Share on Facebook

Main News Page

ਜਥੇਦਾਰ ਜੀ ਦੇ ਮੂੰਹ ਵਿੱਚ ਬਹੁਤ ਸਾਰੇ ਛਾਲੇ ਹੋਏ ਨੇ, ਇਸ ਕਰਕੇ ਉਹ ਆਪ ਜੀ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸੱਕਣਗੇ
-: ਪ੍ਰਧਾਨ ਮੋਹਕਮ ਸਿੰਘ, ਕਾਨਪੁਰ

01 ਸਿਤੰਬਰ, ਕਾਨਪੁਰ (ਇੰਦਰਜੀਤ ਸਿੰਘ ਕਾਨਪੁਰ): ਸਾਡੇ ਜਥੇਦਾਰ ਅਤੇ ਗੁਰਦੁਆਰਿਆਂ ਦੇ ਪ੍ਰਧਾਨ ਕਿੰਨੇ ਕੁ ਝੂਠੇ ਅਤੇ ਬੇਸ਼ਰਮ ਹੋ ਸਕਦੇ ਨੇ, ਇਸ ਦੀ ਇਕ ਅਨੋਖੀ ਮਿਸਾਲ ਅੱਜ ਮਿਤੀ 01 ਸਿਤੰਬਰ 2014 ਨੂੰ, ਅਕਾਲ ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਦੀ ਕਾਨਪੁਰ ਫੇਰੀ ਦੇ ਦੌਰਾਨ ਵੇਖਣ ਨੂੰ ਮਿਲੀ।

ਕਾਨਪੁਰ ਦੀ ਸੁਚੇਤ ਜੱਥੇਬੰਦੀ ਅਕਾਲੀ ਜੱਥਾ, ਕਾਨਪੁਰ ਨੇ ਅਕਾਲ ਤਖਤ ਦੇ ਹੈਡ ਗ੍ਰੰਥੀ, ਗਿਆਨੀ ਗੁਰਬਚਨ ਸਿੰਘ ਨਾਲ ਸੰਗਤ ਦੀ ਮੌਜੂਦਗੀ ਵਿਚ ਜਾਂ ਕੈਮਰੇ ਦੇ ਸਾਮ੍ਹਣੇ ਸਵਾਲ ਜਵਾਬ ਕਰਨ ਦੀ ਚੁਣੌਤੀ, ਭਾਈ ਬੰਨੋ ਸਾਹਿਬ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਮੋਹਕਮ ਸਿੰਘ ਰਾਹੀਂ ਗੁਰਬਚਨ ਸਿੰਘ ਨੂੰ ਦਿੱਤੀ ਸੀ, ਲੇਕਿਨ ਉਹ ਇਸ ਗਲੋਂ ਸਾਫ ਸਾਫ ਮੁਕਰ ਗਏ। ਇਸੇ ਕਰਕੇ, ਅਕਾਲੀ ਜੱਥੇ ਨੇ ਪਹਿਲਾਂ ਹੀ 12 ਸਵਾਲ ਲਿੱਖ ਕੇ ਗੁਰਦੁਆਰੇ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਫੈਕਸ ਅਤੇ ਅਪਣੇ ਬੰਦਿਆਂ ਦੇ ਹੱਥੀਂ ਇਨ੍ਹਾਂ ਦੋਹਾਂ ਨੂੰ ਭੇਜ ਦਿਤੇ ਸਨ ਅਤੇ ਇਨ੍ਹਾਂ ਸਵਾਲਾਂ ਦੇ ਜਵਾਬ ਸਟੇਜ 'ਤੇ ਸੰਗਤਾਂ ਨੂੰ ਦੇਣ ਦੀ ਮੰਗ ਕੀਤੀ ਸੀ।

ਕਾਨਪੁਰ ਦੇ ਜਾਗਰੂਕ ਵੀਰ ਇਹ ਚੰਗੀ ਤਰ੍ਹਾਂ ਜਾਣਦੇ ਸਨ, ਕਿ ਇਹ ਕੈਮਰੇ ਜਾਂ ਸੰਗਤ ਦੇ ਸਾਮ੍ਹਣੇ ਕਿਸੇ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਨੇ ਸਾਡੇ ਨਾਲ ਕੋਈ ਮੁਲਾਕਾਤ ਕਰਨੀ ਹੈ। ਲੇਕਿਨ ਅਕਾਲੀ ਜੱਥਾ ਦੇ ਜਨੂੰਨੀ ਵੀਰ, ਇਸ ਪ੍ਰਧਾਨ ਦੇ ਮਗਰ ਪਏ ਰਹੇ ਕਿ ਸਾਡੀ ਮੁਲਾਕਾਤ ਗੁਰਬਚਨ ਸਿੰਘ ਨਾਲ ਕੈਮਰੇ ਦੇ ਸਾਮ੍ਹਣੇ ਕਰਾਵੇ। ਸਾਰਾ ਦਿਨ ਟਾਲ ਮਟੋਲ ਅਤੇ ਖਿਚੋਤਾਣ ਦਾ ਮਾਹੌਲ ਬਣਿਆ ਰਿਹਾ। ਲੇਕਿਨ ਅੱਜ ਸਵੇਰੇ 9 ਵਜੇ ਹੀ ਅਕਾਲੀ ਜੱਥੇ ਦੇ ਕੁੱਝ ਵੀਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਕਮ ਸਿੰਘ ਦੇ ਘਰ ਜਾ ਪੁੱਜੇ, ਜਿੱਥੇ ਗੁਰਬਚਨ ਸਿੰਘ ਅਾਪਣੇ ਕਾਫਿਲੇ ਨਾਲ ਰੁਕੇ ਹੋਏ ਸੀ। ਇਨ੍ਹਾਂ ਵੀਰਾਂ ਨੇ ਅਕਾਲੀ ਜੱਥੇ ਦਾ ਪੱਖ ਦੋਹਰਾਂਦਿਆਂ ਕਹਿਆ, "ਕਿ ਤੁਸੀਂ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਕਾਨਪੁਰ ਬੁਲਾਇਆ ਹੈ, ਤੇ ਹੁਣ ਤੁਹਾਡਾ ਫਰਜ ਬਣਦਾ ਹੈ ਕਿ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਤੁਸੀਂ ਹੀ ਦੁਵਾਉ!"

ਪ੍ਰਧਾਨ ਸਾਹਿਬ ਪਹਿਲਾਂ ਟਾਲਮਟੋਲ ਕਰਦੇ ਰਹੇ ਫਿਰ ਅੰਦਰ ਗਏ, ਜਿੱਥੇ ਗੁਰਬਚਨ ਸਿੰਘ ਅਰਾਮ ਕਰ ਕਰੇ ਸਨ। ਆ ਕੇ ਕਹਿਣ ਲੱਗੇ ਕਿ, "ਜੱਥੇਦਾਰ ਸਾਹਿਬ ਦੇ ਮੂੰਹ ਵਿਚ ਬਹੁਤ ਛਾਲੇ ਹੋਏ ਨੇ, ਇਸ ਕਰਕੇ ਉਹ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਸੱਕਣਗੇ"। ਇਹ ਗੁਰਬਚਨ ਸਿੰਘ ਦਾ ਹੁਕਮ ਸੀ, ਜਾਂ ਮੋਹਕਮ ਸਿੰਘ ਦਾ ਬਣਾਇਆ ਝੂਠ, ਇਹ ਤਾਂ ਰੱਬ ਹੀ ਜਾਣੇ, ਲੇਕਿਨ ਇਹ ਸਾਬਿਤ ਹੋ ਚੁਕਾ ਸੀ ਕਿ ਸਾਡੇ ਇਹ ਅਖੌਤੀ ਆਗੂ ਝੂਠ ਦੀਆਂ ਸਾਰੀਆ ਹੱਦਾਂ ਪਾਰ ਚੁਕੇ ਹਨ। ਪ੍ਰਧਾਨ ਮੋਹਕਮ ਸਿੰਘ ਦੀ ਇਸ ਗੱਲ 'ਤੇ, ਅਕਾਲੀ ਜੱਥੇ ਦੇ ਵੀਰ ਭੜਕ ਗਏ 'ਤੇ ਕਹਿਣ ਲੱਗੇ ਕਿ, "ਤੁਸੀਂ ਵੀ ਝੂਠੇ ਹੋ, ਤੇ ਤੁਹਾਡਾ ਜੱਥੇਦਾਰ ਵੀ ਝੂਠਾ ਹੈ। ਕਲ ਰਾਤੀਂ ਇੱਕ ਘੰਟਾ ਕਥਾ ਕਰਦਾ ਰਿਹਾ, ਸ਼ਹਿਰ ਕਾਜ਼ੀ ਨਾਲ ਮੀਟਿੰਗਾਂ ਕਰਦਾ ਰਿਹਾ, ਲੋਕਾਂ ਦੇ ਘਰ ਰੋਟੀਆਂ ਖਾਂਦਾ ਰਿਹਾ, ਤਾਂ ਉਸ ਦੇ ਮੂੰਹ ਦੇ ਛਾਲੇ ਨਹੀਂ ਦੁਖੇ। ਸਾਡੇ ਸਵਾਲਾਂ ਦੇ ਜਵਾਬ ਦੇਣ ਵੇਲੇ ਉਸ ਦਾ ਮੂੰਹ ਦੁਖਦਾ ਹੈ?" ਇਸ 'ਤੇ ਮੋਹਕਮ ਸਿੰਘ ਨੇ ਕਹਿਆ ਕਿ ਮੈਂ ਤਾਂ ਜੱਥੇਦਾਰ ਨੂੰ ਬੁਲਾ ਕੇ "ਜੀਰੋ" ਹੋ ਗਇਆ ਹਾਂ (ਭਾਵ ਮੈਂ ਤਾਂ ਅਪਣੀ ਫਜੀਹਤ ਕਰਵਾ ਬੈਠਾ ਹਾਂ।) ਵਿਚੋਂ ਇਕ ਵੀਰ ਨੇ ਕਹਿਆ ਕਿ ਹੱਲੀ ਤਾਂ ਤੁਸੀ ਜੀਰੋ ਨਹੀਂ ਹੋਏ, ਹਾਂ ! ਤੁਹਾਨੂੰ ਕਾਨਪੁਰ ਦੀ ਸੰਗਤ ਨੇ ਹੁਣ "ਜੀਰੋ" ਜ਼ਰੂਰ ਕਰ ਦੇਣਾ ਹੈ।"

ਜੱਥੇਦਾਰ ਦੇ ਮੂੰਹ ਦੇ ਛਾਲਿਆਂ ਵਾਲਾ ਝੂਠ ਬੋਲ ਕੇ ਇਸ ਢੀਠ ਪ੍ਰਧਾਨ ਨੇ ਅਕਾਲੀ ਜੱਥੇ ਦੇ ਵੀਰਾਂ ਨਾਲ ਗੁਰਬਚਨ ਸਿੰਘ ਦੀ ਮੁਲਾਕਾਤ ਨਹੀਂ ਹੋਣ ਦਿੱਤੀ। ਸਵੇਰ ਅਤੇ ਸ਼ਾਮ ਦੇ ਦਿਵਾਨ ਵਿੱਚ ਗੁਰਬਚਨ ਸਿੰਘ ਨੇ ਇਕ ਇਕ ਘੰਟਾ ਕਥਾ ਕੀਤੀ, ਲੇਕਿਨ ਨਾ ਤਾਂ ਉਸ ਦੀ ਹਿੰਮਤ ਪਈ ਕਿ ਉਹ ਅਖੌਤੀ ਦਸਮ ਗ੍ਰੰਥ ਦੇ ਹੱਕ ਵਿਚ ਕੋਈ ਗਲ ਇਥੇ ਕਰ ਸਕੇ ਅਤੇ ਨਾ ਹੀ ਉਸਨੇ ਪ੍ਰੋਫੇਸਰ ਦਰਸ਼ਨ ਸਿੰਘ ਦੇ ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਂਮਾਂ ਬਾਰੇ ਕਿਸੇ ਤਰੀਕੇ ਦਾ ਫਤਵਾ, ਕਾਨਪੁਰ ਦੀਆਂ ਸੰਗਤਾਂ ਨੂੰ ਜਾਰੀ ਕੀਤਾ, ਕਿਉਂਕਿ ਇਸ ਦੀ ਸਾਰੀ ਕਥਾ (ਤਕਰੀਰ) ਦੇ ਇਕ ਇਕ ਅੱਖਰ ਉਤੇ ਪ੍ਰਸਾਸ਼ਨ ਨੇ ਪੂਰੀ ਨਜਰ ਰੱਖੀ ਹੋਈ ਸੀ ਕਿ ਇਹ ਕੀ ਬੋਲਦਾ ਹੈ? ਕਿਉਂਕਿ ਇਸਨੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਕਾਨਪੁਰ ਸਮਾਗਮਾਂ ਵਿੱਚ ਵਿਘਨ ਪਾ ਕੇ ਪ੍ਰਸਾਸ਼ਨ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਅਕਾਲ ਤਖਤ ਦੇ ਲੇਟਰ ਪੇਡ 'ਤੇ ਚਿੱਠੀਆਂ ਲਿੱਖ ਲਿਖ ਕੇ ਇਹ ਅਪਣੇ ਗੁਰਗਿਆਂ ਨੂੰ ਭੇਜਦਾ ਰਿਹਾ ਸੀ। ਲੇਕਿਨ ਇਸ ਵਿਸ਼ੈ 'ਤੇ ਕਾਨਪੁਰ ਆਕੇ ਇਸ ਦੀ ਜੁਬਾਨ ਵਿਚੋਂ ਇਕ ਅੱਖਰ ਵੀ ਨਹੀਂ ਨਿਕਲਿਆ।

ਗੁਰਦੁਆਰਾ ਭਾਈ ਬੰਨੋ ਸਾਹਿਬ ਦੇ ਨਵੇਂ ਨਵੇਂ ਬਣੇ ਪ੍ਰਧਾਨ, ਮੋਹਕਮ ਸਿੰਘ ਨੇ ਕਾਨਪੁਰ ਵਿਚ ਅਪਣਾਂ ਰੁਤਬਾ ਅਤੇ ਰਸੂਖ ਬਨਾਉਣ ਲਈ, ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਕਾਨਪੁਰ ਸੱਦਾ ਦਿਤਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਵੀ ਪਿਛਲੇ ਦਿਨੀ, ਬੜੀਆਂ ਗੂੜ੍ਹੀਆਂ ਪਾਈਆਂ ਹਨ। ਲੇਕਿਨ ਪੁਰਾਨੇ ਪੱਕੇ ਅਤੇ ਮੰਝੇ ਹੋਏ ਪ੍ਰਧਾਨ, ਕੁਲਦੀਪ ਸਿੰਘ ਅਤੇ ਹਰਵਿੰਦਰ ਸਿੰਘ ਲਾਰਡ ਨੂੰ ਇਹ ਦੋਸਤੀ ਰਾਸ ਨਹੀਂ ਆ ਰਹੀ ਕਿ ਕਾਨਪੁਰ ਵਿਚ ਸਾਡੇ ਨਾਲੋਂ ਕੋਈ ਵੱਡਾ ਪ੍ਰਧਾਨ ਜੰਮ ਪਵੇ। ਇਸ ਲਈ ਪੁਰਾਨੇ ਪ੍ਰਧਾਨਾਂ ਦੇ ਹੱਥ ਠੋਕਿਆਂ ਦੀਆਂ ਕਈ ਧਿਰਾਂ ਅਤੇ ਜੱਥੇਬੰਦੀਆਂ ਨੇ ਮੋਹਕਮ ਸਿੰਘ ਵਲੋਂ ਕਰਵਾਏ ਗਏ ਇਸ ਪ੍ਰੋਗ੍ਰਾਮ ਦੇ ਦੌਰਾਨ ਜੰਮ ਕੇ ਵਿਰੋਧ ਅਤੇ ਪ੍ਰਦਰਸ਼ਨ ਵੀ ਕੀਤਾ, ਅਤੇ ਉਨ੍ਹਾਂ 'ਤੇ ਕਈ ਪ੍ਰਕਾਰ ਦੇ ਦੋਸ਼ ਵੀ ਲਾਏ। ਇਸ ਬਾਰੇ ਕਾਨਪੁਰ ਦੀ ਇਕ ਅਖਬਾਰ ਦੀ ਪੇਪਰ ਕਟਿੰਗ ਇਸ ਰਿਪੋਰਟ ਨਾਲ ਭੇਜ ਰਹੇ ਹਾਂ ਜੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top