Share on Facebook

Main News Page

ਆਜ਼ਾਦੀ ਮੁਬਾਰਕ ਨਾ ਆਖਾਂ ਤਾਂ ਦੇਸ਼ ਧ੍ਰੋਹੀ….? ਜੇ ਆਖਾਂ ਤਾਂ ਕੌਮ ਧ੍ਰੋਹੀ ਹਾਂ…….?
-: ਗੁਰਿੰਦਰਪਾਲ ਸਿੰਘ ਧਨੌਲਾ

ਆਜ਼ਾਦੀ ਅਤੇ ਸਿੱਖ ਦੋਹੇਂ ਸ਼ਬਦ ਇੱਕ ਦੂਸਰੇ ਦੀ ਵਿਆਖਿਆ ਹਨ। ਗੁਰੂ ਸਹਿਬਾਨ ਨੇ ਸਿੱਖ ਨੂੰ ਸਿਰਫ ਅਕਾਲ ਪੁਰਖ ਦੀ ਰਜ਼ਾ ਦਾ ਮੁਰੀਦ ਬਣਾਕੇ ਹਰ ਤਰਾਂ ਦੀ ਗੁਲਾਮੀ ਤੋਂ ਮੁਕਤ ਕਰਦਿਆਂ ਨਿਰਭੈਅ ਅਤੇ ਗੁਲਾਮੀ ਰਹਿਤ ਜੀਵਨ ਬਸਰ ਕਰਨ ਦੀ ਨਸੀਹਤ ਕਰਕੇ ਇਸ ਵਿਰਾਸਤ ਨੂੰ ਕਾਇਮ ਰੱਖਣ ਦੀ ਤਕੀਦ ਵੀ ਕੀਤੀ ਅਤੇ ਆਜ਼ਾਦੀ ਨੂੰ ਵਰਨ ਅਤੇ ਬਰਕਰਾਰ ਰੱਖਣ ਵਾਸਤੇ ਪਰਿਵਾਰ ਤੱਕ ਵਾਰ ਦੇਣ ਦੀ ਪਿਰਤ ਖੁਦ ਹੀ ਪਾਈ।

ਇਹ ਹੀ ਕਾਰਨ ਸੀ ਕਿ ਸਿੱਖ ਗੁਰੂ ਨਾਨਕ ਦੀ ਸਿੱਖਿਆ 'ਤੇ ਅਮਲ ਕਰਦਿਆਂ ਹਮੇਸ਼ਾ ਗੁਲਾਮੀ ਅਤੇ ਵਧੀਕੀਆਂ ਦੇ ਖਿਲਾਫ਼ ਲੜਦੇ ਰਹੇ। ਬੇਸ਼ੱਕ ਉਹਨਾਂ ਦੇ ਘਰ ਕਾਹਨੂੰਵਾਨ ਦੇ ਸ਼ੰਭ ਵਿੱਚ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਕਿਉਂ ਨਾ ਰਹੇ ਹੋਣ ?

ਇੱਕ ਹੋਰ ਬੜੀ ਵੱਡੀ ਮਿਸਾਲ ਹੈ ਅਤੇ ਸਿੱਖਾਂ ਦੀ ਬੁਲੰਦ ਸੋਚ ਹੈ ਕਿ ਸਿੱਖਾਂ ਨੇ ਕਦੇ ਵੀ ਜ਼ੁਲਮ ਵਿਰੱਧ ਸੰਘਰਸ਼ ਨੂੰ ਰੰਗ ਜਾਂ ਨਸਲ ਦੇ ਅਧਾਰ ਤੇ ਨਹੀਂ ਸਗੋਂ ਜ਼ੁਲਮੀ ਨੂੰ ਉਸ ਦੇ ਕੀਤੇ ਪਾਪਾਂ ਦਾ ਦੰਡ ਦੇਣ ਵਾਸਤੇ ਧਰਮਯੁੱਧ ਸਮਝਕੇ ਹੀ ਲੜਿਆ ਹੈ। ਕਦੇ ਅਸੂਲਾਂ ਦਾ ਪੱਲਾਂ ਨਹੀਂ ਛੱਡਿਆ, ਸੁਫਨੇ ਮਾਤਰ ਵੀ ਕੋਈ ਕੋਤਾਹੀ ਨਹੀਂ ਹੋਣ ਦਿੱਤੀ। ਜਿਸ ਸਮੇਂ ਜਰਵਾਣੇ ਹਿੰਦੁਆਂ ਦੀਆਂ ਬਹੁ ਬੇਟੀਆਂ ਜਬਰੀ ਚੁੱਕ ਕੇ ਬਸਰੇ ਅਤੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਬਦਲੇ ਨੀਲਾਮ ਕਰਦੇ ਸਨ ਤਾਂ ਸਿੱਖ ਸ਼ਹੀਦੀਆਂ ਦੇ ਕੇ, ਫੱਟ ਖਾ ਕੇ ਢੱਕਾਂ ਛਡਵਾ ਲਿਆਉਂਦੇ ਸਨ। ਕਿਸੇ ਨੇ ਉਸ ਸਮੇਂ ਇਹ ਵੀ ਸਲਾਹ ਦਿੱਤੀ ਕਿ ਜੇ ਜਰਵਾਣੇ ਮੁਗਲ ਹਿੰਦੁਆਂ ਦੀ ਬੇਟੀਆਂ ਚੁੱਕਦੇ ਹਨ ਤਾਂ ਤੁਸੀਂ ਮੁਗਲਾਂ ਦੀਆਂ ਧੀਆਂ ਨੂੰ ਬਰਾਬਰ ਚੁੱਕ ਲਿਆ ਕਰੋ? ਪਰ ਸਿੰਘਾਂ ਦੇ ਜਥੇ ਦੇ ਜਥੇਦਾਰ ਨੇ ਕਿਹਾ ਖਬਰਦਾਰ ਅਗਰ ਅਜਿਹੀ ਕੋਈ ਗੱਲ ਕੀਤੀ ਤਾਂ ਧੀਆਂ ਦਾ ਕੀਹ ਕਸੂਰ ਹੈ? ਅਸੀਂ ਆਪਣੀ ਆਜ਼ਾਦੀ ਬਚਾਉਣ ਵਾਸਤੇ ਕਿਸੇ ਦੀ ਆਜ਼ਾਦੀ ਦੀ ਬਲੀ ਨਹੀਂ ਦੇਣੀ ਅਤੇ ਕੁਦਰਤ ਦੇ ਭੈਅ ਵਿੱਚ ਹੀ ਵਿਚਰਨਾ ਹੈ। ਇਸ ਕਰਕੇ ਹੀ ਸਿੱਖਾਂ ਨੇ ਕਦੇ ਕਿਸੇ ਭਾਈਚਾਰੇ ਨੂੰ ਆਪਣਾ ਦੁਸ਼ਮਨ ਨਹੀਂ ਸਮਝਿਆ। ਭਰੋਸਾ ਸਿੱਖਾਂ ਦਾ ਆਦਰਸ਼ ਹੈ, ਜਿਸਨੂੰ ਵਿਰੋਧੀਆਂ ਨੇ ਹਮੇਸ਼ਾ ਹਥਿਆਰ ਬਣਾਕੇ ਵਰਤਿਆ ਹੈ।

ਸਦੀਆਂ ਦੀ ਗੁਲਾਮੀ ਤੋਂ ਪਿੱਛੋਂ ਗੁਰੂ ਨਾਨਕ ਹੀ ਇੱਕ ਅਜਿਹੇ ਰਹਿਬਰ ਸਨ, ਜਿਹਨਾਂ ਨੇ ਹਿੰਦੋਸਤਾਨ ਦੀ ਆਜ਼ਾਦੀ, ਜਿਹੜੀ ਸਿਰਫ ਸਖਸ਼ੀ ਜਾਂ ਹਕੂਮਤੀ ਗੁਲਾਮੀ ਤੱਕ ਸੀਮਤ ਨਹੀਂ ਸੀ, ਸਗੋਂ ਲੋਕਾਈ ਨੂੰ ਧਾਰਮਿਕ, ਮਾਨਸਿਕ ਅਤੇ ਵਹਿਮਾਂ, ਫੋਕਟ ਕ੍ਰਮ ਕਾਂਡਾਂ ਦੀ ਗੁਲਾਮੀ ਵਿਚੋਂ ਨਿਜਾਤ ਦਿਵਾਉਣ ਵਾਸਤੇ ਕਦਮ ਚੁੱਕਿਆ ਸੀ। ਬਾਬਰ ਨੇ ਗੁਰੂ ਨਾਨਕ ਨੂੰ ਤਾਂ ਕੁਝ ਨਹੀਂ ਕਿਹਾ ਸੀ ,ਮਲਕ ਭਾਗੋ ਵੀ ਗੁਰੂ ਨਾਨਕ ਨੂੰ ਆਪਣੇ ਘਰ ਲਿਜਾਣ ਵਾਸਤੇ ਤਰਲੇ ਕਰਦਾ ਸੀ, ਪਰ ਇਹ ਤਾਂ ਗੁਰੂ ਨਾਨਕ ਦੀ ਸੋਚ ਸੀ ਕਿ ਉਹਨਾਂ ਨੇ ਬਾਬਰ ਨੂੰ ਜਾਬਰ ਆਖਿਆਂ ਤੇ ਉਸਦੇ ਜ਼ੁਲਮ ਨੂੰ ਲਲਕਾਰਿਆ, ਮਲਕ ਭਾਗੋ ਦੇ ਛੱਤੀ ਪ੍ਰਕਾਰ ਦੇ ਪਕਵਾਨ ਨਿਕਾਰਕੇ ਕਿਰਤੀ ਸਿੱਖ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪ੍ਰਵਾਨ ਚੜਾ ਦਿੱਤਾ ? ਗੁਰੂ ਨਾਨਕ ਦੀ ਆਜ਼ਾਦੀ ਨੂੰ ਕੋਈ ਖਤਰਾ ਨਹੀਂ ਸੀ, ਉਹਨਾਂ ਨੇ ਤਾਂ ਮਨੁੱਖਤਾ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਖੁਦ ਹਕੂਮਤ ਅਤੇ ਹਾਕਮ ਨੂੰ ਚੁਣੌਤੀ ਦਿੱਤੀ ਸੀ।

ਸਿੱਖਾਂ ਨੇ ਹੀ ਦਰਅਸਲ ਇੱਕ ਨਹੀਂ ਅਨੇਕ ਗੁਲਾਮੀਆਂ ਤੋਂ ਹਿੰਦੋਸਤਾਨ ਦਾ ਖਹਿੜਾ ਛੁਡਵਾਇਆ ਹੈ। ਪਰ ਇਹ ਬਦਕਿਸਮਤੀ ਅਤੇ ਅਹਿਸਾਨ ਫਰਾਮੋਸ਼ੀ ਸੀ ਅਤੇ ਅੱਜ ਵੀ ਹੈ ਕਿ ਮਾਇਆਧਾਰੀ ਹਿੰਦੁਆਂ ਨੇ ਹਮੇਸ਼ਾ ਹੀ ਹਕੂਮਤ ਦਾ ਸਾਥ ਦਿੱਤਾ ਅਤੇ ਬਾਬੇ ਕਿਆਂ (ਸਿੱਖ ਕੌਮ ) ਦਾ ਸਾਥ ਦੇਣ ਦੀ ਬਜਾਇ ਬਾਬਰ ਕਿਆਂ ਦਾ ਸਾਥ ਦੇਣ ਨੂੰ ਤਰਜੀਹ ਦਿੱਤੀ? ਇਸਦੀ ਇਤਿਹਾਸ ਗਵਾਹੀ ਭਰਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਨੂੰ ਲਾਗੂ ਕਰਨ ਵਾਲਾ ਦੀਵਾਨ ਚੰਦੁ ਮੱਲ, ਸਾਹਿਬਜਾਦਿਆਂ ਨੂੰ ਸ਼ਹੀਦ ਕਰਵਾਉਣ ਵਾਲਾ ਦੀਵਾਨ ਸੁਚਾ ਨੰਦ, ਗੰਗੂ ਬ੍ਰਾਹਮਨ ਰਸੋਈਆ, ਲਖਪੱਤ ਰਾਇ, ਜਸਪੱਤ ਰਾਇ, ਬਾਈਧਾਰ ਦੇ ਰਾਜੇ ਇਹ ਸਭ ਹਕੂਮਤ ਦਾ ਸਾਥ ਦਿੰਦੇ ਰਹੇ, ਪਰ ਕੁੱਝ ਗੁਰੂ ਦੀ ਕੁਰਬਾਨੀ ਨੂੰ ਸਿਜਦਾ ਕਰਨ ਜਿਹੜੇ ਗੁਰੂ ਨਾਨਕ ਦੀ ਸਿੱਖਿਆ ਤੋਂ ਸੋਝੀ ਲੈ ਚੁੱਕੇ ਸਨ, ਜਿਵੇਂ ਦੀਵਾਨ ਟੋਡਰ ਮੱਲ ਜੀ, ਦੀਵਾਨ ਕੌੜਾ ਮੱਲ, ਜਿਹਨਾਂ ਨੂੰ ਮੀਰ ਮੰਨੂੰ ਦੀ ਨੌਕਰੀ ਕਰਨ ਦੇ ਬਾਵਜੂਦ ਸਿੱਖ ਮਿੱਠਾ ਮੱਲ ਆਖ ਕੇ ਸਤਿਕਾਰ ਦਿੰਦੇ ਹਨ।

ਗੁਰੂ ਨਾਨਕ ਦੀ ਚਰਨਛੋਹ ਅਤੇ ਸਿੱਖਾਂ ਦੀ ਵੱਸੋਂ ਵਾਲੇ ਇਲਾਕੇ ਸਿੱਖ ਰਾਜ ਨੂੰ ਬਾਕੀ ਹਿੰਦੋਸਤਾਨ ਤੋਂ ਡੇਢ ਸਦੀ ਪਿਛੋਂ ਹੀ ਅੰਗਰੇਜ, ਓਹ ਵੀ ਡੋਗਰਿਆਂ ਦੀ ਗਦਾਰੀ ਕਰਕੇ ਗੁਲਾਮ ਬਣਾਉਣ ਵਿਚ ਸਫਲ ਹੋਏ। ਜਦੋਂ ਫਿਰ ਇਸ ਅੰਗ੍ਰੇਜ਼ੀ ਹਕੂਮਤ ਨੇ ਅੱਤ ਕਰ ਦਿੱਤੀ ਤਾਂ ਵੀ ਸਿੱਖਾਂ ਨੇ ਹੀ ਇਸ ਗੁਲਾਮੀ ਨੂੰ ਆਜ਼ਾਦੀ ਦੇ ਵਿੱਚ ਬਦਲਿਆ, ਮੋਟੇ ਰੂਪ ਵਿਚ ਆਜ਼ਾਦੀ ਵਾਸਤੇ ਹੋਈਆਂ ਕੁੱਲ ਕੁਰਬਾਨੀਆਂ ਵਿਚੋ ਸਿੱਖਾਂ ਨੇ ਪਚਾਸੀ ਪ੍ਰਤਿਸ਼ਤ ਹਿੱਸਾ ਪਾਇਆ, ਜੇ ਫਾਂਸੀਆਂ ਜਾਂ ਮੌਤ ਦੀਆਂ ਸਜਾਵਾਂ ਨੂੰ ਵੇਖੀਏ ਤਾ ਅਠਾਨਵੇਂ ਪ੍ਰਤਿਸ਼ਤ ਸਿੱਖਾਂ ਨੇ ਹੀ ਸ਼ਹਾਦਤਾਂ ਦਿੱਤੀਆਂ।

ਹਿੰਦੋਸਤਾਨ ਤਾਂ ਆਜ਼ਾਦ ਹੋ ਗਿਆ, ਪਰ ਸਿਖ ਇੱਕ ਗੁਲਾਮੀ ਵਿਚੋਂ ਨਿਕਲਕੇ ਦੂਸਰੀ ਗੁਲਾਮੀ ਵਿਚ ਫਸ ਗਏ? ਆਜ਼ਾਦੀ ਤੋਂ ਪਹਿਲਾਂ ਹਿੰਦੋਸਤਾਨੀ ਤਰੈ ਮੂਰਤੀ ਨਹਿਰੂ ,ਗਾਂਧੀ ਅਤੇ ਪਟੇਲ ਨੇ ਜੋ ਸਿੱਖਾਂ ਨਾਲ ਵਾਹਦੇ ਕੀਤੇ 16 ਅਗਸਤ 1947 ਨੂੰ ਹੀ ਵਾਹਦਾ ਖਿਲਾਫੀਆਂ ਦਾ ਦੌਰ ਆਰੰਭ ਹੋ ਗਿਆ। ਦੇਸ਼ ਭਗਤ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ, ਸੰਵਿਧਾਨ ਦੀ ਧਾਰਾ 25 ਬੀ ਰਾਹੀ ਸਾਨੂੰ ਕੇਸਾਧਾਰੀ ਹਿੰਦੂ ਐਲਾਨ ਕੇ ਸਾਡੀ ਵੱਖਰੀ ਪਹਿਚਾਨ ਨੂੰ ਖਤਮ ਕਰਨ ਦੀ ਸਾਜਿਸ਼ ਕੀਤੀ, ਸੱਭਿਆਚਾਰਿਕ ਤੌਰ 'ਤੇ ਖਤਮ ਕਰਨ ਵਾਸਤੇ ਬੋਲੀ ਦੇ ਅਧਾਰ 'ਤੇ ਪੰਜਾਬੀ ਸੂਬਾ ਬਣਾਉਣ ਵਿੱਚ ਦੇਰੀ ਤੇ ਫਿਰ ਅਧੂਰਾ ਸੂਬਾ ਬਣਾਇਆ ਗਿਆ, ਆਰਥਿਕ ਭੋਗ ਪਾਉਣ ਵਾਸਤੇ ਸਾਡਾ ਪਾਣੀ ਕੌਮਾਂਤਰੀ ਕਾਨੂੰਨ ਦਾ ਉਲੰਘਨ ਕਰਕੇ ਚਿੱਟੇ ਦਿਨ ਹੀ ਲੁੱਟ ਲਿਆ, ਧਾਰਮਿਕ ਸੋਸ਼ਣ ਵਾਸਤੇ ਡੇਰਾਵਾਦ ਦੀ ਪੋਹਲੀ ਬਾਬੇ ਨਾਨਕ ਦੀ ਫੁਲਵਾੜੀ ਵਿਚ ਅਛੋਪਲੇ ਜਿਹੇ ਬੀਜ ਕੇ ਉਸਦੀ ਪੂਰੀ ਸੇਵਾ ਕਰਕੇ ਪ੍ਰਫੁਲਤ ਕੀਤਾ, ਸਭ ਤੋਂ ਵੱਡੀ ਅਕਿਰਤਘਣਤਾ ਜਿਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖ ਸੌ ਵਿਚੋਂ ਅਠਾਨਵੇਂ ਜਾਨ ਵਾਰਨ ਵਾਲੇ ਹੋਣ, ਬਾਕੀ ਵੀ ਪਚਾਸੀ ਪ੍ਰਤੀਸ਼ਤ ਕੁਰਬਾਨੀਆਂ ਹੋਣ? ਉਸ ਹੀ ਦੇਸ਼ ਦੀ, ਦੁਨੀਆਂ ਦਾ ਸਭ ਤੋਂ ਵੱਡਾ ਲੋਕ ਤੰਤਰ ਅਖਵਾਉਣ ਵਾਲੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਅਕਾਲ ਤਖਤ ਸਹਿਬ ਨੂੰ ਢਾਹ ਢੇਰੀ ਕਰ ਦੇਵੇ, ਹਜ਼ਾਰਾਂ ਬੇ ਗੁਨਾਹ ਫੌਜੀਆਂ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਜਾਣ, ਭਾਰਤ ਦੀ ਰਾਜਧਾਨੀ ਵਿੱਚ ਸਿੱਖ ਸੜਕਾਂ ਤੇ ਗਲਾਂ ਵਿਚ ਟਾਇਰ ਪਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਾੜੇ ਜਾਣ, ਅੱਤਵਾਦ ਦੇ ਖਾਤਮੇਂ ਜਾਂ ਅਮਨ ਬਹਾਲੀ ਦੇ ਨਾ ਹੇਠ ਹਜ਼ਾਰਾਂ ਬੇ ਗੁਨਾਹ ਸਿੱਖ ਬੱਚੇ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦੇਵੇ ਅਤੇ ਅਦਾਲਤਾਂ ਨਿਆਂ ਦੇਣ ਵੇਲੇ ਸਾਡੀ ਨਸਲ ਨੂੰ ਅਧਾਰ ਬਣਾ ਲੈਣ? ਕਿਤੋਂ ਨਿਆਂ ਨਾ ਮਿਲੇ? ਪਰ ਸਿੱਖ ਫਿਰ 1965, 1971 ਅਤੇ ਹੁਣ ਕਾਰਗਿਲ ਵਿੱਚ ਉਸ ਦੇਸ਼ ਦੀ ਆਜ਼ਾਦੀ ਦੀ ਸਲਾਮਤੀ ਵਾਸਤੇ ਪਤੰਗਿਆਂ ਵਾਗੂੰ ਕੁਰਬਾਨ ਹੋ ਰਹੇ ਹਨ।

ਫਿਰ ਅੱਜ ਦੇ ਆਜ਼ਾਦੀ ਦਿਵਸ ਤੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਸ ਆਜ਼ਾਦੀ ਦੇ ਕੀਹ ਅਰਥ ਕਰਾਂ? ਜੇ ਮੁਬਾਰਕ ਨਹੀਂ ਆਖਦਾ ਤਾਂ ਲੋਕੀ ਦੇਸ਼ ਧ੍ਰੋਹੀ ਆਖਦੇ ਹਨ। ਪਰ ਆਪਣੀ ਕੌਮ ਦੀ ਹਾਲਤ ਅਤੇ ਬਰਬਾਦੀ ਵੇਖਣ ਦੇ ਬਾਵਜੂਦ ਮੁਬਾਰਕ ਆਖਦਾ ਹਾਂ ਤਾਂ ਕੌਮ ਵਿਰੋਧੀ ਗਰਦਾਨਿਆਂ ਜਾਵਾਂਗਾ ? ਹਾਏ ਓਏ ਰੱਬਾ! ਇਹ ਕਿਹੋ ਜਿਹੀ ਆਜ਼ਾਦੀ ਹੈ, ਜਿਸ ਤੇ ਆਸਾਂ ਰੱਖਕੇ ਮੇਰੇ ਵਡੇਰੇ ਆਪਣੀਆਂ ਰਿਆਸਤਾਂ ਵਰਗੀਆਂ, ਜਿਲਾ ਸ਼ੇਖੂਪੁਰੇ ਦੀਆਂ ਥਾਵਾਂ ਛੱਡਕੇ ਨਹਿਰੂ ਗਾਂਧੀ ਅਤੇ ਪਟੇਲ ਦੇ ਆਖੇ ਇੱਥੇ ਆਏ ਸਨ …….?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top