Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗ੍ਰਾਂਦ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸ੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ 35 ਬਾਣੀਕਾਰਾਂ ਦੀ ਰਚਨਾ (ਰਾਗ ਮਾਲ਼ਾ ਤੋਂ ਬਿਨਾ ਕਿਉਂਕਿ ਇਸ ਵਿੱਚ ਕਿਸੇ ਲਿਖਾਰੀ ਦਾ ਕੋਈ ਨਾਂ ਨਹੀਂ ਹੈ) ਵਿੱਚ ਕਿਤੇ ਭੀ ਸੰਗ੍ਰਾਂਦ ਸ਼ਬਦ ਦੀ ਵਰਤੋਂ ਨਹੀਂ ਹੈ। ਸੰਗ੍ਰਾਂਦ ਸ਼ਬਦ ਪ੍ਰਾਕ੍ਰਿਤ ਅਤੇ ਪੰਜਾਬੀ ਵਿੱਚ ਸੰਸਕ੍ਰਿਤ ਦੇ ਸ਼ਬਦ ਸੰਕ੍ਰਾਂਤਿ ਤੋਂ ਵਿਗੜ ਕੇ ਬਣਿਆਂ ਹੈ। ਸੰਕ੍ਰਾਂਤਿ ਸ਼ਬਦ ਦਾ ਅਰਥ ਹੈ- ਸੂਰਜ ਦੀ ਰਾਸ਼ੀ ਦੀ ਤਬਦੀਲੀ।

ਬਿਕ੍ਰਮਾਜੀਤ ਜੰਤਰੀ ਵਿੱਚ 12 ਸੰਗ੍ਰਾਂਦਾਂ ਹਨ ਅਤੇ ਸੂਰਜ ਦੀਆਂ 12 ਰਾਸ਼ੀਆਂ ਹਨ- ਮੇਸ਼/ਮੇਖ, ਵਰਿਸ਼ਭ, ਮਿਥੁਨ, ਕਰਕ, ਸਿਮਹਾ/ਸਿਨਹਾ, ਕੰਨਿਆਂ, ਤੁਲਾ, ਵ੍ਰੁਸਚਿਕਾ, ਧਨੁ, ਮਕਰ, ਕੁੰਭ ਅਤੇ ਮੀਨਾ।

ਅੰਗ੍ਰੇਜ਼ੀ ਵਿੱਚ ਨਾਂ ਕ੍ਰਮ ਵਾਰ ਇਉਂ ਹਨ -

Aries, Taurus, Gemini, Cancer, Leo, vigor, Libra, Scorpio, sagittarius, Capricom, Aquarius and Pisces.

ਹਰ ਰਾਸ਼ੀ ਦੇ ਆਰੰਭ ਜਾਂ ਮਗਰਲੀਆਂ ਘੜੀਆਂ ਨੂੰ ਸ਼ੁੱਭ ਜਾਂ ਅਸ਼ੁੱਭ ਬਣਾ ਦਿੱਤਾ ਗਿਆ ਹੈ। ਘੜੀਆਂ ਦੀ ਗਿਣਤੀ ਭੀ ਵੱਖ-ਵੱਖ ਦਿੱਤੀ ਗਈ ਹੈ। ਹਰ ਦੇਸੀ/ਦੇਸ਼ੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਪਹਿਲੀ ਰਾਸ਼ੀ ਵਿੱਚੋਂ ਨਿਕਲ਼ ਕੇ ਅਗਲੇ ਮਹੀਨੇ ਦੀ ਰਾਸ਼ੀ ਵਿੱਚ ਸੰਕ੍ਰਮਣ ਕਰਦਾ ਹੈ ਤੇ ਇਸ ਦਾ ਨਾਂ ਹੈ ਸੰਕ੍ਰਾਂਤਿ ਜਾਂ ਸੰਗ੍ਰਾਂਦ। ਮਹੀਨੇ ਦਾ ਇਹ ਪਹਿਲਾ ਦਿਨ ਹਿੰਦੂ ਵੀਰਾਂ ਭੈਣਾਂ ਲਈ ਸੂਰਜ ਦੀ ਪੂਜਾ ਦਾ ਵਿਸ਼ੇਸ਼ ਦਿਨ ਹੁੰਦਾ ਹੈ, ਤਾਂ ਜੁ ਸੂਰਜ ਦੇਵਤਾ ਉਨ੍ਹਾਂ ਉੱਤੇ ਸਾਰਾ ਮਹੀਨਾ ਪ੍ਰਸੰਨ ਰਹੇ। ਮਹੀਨੇ ਦੇ ਬਾਕੀ ਦਿਨਾਂ ਵਿੱਚ ਸੰਗ੍ਰਾਂਦ ਨਹੀਂ ਹੁੰਦੀ ਤੇ ਉਹ ਕਿਸੇ ਭਲੇ {ਮਨਮੱਤ} ਦੇ ਮੂਹੋਂ ਬਾਕੀ ਦਿਨਾਂ ਵਿੱਚ ਮਹੀਨੇ ਦਾ ਨਾਂ ਨਹੀਂ ਸੁਣਦੇ। ਸ੍ਰੀ ਗੁਰੂ ਗ੍ਰੰਥ ਸਾਹਿ਼ਬ ਇਸ ਪ੍ਰਥਾ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੰਦੇ।


ਗੁਰੂ ਜੀ ਅਨੁਸਾਰ ਉਹ ਹੀ ਮਹੀਨਾ, ਦਿਨ, ਘੜੀ, ਮੂਰਤੁ ਸਫਲ ਹੈ ਜਿਸ ਵਿੱਚ ਪ੍ਰਭੂ ਚੇਤੇ ਆਵੇ ਜਾਂ ਗੁਰੂ ਜੀ ਦੇ ਆਤਮਕ ਦਰਸ਼ਨ ਹੋਣ ਭਾਵ ਗੁਰੂ ਨਾਲ਼ ਪ੍ਰੀਤਿ ਬਣੇ। ਪ੍ਰਮਾਣ ਵਜੋਂ ਸੋਚ ਮੰਡਲ਼ ਵਿੱਚ ਲਿਆਓ ਇਹ ਪਾਵਨ ਬੋਲ :-

1) ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਗਗਸ 136)
2) ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ॥ ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ॥ (ਗਗਸ 958)
3) ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮੁ॥ (ਗਗਸ 819)
4) ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥ (ਗਗਸ 318)

ਕੇਵਲ ਮਹੀਨੇ ਦੀ ਪਹਿਲੀ ਤਾਰੀਖ਼ (ਸੰਗ੍ਰਾਂਦ ਵਾਲ਼ੇ ਦਿਨ) ਨਾਲ਼ ਹੀ ਸ਼ਰਧਾ ਜੋੜਨ ਅਤੇ ਮਹੀਨੇ ਦੇ ਬਾਕੀ ਦਿਨ ਮਹੀਨੇ ਦੇ ਉਪਦੇਸ਼ ਨੂੰ ਨਾ ਸੁਣਨਾ ਤੇ ਨਾ ਪੜ੍ਹਨਾ ਗੁਰੂ ਆਸ਼ੇ ਅਨੂਕੂਲ ਨਹੀਂ ਹੈ। ਗੁਰੂ ਜੀ ਦਾ ਉਪਦੇਸ਼ ਹੈ:-

1) ਆਪੇ ਪੂਰਾ ਕਰੇ ਸੁ ਹੋਇ॥ ਏਹਿ ਥਿਤੀ ਵਾਰ ਦੂਜਾ ਦੋਇ॥ (ਗਗਸ 842)

ਅਰਥ- ਹੁੰਦਾ ਓਹੀ ਹੈ ਜੋ ਪ੍ਰਭੂ ਕਰਦਾ ਹੈ ਤੇ ਇਹ ਸੰਗ੍ਰਾਂਦ ਦੇ ਵਸ ਨਹੀਂ। ਕਿਸੇ ਮਹੀਨੇ ਦੇ ਪਹਿਲੇ ਦਿਨ ਨੂੰ ਹੀ ਮਾਨਤਾ ਦੇਣੀ ਦੁਬਿਧਾ ਪੈਦਾ ਕਰਦੀ ਹੈ ਕਿ ਬਾਕੀ ਦਿਨਾ ਵਿੱਚ ਮਹੀਨੇ ਦਾ ਉਪਦੇਸ਼ ਸੁਣਨਾ ਚੰਗਾ ਨਹੀਂ ਕਿਉਂਕਿ ਸੰਗ੍ਰਾਂਦ ਲੰਘ ਗਈ ਹੁੰਦੀ ਹੈ।

2) ਸਤਿਗੁਰ ਬਾਝਹੁ ਅੰਧੁ ਗੁਬਾਰੁ॥ਥਿਤੀ ਵਾਰ ਸੇਵਹਿ ਮੁਗਧ ਗਵਾਰ॥ (ਗਗਸ 843)

ਅਰਥ- ਗੁਰੂ ਜੀ ਦੀ ਗੱਲ ਮੰਨਣ ਤੋਂ ਬਿਨਾ ਮਨ ਦਾ ਘੁੱਪ ਹਨੇਰਾ ਬਣਿਆ ਰਹੇਗਾ। ਕੇਵਲ ਮੂਰਖ ਅਤੇ ਮਹਾਂ ਮੂਰਖ ਹੀ ਮਹੀਨੇ ਦੀ ਕਿਸੇ ਵਿਸ਼ੇਸ਼ ਤਿੱਥ ਜਾਂ ਦਿਨ ਨੂੰ ਮਾਨਤਾ ਦਿੰਦੇ ਹਨ। ਗੁਰੂ ਜੀ ਨੂੰ ਮਹੀਨੇ ਦੇ ਸਾਰੇ ਦਿਨ ਇੱਕੋ ਜਿਹੇ ਹਨ, ਕੇਵਲ ਗੁਰੂ ਪ੍ਰੀਤਿ ਦੀ ਹੀ ਲੋੜ ਹੈ।

ਸੋਮਵਾਰ ਜਾਂ ਮੰਗਲ਼ਵਾਰ ਕੇਵਲ ਨਾਂ ਲੈਣ ਜਾਂ ਨਾਂ ਸੁਣਨ ਨਾਲ਼ ਹੀ ਸਫਲ ਨਹੀਂ ਹੁੰਦੇ, ਬਸੰਤ ਜਾਂ ਪੱਤਝੜ ਨਾਂ ਸੁਣਨ ਨਾਲ਼ ਇਹ ਰੁੱਤਾਂ ਸਫਲ ਨਹੀਂ ਹੁੰਦੀਆਂ, ਚੇਤ ਜਾਂ ਵੈਸ਼ਾਖ ਆਦਿ ਮਹੀਨਿਆਂ ਦੇ ਕੇਵਲ ਨਾਂ ਸੁਣਨ ਨਾਲ਼ ਇਹ ਸਫਲ ਨਹੀਂ ਹੋ ਜਾਂਦੇ ਜੇ ਪ੍ਰਭੂ ਦੀ ਬੰਦਗੀ ਤੋਂ ਬਿਨਾ ਬੀਤ ਜਾਣ, ਐਸਾ ਗੁਰੂ ਜੀ ਦਾ ਉਪਦੇਸ਼ ਹੈ।

ਧੰਨੁ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਨੇ ਤੁਖਾਰੀ ਰਾਗ ਵਿੱਚ ਬਾਰਹ ਮਾਹਾ ਦੀ ਰਚਨਾ ਸੰਗ੍ਰਾਂਦ ਵਾਸਤੇ ਨਹੀਂ ਕੀਤੀ। ਜੇ ਅਜਿਹਾ ਕੀਤਾ ਹੁੰਦਾ ਤਾਂ ਪੰਜਵੇਂ ਗੁਰੂ ਜੀ ਨੂੰ ਸੰਗ੍ਰਾਂਦ ਵਾਸਤੇ ਦੁਬਾਰਾ ਮਾਝ ਰਾਗ ਵਿੱਚ ਬਾਰਹ ਮਾਹਾ ਲਿਖਣ ਦੀ ਲੋੜ ਨਹੀਂ ਸੀ ਪੈਣੀ। ਬਾਰਹ ਮਾਹਾ, ਰੁਤੀ ਸ਼ਲੋਕ, ਸਤਵਾਰ ਜਾਂ ਵਾਰਸਤ, ਪਟੀ, ਬਾਵਨ ਅਖਰੀ ਆਦਿ ਸਿਰਲੇਖਾਂ ਵਾਲ਼ੀਆਂ ਗੁਰਬਾਣੀ ਦੀਆਂ ਰਚਨਾਵਾਂ ਮਹੀਨਿਆਂ, ਰੁੱਤਾਂ, ਅੱਖਰਾਂ ਅਤੇ ਦਿਨਾਂ ਦੀ ਪੂਜਾ ਜਾਂ ਸੂਰਜ ਚੰਦ ਦੀ ਪੂਜਾ ਵਾਸਤੇ ਨਹੀਂ ਰਚੇ, ਸਗੋਂ ਰੱਬੀ ਉਪਦੇਸ਼ ਦੇਣ ਦੇ ਚੁਣੇ ਗਏ ਮਾਧਿਅਮ ਵਜੋਂ ਕਾਵਿ ਰੂਪ ਹਨ।

ਵਾਰ ਸਤ ਨਾਂ ਦੀ ਰਚਨਾ ਵਿੱਚ ਵਰਤੇ ਸੋਮਵਾਰ, ਮੰਗਲ਼ਵਾਰ ਆਦਿ ਦਿਨਾ ਦਾ ਅਰਥ ਇਹ ਨਹੀਂ ਕਿ ਸੋਮਵਾਰ ਵਾਲ਼ੀਆਂ ਤੁਕਾਂ ਸੋਮਵਾਰ ਨੂੰ ਹੀ ਪੜ੍ਹਨੀਆਂ ਹਨ ਤੇ ਮੰਗਲ਼ਵਾਰ ਰਾਹੀਂ ਦਿੱਤਾ ਉਪਦੇਸ਼ ਕੇਵਲ ਮੰਗਲ਼ਵਾਰ ਨੂੰ ਹੀ ਪੜ੍ਹਨਾ ਹੈ। ਰੁਤੀ ਸਲੋਕ ਬਾਣੀ ਦਾ ਅਰਥ ਇਹ ਨਹੀਂ ਕਿ ਗਰਮੀ ਦੀ ਰੁੱਤ ਵਾਲ਼ੇ ਸ਼ਲੋਕ ਸਰਦੀ ਦੀ ਰੁੱਤੇ ਰੱਖੇ ਅਖੰਡ ਪਾਠ ਵਿੱਚ ਛੱਡ ਦੇਣੇ ਹਨ। ਇਵੇਂ ਹੀ ਬਾਰਹ ਮਾਹ ਦਾ ਉਪਦੇਸ਼ ਸੰਗ੍ਰਾਂਦਾਂ ਦੀਆਂ ਬੰਦਸ਼ਾਂ ਤੋਂ ਆਜ਼ਾਦ ਹੈ। ਚੇਤ ਮਹੀਨੇ ਦਾ ਉਪਦੇਸ਼ ਕਿਸੇ ਹੋਰ ਮਹੀਨੇ ਵਿੱਚ ਪੜ੍ਹਨ ਤੇ ਘੱਟ ਅਸਰ ਨਹੀਂ ਕਰਦਾ ਤੇ ਚੇਤ ਮਹੀਨੇ ਦੀ ਕੈਦ ਵਿੱਚ ਨਹੀਂ ਹੈ।
ਹਿੰਦੁਸਤਾਨ ਵਿੱਚ ਸੂਰਜ ਅਤੇ ਚੰਦ ਦੀ ਪੂਜਾ ਵਾਸਤੇ ਪੁਜਾਰੀ ਸ਼੍ਰੇਣੀ ਵਲੋਂ 10 ਦਿਨ ਪਵਿੱਤ੍ਰ ਮੰਨ ਕੇ ਵਿਸ਼ੇਸ਼ ਪੂਜਾ ਕੀਤੀ ਜਾਂਦੀ ਸੀ। ਧੰਨੁ ਗੁਰੂ ਨਾਨਕ ਪਾਤਿਸ਼ਾਹ ਨੇ ਇਸ ਪ੍ਰਥਾ ਨੂੰ ਪ੍ਰਵਾਨ ਨਹੀਂ ਕੀਤਾ ਅਤੇ ਕਿਹਾ:-

ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦ ਦਸਾਹਰਾ॥
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ॥ (ਗਗਸ 687)

ਅਰਥ- ਗੁਰੂ ਦਾ ਬਖ਼ਸ਼ਿਆ ਰੱਬੀ ਗਿਆਨ ਹੀ ਅਸਲੀ ਤੀਰਥ ਅਸਥਾਨ ਹੈ।

ਇਹ ਗਿਆਨ ਹੀ ਮੇਰੇ ਵਾਸਤੇ ਦਸ ਪੁਰਬ ਅਤੇ ਗੰਗਾ ਦਾ ਜਨਮ ਦਿਨ ਹੈ। ਇਸ ਪ੍ਰਮਾਣ ਦੀ ਰੌਸ਼ਨੀ ਵਿੱਚ ਇਸ ਗਿਆਨ ਦੇ ਹੁੰਦਿਆਂ ਦਸ ਪੁਰਬ (ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ, ਸੂਰਜ ਗ੍ਰਹਿਣ, ਚੰਦ ਗ੍ਰਹਿਣ, ਚਾਨਣਾ ਐਤਵਾਰ, ਦੋ ਅਸ਼ਟਮੀਆਂ, ਦੋ ਚੌਦੇਂ) ਅਤੇ ਦਸਾਹਰਾ (ਦਸ ਪਾਪ ਹਰਨ ਵਾਲ਼ਾ ਗੰਗਾ ਨਦੀ ਦਾ ਜਨਮ ਦਿਨ ਜੇਠ ਸੁਦੀ ਦਸ਼ਮੀਂ) ਸਿੱਖ ਲਈ ਕੋਈ ਕੀਮਤ ਨਹੀਂ ਰੱਖਦੇ ਅਤੇ ਇਨ੍ਹਾਂ ਦਿਨਾਂ ਪ੍ਰਤੀ ਸ਼ਰਧਾ ਰੱਖਣੀ ਸਿੱਖ ਲਈ ਗੁਰ ਉਪਦੇਸ਼ ਦੇ ਪ੍ਰਤੀਕੂਲ ਹੈ।

ਗੁਰੂ ਜੀ ਤਾਂ ਪ੍ਰਭੂ ਕੋਲ਼ੋਂ ਕੇਵਲ ਨਾਮ ਦੀ ਹੀ ਜਾਚਨਾ ਕਰਦੇ ਹਨ, ਕਿਸੇ ਪੁਜਾਰੀ ਸ਼੍ਰੇਣੀ ਦੇ ਕਲਪਿਤ ਕੀਤੇ ਕਿਸੇ ਖ਼ਾਸ ਦਿਨ ਤੇ ਕ੍ਰਿਤ ਦੀ ਪੂਜਾ ਦੀ ਮੰਗ ਨਹੀਂ ਕਰਦੇ। ਸੂਰਜ ਚੰਦ ਆਦਿ ਕਰਤੇ ਦੀ ਕ੍ਰਿਤ ਹੈ ਤੇ ਸਿੱਖ ਕ੍ਰਿਤ ਦੀ ਨਹੀਂ ਕਰਤੇ ਦੀ ਪੂਜਾ ਕਰਦਾ ਹੈ। ਸੰਗ੍ਰਾਂਦ ਕ੍ਰਿਤ ਦੀ ਪੂਜਾ ਹੈ। ਸੂਰਜ ਗ੍ਰਹਿਣ ਅਤੇ ਸੰਗ੍ਰਾਂਦ ਸੂਰਜ ਦੇਵਤੇ ਦੇ ਦਿਨ ਹਨ ਅਤੇ ਬਾਕੀ ਅੱਠ ਦਿਨ ਚੰਦ੍ਰਮਾ ਦੀ ਪੂਜਾ ਦੇ ਹਨ। ਪ੍ਰੋ: ਸਾਹਿਬ ਸਿੰਘ ਤੁਖਾਰੀ ਰਾਗ ਦੇ ਬਾਰਹ ਮਾਹਾ ਦੀ ਭੂਮਿਕਾ ਵਿੱਚ ਲਿਖਦੇ ਹਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਤਾਲੀਮ ਦੀ ਬਰਕਤ ਨਾਲ਼ ਜੋ ਲੋਕ ਅੱਨਯ ਪੂਜਾ ਛੱਡ ਕੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲ਼ੇ ਹੋ ਚੁੱਕੇ ਹਨ ਉਹ ਭੀ ਸੂਰਜ ਦੀ ਯਾਦ ਨਹੀਂ ਛੱਡ ਸਕੇ।

ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਨਾਲ਼ ਸਿੱਖ ਕਿਵੇਂ ਜੁੜ ਗਏ?

ਸੰਨ 1801 ਤੋਂ (ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਕਾਲ਼ ਸ਼ੁਰੂ ਹੋਣ ਤੋਂ) ਅੰਗ੍ਰੇਜ਼ੀ ਰਾਜ ਦੇ ਗੁਰਦੁਆਰਾ ਸੁਧਾਰ ਲਹਿਰ ਤਕ ਲਗਭਗ 120-22 ਸਾਲ ਗੁਰ ਅਸਥਾਨਾਂ ਦਾ ਪ੍ਰਬੰਧ ਬਿਪਰਵਾਦੀ ਮੱਤ ਵਿੱਚ ਪੱਕੇ ਮਹੰਤਾਂ ਕੋਲ਼ ਰਿਹਾ ਜਿਨ੍ਹਾਂ ਵਲੋਂ ਗੁਰ-ਮੱਤ ਦੇ ਉਲ਼ਟ ਰੀਤਾਂ ਰਸਮਾਂ ਪ੍ਰਚੱਲਤ ਕੀਤੀਆਂ ਗਈਆਂ ਤੇ ਕੱਚੀਆਂ ਰਚਨਾਵਾਂ ਦਾ ਪ੍ਰਚਾਰ ਕੀਤਾ। ਮਹਾਂਰਾਜੇ ਨੇ ਧਰਮ ਸਥਾਨਾਂ ਦੇ ਨਾਂ ਜਗੀਰਾਂ ਤਾਂ ਲਾਈਆਂ, ਪਰ ਪ੍ਰਬੰਧਕੀ ਢਾਂਚਾ ਮਹੰਤਾਂ ਕੋਲ਼ ਹੀ ਰਹਿਣ ਦਿੱਤਾ ਜਿਸ ਦੀ ਕੀਮਤ ਸਿੱਖਾਂ ਨੂੰ ਅਣਗਿਣਤ ਸ਼ਹੀਦੀਆਂ ਦੇ ਕੇ ਚੁਕਾੳੇਣੀ ਪਈ।

ਅੰਗ੍ਰੇਜ਼ੀ ਰਾਜ ਸਮੇਂ ਸ੍ਰੀ ਦਰਬਾਰ ਸਾਹਿ਼ਬ ਦੀ ਪਰਕਰਮਾ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਾਲ਼ ਭਰੀ ਪਈ ਸੀ, ਜੋ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਜੱਜ ਸਾਮ੍ਹਣੇ ਸਿੱਖੀ ਵਿਚਾਰਧਾਰਾ ਪੇਸ਼ ਕਰਨ ਤੇ ਓਥੋਂ ਉਠਾਈਆਂ ਗਈਆਂ ਜੋ ਦੁਗਿਆਣਾ ਮੰਦਰ ਵਿੱਚ ਸਥਾਪਤ ਕੀਤੀਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਗ੍ਰੇਜ਼ੀ ਰਾਜ ਸਮੇਂ ਧਰਮ ਯੁੱਧ ਮੋਰਚੇ ਲਾ ਕੇ ਅਨੇਕਾਂ ਸ਼ਹੀਦੀਆਂ ਦੇ ਕੇ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਏ, ਪਰ ਮਿਲ਼ਗੋਭਾ ਹੋਈ ਸਿੱਖੀ ਵਿਚਾਰਧਾਰਾ ਨੂੰ ਅੱਜ ਤਾਈਂ ਆਜ਼ਾਦੀ ਨਹੀਂ ਮਿਲ਼ ਸਕੀ। ਗਿਆਨ ਨੂੰ ਗੁਰੂ ਮੰਨਣ ਵਾਲ਼ੇ ਅਜੇ ਭੀ ਧਾਰਮਿਕ ਅਗਿਆਨਤਾ ਦੇ ਗ਼ੁਲਾਮ ਹਨ ਅਤੇ ਉਨ੍ਹਾਂ ਪੰਛੀਆਂ ਦੀ ਤਰ੍ਹਾਂ ਹਨ, ਜੋ ਜਾਲ਼ ਵਿੱਚ ਫਸੇ ਜਾਲ਼ ਸਮੇਤ ੳੱਡਦੇ ਜਾਂਦੇ ਕਹਿ ਰਹੇ ਹਨ ਅਸੀਂ ਹੁਣ ਸ਼ਿਕਾਰੀ ਦੇ ਫੰਧੇ ਤੋਂ ਆਜ਼ਾਦ ਹਾਂ।

ਨੋਟ: ਹੋਰ ਜਾਣਕਾਰੀ ਲਈ ਪ੍ਰੋ: ਸਾਹਿਬ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿ਼ਬ ਦਰਪਣ ਦੀ ਅੱਠਵੀਂ ਪੋਥੀ ਵਿੱਚ ਬਾਰਹ ਮਾਹਾ ਦੀ ਭੂਮਿਕਾ ਪੜ੍ਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top