Share on Facebook

Main News Page

ਜੁੱਤੀ ਵੱਜੀ ਜਾਂ ਕਿਸੇ ਨੇ ਵਿਖਾਈ, ਗੱਲ ਤਾਂ ਰੋਸ ਪ੍ਰਗਟ ਕਰਨ ਦੀ ਹੈ, ਅਤੇ ਇਸ ਨੂੰ ਸਮਝਣ ਦੀ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ
93161 76519

ਹਿੰਦ ਦੀ ਆਜ਼ਾਦੀ ਦੇ ਅਠਾਹਟਵੇਂ ਵਰੇ ਦੇ ਜਸ਼ਨਾਂ ਵਾਲੇ ਦਿਨ ਪਿੰਡ ਈਸੜੂ ਵਿਖੇ ਗੋਆ ਦੇ ਸ਼ਹੀਦ ਸ.ਕਰਨੈਲ ਸਿੰਘ ਦੀ ਬਰਸੀ ਦੇ ਸਮਾਗਮ ਸਮੇਂ, ਭਰੇ ਪੰਡਾਲ ਵਿਚ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਉੱਤੇ ਪਿੰਡ ਧਨੌਲਾ ਦੇ ਇਕ ਵਿਅਕਤੀ ਵੱਲੋਂ ਜੁੱਤੀ ਸੁੱਟੇ ਜਾਣ ਦੀ ਘਟਨਾਂ ਨੂੰ ਲੈਕੇ ਵੱਖਰੇ ਵੱਖਰੇ ਪ੍ਰਤੀ ਕ੍ਰਮ ਵੇਖਣ ਸੁਨਣ ਨੂੰ ਮਿਲੇ ਹਨ। ਕੁਝ ਲੋਕਾਂ ਨੇ ਅਖਬਾਰੀ ਬਿਆਨ ਦੇਕੇ ਜਾਂ ਸੋਸ਼ਿਲ ਮੀਡੀਆ ਰਾਹੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਦਾਸ ਲੇਖਿਕ ਨੂੰ ਕਿਸੇ ਅਧਿਕਾਰੀ ਨੇ ਫੋਨ ਕਰਕੇ ਪੁੱਛਿਆ ਕਿ ਵਿਕਰਮ ਨਾਮ ਦੇ ਬੰਦੇ ਨੇ ਮੁੱਖ ਮੰਤਰੀ ਪੰਜਾਬ ਉਪਰ ਜੁੱਤੀ ਸੁੱਟੀ ਹੈ, ਤੁਸੀਂ ਉਸ ਬਾਰੇ ਜਾਣਦੇ ਹੋ ਕਿ ਇਹ ਕੌਣ ਹੈ? ਉਸ ਤੋਂ ਬਾਅਦ ਮੈਂ ਫੇਸ ਬੁੱਕ ਤੇ ਖਬਰ ਲਿਖ ਦਿੱਤੀ ਤਾਂ ਹੈਰਾਨੀ ਦੀ ਗੱਲ ਸੀ ਕਿ ਮਿੰਟਾਂ ਵਿੱਚ ਸੈਂਕੜੇ ਕੌਮਿੰਟਜ ਆ ਗਏ ਅਤੇ ਹੋਰ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਸਿਰਫ ਦੋ ਬੰਦਿਆਂ ਨੇ ਦਬਵੀਂ ਜੁਬਾਨ ਵਿਚ ਘਟਨਾਂ ਦੇ ਉਲਟ ਆਪਣੀ ਹਾਜਰੀ ਲਗਵਾਈ। ਪਰ ਬਾਕੀ ਦੇ ਪਾਉਣੇ ਚਾਰ ਸੌ ਲੋਕਾਂ ਨੇ ਸਿਰਫ ਖੁਸ਼ੀ ਹੀ ਨਹੀਂ, ਮਨਾਈ ਸਗੋਂ ਮਸਾਲੇਦਾਰ ਕੌਮਿੰਟਜ ਕਰਕੇ ਮਜ਼ੇ ਲਏ।

ਜੁੱਤੀ ਦੀ ਇੱਕ ਘਟਨਾਂ ਮੇਰੇ ਬਚਪਣ ਨਾਲ ਵੀ ਜੁੜੀ ਹੋਈ ਹੈ। ਮੇਰੇ ਨਾਨਕੇ ਪਿੰਡ ਸਾਡੇ ਇੱਕ ਰਿਸ਼ਤੇਦਾਰ ਬੀਬੀ ਜੀ ਨੂੰ ਜਦੋਂ ਕੋਈ ਗੱਲ ਚੰਗੀ ਨਾ ਲਗਣੀ ਤਾਂ ਉਹਨਾਂ ਕਹਿਣਾ ਕਿ "ਮੇਰੀ ਜਾਣੇ ਜੁੱਤੀ", ਪਰ ਬਚਪਣ ਕਰਕੇ ਸਮਝ ਨਾ ਆਉਣਾ ਕਿ ਇਹ ਜੁੱਤੀ ਕੀਹ ਜਾਣੇ ? ਇੰਜ ਹੀ ਅਸੀਂ ਇੱਕ ਬਰਾਤ ਜਾਕੇ ਵਾਪਿਸ ਆ ਰਹੇ ਸੀ, ਦੋ ਵੱਡੇ ਸਰਦਾਰ ਕੱਚੇ ਰਸਤੇ ਉੱਤੇ ਜਿਦ ਕੇ ਕਾਰਾਂ ਭਜਾ ਰਹੇ ਸਨ ਅਤੇ ਇੱਕ ਸਰਦਾਰ ਆਪਣੇ ਬੇਟੇ ਨੂੰ ਹੱਲਾਸ਼ੇਰੀ ਦੇ ਰਿਹਾ ਸੀ, ਕਿ ਗੱਡੀ ਪਾਸੇ ਕਰ ਮੈਂ ਇਹਨਾਂ 'ਤੇ ਜੁੱਤੀ ਸੁੱਟਣੀ ਹੈ। ਸੱਚ ਮੁੱਚ ਬਰਾਬਰ ਗੱਡੀ ਭਜਾਕੇ ਜੁੱਤੀ ਸੁੱਟੀ, ਪਰ ਉਸ ਵੇਲੇ ਵੀ ਪਤਾ ਨਹੀਂ ਸੀ ਕਿ ਇਸਦਾ ਕੀਹ ਮਤਲਬ ਹੈ ? ਲੇਕਿਨ ਹੁਣ ਫਿਰ ਜੁੱਤੀਆਂ ਸੁੱਟਣ ਦਾ ਰਿਵਾਜ਼ ਕੁੱਝ ਜਿਆਦਾ ਹੀ ਹੋ ਗਿਆ ਹੈ। ਇਸ ਕਰਕੇ ਕੁਝ ਲਾਈਨਾਂ ਲਿਖਣ ਬਾਰੇ ਸੋਚਿਆ ਹੈ।

ਇਹ ਜੁੱਤੀ ਸੁੱਟਣ ਜਾਂ ਜੁੱਤੀ ਵਿਖਾਉਣ ਦੀ ਸ਼ੁਰੁਆਤ ਰੂਸ ਦੇ ਆਗੂਆਂ ਤੋਂ ਹੋਈ ਸੀ। ਇਹ ਸਾਰੀ ਦੁਨੀਆਂ ਜਾਣਦੀ ਹੈ ਕਿ ਰੂਸ ਅਤੇ ਅਮਰੀਕਾ ਦੀ ਆਪਸ ਵਿਚ ਲੱਗਦੀ ਹੈ ਅਤੇ ਇਹ ਕਾਫੀ ਸਮੇਂ ਤੋਂ ਖਹਿੰਦੇ ਆ ਰਹੇ ਹਨ।

ਸੰਨ 1965 ਤੋਂ 1964 ਦੇ ਦਰਿਮਿਆਨ ਰੂਸ ਦੇ ਉਚਕੋਟੀ ਦੇ ਲੀਡਰ ਨਿਕਿਤਾ ਖ਼ਰੁਸਚੱਵ ਸਕੱਤਰ ਕੌਮਨਿਸਟ ਪਾਰਟੀ, ਰੂਸ ਦੇ ਪ੍ਰਧਾਨ ਮੰਤਰੀ ਨਿਕੁਲਾਈ ਬੁਲਗਾਨਣ ਅਤੇ ਵਿਦੇਸ਼ ਮੰਤਰੀ ਐਂਡਰੀਓ ਗੁਰੋਮੀਕੋ ਨੇ ਅਮਰੀਕੀਆਂ ਨੂੰ ਆਪਣੀ ਤਾਕਤ ਦਾ ਮੁਜਾਹਰਾ ਅਤੇ ਉਨ੍ਹਾਂ ਦਾ ਵਿਦ੍ਰੋਹ ਪ੍ਰਗਟ ਕਰਦੇ ਹੋਏ, ਪਹਿਲੀ ਵਾਰ ਯੂ.ਐਨ.ਓ. ਦੀ ਭਰੀ ਸਭਾ ਵਿਚ ਠਾਹ ਠਾਹ ਕਰਕੇ ਕਈ ਵਾਰ ਜੁੱਤੀ ਥੱਲੇ ਮਾਰੀ ਸੀ। ਇਸ ਤਰਾਂ ਉਹਨਾਂ ਲੋਕਾਂ ਦਾ ਆਪਣਾ ਇੱਕ ਰੋਸ ਪ੍ਰਗਟ ਕਰਨ ਦਾ ਤਰੀਕਾ ਸੀ, ਲੇਕਿਨ ਉਸ ਤੋਂ ਪਿੱਛੋਂ ਇਹ ਰਿਵਾਜ਼ ਹੀ ਬਣ ਗਿਆ ਲੱਗਦਾ ਹੈ। ਇੱਕ ਤੋਂ ਬਾਅਦ ਇੱਕ ਘਟਨਾਂ ਘੱਟਦੀ ਰਹੀ ਹੈ ਅਤੇ ਜੁੱਤੀ ਦਾ ਵੀ ਆਪਣਾ ਹੀ ਇਤਿਹਾਸ ਬਣਦਾ ਨਜਰ ਆ ਰਿਹਾ ਹੈ।

ਇੱਕ ਪੱਤਰਕਾਰ ਵੱਲੋਂ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਉੱਤੇ ਚੱਪਲ ਸੁੱਟ ਦਿੱਤੀ, ਫਿਰ ਭਾਰਤ ਵਿਚ ਇੱਕ ਸਿੱਖ ਪੱਤਰਕਾਰ ਜਰਨੈਲ ਸਿੰਘ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦਾ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ. ਚਿਤੰਬਰਮ ਤੇ ਪ੍ਰੈਸ ਕਾਨਫ੍ਰੰਸ ਜੁੱਤੀ ਲਾਹ ਕੇ ਸੁੱਟੀ, ਜਿਥੋਂ ਭਾਰਤ ਵਿੱਚ ਵੀ ਜੁੱਤੀ ਕਲਚਰ ਆਰੰਭ ਹੋ ਗਿਆ। ਜਰਨੈਲ ਸਿੰਘ ਨੇ ਕਿਹਾ ਕਿ ਮੈਂ ਸਿਰਫ ਰੋਸ ਪ੍ਰਗਟ ਕੀਤਾ ਹੈ, ਮੇਰਾ ਕਿਸੇ ਦੀ ਬੇਇਜਤੀ ਕਰਨ ਜਾਂ ਕਿਸੇ ਨੂੰ ਨੁਕਸਾਨ ਪਹੁਚਾਉਣ ਦਾ ਕੋਈ ਇਰਾਦਾ ਨਹੀਂ ਸੀ, ਸ੍ਰੀ ਪੀ.ਚਿਤੰਬਰਮ ਨੇ ਜਰਨੈਲ ਸਿੰਘ ਨੂੰ ਮਾਫ਼ ਕਰ ਦੇਣ ਦੀ ਗੱਲ ਆਖਕੇ ਮਾਮਲਾ ਠੰਡੇ ਬਸਤੇ ਪਾ ਦਿੱਤਾ। ਇਥੇ ਬਹੁਤ ਵੱਡੀ ਸਿਆਸਤ ਸੀ, ਮਾਫ਼ੀ ਦੇ ਕਾਰਨ ਸਨ ਕਿ ਜੇ ਕਿਧਰੇ ਇਹ ਮਾਮਲਾ ਤੂਲ ਫੜ ਗਿਆ ਤਾਂ ਸੰਸਾਰ ਭਰ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਮਾਮਲਾ ਇੱਕ ਵਾਰੀ ਫਿਰ ਤੋਂ ਭਖ ਜਾਵੇਗਾ। ਨਹੀਂ ਤਾਂ ਸਰਕਾਰ ਨੇ ਕੋਹਲੂ ਵਿਚ ਪੀੜਣ ਤੱਕ ਜਾਣਾ ਸੀ?

ਜਰਨੈਲ ਸਿੰਘ ਵਲੋਂ ਭਾਰਤ ਦੇ ਗ੍ਰਹਿ ਮੰਤਰੀ ਤੇ ਜੁੱਤੀ ਸੁੱਟੇ ਜਾਣ ਤੇ ਅਕਾਲੀ ਦਲ ਕੰਨਾਂ ਤੱਕ ਖੁਸ਼ ਸੀ, ਇਥੋਂ ਤੱਕ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਇਸਦਾ ਭਰਪੂਰ ਸਮਰਥਨ ਕੀਤਾ ਸੀ ਅਤੇ ਇਸ ਨੂੰ ਕੌਮੀ ਸੇਵਾ ਦਾ ਦਰਜਾ ਦਿੱਤਾ ਸੀ। ਹੋਰ ਸਿੱਖ ਜਥੇਬੰਦੀਆਂ ਨੇ ਵੀ ਪ੍ਰਸੰਸਾ ਕੀਤੀ ਸੀ, ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਾਂ ਜਰਨੈਲ ਸਿੰਘ ਦੀ ਇਸ ਸੇਵਾ ਤੇ ਖੁਸ਼ ਹੁੰਦਿਆਂ ਉਸਨੂੰ ਸਿਰਪਾਓ ਦੀ ਬਖਸ਼ਿਸ਼ ਵੀ ਕੀਤੀ ਸੀ।

ਇਸ ਮਗਰੋਂ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਆਟੋ ਰਿਕਸ਼ਾ ਚਾਲਕ ਨੇ ਘਸੁੰਨ ਜੜ ਦਿੱਤਾ, ਪਰ ਕੇਜਰੀਵਾਲ ਨੇ ਉਸਦੇ ਘਰ ਜਾਕੇ ਉਸਦੀ ਮੁਸ਼ਕਿਲ ਨੂੰ ਜਾਣਿਆ ਤੇ ਲੋਕਾਂ ਵਿੱਚ ਆਪਣੀ ਅਤੇ ਆਪਣੇ ਢਾਂਚੇ ਦੀ ਬੇਇਜਤੀ ਤੇ ਪਰਦਾ ਪਾ ਲਿਆ। ਲੋਕ ਸਭਾ ਚੋਣਾਂ ਵਿਚ ਕੇਜਰੀਵਾਲ ਉੱਪਰ ਸਿਆਹੀ ਤੇ ਕੁਝ ਹੋਰ ਛਿੱਟਪੁੱਟ ਘਟਨਾਵਾਂ ਨੇ ਇਸਨੂੰ ਆਮ ਜਿਹੀ ਗੱਲ ਹੀ ਬਣਾ ਦਿੱਤਾ।

ਲੇਕਿਨ ਦੋ ਦਿਨ ਪਹਿਲਾਂ ਅਕਾਲੀ ਦਲ ਬਾਦਲ ਦੇ ਸਰਵੇ ਸਰਵਾ ਅਤੇ ਮੁੱਖ ਮੰਤਰੀ ਪੰਜਾਬ ਉੱਤੇ ਈਸੜ ਵਿਖੇ ਭਰੇ ਜਲਸੇ ਵਿੱਚ ਸੁੱਟੀ ਜੁੱਤੀ ਉੱਪਰ ਜੋ ਪ੍ਰਤੀਕ੍ਰਮ ਆਏ ਹਨ, ਓਹ ਕੁੱਝ ਵੱਖਰੇ ਹਨ, ਜਿਵੇ ਇੱਕ ਪਾਸੇ ਸ. ਬਾਦਲ ਨੇ ਕਿਹਾ ਹੈ ਕਿ ਮੈਂ ਜੁੱਤੀ ਸੁੱਟਣ ਵਾਲੇ ਨੂੰ ਮੁਆਫ ਕਰ ਦਿੱਤਾ ਹੈ? ਪਰ ਦੂਜੇ ਪਾਸੇ ਉਸਨੂੰ ਜੇਲ ਭੇਜਿਆ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਉਸਦੇ ਹੋਰ ਸਾਥੀਆਂ ਨੂੰ ਵੀ ਪੁਲਿਸ ਫੜ ਰਹੀ ਹੈ। ਉਸ ਰਾਤ ਹੀ ਇੱਕ ਨੌਜਵਾਨ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੇ ਪਿਤਾ ਦਾ ਰਾਤ ਨੂੰ ਢਾਈ ਵਜੇ ਫੋਨ ਆਇਆ ਕਿ ਭਾਈ ਸੁਰਿੰਦਰ ਸਿੰਘ ਨੂੰ ਪੁਲਿਸ ਚੁੱਕ ਕੇ ਲੈ ਚੱਲੀ ਹੈ। ਜਦੋਂ ਸਵੇਰੇ ਪਤਾ ਕੀਤਾ ਤਾਂ ਫਿਰ ਇਹ ਹੀ ਦੱਸਿਆ ਗਿਆ ਕਿ ਬਾਦਲ ਸਾਹਬ ਤੇ ਜੁੱਤੀ ਸੁੱਟਣ ਦੇ ਸਬੰਧ ਵਿਚ ਬੁਲਾਇਆ ਗਿਆ ਸੀ, ਪਰ ਸੀਨੀਅਰ ਅਧਿਕਾਰੀਆਂ ਨੇ ਪੁੱਛਗਿੱਛ ਕਰਕੇ ਛੱਡ ਦਿੱਤਾ। ਭਰੋਸੇਯੋਗ ਸੂਤਰਾਂ ਅਨੁਸਾਰ ਧਨੌਲਾ, ਬਰਨਾਲਾ ਇਲਾਕੇ ਦੇ ਲੱਗਭੱਗ ਹਾਲੇ ਡੇਢ ਦਰਜਨ ਨੌਜਵਾਨਾਂ ਦੀ ਪੁਲਿਸ ਨੂੰ ਭਾਲ ਹੈ ਅਤੇ ਕੁੱਝ ਕੁ ਚੁੱਪ ਚੁਪੀਤੇ ਫੜ ਵੀ ਲਏ ਹਨ। ਜੇ ਅਜਿਹਾ ਕੁੱਝ ਹੋ ਰਿਹਾ ਤਾਂ ਫਿਰ ਸ.ਬਾਦਲ ਵੱਲੋਂ ਵਿਕਰਮ ਨੂੰ ਮੁਆਫੀ ਦੇਣ ਦੇ ਕੀਹ ਅਰਥ ਬਾਕੀ ਹਨ ?

ਪੱਤਰਕਾਰ ਜਰਨੈਲ ਸਿੰਘ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਉੱਤੇ ਜੁੱਤੀ ਸੁੱਟੇ ਜਾਣ ਦੇ ਮਾਮਲੇ ਤੇ ਪ੍ਰਸੰਸਾ ਕਰਨ ਵਾਲੇ ਪ੍ਰਧਾਨ ਸ਼੍ਰੋਮਣੀ ਕਮੇਟੀ ਸ. ਅਵਤਾਰ ਸਿੰਘ ਮੱਕੜ ਨੇ ਬਿਆਨ ਦਿੱਤਾ ਹੈ ਕਿ ਜੁੱਤੀ ਸੁੱਟਣ ਵਾਲੇ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਹੋਰ ਵੀ ਕੁੱਝ ਅਕਾਲੀ ਲੋਕਾਂ ਨੇ ਅਜਿਹਾ ਕੁੱਝ ਹੀ ਉਗਲਿਆ ਹੈ, ਪਰ ਇੱਕ ਪਾਸੇ ਤਾਂ ਜਥੇਦਾਰ ਅਕਾਲ ਤਖਤ ਤੋਂ ਸਿਰੋਪੇ ਦਿਵਾ ਰਹੇ ਸੀ ਜੁੱਤੀ ਸੁੱਟਣ ਵਾਲੇ ਨੂੰ ਫਿਰ ਹੁਣ ਵਿਕਰਮ ਵੀ ਤਾਂ ਸਿਰੋਪੇ ਦਾ ਹੱਕਦਾਰ ਹੈ ?

ਪਰ ਕਿਸੇ ਦੇ ਘਰ ਲੱਗੀ ਅੱਗ ਹਮੇਸ਼ਾਂ ਬਸੰਤਰ ਦਿੱਸਦੀ ਹੈ, ਆਪਣੇ ਘਰ ਲੱਗੀ ਅੱਗ ਦਾ ਸੇਕ ਤਾਂ ਆਤਮਾ ਤੱਕ ਵੀ ਪਹੁੰਚ ਜਾਂਦਾ ਹੈ।

ਸਿੱਖ ਪੰਥ ਵਿੱਚ ਅਜਿਹੇ ਰੋਸ ਪ੍ਰਗਟ ਕਰਨ ਦਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਮਿਲਦਾ। ਪਰ ਜੋ ਹੋਇਆ ਓਹ ਯੂ.ਐਨ.ਓ.ਤੋਂ ਲੈਕੇ ਈਸੜੂ ਤੱਕ ਇੱਕ ਹੀ ਹੈ। ਕੀਤਾ ਕਿਉਂ ਜਾਂ ਕਿਸ ਨੇ ਕੀਤਾ, ਗੱਲ ਤਾਂ ਇਹ ਹੈ ਕਿ ਅਜਿਹਾ ਹੋਇਆ ਹੀ ਕਿਉਂ?

ਕਿਸੇ ਤੇ ਜੁੱਤੀ ਸੁੱਟੀ ਜਾਵੇ ਜਾਂ ਮਾਰੀ ਜਾਵੇ ਇੱਕ ਹੀ ਗੱਲ ਹੁੰਦੀ ਹੈ, ਜਿਵੇ ਮਾਝੇ ਦੀ ਕਹਾਵਤ ਹੈ ਕਿ "ਉੱਘਰੀ ਸੋ ਪਈ, ਪਈ ਸੋ ਸਹੀ" ਇਹ ਇੱਕ ਇਸ਼ਾਰਾ ਸੀ ਕਿ ਤੁਹਾਡਾ ਰਾਜ਼ ਪ੍ਰਬੰਧ ਜਿਸ ਨੂੰ ਤੁਸੀਂ ਰਾਜ਼ ਨਹੀਂ ਸੇਵਾ ਦਾ ਨਾਹਰਾ ਦਿੱਤਾ ਹੋਇਆ ਹੈ, ਕਿਹੋ ਜਿਹਾ ਹੈ ਅਤੇ ਲੋਕ ਕਿਸ ਤਰਾਂ ਦੀ ਘੁਟਣ ਮਹਿਸੂਸ ਕਰ ਰਹੇ ਹਨ। ਇਥੇ ਬੱਸ ਨਹੀਂ ਅਜਿਹਾ ਭਵਿੱਖ ਵਿੱਚ ਵਾਪਰਣ ਤੋਂ ਵੀ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਪਰ ਇਸਨੂੰ ਰੋਕਣਾ ਅਤਿ ਜਰੂਰੀ ਹੈ। ਲੇਕਿਨ ਇਸ ਦੀ ਰੋਕਥਾਮ ਤਸ਼ੱਦਦ ਜਾਂ ਜੇਲ ਨਹੀਂ, ਸਗੋਂ ਉਹਨਾਂ ਹਾਲਾਤਾਂ ਦੀ ਹੁੰਮਸ ਨੂੰ ਪੜਤਾਲਣ ਦੀ ਲੋੜ ਹੈ, ਜੋ ਅਜਿਹੇ ਮਾਹੌਲ ਨੂੰ ਜਨਮ ਦੇ ਰਹੀ ਹਨ। ਇਹ ਜੁੱਤੀ ਨਹੀਂ ਹਰ ਪੱਖੋਂ ਪਿਸ ਰਹੇ ਲੋਕਾਂ ਦੀ ਰੋਸ ਭਰੀ ਇੱਕ ਆਵਾਜ਼ ਹੈ। ਜਦੋਂ ਲੀਡਰ ਪੁਲਿਸ ਦੇ ਘੇਰੇ ਵਿੱਚ ਲੋਕਾਂ ਤੋਂ ਦੂਰ ਹੋ ਜਾਣ ਤਾਂ ਫਿਰ ਆਪਣੀ ਆਵਾਜ਼ ਲੀਡਰਾਂ ਤੱਕ ਪਹੁੰਚਾਉਣ ਵਾਸਤੇ ਲੋਕੀਂ ਕੋਈ ਰਾਹ ਲੱਭ ਹੀ ਲੈਂਦੇ ਹਨ।

ਸੋ, ਬਾਦਲ ਸਾਹਬ ਉੱਤੇ ਸੁੱਟੀ ਜੁੱਤੀ ਸ. ਬਾਦਲ ਦੇ ਸਰੀਰ ਉੱਤੇ ਦਾਗ ਨਹੀਂ, ਸਗੋਂ ਉਹਨਾਂ ਦੀ ਕਾਰਜਸ਼ੈਲੀ ਤੇ ਇੱਕ ਧੱਬਾ ਹੈ, ਜੇ ਕਿਧਰੇ ਅਜਿਹੇ ਧੱਬੇ ਧੋਤੇ ਨਾ ਜਾਣ ਤਾਂ ਸਦੀਆਂ ਤੱਕ ਇਹਨਾਂ ਦੀ ਕਾਲਖ ਨਹੀਂ ਉਤਰਦੀ? ਅੱਜ ਇਸ ਜੁੱਤੀ ਨੂੰ ਵੀ ਚਿਤੰਬਰਮ ਤੇ ਸੁੱਟੀ ਜੁੱਤੀ ਦੀ ਤਰਜ਼ ਤੇ ਹੀ ਲੈਣਾ ਚਾਹੀਦਾ ਹੈ। ਜਥੇਦਾਰ ਜੀ ਨੂੰ ਦੋਹਾਂ ਮਾਮਲਿਆਂ ਦੇ ਸੁਮੇਲ ਨੂੰ ਵੇਖਣਾ ਚਾਹੀਦਾ ਹੈ ਅਤੇ ਵਿਕਰਮ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ। ਜੇ ਚਿਤੰਬਰਮ ਤੇ ਇਹ ਰੋਸ ਹੈ ਕਿ ਤੀਹ ਸਾਲਾਂ ਵਿੱਚ ਸਿੱਖ ਕਤਲੇਆਮ ਦਾ ਨਿਆਂ ਨਹੀਂ ਮਿਲਿਆ ਤਾਂ ਫਿਰ ਬਾਦਲ ਸਾਹਬ ਵਾਸਤੇ ਵੀ ਇਹ ਹੀ ਸਵਾਲ ਹੈ ਕਿ ਉਹਨਾਂ ਨੇ ਵੀ ਆਪਣੇ ਪਰਿਵਾਰ ਦਾ ਰਾਜ਼ ਬਣਾਉਣ ਤੋਂ ਬਿਨ੍ਹਾਂ ਪਿਛਲੇ ਤੀਹ ਵਰਿਆਂ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਮਸਲੇ ਹੱਲ ਕੀਤੇ ਹਨ ...?

 ਸ. ਬਾਦਲ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਜੇ ਲੋਕਾਂ ਵਿਚਲਾ ਭਰੋਸਾ ਅਤੇ ਹਰਮਨ ਪਿਆਰਤਾ ਓਹ ਗਵਾ ਚੁੱਕੇ ਹਨ ਤਾਂ ਫਿਰ ਜਾਂ ਤਾਂ ਆਪਣੀ ਭਰੋਸੇਯੋਗਤਾ ਦੁਬਾਰਾ ਕਾਇਮ ਕਰਨ ਜਾਂ ਫਿਰ ਹੁਣ ਬਹੁਤ ਚਿਰ ਰਾਜ਼ ਹੋ ਗਿਆ ਹੈ ਫਤਹਿ ਬੁਲਾ ਕੇ ਰੱਬ ਰੱਬ ਕਰਦਿਆਂ ਬਾਕੀ ਜਿੰਦਗੀ ਘਰ ਬੈਠ ਕੇ ਗੁਜ਼ਾਰਨੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top