇਸ ਚਾਲ ਬਾਰੇ ਖੋਜ ਕਰਕੇ ਜਲਦ ਹੀ ਸੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇਗਾ।

ਪਿਛਲੇ  ਜਨਮ ਦੀ ਜਾਣਕਾਰੀ ਰੱਖਣ ਵਾਲੇ ਇਸ ਬਾਬੇ ਦੀ ਪਰਖ ਆਪਾਂ ਗੁਰਬਾਣੀ ਦੁਆਰਾ ਕਰਦੇ ਹਾਂ ਕੀ ਇਸ ਕਹਾਣੀ ਵਿਚ ਕਿੱਨ੍ਹੀ ਕੁ ਸਚਾਈ  ਹੈ :-

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ।।ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ  ਹੋਇ ।।੩੩।। ਗੁ.ਗ੍ਰੰ. ਪੰਨਾ ੧੩੬੬)

ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ (ਗ.ਗ. ਪੰਨਾ ੧੫੬)

ਇਨ੍ਹਾ ਪੰਗਤੀਆਂ ਵਿਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ— ਅਸੀਂ ਨਹੀਂ ਦੱਸ ਸਕਦੇ ਕਿ ਪਿਛਲੇ ਜਨਮ ਵਿਚ ਸਾਡੀ ਮਾਂ ਕੌਣ ਸੀ ? ਸਾਡਾ ਬਾਪ ਕੌਣ ਸੀ ? ਅਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਅਸੀਂ ਕਿਹੜੇ ਥਾਂ ਪਹਿਲਾ ਜਨਮੇ ਸੀ ? ਹੇ ਮੇਰੇ ਮਾਲਿਕ ਪ੍ਰਭੂ !  ਤੇਰੇ ਗੁਣਾਂ ਦੀ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ ਤੇ ਮੇਰੇ ਔਗਣ ਵੀ ਗਿਣੇ ਨਹੀਂ ਜਾ ਸਕਦੇ। ਫਿਰ ਤੇਰੇ ਨਾਲ ਸਾਂਝ ਕਿਵੇ ਪਵੇ? ਅਸਲ ਮਸਲਾ ਤਾਂ ਪਰਮਾਤਮਾ ਨਾਲ ਸਾਂਝ ਪਾਉਣ ਦਾ ਹੈ। ਪਰ ਸਾਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਚਲਾਕ ਲੋਕ ਆਪਣਾ ਤੋਰੀ-ਫੁਲਕਾ ਚਲਾਈ ਜਾ ਰਹੇ ਹਨ।

ਇਹ ਫਰੇਬੀ ਕਿਸਮ ਦੇ ਬੰਦੇ ਸੰਗਤਾਂ ਨੂ ਕੁਰਾਹੇ ਪਾ ਰਹੇ ਹਨ, ਬਿਲਕੁਲ ਗੁਰਬਾਣੀ ਦੇ ਉਲਟ ਪ੍ਰਚਾਰ ਕਰ ਰਹੇ ਹਨ ਜਿਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕੀ ਇਹ ਦਸਿਆ ਨਹੀਂ ਜਾ ਸਕਦਾ ਮਨੁਖ ਕਿਸ ਜੂਨ ਚੋ ਆਇਆ ਹੈ, ਪਿਛਲੇ ਜਨਮ ਵਿਚ ਉਸਦੇ ਮਾਂ- ਬਾਪ ਕੌਣ ਸਨ ? ਸਾਫ਼ ਸਪਸ਼ਟ ਹੈ ਕਿ ਮਾਇਆ ਇੱਕਤਰ ਕਰਨ ਲਈ ਛੱਡੀ ਗਈ ਨਿਰੀ ਗੱਪ।ਇਨ੍ਹਾ ਦੇ ਗੁਰਦੁਆਰੇ ਵਿਚ ਮਨਮਤੀ ਤਰੀਕਿਆਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਘੋਰ ਨਿਰਾਦਰ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਇਕ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ ਹੈ। ਤਰਾਂ ਤਰਾਂ ਦੇ ਜਪ–ਤਪ ਪਾਠ ਕੀਤੇ ਜਾ ਰਹੇ ਹਨ ਲੋਕਾਂ ਨੂੰ ਮੁਕਦਮਿਆਂ ਚ ਜਤਾਉਣ ਲਈ ਅਖੰਡ ਪਾਠ, ਘਰ ‘ਚ ਸੁਖ ਸ਼ਾਂਤੀ ਲਈ ਅਖੰਡ ਪਾਠ, ਔਲਾਦ ਪ੍ਰਾਪਤੀ ਲਈ ਅਖੰਡ ਪਾਠ ਹੋਰ ਪਤਾ ਨਹੀਂ ਕੀ-ਕੀ। ਬਿਲਕੁਲ ਗੁਰਬਾਣੀ ਦੇ ਸਿਧਾਂਤ ਤੋਂ ਵਿਪਰੀਤ ਹਨ। ਧਨ ਹਨ ਓਹ ਲੋਕ ਜੋ ਇਹੋ ਜਿਹੇ ਅਨਪੜਾਂ ਦੇ ਕਹੇ ਆਪਣਾ ਪੈਸਾ ਉਜਾੜ ਰਹੇ ਹਨ;-

ਸਲੋਕ ਮਃ ੨ ॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਪੰਨਾ 954॥

ਇਕ ਹੋਰ ਕਾਰਨਾਮਾ : ਸੰਪਟ ਪਾਠ ਜਾਂ ਸੰਕਟ ਪਾਠ

ਅੱਜ-ਕਲ੍ਹ ਇੱਥੇ ਇਕ ਅਜੀਬ ਤਰਾਂ ਦਾ ਪਾਠ ਕੀਤਾ ਜਾ ਰਿਹਾ ਹੈ। ਮੈ ਤੇ ਮੇਰਾ ਦੋਸਤ ਉਥੇ ਦੇਖਣ ਲਈ ਗਏ। ਵੱਡੇ ਹਾਲ ‘ਚ ਦੋ ਤਿੰਨ ਹਿਸਿਆਂ ਚ ਟੇਂਟ ਲਗਾਇਆ ਹੋਇਆ ਸੀ। ਇਕ ਪਾਸੇ ੮-੧੦ ਬੀਬੀਆਂ ਘੁਰਾੜੇ ਮਾਰ ਰਹੀਆਂ ਸਨ। 

ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਲਈ ਅੱਗੇ ਵਧੇ ਪਰ ਗੁਰੂ ਗ੍ਰੰਥ ਸਾਹਿਬ ਕਿਤੇ ਨਜ਼ਰ ਨਾ ਆਉਣ ਅਤੇ ਅੱਗੇ ਬਹੁਤ ਵੱਡੀ ਗੋਲਕ ਪਈ ਸੀ। ਇਕ ਔਰਤ ਕਹਿੰਦੀ ਉਸ ਗੋਲਕ ਅੱਗੇ ਮਥਾ ਟੇਕੋ। ਉਸ ਤੋਂ ਅੱਗੇ ਚਾਰੇ ਪਾਸੇ ਰੱਸੀ ਬੰਨੀ ਹੋਈ ਸੀ ਕਿ ਇਸ ਤੋਂ ਅੱਗੇ ਕੋਈ ਨਹੀਂ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਧਰੇ ਨਜਰ ਨਾ ਆਉਣ ਤੇ ਅਸੀਂ ਇਕ ਵਾਰ ਸੰਕਟ ਵਿਚ ਪੈ ਗਏ। ਰਸਤੇ ਦਾ ਕੁਝ ਪਤਾ ਨਾ ਲੱਗੇ ਟੈਂਟ ਭੂਤ ਬੰਗਲੇ ਵਾਂਗ ਲਗਾਇਆ ਹੋਇਆ ਸੀ। ਚਾਰ ਚੁਫੇਰੇ ਘੁੰਮਣ ਤੋਂ ਬਾਦ ‘ਚ ਪਤਾ ਲੱਗਾ ਕੀ ਸੰਪਟ ਪਾਠ ਭੂਤ ਬੰਗਲੇ ਦੇ ਅੰਦਰ ਵਾਲੇ ਹਿੱਸੇ ਵਿਚ ਹੋ ਰਿਹਾ ਸੀ ਜਿਸ ਨੂੰ ਕੋਈ ਸੁਣ ਵੀ ਨਹੀਂ ਸਕਦਾ। ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਹੀਂ ਸੀ ਟੇਕ ਸਕਦਾ। ਇਹ ਹੈ ਇਨਾਂ ਪਖੰਡੀਆਂ ਦਾ ਕੀਤਾ ਹੋਇਆ ਕਾਰਾ। 

ਕਾਸ਼ ! ਇਸ ਚਲ ਰਹੇ ਪਾਖੰਡ ਬਾਰੇ, ਜਿਸਦਾ ਭੋਗ ੧੮ ਸਤੰਬਰ ਨੂੰ ਪੈਣਾ ਹੈ, ਸ਼੍ਰੋਮਣੀ ਕਮੇਟੀ ਇਨਾਂ ਨੂੰ ਪੁੱਛੇ ਕਿ ਇਨਾਂ ਦੀ ਮਰਯਾਦਾ ਕੀ ਹੈ ?

ਬਾਦ ਵਿਚ ਅਸੀਂ ਪਿਛੇ ਖੁੱਲੀ ਜਿਹੀ ਜਗਾ ਦੇਖ ਕੇ ਬੈਠ ਗਏ । ਪੰਡਾਲ ‘ਚ ਬੈਠੇ ਇਨਾਂ ਦੇ ਚੇਲੇ ਸਾਨੂੰ ਇੰਜ ਵੇਖਣ ਜਿਵੇ ਖਾ ਜਾਣਾ ਹੁੰਦਾ ਹੈ।  ਕਿਉਕਿ ਅਸੀਂ ਇਸ ਜੁਆਕ ਬਾਬੇ ਤੇ ਇਸ ਸੰਕਟ ਪਾਠ ਵਾਰੇ ਪੁਛ ਪੜਤਾਲ ਕਰ ਰਹੇ ਸੀ। ਕੁਝ ਸਮੇ ਬਾਅਦ ਇਕ ਔਰਤ ਆਈ ਤੇ ਮੈਨੂੰ ਦੁਧ ਦੀ ਡੋਲੀ ਫੜਾਈ ਤੇ ਕਹਿਣ ਲੱਗੀ ਕਿ ਸਾਹਮਣੇ ਮਹਾਂ-ਪੁਰਖਾਂ ਦਾ ਕਮਰਾ ਹੈ ਉਨ੍ਹਾ ਦੇ ਮਾਤਾ ਜੀ ਨੂੰ ਇਹ ਦੇ ਆਓ। ਮੈ ਤਾਂ ਪਹਿਲਾਂ ਹੀ ਤਕਾਉਂਦਾ ਸੀ ਕੀ ਕੋਈ ਅੰਦਰ ਜਾਣ ਦਾ ਜੁਗਾੜ ਬਣੇ । ਮੈਂ ਦੁੱਧ ਲੈ ਕੇ ਬਿਨਾ ਕਿਸੇ ਦੀ ਸੁਣੇ ਨੱਕ ਦੀ ਸੇਧ ਇਸ ਜੁਆਕ ਬਾਬੇ ਦਾ ਕਮਰਾ ਦੇਖਣ ਲਈ ਸਿਧਾ ਹੋ ਗਿਆ ਜਦੋ ਲੱਕੜ ਦਾ ਪੁਰਾਣਾ ਜਿਹਾ ਦਰਵਾਜ਼ਾ ਖੋਲਿਆ ਤਾਂ ਅੰਦਰ ਲੱਕੜ ਦਾ ਪਾਲਿਸ਼ ਕੀਤਾ ਹੋਇਆ ਬਹੁਤ ਮਹਿੰਗਾ ਦਰਵਾਜਾ ਲਗਿਆ ਦੇਖਿਆ। ਮੈ ਬਿਨਾ ਖੜਕਾਏ ਤੋਂ ਅੰਦਰ ਚਲਾ ਗਿਆ। ਉਦੋ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਦੇਖਣ ਨੂੰ  ਕਿਸੇ ਰਾਜੇ ਦਾ ਮਹਿਲ ਨੁਮਾ ਕੋਠੀ ਨਜ਼ਰ ਪਈ। ਲੱਸ਼ ਲੱਸ਼ ਕਰਦੇ ਦੋ ਕਮਰੇ ਤੇ ਛੋਟੀ ਜਿਹੀ ਰਸੋਈ ਤੇ ਅੰਦਰ ਦੋ ਬੀਬੀਆਂ ਪਤਾ ਨਹੀਂ ਕੌਣ ਸਨ। ਮੈਂ ੨ ਸਾਲ  ਚੰਡੀਗੜ ਨੌਕਰੀ ਕੀਤੀ ਹੈ। ਸਾਡਾ ਕੰਮ ਸੀ. ਸੀ ਟੀ.ਵੀ. ਕੈਮਰਿਆਂ ਦਾ ਸੀ। ਹਰ ਰੋਜ਼ ਚੰਗੇ-ਚੰਗੇ ਅਮੀਰ ਲੋਕਾਂ ਦੇ ਘਰ ਆਉਣ ਜਾਣ ਸੀ। ਮੈਂ ਉਥੇ ਵੀ ਕਿਸੇ ਦੀ ਇੰਨ੍ਹੀ ਸਜਾਵਟ ਨਹੀਂ ਦੇਖੀ। ਬਾਹਰੋਂ ਦੇਖਣ ਨੂੰ ਇੰਞ ਲਗਦਾ ਸੀ ਜਿਵੇ ਸਟੋਰ ਰੂਮ ਹੋਵੇ। ਇਹ ਦੇਖ ਕੇ ਮੈਂ ਵਾਪਸ ਆਕੇ ਆਪਣੀ ਜਗਾ ਤੇ ਬੈਠ ਗਿਆ। ਇਕ ਬਜ਼ੁਰਗ ਕਿਸੇ ਬੀਬੀ ਕੋਲ ਆਕੇ ਗੁੱਸੇ ਵਿਚ ਕੁਝ ਕਹਿਣ ਲੱਗਾ ਤੇ ਬੀਬੀ ਲਾਲ ਅੱਖਾਂ ਕੱਢਕੇ ਡਰਾਉਂਦੀ ਮੇਰੇ ਉਤੇ ਆਕੇ ਵਰੀ। ਬਾਹਰੋ ਕੋਈ ਵੀ ਚੀਜ ਆਵੇ ਇਸ ਗੋਲਕ ਕੋਲ ਰੱਖਣੀ ਹੈ । ਬਾਬਾ ਜੀ ਦੇ ਕਮਰੇ ਵਿਚ ਬਾਹਰੋਂ ਆਇਆ ਕੋਈ ਬੰਦਾ ਨਹੀਂ ਜਾ ਸਕਦਾ। ਤੁਹਾਨੂੰ ਬਹੁਤ ਕਸਟ ਝੱਲਨਾ ਪਵੇਗਾ। ਸਾਈਦ ਮੈਂ ਓਹ ਦੇਖ ਲਿਆ ਜੋ ਇਹ ਲੋਕਾਂ ਤੋਂ ਲੁਕਾ ਕੇ ਰਖਿਆ ਹੋਇਆ ਸੀ । ਸਾਡੇ ਪਿੰਡਾਂ ਵਿਚ ਜੋ ਘਰ ਬਹੁਤ ਸੁੰਦਰ ਹੋਵੇ ਉਸਨੂੰ ਕਿਹਾ ਜਾਂਦਾ ਹੈ ਕਿ ਫਲਾਣੇ ਦਾ ਘਰ ਸਵਰਗ ਦਾ ਰੂਪ ਹੈ ਪਰ ਮੈ ਇਹ ਸਵਰਗ ਪਹਿਲੀ ਵਾਰ ਦੇਖਿਆ ਸੀ।

ਇਸ ਗੋਲ-ਗੱਪਿਆਂ ਦੇ ਸ਼ੌਕੀਨ ਜੁਆਕ ਦੇ ਮਗਰ ਇੱਛਾ ਪੂਰਤੀ ਲਈ ਲੱਗੇ ਲੋਕਾਂ ਨੂੰ ਆਪਣਾ ਕੰਮ ਕਾਰ ਛਡ ਕੇ ਤਰੱਕੀ ਦੇ ਰਾਹ ਦਾ ਸੁਪਨਾ ਛਡ ਦੇਣਾ ਚਾਹੀਦਾ ਹੈ। ਇੱਦਾਂ ਦੇ ਚੱਕਰਵਿਊ ਵਿਚ ਫੱਸ ਕੇ ਸਾਡੀ ਸਥਿਤੀ ਕੁੱਝ ਇਸ ਤਰਾਂ ਦੀ ਬਣੀ ਹੋਈ ਹੈ ……

ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ।। ਜਲ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ।। (ਗ.ਗ. ਪੰਨਾ-੬੩੫)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news । articles। audios videos or any other contents published on www.khalsanews.org and cannot be held responsible for their views।  Read full details...

Go to Top