Share on Facebook

Main News Page

 ਅਵਾਰਾ ਪਸ਼ੂਆਂ ਦੀ ਸੰਭਾਲ ਲਈ ਲੋਕਾਂ’ਤੇ ਜ਼ਬਰੀ ਟੈਕਸ ਥੋਪਣ ਦੀ ਬਜਾਏ ਸਰਕਾਰ ਇਨ੍ਹਾਂ ਨੂੰ ਐਕਸਪੋਰਟ ਕਰੇ
-: ਕਿਰਨਜੀਤ ਸਿੰਘ ਗਹਿਰੀ

ਬਠਿੰਡਾ, 17 ਅਗੱਸਤ (ਕਿਰਪਾਲ ਸਿੰਘ) : ਅਵਾਰਾ ਪਸ਼ੂਆਂ ਦੀ ਸੰਭਾਲ ਲਈ ਲੋਕਾਂ ’ਤੇ ਜ਼ਬਰੀ ਟੈਕਸ ਥੋਪਣ ਦੀ ਬਜ਼ਾਏ ਸਰਕਾਰ ਇਨ੍ਹਾਂ ਨੂੰ ਐਕਸਪੋਰਟ ਕਰੇ। ਪਰ ਜੇ ਕਰ ਇਨ੍ਹਾਂ ਅਵਾਰਾ ਪਸ਼ੂਆਂ ਵਿੱਚ ਕੁਝ ਲੋਕ ਧਾਰਮਿਕ ਆਸਥਾ ਰਖਦੇ ਹੋਣ ਕਰਕੇ ਐਕਸਪੋਰਟ ਕਰਨ ਦੇ ਹੱਕ ਵਿੱਚ ਨਹੀਂ ਹਨ ਤਾਂ ਉਹ ਆਪਣੇ ਨਾਮ ਸਵੈਇੱਛਤ ਟੈਕਸ ਦੇਣ ਲਈ ਸਰਕਾਰ ਪਾਸ ਦਰਜ ਕਰਵਾ ਸਕਦੇ ਹਨ।

ਸਿਰਫ ਸਵੈਇੱਛਤ ਟੈਕਸ ਦੇਣ ਲਈ ਨਾਮ ਦਰਜ ਕਰਵਾਉਣ ਵਾਲਿਆਂ ਤੋਂ ਹੀ ਅਵਾਰਾ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਖਰਚੇ ਦੇ ਹਿਸਾਬ ਬਣਦੇ ਹਿੱਸੇ ਮੁਤਾਬਿਕ ਸਰਕਾਰ ਟੈਕਸ ਵਸੂਲ ਕਰ ਸਕਦੀ ਹੈ। ਪਰ ਉਨ੍ਹਾਂ ਗਰੀਬ ਲੋਕਾਂ, ਮਜ਼ਦੂਰਾਂ, ਕਿਸਾਨਾਂ ਤੋਂ ਜਿਹੜੇ ਇਨ੍ਹਾਂ ਤੋਂ ਪਹਿਲਾਂ ਹੀ ਬਹੁਤ ਦੁਖੀ ਹਨ ਅਤੇ ਜਿਨ੍ਹਾਂ ਦੀ ਇਨ੍ਹਾਂ ਪਸ਼ੂਆਂ ਵਿੱਚ ਕੋਈ ਧਾਰਮਿਕ ਆਸਥਾ ਹੈ ਹੀ ਨਹੀਂ; ਉਨ੍ਹਾਂ ਤੋਂ ਅਸਿੱਧੇ ਤੌਰ ’ਤੇ ਜ਼ਬਰੀ ਟੈਕਸ ਵਸੂਲਣ ਦਾ ਸਰਕਾਰ ਜਾਂ ਕਿਸੇ ਨਗਰ ਨਿਗਮ ਪਾਸ ਕੋਈ ਅਧਿਕਾਰ ਨਹੀਂ ਹੈ।

ਇਹ ਸ਼ਬਦ ਲੋਕ ਜਨ ਸ਼ਕਤੀ ਦੇ ਸੂਬਾ ਪ੍ਰਧਾਨ ਸ: ਕਿਰਨਜੀਤ ਸਿੰਘ ਗਹਿਰੀ ਨੇ ਕਹੇ। ਉਹ ਕੁਝ ਅਖ਼ਬਾਰਾਂ ਵਿੱਚ ਛਪੀ ਉਸ ਖ਼ਬਰ ’ਤੇ ਟਿੱਪਣੀ ਕਰ ਰਹੇ ਸਨ ਜਿਸ ਅਨੁਸਾਰ ਸਥਾਨਕ ਸਰਕਾਰਾਂ ਵੱਲੋਂ ਗਊ ਸੈੱਸ ਲਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਉਸ ’ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਦਲਵਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਰਕਾਰੀ ਵਿਭਾਗਾਂ ਅਤੇ ਡੀਲਰਾਂ ਨਾਲ ਮੀਟਿੰਗ ਕੀਤੀ ਹੈ; ਜਿਸ ਵਿੱਚ ਉਨ੍ਹਾਂ ਨੇ ਗਊ ਸੈੱਸ ਦੇਣ ਦੀ ਹਾਮੀ ਭਰੀ ਹੈ। ਸ: ਗਹਿਰੀ ਨੇ ਕਿਹਾ ਕਿ ਇਹ ਸੈੱਸ ਸਰਕਾਰੀ ਵਿਭਾਗਾਂ ਜਾਂ ਡੀਲਰਾਂ ਨੇ ਨਹੀਂ ਦੇਣਾ ਬਲਕਿ ਇਸ ਦਾ ਭਾਰ ਪਹਿਲਾਂ ਤੋਂ ਹੀ ਟੈਕਸਾਂ ਦੇ ਭਾਰੀ ਬੋਝ ਹੇਠ ਦੱਬੇ ਹੋਏ ਆਮ ਲੋਕਾਂ ’ਤੇ ਪੈਣਾ ਹੈ। ਸਰਕਾਰੀ ਵਿਭਾਗਾਂ ਜਾਂ ਡੀਲਰਾਂ ਨੇ ਤਾਂ ਇਹ ਟੈਕਸ ਆਮ ਲੋਕਾਂ ਤੋਂ ਉਗਰਾਹ ਕੇ ਹੀ ਦੇਣਾ ਹੈ ਇਸ ਲਈ ਉਨ੍ਹਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਕੋਈ ਤੁੱਕ ਨਹੀਂ ਹੈ। ਉਨ੍ਹਾਂ ਕਿਹਾ ਗਊਆਂ ਦੀ ਸੇਵਾ ਸੰਭਾਲ ਕਰਨਾ ਨਿਰੋਲ ਧਾਰਮਿਕ ਮਸਲਾ ਹੈ ਇਸ ਲਈ ਉਨ੍ਹਾਂ ਵਿੱਚ ਧਾਰਮਿਕ ਆਸਥਾ ਰੱਖਣ ਵਾਲੇ ਲੋਕਾਂ ਦਾ ਹੀ ਫਰਜ ਬਣਦਾ ਹੈ ਕਿ ਉਹ ਇਨ੍ਹਾਂ ਦੀ ਸੇਵਾ ਸੰਭਾਲ ਕਰਨ। ਧਰਮ ਨਿਰਪੱਖ ਸਰਕਾਰ ਨੂੰ ਕੋਈ ਹੱਕ ਹਾਸਲ ਨਹੀਂ ਹੈ ਕਿ ਉਹ ਸਰਕਾਰੀ ਵਿਭਾਗਾਂ ਤੇ ਡੀਲਰਾਂ ਰਾਹੀਂ ਅਵਾਰਾ ਪਸ਼ੂਆਂ ਦੇ ਸਤਾਏ ਹੋਏ ਉਨ੍ਹਾਂ ਲੋਕਾਂ ਤੋਂ ਜ਼ਬਰੀ ਟੈਕਸ ਵਸੂਲ ਕਰੇ ਜਿਨ੍ਹਾਂ ਦੀ ਇਨ੍ਹਾਂ ਪਸ਼ੂਆਂ ਵਿੱਚ ਕੋਈ ਧਾਰਮਿਕ ਆਸਥਾ ਹੈ ਹੀ ਨਹੀਂ।

ਸ: ਗਹਿਰੀ ਨੇ ਕਿਹਾ ਜਿਹੜੇ ਧਰਮੀ ਅਤੇ ਗਊ ਰੱਖਿਅਕ ਅਖਵਾਉਣ ਵਾਲੇ ਲੋਕ ਇਨ੍ਹਾਂ ਪਸ਼ੂਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਖ਼ੁਦ ਸੰਭਾਲਣ ਦੀ ਬਜਾਏ ਆਮ ਲੋਕਾਂ ਅਤੇ ਦੂਸਰੇ ਧਰਮਾਂ ਦੇ ਲੋਕਾਂ ਜਿਨ੍ਹਾਂ ਦੀ ਇਨ੍ਹਾਂ ਅਵਾਰਾ ਪਸ਼ੂਆਂ ਵਿੱਚ ਕੋਈ ਧਾਰਮਿਕ ਆਸਥਾ ਹੈ ਹੀ ਨਹੀਂ; ਉੱਪਰ ਥੋਪਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਹੀ ਮਾਅਨਿਆਂ ਵਿੱਚ ਧਾਰਮਿਕ ਵਿਅਕਤੀ ਕਿਹਾ ਹੀ ਨਹੀਂ ਜਾ ਸਕਦਾ। ਇਸ ਲਈ ਅਜਿਹੇ ਲੋਕਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਆਪਣਾ ਫਰਜ ਪਛਾਣ ਕੇ ਇਨ੍ਹਾਂ ਅਵਾਰਾ ਪਸ਼ੂਆਂ ਦੀ ਸੇਵਾ ਸੰਭਾਲ ਖ਼ੁਦ ਕਰਨ ਪਰ ਜੇ ਨਹੀਂ ਕਰ ਸਦਕੇ ਤਾਂ ਇਨ੍ਹਾਂ ਦੇ ਐਕਸਪੋਰਟ ਕਰਨ ਵਿੱਚ ਕੋਈ ਰੋੜਾ ਬਣਨ ਦੀ ਕੋਸ਼ਿਸ਼ ਨਾ ਕਰਨ।

ਇਸ ਸਮੇਂ ਉਨ੍ਹਾਂ ਨਾਲ ਜਗਦੀਪ ਸਿੰਘ ਗਹਿਰੀ, ਐਡਵੋਕੇਟ ਰਣਬੀਰ ਸਿੰਘ ਬਰਾੜ, ਕਿਰਪਾਲ ਸਿੰਘ, ਕਿੱਕਰ ਸਿੰਘ, ਰਣਜੀਤ ਸਿੰਘ ਅਦਰਸ਼ ਨਗਰ, ਜਰਨੈਲ ਸਿੰਘ ਗਿੱਲ ਪੱਤੀ, ਬਲਵੰਤ ਸਿੰਘ ਬਰਾੜ, ਸੇਵਾ ਮੁਕਤ ਸਕਾਡਰਨ ਲੀਡਰ ਬਲਵੰਤ ਸਿੰਘ ਮਾਨ, ਸੁਰਜੀਤ ਸਿੰਘ, ਰਣਜੀਤ ਸਿੰਘ, ਭੂਪਿੰਦਰ ਸਿੰਘ, ਮੇਜਰ ਸਿੰਘ ਤੋਂ ਇਲਾਵਾ ਗੁਰਦੁਆਰਾ ਐੱਨਐੱਫਐੱਲ ਕਲੋਨੀ ਦੇ ਪ੍ਰਬੰਧਕੀ ਮੈਂਬਰ ਆਦਿ ਵੀ ਹਾਜਰ ਸਨ ਜਿਨ੍ਹਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਜੇ ਨਗਰ ਨਿਗਮ ਨੇ ਜ਼ਬਰੀ ਟੈਕਸ ਵਸੂਲਣਾਂ ਸ਼ੁਰੂ ਕੀਤਾ ਤਾਂ ਉਹ ਆਮ ਲੋਕਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਇਸ ਦਾ ਵੱਡੇ ਪੱਧਰ ’ਤੇ ਵਿਰੋਧ ਕਰਨਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top