Share on Facebook

Main News Page

ਬੱਬਰ ਲਹਿਰ ਦਾ ਥੰਮ - ਭਾਈ ਕਰਮ ਸਿੰਘ ਦੌਲਤਪੁਰ
-: ਸ. ਤਰਲੋਚਨ ਸਿੰਘ ਦੁਪਾਲਪੁਰ

ਪਿੰਡੋਂ ਫਗਵਾੜੇ ਪਹੁੰਚ ਕੇ ਬਬੇਲੀ ਜਾਣ ਲਈ ਮੈਂ ਅੱਡੇ ਤੋਂ ਮਿੰਨੀ ਬੱਸ ਫੜ ਲਈ। ਇਸ ਤੋਂ ਪਹਿਲਾਂ ਮੈਂ ਫਗਵਾੜੇ ਦੇ ਇਸ ਪਾਸੇ ਵੱਲ ਕਦੀ ਨਹੀਂ ਸਾਂ ਗਿਆ। ਇਸ ਇਲਾਕੇ ਦੀ ਮੇਰੀ ਇਹ ਪਲੇਠੀ ਫੇਰੀ ਸੀ। ਸ਼੍ਰੋਮਣੀ ਕਮੇਟੀ ਦਾ ਨਵਾਂ ਨਵਾਂ ਮੈਂਬਰ ਬਣਿਆ ਸਾਂ। ਦਫਤਰ ਵਾਲਿਆਂ ਨੇ ਮੈਨੂੰ ਬਬੇਲੀ ਪਿੰਡ ਦੇ ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭੇਜਿਆ ਸੀ। ਸਤਿਕਾਰ ਵਜੋਂ ਕਹਿ ਲਉ ਜਾਂ ਸ਼ਾਇਦ ਪਹਿਲੀ ਵਾਰ ਗਿਆ ਹੋਣ ਕਰਕੇ ਉਕਤ ਗੁਰਦੁਆਰੇ ਦਾ ਮੈਨੇਜਰ ਮੈਨੂੰ ਬਬੇਲੀ ਪਿੰਡ ਦੇ ਬੱਸ ਅੱਡੇ ਤੋਂ ਖੁਦ ਲੈਣ ਆਇਆ ਹੋਇਆ ਸੀ। ਅਸੀਂ ਦੋਵੇਂ ਜਣੇ ਰਵਾਂ-ਰਵੀਂ ਗੁਰਦੁਆਰੇ ਵੱਲ ਨੂੰ ਤੁਰੇ ਜਾ ਰਹੇ ਸਾਂ। ਰਾਹ ਵਿੱਚ ਪੈਂਦੇ ਚੋਅ ਦੇ ਪੁਲ਼ ਉਤੋਂ ਲੰਘਦਿਆਂ ਮੈਂ ਦੇਖਿਆ ਕਿ ਖੱਬੇ ਹੱਥ ਚੋਅ ਦੇ ਕੰਢੇ ਉੱਤੇ ਝਾੜ ਝੂੰਡਿਆਂ ਵਿੱਚ ਚਾਰ ਪੰਜ ਕੁ ਫੁੱਟ ਲੰਮਾ ਝੰਡਾ ਗੱਡਿਆ ਹੋਇਆ ਹੈ। ਥੱਲੇ ਬਣੀ ਹੋਈ ਥੋੜੀ ਜਿਹੀ ਮੜੀ ਵੱਲ ਇਸ਼ਾਰਾ ਕਰਕੇ ਮੈਂ ਮੈਨੇਜਰ ਨੂੰ ਮਖੌਲ ਨਾਲ ਪੁੱਛਿਆ ਕਿ ਐਥੇ ਕਿਹੜਾ ‘ਬਾਬਾ’ ਸੁੱਤਾ ਹੋਇਐ?

ਮੇਰੇ ਸਵਾਲ ਦਾ ਮਖੌਲੀਆ ਅੰਦਾਜ਼ ਵਿੱਚ ਹੀ ਕੋਈ ਜਵਾਬ ਦੇਣ ਦੀ ਥਾਂ ਮੈਨੇਜਰ ਗੰਬੀਰ ਅਤੇ ਕੁਝ ਕੁਝ ਹੈਰਾਨ ਹੋ ਕੇ ਮੇਰੇ ਚਿਹਰੇ ਵੱਲ ਦੇਖਣ ਲੱਗਾ। ਜਿਵੇਂ ਮੈਂ ਸਾਹਮਣੇ ਦਿਖਾਈ ਦਿੰਦੀ ਮੜੀ ਨੂੰ ਮਖੌਲ ਕਰਕੇ ਉਹਦਾ ਦਿਲ ਹੀ ਤੋੜ ਦਿੱਤਾ ਹੋਵੇ! ਬੜੇ ਹਿਰਖ ਨਾਲ ਉਹ ਬੋਲਿਆ -

‘‘ਤੁਹਾਨੂੰ ਪਤਾ ਨਹੀਂ ਜਥੇਦਾਰ ਜੀ? .....ਇਹ ਤਾਂ ਤੁਹਾਡੇ ਇਲਾਕੇ ਦਾ ............!

ਉਸ ਸਥਾਨ ’ਤੇ ਬਣਾਈ ਗਈ ਮੜੀ 'ਤੇ ਗੱਡੇ ਹੋਏ ਝੰਡੇ ਦਾ ‘ਕਾਰਨ’ ਜਾਣ ਕੇ ਮੈਂ ਅਵਾਕ ਹੀ ਰਹਿ ਗਿਆ! ਇੱਥੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਗਏ ਸ਼ਹੀਦ ਦਾ ਨਾਂ ਸੁਣਦਿਆਂ ਹੀ ਮੈਨੂੰ ਉਸ ਦਾ ਪਿਛੋਕੜ ਯਾਦ ਆਉਣ ’ਤੇ ਡਾਢੀ ਸ਼ਰਮਿੰਦਗੀ ਦਾ ਅਹਿਸਾਸ ਹੋਇਆ! ਇੱਕ ਦਮ ਰਾਹ ਛੱ²ਡ ਕੇ ਮੈਂ ਚੋਅ ਦੇ ਕੰਢੇ ਵੱਲ ਨੂੰ ਹੋ ਪਿਆ। ਪਛਤਾਵੇ ਵਜੋਂ ਆਪਣੇ ਦੋਹਾਂ ਕੰਨਾਂ ਨੂੰ ਹੱਥ ਲਾਉਂਦਿਆਂ ਮੈਂ ਬੜੇ ਅਦਬ ਨਾਲ ਝੰਡੇ ਨੂੰ ਛੂਹ ਕੇ ਫ਼ਤਹਿ ਬੁਲਾਈ।

ਉੱਥੇ ਖੜਿ੍ਹਆਂ, ਇੱਕ ਪਾਸੇ ਘੁੱਗ ਵਸਦਾ ਪਿੰਡ ਬਬੇਲੀ ਅਤੇ ਦੂਜੇ ਪਾਸੇ ਸੱਤਵੇਂ ਪਾਤਸ਼ਾਹ ਜੀ ਦੀ ਪਾਵਨ ਯਾਦ ’ਚ ਉਸਾਰੇ ਗਏ ਗੁਰਦੁਆਰਾ ਚੌਂਤਾ ਸਾਹਿਬ ਵੱਲ ਤੱਕ ਕੇ ਮੈਨੂੰ ਉਹ ਸਮਾਂ ਯਾਦ ਆਇਆ। ਜਦ ਮੈਂ ਛੋਟੇ ਹੁੰਦਿਆਂ ਇੱਕ ਵਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ’ਤੇ ਫਤਹਿਗੜ੍ਹ ਸਾਹਿਬ ਦੇ ਦੀਵਾਨ ਵਿੱਚ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਮੂੰਹੋਂ ਸਾਕਾ ਬਬੇਲੀ ਦਾ ਖੂਨੀ ਪ੍ਰਸੰਗ ਸੁਣਿਆ ਸੀ। ਉਦੋਂ ਉੱਛਲ ਉੱਛਲ ਵਗਦੀ, ਪਰ ਹੁਣ ਸੁੱਕੀ ਚੋਅ ਮੇਰੇ ਸਾਹਮਣੇ ਸੀ।

ਚੋਅ ਦੇ ਕੰਢੇ ਖੜੇ ਨੂੰ ਮੈਨੂੰ ਯਾਦ ਆਏ ਉਹ ਪਲ ਜਦ ਸਰਹੰਦ ਦੇ ਸ਼ਹੀਦੀ ਜੋੜ ਮੇਲੇ ਤੋਂ ਥੋੜੇ ਦਿਨਾਂ ਬਾਅਦ ਹੀ ਭਾਈ ਜੀ ਮੈਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਨਾਨਕੇ ਪਿੰਡ ਧਮਾਈ ਛੱਡਣ ਗਏ ਸਨ। ਜਾਡਲੇ ਅੱਡੇ ’ਚ ਪਹੁੰਚ ਉਨ੍ਹਾਂ ਸਾਹਮਣੇ ਬਣੇ ਹੋਏ ਵੱਡੇ ਗੇਟ ਉੱਤੇ ਲਿਖੀ ਇਬਾਰਤ ਪੜ੍ਹ ਕੇ ਸੁਣਾਈ ਸੀ - ‘ਅਮਰ ਸ਼ਹੀਦ ਬੱਬਰ ਕਰਮ ਸਿੰਘ ਗੇਟ - ਦੌਲਤਪੁਰ!’ ਜੋਗਾ ਸਿੰਘ ਜੋਗੀ ਦੇ ਗਾਏ ਜ਼ੋਸ਼ੀਲੇ ਪ੍ਰਸੰਗ ਦੀ ਯਾਦ ਦੁਆਉਦਿਆਂ ਭਾਈਆ ਜੀ ਨੇ ਦੱਸਿਆ ਸੀ ਕਿ ਹੁਣ ਅਸੀਂ ਉਸੇ ਬਲੀ ਸੂਰਮੇ ਬੱਬਰ ਦੇ ਪਿੰਡ ਵਿੱਚੋਂ ਲੰਘਣਾ ਹੈ। ਮੇਰੇ ਬਾਲ ਮਨ ’ਚ ਫਖ਼ਰ ਭਰਿਆ ਅਹਿਸਾਸ ਜਾਗ ਰਿਹਾ ਸੀ ਕਿ ਅਸੀਂ ਕਿੰਨੇ ਭਾਗਾਂ ਵਾਲੇ ਹਾਂ, ਜਿਸ ਸੂਰਮੇ ਦੇ ਦੂਰ-ਦੂਰ ਤੱਕ ਪ੍ਰਸੰਗ ਗਾਏ ਜਾ ਰਹੇ ਹਨ, ਅਸੀਂ ਉਸ ਦੇ ਪਿੰਡ ਦੇ ਕਿੰਨੇ ਨਜ਼ਦੀਕ ਵਸਦੇ ਹਾਂ!

ਮੈਨੂੰ ਯਾਦ ਆਉਣ ਲੱਗੇ ਪਿੰਡ ਦੌਲਤਪੁਰ ਵਿੱਚੋਂ ਲੰਘਣ ਵੇਲੇ ਦੇ ਉਹ ਦ੍ਰਿਸ਼, ਜੋ ਅਸੀਂ ਆਪਣੇ ਨਾਨਕੇ ਪਿੰਡ ਨੂੰ ਜਾਂਦਿਆਂ ਅਕਸਰ ਦੇਖਦੇ ਹੁੰਦੇ ਸਾਂ- ਹੱਥਾਂ ’ਚ ਢਾਂਗੂੰ-ਡੰਗੋਰੀਆਂ ਲਈ ਨੀਲੀਆਂ-ਕਾਲ਼ੀਆਂ ਪੱਗਾਂ ਵਾਲੇ ਬਜ਼ੁਰਗ ਪਿੰਡ ਦੇ ਵਿਚਕਾਰ ਢਾਣੀ ਬਣਾ ਕੇ ਬੈਠੇ ਹੁੰਦੇ ਸਨ। ਪੰਚਾਇਤ ਲਾਈ ਬੈਠੇ ਉਨ੍ਹਾਂ ਬਜ਼ੁਰਗਾਂ ਕੋਲੋਂ ਲੰਘਦਿਆਂ ਸਾਨੂੰ ਉਹ ਸਾਰੇ ਬੱਬਰ ਕਰਮ ਸਿੰਘ ਦੇ ਭਤੀਜੇ ਭਰਾਵਾਂ ਜਿਹੇ ਹੀ ਜਾਪਦੇ ਹੁੰਦੇ ਸਨ। ਇਸ ਪਿੰਡ ਦੇ ਜੁਝਾਰੂ ਖ਼ਾਸੇ ਦਾ ਨਿੱਘ ਮਹਿਸੂਸ ਕਰਦਿਆਂ ਜਦੋਂ ਅਸੀਂ ਅੱਗੇ ਜਾ ਕੇ ਗੜ੍ਹਸ਼ੰਕਰ-ਬਲਾਚੌਰ ਰੋਡ ’ਤੇ ਚੜ੍ਹਨਾ ਤਦ ਸਾਹਮਣੇ ਦਿਖਾਈ ਦਿੰਦਾ ਹੁੰਦਾ ਸੀ ਪਿੰਡ ਹਿਆਤਪੁਰ ਦਾ ਨੀਲੇ ਅੱਖਰਾਂ ਵਾਲਾ ਬੋਰਡ - ‘ਸ਼ਹੀਦ ਬੱਬਰ ਧਰਮ ਸਿੰਘ ਹਿਆਤਪੁਰ ਮਾਰਗ!’ ਅਜਿਹੇ ਇਤਿਹਾਸਮੁਖੀ ਮਾਹੌਲ ਵਿੱਚੋਂ ਗੁਜ਼ਰਿਆ ਹੋਣ ਕਰਕੇ ਮੈਨੂੰ ਬੱਬਰਾਂ ਦੇ ਪ੍ਰਸੰਗ ਪੜ੍ਹਨ-ਸੁਣਨ ਲਈ ਹਮੇਸ਼ਾਂ ਲਾਲਸਾ ਬਣੀ ਰਹਿੰਦੀ।

ਬਬੇਲੀ ਸ਼ਹੀਦੀ ਕਾਂਡ ਦਾ ਮਹਾਂਨਾਇਕ ਬੱਬਰ ਕਰਮ ਸਿੰਘ, ਜਿਸਦਾ ਕਾਹੀ,ਦੱਭ ਅਤੇ ਸਰਕੜੇ ਵਿੱਚ ਅਣਗੌਲਿਆ ਪਿਆ ਸ਼ਹੀਦੀ ਅਸਥਾਨ ਦੇਖ ਕੇ ਮੈਂ ਭੁਲੇਖਾ ਖਾ ਗਿਆ ਸਾਂ, ਇਸੇ ਦੌਲਤਪੁਰ ਪਿੰਡ ਵਿੱਚ ਸੰਨ 1880 ਵਿੱਚ ਜਨਮਿਆਂ। ਦੁਆਬਾ ਪਿਛੋਕੜ ਵਾਲੇ ਕੈਨੇਡਾ ਰਹਿੰਦੇ ਸ. ਸੋਹਣ ਸਿੰਘ ਪੂਨੀ ਦੀ ਵੱਡ-ਅਕਾਰੀ ਪੁਸਤਕ ‘ਕੈਨੇਡਾ ਦੇ ਗਦਰੀ ਯੋਧੇ’ ਵਿਚਲੇ ਵੇਰਵਿਆਂ ਮੁਤਾਬਿਕ ਉਨ੍ਹਾਂ ਦੇ ਪਿਤਾ ਦਾ ਨਾਂ ਨੱਥਾ ਸਿੰਘ ਥਾਂਦੀ ਅਤੇ ਮਾਤਾ ਦਾ ਨਾਮ ਮਾਈ ਦੁੱਲੀ ਸੀ। ਪਿੰਡ ਦੇ ਸਕੂਲ ਵਿੱਚ ਹੀ ਕੁਝ ਸਾਲ ਪੜਾਈ ਕਰਕੇ ਭਾਈ ਕਰਮ ਸਿੰਘ ਫੌਜ ਵਿੱਚ ਭਰਤੀ ਹੋ ਗਏ।

ਉਨ੍ਹਾਂ ਦਿਨਾਂ ਵਿੱਚ ਬਹੁਤ ਸਾਰੇ ਪੰਜਾਬੀ ਰੁਜ਼ਗਾਰ ਦੇ ਵਧੀਆ ਮੌਕਿਆਂ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਸਨ। ਸੋ ਭਾਈ ਕਰਮ ਸਿੰਘ ਨੇ ਵੀ ਅੱਠ ਕੁ ਸਾਲ ਫੌਜ ਵਿੱਚ ਗੁਜ਼ਾਰ ਕੇ, 27 ਸਾਲ ਦੀ ਉਮਰ ਵਿੱਚ ਕੈਨੇਡਾ ਨੂੰ ਚਾਲੇ ਪਾ ਦਿੱਤੇ। ਸੰਨ 1907 ਵਿੱਚ ਕੈਨੇਡਾ ਦੀ ਧਰਤੀ ’ਤੇ ਪੈਰ ਪਾਉਣ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਜੁਝਾਰੂ ਪੱਖ ਸ਼ੁਰੂ ਹੋ ਗਿਆ। ਉਨ੍ਹਾਂ ਦਾ ਕੰਮ-ਕਾਰ ਬੜੀ ਸਫਲਤਾ ਸਹਿਤ ਚੱਲ ਪਿਆ। ਪਰ ਛੇ ਕੁ ਸਾਲ ਬਾਅਦ ਹੀ ਜਦ ਅਪ੍ਰੈਲ 1913 ਵਿੱਚ ‘ਗਦਰ ਪਾਰਟੀ’ ਬਣੀ ਤਾਂ ਆਪ ਉਸ ਦੇ ਸਰਗਰਮ ਮੈਂਬਰ ਬਣ ਗਏ। ਕੈਨੇਡਾ ਵਿੱਚ ਵਿਚਰਦਿਆਂ ਦੂਸਰੇ ਚੇਤਨ ਦੇਸ਼ਵਾਸੀ ਭਰਾਵਾਂ ਵਾਂਗ ਭਾਈ ਸਾਹਿਬ ਨੇ ਵੀ ਮਹਿਸੂਸ ਕੀਤਾ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਏ ਬਗੈਰ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਇੱਜ਼ਤ ਨਹੀਂ ਹੋ ਸਕਦੀ। ਇਨਕਲਾਬੀ ਵਿਚਾਰਾਂ ਵਾਲੇ ਭਾਈ ਕਰਮ ਸਿੰਘ ਜੰਗਜੂ ਸੋਚ ਨਾਲ ਪੂਰੀ ਤਰਾਂ ਸਹਿਮਤ ਸਨ ਕਿ ਦੇਸ਼ ਨੂੰ ਸਿਰਫ ਹਥਿਆਰਬੰਦ ਘੋਲ ਨਾਲ ਹੀ ਆਜ਼ਾਦ ਕਰਵਾਇਆ ਜਾ ਸਕਦਾ ਹੈ। ਸੋ ਗਦਰ ਪਾਰਟੀ ਦਾ ਆਦੇਸ਼ ਆਉਣ ’ਤੇ ਉਹ ਸੰਨ 1914 ਵਿੱਚ ਹਿੰਦੁਸਤਾਨ ਆਜ਼ਾਦ ਕਰਵਾਉਣ ਲਈ ਕੈਨੇਡਿਉਂ ਚੱਲ ਪਏ।

‘ਪਹਿਲਾਂ ਮਰਣੁ ਕਬੂਲ ਜੀਵਣ ਕੀ ਛੱਡ ਆਸ॥’ ਵਾਲੀ ਗੁਰਬਾਣੀ ਤੁਕ ਉਨ੍ਹਾਂ ਦੇ ਹਿਰਦੇ ’ਚ ਵਸੀ ਹੋਣ ਦਾ ਸਬੂਤ ਏਸ ਗੱਲੋਂ ਮਿਲਦਾ ਹੈ ਕਿ ਉਨ੍ਹਾਂ ਕੈਨੇਡਾ ਤੋਂ ਕੂਚ ਕਰਨ ਸਮੇਂ ਐਬਟਸਫੋਰਡ ਵਿਚਲੀ ਆਪਣੀ ਚਾਰ ਏਕੜ ਜ਼ਮੀਨ ਸਥਾਨਕ ਸਿੱਖਾਂ ਨੂੰ ਸੌਂਪ ਕੇ ਆਖਿਆ - ‘ਜੇ ਮੈਂ ਵਾਪਸ ਨਾ ਆਇਆ ਤਾਂ ਇੱਥੇ ਗੁਰਦੁਆਰਾ ਸਾਹਿਬ ਉਸਾਰ ਦੇਣਾ!’’ (ਸ. ਪੂੰਨੀ ਅਨੁਸਾਰ ਐਬਟਸਫੋਰਡ ਵਾਲਾ ਅਜੋਕਾ ਗੁਰਦੁਆਰਾ ਸਾਹਿਬ ਭਾਈ ਕਰਮ ਸਿੰਘ ਅਤੇ ਉਨ੍ਹਾਂ ਦੇ ਸਾਂਝੀਦਾਰਾਂ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸੁਭਾਇਮਾਨ ਹੈ)

ਦੇਸ਼ ਪਹੁੰਚਦਿਆਂ ਹੀ ਆਪ ਨੂੰ ਗ੍ਰਿਫਤਾਰ ਕਰਕੇ ਪਿੰਡ ਵਿੱਚ ‘ਜੂਹ - ਬੰਦ’ ਕਰ ਦਿੱਤਾ ਗਿਆ। ਚਾਰ ਸਾਲ ਦੀ ਜੂਹ-ਬੰਦੀ ਤੋਂ ਬਾਅਦ ਭਾਈ ਸਾਹਿਬ ਪੂਰੀ ਤਰਾਂ ਸਰਗਰਮ ਹੋ ਗਏ। ਸੰਨ 1921 ਦੇ ਚੜਾਅ ਵਿੱਚ ਆਪ ਨੇ ਆਪਣੇ ਇਲਾਕੇ ਵਿੱਚ ਕਾਂਗਰਸ ਦੀ ਕਾਨਫਰੰਸ ਕਰਵਾਈ, ਜੋ ਉਸ ਸਮੇਂ ਅੰਗਰੇਜ਼ ਹਕੂਮਤ ਵਿਰੋਧੀ ਕਾਰਵਾਈ ਮੰਨੀ ਜਾਂਦੀ ਸੀ। 21 ਫਰਵਰੀ, 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋ ਗਿਆ। ਪੰਥ ਵਿੱਚ ਗੁੱਸੇ ਦੀ ਅੱਗ ਭੜਕ ਉੱਠੀ। ਭਾਈ ਕਰਮ ਸਿੰਘ ਹੁਰੀਂ ਆਪਣੇ ਨਾਲ ਕੈਨੇਡਾ ਤੋਂ ਪਰਤੇ ਭਾਈ ਆਸਾ ਸਿੰਘ ਭਕੜੁੱਦੀ (ਹੁਣ ਕਿਸ਼ਨਪੁਰ) ਨਾਲ ਨਨਕਾਣਾ ਸਾਹਿਬ ਪਹੁੰਚ ਕੇ ਅੰਮ੍ਰਿਤਪਾਨ ਕੀਤਾ। ਦਰਅਸਲ ਇੱਥੇ ਹੀ ਅੰਮ੍ਰਿਤਪਾਨ ਮੌਕੇ ਆਪ ਦਾ ਨਾਮ ‘ਕਰਮ ਸਿੰਘ’ ਰੱਖਿਆ ਗਿਆ ਸੀ।

ਹੁਣ ਤੱਕ ਆਪ ਦਾ ਨਾਂ ਨਰੈਣ ਸਿੰਘ ਚੱਲ ਰਿਹਾ ਸੀ। ਉੱਥੋਂ ਆ ਕੇ ਆਪ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦ ਪਏ।

ਅਕਾਲੀਆਂ ਵਲੋਂ ਸਤੰਬਰ 1921 ਦੇ ਅਖੀਰ ’ਚ ਪਿੰਡ ਕੁੱਕੜ ਮਜਾਰੇ ਵਿਖੇ ਵੱਡਾ ਦੀਵਾਨ ਸਜਾਇਆ ਗਿਆ। ਕੈਨੇਡਿਉਂ ਗਏ ਭਾਈ ਕਰਮ ਸਿੰਘ ਝਿੰਗੜ ਅਤੇ ਆਸਾ ਸਿੰਘ ਭਕੜੁੱਦੀ ਨਾਲ ਆਪ ਨੇ ਉਸ ਦੀਵਾਨ ਵਿੱਚ ਗੱਜ-ਵੱਜ ਕੇ ਹਾਜ਼ਰੀਆਂ ਭਰੀਆਂ। ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਆਪ ਦੌਲਤਪੁਰੋਂ ਪੰਜਾਹ ਸਿੰਘਾਂ ਦਾ ਜਥਾ ਲੈ ਕੇ ਗਏ। ਅੰਗਰੇਜ਼ ਹਕੂਮਤ, ਸ਼ਾਂਤਮਈ ਅੰਦੇਲਨ ਕਰ ਰਹੇ ਅਕਾਲੀਆਂ ਉੱਪਰ ਬੇਤਹਾਸ਼ਾ ਤਸ਼ੱਦਦ ਕਰ ਰਹੀ ਸੀ। ਅਕਾਲੀ ਚੁੱਪ-ਚਾਪ ਸਰਕਾਰੀ ਜ਼ੁਲਮ ਸਹਿ ਰਹੇ ਸਨ। ਕਾਂਗਰਸ ਵੀ ਆਜ਼ਾਦੀ ਸੰਗਰਾਮ ਨੂੰ ਸ਼ਾਂਤਮਈ ਤੌਰ-ਤਰੀਕਿਆਂ ਅਨੁਸਾਰ ਚਲਾ ਰਹੀ ਸੀ। ਕਈ ਅਣਖੀਲੇ ਸਿੱਖਾਂ ਨੇ ਅਕਾਲੀਆਂ ਦੇ ਇਸ ਆਤਮਘਾਤੀ ਰਾਹ ’ਤੇ ਚੱਲਣੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਵਿਚਾਰ ਸੀ ਕਿ ਨਾ ਤਾਂ ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ‘ਸ਼ਾਂਤੀ ਨਾਲ’ ਜਿੱਤਿਆ ਸੀ ਅਤੇ ਨਾ ਹੀ ਉਹ ਸ਼ਾਂਤੀ ਨਾਲ ਇੱਥੋਂ ਜਾਣਗੇ। ਖਾਸ ਕਰਕੇ ਕੈਨੇਡਿਉਂ ਆਏ ਸਿੰਘਾਂ ਦੇ ਸਾਹਮਣੇ ਪ੍ਰਤੱਖ ਮਿਸਾਲਾਂ ਸਨ ਪਹਿਲੀ ਅਮਰੀਕਾ ਦਾ ਹਥਿਆਰਬੰਦ ਇਨਕਲਾਬ ਅਤੇ ਦੂਜੀ ਰੂਸ ਵਿੱਚ ਜ਼ਾਰ ਦਾ ਹਸ਼ਰ। ਇਹ ਕਹਿੰਦੇ ਸਨ ਕਿ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਇੱਕ ਮਿਸਾਲ ਵੀ ਐਸੀ ਨਹੀਂ ਮਿਲਦੀ ਜਿੱਥੇ ਸ਼ਾਂਤਮਈ ਢੰਗ ਨਾਲ ਆਜ਼ਾਦੀ ਆਈ ਹੋਵੇ। ਅਕਾਲੀਆਂ ਦੀ ਸ਼ਾਂਤਮਈ ਅਤੇ ਗਾਂਧੀ ਹੁਣਾਂ ਦੀ ਨਾ-ਮਿਲਵਰਤਣ ਨੂੰ ਬੋਗਸ ਕਰਾਰ ਦਿੰਦਿਆਂ ਭਾਈ ਕਰਮ ਸਿੰਘ ਹੁਣਾਂ ਦੇ ਸਾਥੀਆਂ ਇਹ ਨਾਅਰਾ ਘੜਿਆ -

ਲੋਲੋ ਪੋਪੋ ਗਾਂਧੀ ਵਾਲੀ ਨਹੀਂ ਕਰਨੀ, ਸੋਟਿਆਂ ਪੁਲਿਸ ਮਾਰ ਨਹੀਂ ਜਰਨੀ।
ਨੁਸਖਾ ਮਾਮੂਲੀ ਜਾਣੋ ਬਾਈਕਾਟ ਦਾ, ਵੱਡਾ ਨੁਸਖਾ ਏ ਸਾਡਾ ‘ਸੀਸਕਾਟ’ ਦਾ!

19-21 ਮਾਰਚ ਦੀ ਵਿਚਕਾਰਲੀ ਰਾਤ ਨੂੰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਮਾਸਟਰ ਮੋਤਾ ਸਿੰਘ ਪਿੰਡ ਪਤਾਰਾ ਜਿਹੇ ਜ਼ੋਸ਼ੀਲੇ ਅਣਖੀਲੇ ਸਿੱਖਾਂ ਨੇ ਹੁਸ਼ਿਆਰਪੁਰ ਮੀਟਿੰਗ ਕਰਕੇ ਅੰਗਰੇਜ਼ ਹਕੂਮਤ ਦੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਫੈਸਲਾ ਕੀਤਾ। ਇਨ੍ਹਾਂ ਸਿੰਘਾਂ ਨੇ ਹਥਿਆਰਬੰਦ ਬਗਾਵਤ ਰਾਹੀਂ ਆਜ਼ਾਦੀ ਪ੍ਰਾਪਤ ਕਰਨ ਲਈ ਨਵੰਬਰ 1921 ਨੂੰ ‘ਚੱਕਰਵਰਤੀ ਜਥਾ’ ਬਣਾ ਲਿਆ ਜੋ ਜਲੰਧਰ ਦੇ ਨੇੜੇ-ਤੇੜੇ ਕਾਰਵਾਈਆਂ ਕਰਨ ਲੱਗਾ। ਭਾਈ ਕਰਮ ਸਿੰਘ ਦੌਲਤਪੁਰ ਨੇ ਵੀ ਦੁਆਬਾ ਖੇਤਰ ਦੇ ਚੜ੍ਹਦੇ ਪਾਸੇ ਬੰਗਾ, ਨਵਾਂ ਸ਼ਹਿਰ, ਬਲਾਚੌਰ ਅਤੇ ਗੜ੍ਹਸ਼ੰਕਰ ਦੇ ਇਲਾਕੇ ਵਿੱਚ ਗਰਮ-ਖਿਆਲੀ ਸਿੱਖਾਂ ਦਾ ਇੱਕ ਵੱਖਰਾ ਜਥਾ ਬਣਾ ਲਿਆ। ਭਾਈ ਕਰਮ ਸਿੰਘ ਦੇ ਧੂੰਆਂਧਾਰ ਪ੍ਰਚਾਰ ਨਾਲ ਇਸ ਇਲਾਕੇ ਦੇ ਬਹੁਤ ਸਾਰੇ ਸਿੰਘ ਜਥੇ ਵਿੱਚ ਖੁਸ਼ੀ-ਖੁਸ਼ੀ ਸ਼ਾਮਲ ਹੋਣ ਲੱਗੇ। ਗੋਸਲਾਂ, ਬੀਕਾ, ਝਿੰਗੜਾਂ, ਜਗਤਪੁਰ, ਹੇੜੀਆਂ, ਅੱਪਰਾ, ਜੀਂਦੋਵਾਲ, ਨੌਰਾ, ਮੋਰਾਂਵਾਲੀ, ਮਾਹਲਗਹਿਲਾਂ, ਬੱਬਰ ਮਜਾਰਾ ਆਦਿਕ ਪਿੰਡਾਂ ਵਿੱਚ ਦੀਵਾਨ ਲਗਾਏ ਗਏ ਜਿੱਥੇ ਅੰਗਰੇਜ਼ਾਂ ਨੂੰ ਦੇਸ਼ ’ਚੋਂ ਬੰਦੂਕ ਨਾਲ ਕੱਢਣ ਦਾ ਪ੍ਰਚਾਰ ਕੀਤਾ ਗਿਆ। ਜਥੇ ਦੇ ਮੁਖੀ ਸਿੰਘਾਂ ਦੇ ਵਰੰਟ ਨਿਕਲ ਗਏ। ਭਾਈ ਕਰਮ ਸਿੰਘ ਰੂਪੋਸ਼ ਹੋ ਗਏ।

ਆਪਣੇ ਨਾਨਕੇ ਪਿੰਡ ਕੌਲਗੜ੍ਹ ਮੀਟਿੰਗ ਕਰਕੇ ਭਾਈ ਕਰਮ ਸਿੰਘ ਹੁਰਾਂ ‘ਬੱਬਰ ਅਕਾਲੀ ਜਥਾ ਦੁਆਬਾ’ ਦੇ ਪ੍ਰਚਾਰ ਲਈ ਇੱਕ ਪਰਚਾ ਕੱਢਣ, ਹਥਿਆਰ ਖ੍ਰੀਦਣ ਲਈ ਸਰਕਾਰੀ ਖਜ਼ਾਨੇ ਜਾਂ ਟੋ²ਡੀਆਂ ਨੂੰ ਲੁੱਟਣ ਦੇ ਮਤੇ ਪਾਸ ਕੀਤੇ। ਇਸ ’ਤੇ ਅਮਲ ਕਰਦਿਆਂ ਸਭ ਤੋਂ ਪਹਿਲਾਂ ਭਾਈ ਕਰਮ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਿਛੌੜੀ ਪਿੰਡ ਦੇ ਨੰਬਰਦਾਰ ਰਾਮ ਦਿੱਤੇ ਪਾਸੋਂ ਮਾਮਲੇ ਦੇ 575 ਰੁਪਏ ਖੋਹ ਲਏ। ਇਨ੍ਹਾਂ ਪੈਸਿਆਂ ’ਚੋਂ ਲਾਹੌਰਾਂ ਸੌ ਰੁਪਏ ਦੀ ‘ਸਾਈਕਲੋ ਸਟਾਈਲ’ ਮਸ਼ੀਨ ਖਰੀਦੀ ਗਈ ਅਤੇ 22 ਅਗਸਤ, 1922 ਨੂੰ ‘ਬੱਬਰ ਅਕਾਲੀ ਦੁਆਬਾ’ ਨਾਂ ਦਾ ਪਰਚਾ ਕੱਢਿਆ। ਇਸ ’ਤੇ ਐਡੀਟਰ ਵਜੋਂ ਨਾਮ ਭਾਈ ਕਰਮ ਸਿੰਘ ਦਾ ਲਿਖਿਆ ਗਿਆ। ਇਹ ਖੁਦ ਇਨਕਲਾਬੀ ਨਜ਼ਮਾਂ ਲਿਖਦੇ -

‘ਕਰਮ ਸਿੰਘ, ਹੁਣ ਬੱਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਮਚਾਵਣੇ ਦਾ!
‘ਕਰਮ ਸਿੰਘ’ ਕਰਤਾਰ ਦੀ ਓਟ ਲੈ ਕੇ ਹੁਣ ਜ਼ਾਲਮਾ ਵੰਡੀਆਂ ਪਾ ਭਾਈ।

ਬਾਅਦ ਦੀਆਂ ਸਰਗਰਮੀਆਂ ਜਲੰਧਰ ਇਲਾਕੇ ਦੇ ਜਥੇ ਅਤੇ ਭਾਈ ਕਰਮ ਸਿੰਘ ਦੁਆਬੀਏ ਜਥੇ ਨੇ ਇੱਕ ਹੋ ਕੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫੈਸਲਾ ਹੋਇਆ ਕਿ ਥਾਣੇਦਾਰ, ਜ਼ੈਲਦਾਰ, ਨੰਬਰ, ਗਿਰਦਾਵਰ ਅਤੇ ਪਟਵਾਰੀ ਆਦਿ ਸਰਕਾਰੀ ਮਸ਼ੀਨ ਦੇ ਪੁਰਜ਼ੇ ਹੁੰਦੇ ਹਨ। ਪਹਿਲਾਂ ਇਨ੍ਹਾਂ ਨੂੰ ਦੇਸ਼ ਦੇ ਹਿੱਤਾਂ ਦਾ ਵਾਸਤਾ ਪਾ ਕੇ ਸੁਧਰ ਜਾਣ ਦੀਆਂ ਬੇਨਤੀਆਂ ਕੀਤੀਆਂ ਜਾਣ। ਜੇ ਨਾ ਸੁਧਰਨ ਤਾਂ ਨੱਕ-ਕੰਨ ਵੱਢੇ ਜਾਣ। ਜੇ ਫੇਰ ਵੀ ਇਹ ਬਾਜ਼ ਨਾ ਆਉਣ ਤਾਂ ‘ਸੋਧਾ’ ਲਾਇਆ ਜਾਵੇ। ‘ਬੱਬਰ ਅਕਾਲੀ ਜਥਾ’ ਦੇ ਨਵਾਂ ਨਾਂ ਹੇਠ ਸਰਗਰਮੀਅ ਤੇਜ਼ ਕਰ ਦਿੱਤੀਆਂ ਗਈਆਂ। ਕਹਿੰਦੇ ਨੇ ਦੋਹਾਂ ਜਥਿਆਂ ਦੀ ਏਕਤਾ ਅਤੇ ਸਾਰੇ ਇੰਕਜ਼ਾਮੀਆਂ ਪੱਖ ਦਾ ਸਿਹਰਾ ਭਾਈ ਕਰਮ ਸਿੰਘ ਸਿਰ ਹੀ ਬੱਝਿਆ ਸੀ।

ਇੱਧਰ ਬੱਬਰਾਂ ਨੇ ਪਾਸ ਕੀਤੇ ਮਤੇ ਅਮਲ ’ਚ ਲਿਆਉਣੇ ਸ਼ੁਰੂ ਕਰ ਦਿੱਤੇ, ਉੱਧਰ ਝੋਲੀਚੁੱਕਾਂ-ਗਦਾਰਾਂ ਨੇ ਅੱਤ ਚੁੱਕ ਲਈ। ਮਜ਼ਬੂਰੀ ਵੱਸ ਬੱਬਰਾਂ ਨੇ ਟੋਡੀਆਂ ਦੀ ਅਲਖ ਮੁਕਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੇ, ਇਸ ਲਈ ਹਰ ਕਤਲ ਦੀ ਜ਼ਿੰਮੇਵਾਰੀ ਭਾਈ ਕਰਮ ਸਿੰਘ ਨੇ ਆਪਣੇ ਸਿਰ ਲੈਣੀ ਆਰੰਭ ਦਿੱਤੀ। ਇਨ੍ਹਾਂ ਦੇ ਨਾਨਕੇ ਪਿੰਡ ਕੌਲਗੜ੍ਹ ਦੇ ਦੋ ਸਫੈਦਪੋਸ਼ਾਂ, ਰਲ਼ਾ ਅਤੇ ਦਿੰਤੂ ਨੇ ਬੱਬਰਾਂ ਦੇ ਹਮਦਰਦਾਂ ਦਾ ਜਿਊਣਾ ਹਰਾਮ ਕੀਤਾ ਹੋਇਆ ਸੀ। ਭਾਈ ਸਾਹਿਬ ਦੇ ਸਮਝਾਉਣ ’ਤੇ ਵੀ ਇਹ ਨਾ ਸਮਝੇ। ਲੇਕਿਨ ਜਦ ਭਾਈ ਸਾਹਿਬ ਨੇ ਕੁਝ ਸਾਥੀਆਂ ਸਮੇਤ ਇਨ੍ਹਾਂ ਦੋਹਾਂ ਨੂੰ 20 ਮਈ, 1923 ਦੀ ਸ਼ਾਮ ਨੂੰ ‘ਦੂਜੇ ਲੋਟ’ ਮਿਲਣ ਗਏ। ਫਿਰ ਇਨ੍ਹਾਂ ਨੇ ‘ਭਾਣਜਾ-ਭਾਜਣਾ’ ਕਹਿ ਕੇ ਬੜੇ ਵਾਸਤੇ ਪਾਏ। ਪਰ ਭਾਣਜੇ ਦੇ ਇੱਕੋ ਫਾਇਰ ਨਾਲ ਦੋਵੇਂ ‘ਮਾਮੇ’ ਸਦਾ ਲਈ ਸੌਂ ਗਏ। ਹੁਣ ਸਰਕਾਰ ਵਲੋਂ ਭਾਈ ਸਾਹਿਬ ਦੇ ਸਿਰ ਦਾ ਇਨਾਮ ਰੱਖ ਦਿੱਤਾ ਗਿਆ।

ਦੇਸ਼ ਦੀ ਆਜ਼ਾਦੀ ਦੇ ਦੁਸ਼ਮਣ ਬਣ ਕੇ ਦੇਸ਼ ਭਗਤ ਬੱਬਰਾਂ ਦੀ ਸੂਹ ਦੇਣ ਵਾਲੇ ਪਿੱਠੂਆਂ ਨੂੰ ਸੋਧਦੇ ਹੋਏ ਅੰਗਰੇਜ਼ ਹਕੂਮਤ ਦਾ ਬੋਰੀਆ ਬਿਸਤਰਾ ਲਪੇਟਣ ਲਈ ਦਿਨ ਰਾਤ ਇੱਕ ਕਰ ਦੇਣ ਵਾਲੇ ਭਾਈ ਕਰਮ ਸਿੰਘ ਬੱਬਰ ਆਖਰ ਨੂੰ 31 ਅਗਸਤ ਤੇ 1 ਸਤੰਬਰ (1923) ਦੀ ਰਾਤ ਨੂੰ ਪਿੰਡ ਬਬੇਲੀ ਵਿਖੇ ਵਿਸਾਹਘਾਤੀ ਅਨੂਪ ਸਿੰਘ ਦੀ ਸਾਜ਼ਿਸ਼ ਸਦਕਾ ਪੁਲਿਸ ਦੇ ਘੇਰੇ ਵਿੱਚ ਆ ਗਏ। ਗੱਦਾਰ ਅਨੂਪਾ, ਭਾਈ ਸਾਹਿਬ ਦੇ ਝੋਲੇ ’ਚੋਂ ਬੰਬ ਖਿਸਕਾ ਲੈ ਆਇਆ। ਇੱਕ ਬੱਬਰ ਦੀ ਸ਼ੌਟ-ਗੰਨ ਖਰਾਬ ਕਰ ਗਿਆŒ। ਲੇਕਿਨ ਭਾਈ ਸਾਹਿਬ ਦੀ ਉਹ ਬੰਦੂਕ ਬਚ ਗਈ, ਜਿਹੜੀ ਉਹ ਹਿੱਕ ਨਾਲ ਲਾ ਕੇ ਸੁੱਤੇ ਹੋਏ ਸਨ। ਇੱਕ ਸਤੰਬਰ ਦੇ ਤੜਕੇ ਬਬੇਲੀ ਨੂੰ ਪੁਲਿਸ ਦਸਤਿਆਂ ਨੇ ਘੇਰਾ ਪਾ ਲਿਆ। ਪਿੰਡ ਵਾਸੀਆਂ ਨੂੰ ਤਬਾਹੀ ਤੋਂ ਬਚਾਉਣ ਲਈ ਚੌਹਾਂ ਬੱਬਰਾਂ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟਾਂ, ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਅਤੇ ਭਾਈ ਸਾਹਿਬ ਨੇ ਜੈਕਾਰੇ ਛੱਡ ਕੇ ‘ਚੌਂਤਾ ਸਾਹਿਬ’ ਵੱਲ ਨੂੰ ਚਾਲੇ ਪਾ ਦਿੱਤੇ। ਭਾਰੀ ਵਰਖਾ ਕਾਰਨ ਚੋਅ ਭਰੀ ਹੋਈ ਸੀ। ਦੋ ਸਿੰਘ ਚੋਅ ਦੇ ਵਿਚਕਾਰ ਹੀ ਗੋਲੀਆਂ ਨਾਲ ਸ਼ਹੀਦ ਹੋ ਗਏ। ਬਿਸ਼ਨ ਸਿੰਘ ਪਾਰਲੇ ਕੰਢੇ ਪਹੁੰਚ ਕੇ ਸ਼ਹੀਦ ਹੋ ਗਿਆ। ਇਸੇ ਤਰਾਂ ਭਾਈ ਕਰਮ ਸਿੰਘ ਦੌਲਤਪੁਰ ਇੱਕ ਹੱਥ ਤਿੰਨ ਫੁੱਟੀ ਸ੍ਰੀ ਸਾਹਿਬ ਅਤੇ ਦੂਜੇ ਹੱਥ ਬੰਦੂਕ ਫੜੀ ਦੁਸ਼ਮਣ ਨੂੰ ਲਲਕਾਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਪਿਆ। ਕੈਨੇਡਾ ਵਿੱਚ ਆਪਣਾ ਕਾਰੋਬਾਰ ਅਤੇ ਉਥੋਂ ਦੀ ਸੁਖਮਈ ਜ਼ਿੰਦਗੀ ਨੂੰ ਲੱਤ ਮਾਰ ਕੇ, ਦੇਸ਼ ਦੀ ਗੁਲਾਮੀ ਦੇ ਸੰਗਲ ਕੱਟਣ ਲਈ ਆਪਾ ਨਿਛਾਵਰ ਕਰਨ ਵਾਲੇ ਬੱਬਰ ਕਰਮ ਸਿੰਘ ਜਿਹੇ ਯੋਧਿਆਂ ਨੂੰ ਲੱਖ-ਲੱਖ ਪ੍ਰਣਾਮ!

ਅੰਤਿਕਾ - ਮੈਂ ਸ਼ੁਕਰਗੁਜ਼ਾਰ ਹਾਂ ਸੈਕਰਾਮੈਂਟੋ ਰਹਿੰਦੇ ਪਿੰਡ ਦੌਲਤਪੁਰ ਦੇ ਵਾਸੀ ਸ. ਨਰਿੰਦਰ ਸਿੰਘ ਥਾਂਦੀ ਅਤੇ ਉਨ੍ਹਾਂ ਦੇ ਅਸਟਰੇਲੀਆ ਨਿਵਾਸੀ ਭਰਾ ਸ. ਜਸਵੀਰ ਸਿੰਘ ਦਾ ਜਿਨ੍ਹਾਂ ਮੈਨੂੰ ਬੱਬਰ ਕਰਮ ਸਿੰਘ ਜੀ ਦੀ ਬਰਸੀ ਦਾ ਅਗਾਊਂ ਚੇਤਾ ਕਰਵਾ ਕੇ ਸ਼ਰਧਾਂਜਲੀ ਵਜੋਂ ਇਹ ਲੇਖ ਲਿਖਣ ਲਈ ਪ੍ਰੇਰਨਾ ਦਿੱਤੀ। ਇਨ੍ਹਾਂ ਥਾਂਦੀ ਭਰਾਵਾਂ ਨੂੰ ਇਹ ਮਾਣ ਜਾਂਦਾ ਹੈ ਕਿ ਉਨ੍ਹਾਂ ਪਹਿਲੋਂਪਹਿਲ ਭਾਈ ਸਾਹਿਬ ਜੀ ਦੀ ਸਾਲਾਨਾ ਯਾਦ ਮਨਾਉਣੀ ਆਰੰਭ ਕੀਤੀ। ਇਨ੍ਹਾਂ ਦੇ ਮਨ ਵਿੱਚ ਉਨ੍ਹਾਂ ਪਿੰਡ ਵਾਸੀਆਂ ਪ੍ਰਤੀ ਹਿਰਖ ਵੀ ਨੇ, ਜੋ ਕਿ ਸਥਾਨਕ ਪੱਧਰ ਦੀਆਂ ਸੌੜੀਆਂ ਸੋਚਾਂ ਅਧੀਨ ਉਸ ਮਹਾਨ ਸ਼ਹੀਦ ਦੀ ਬਰਸੀ ਮੌਕੇ ਸਹਿਯੋਗ ਦੇਣਾ ਤਾਂ ਇੱਕ ਪਾਸੇ ਸਗੋਂ ਅੜਿੱਕੇ ਖੜੇ ਕਰਦੇ ਹਨ। ਫਿਰ ਵੀ ਦੌਲਤਪੁਰ ਵਿੱਚ ਬੱਬਰ ਦੇ ਨਾਂ ’ਤੇ ਸ਼ਾਨਦਾਰ ਸਕੂਲ ਚਲਾਉਣ ਵਾਲੇ ਥਾਂਦੀ ਭਰਾ ਧੰਨਤਾ ਦੇ ਪਾਤਰ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news । articles। audios videos or any other contents published on www.khalsanews.org and cannot be held responsible for their views।  Read full details...

Go to Top