ਅਨੰਦਪੁਰ
ਸਾਹਿਬ, 29 ਅਗਸਤ (ਕਰਨੈਲ ਸਿੰਘ, ਜੰਗ ਸਿੰਘ, ਨਿੱਕੂਵਾਲ)- ਸਿੱਖ ਕੌੰਮ ਵਿੱਚ ਪੰਥ
ਵਿਰੋਧੀ ਏਜੰਸੀਆਂ ਦੇ ਇਸ਼ਾਰਿਆਂ 'ਤੇ ਕੁਝ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਸੰਪਰਦਾਈਆਂ
ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਇਹ ਦਲੀਲ
ਦਿੱਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਸੰਤ ਦੇ ਗੁਣਾਂ ਨਾਲ ਭਰਪੂਰ ਹੈ ਤੇ ਦਸਮ
ਗ੍ਰੰਥ ਵਿੱਚ ਸਿਪਾਹੀ ਵਾਲੇ ਗੁਣਾਂ ਦੀ ਵਿਆਖਿਆ ਕੀਤੀ ਗਈ ਹੈ ।
ਉਨ੍ਹਾਂ ਲੋਕਾਂ ਦੀ ਇਹ ਗੱਲ ਬਿਲਕੁਲ
ਗਲਤ ਹੈ, ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ''ਸੰਤ
ਸਿਪਾਹੀ'' ਦੀ ਸਿਰਜਣਾ ਕਰਨ ਵਾਲਾ ਸਰਬ ਕਲਾ ਸਮਰਥ
ਗੁਰੂ ਹੈ, ਜਦਕਿ ਸ਼ਬਦ ਗੁਰੂ ਵਿੱਚ ਪੰਜ ਸ਼ਹੀਦਾਂ ਅਤੇ 30 ਜ਼ਿੰਦਾ ਸ਼ਹੀਦਾਂ ਦੀ ਬਾਣੀ
ਦਰਜ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ੰ: ਸੁਰਿੰਦਰ ਸਿੰਘ ਮੈਂਬਰ
ਸ਼੍ਰੋ: ਗੁ: ਪ੍ਰ: ਕਮੇਟੀ ਅਨੰਦਪੁਰ ਸਾਹਿਬ ਨੇ ਕੀਤਾ । ਪੰਜ ਸ਼ਹੀਦ ਮਹਾਂਪੁਰਸ਼ਾਂ ਦਾ
ਵਿਸਥਾਰ ਦਿੰਦੇ ਹੋਏ ਉਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ
7 ਅਕਤੂਬਰ 1708 ਈ: ਦੀ ਰਾਤ ਨੂੰ ਨਾਂਦੇੜ ਸਾਹਿਬ ਵਿਖੇ ਕੀਤੇ ਹੋਏ ਫੈਸਲੇ ਮੁਤਾਬਿਕ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੰਪੂਰਨ ਤੇ ਸਰਬ-ਕਲਾ ਸਮਰੱਥ ਗੁਰੂ ਮੰਨਕੇ ਸ਼ਬਦ ਗੁਰੂ
ਦੇ ਬਰਾਬਰ ਕਿਸੇ ਹੋਰ ਗ੍ਰੰਥਾਂ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ, ਤਾਂ ਕਿ ਸ਼ਬਦ ਗੁਰੂ
ਦੀ ਸਰਵ-ਉੱਚਤਾ ਵੀ ਕਾਇਮ ਰਹਿ ਸਕੇ ਅਤੇ ਖਾਲਸਾ ਪੰਥ ਵਿੱਚ ਸਦੀਵੀ ਏਕਤਾ ਵੀ ਕਾਇਮ ਰਹਿ
ਸਕੇ।
ਉਨ੍ਹਾਂ ਅੰਤ ਵਿੱਚ ਸਮੁੱਚੀ ਕੌਮ ਨੂੰ ਬੇਨਤੀ ਕੀਤੀ ਕਿ ਸਮੁੱਚੇ
ਖਾਲਸਾ ਪੰਥ ਨੂੰ 1 ਸਤੰਬਰ 2014 ਨੂੰ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਚੜ੍ਹਦੀ
ਕਲਾ ਨਾਲ ਮਨਾਉਣਾ ਚਾਹੀਦਾ ਹੈ ਤਾਂ ਕਿ ਸੰਸਾਰ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖਾਂ
ਦਾ ਗੁਰੂ ਕੌਣ ਹੈ?