Share on Facebook

Main News Page

ਗੁਰਬਾਣੀ ਵਿੱਚ ਮੰਗਲ਼ਾਚਰਨ ਅਤੇ ਸਿਰਲੇਖ - ਪਹਿਲ ਕਿਸ ਨੂੰ ਅਤੇ ਕਿਉਂ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਪ੍ਰੋ: ਸਾਹਿਬ ਸਿੰਘ ਨੇ ਪਿੰਡ ਸਿੱਧਵਾਂ ਬੇਟ (ਜ਼ਿਲ੍ਹਾ ਲੁਧਿਆਣਾ) ਵਿੱਚ ਬਾਬਾ ਰਾਮ ਰਾਇ ਦੇ ਇੱਕ ਸ਼ਰਧਾਲੂ ਸਿੱਖ ਦੇ ਘਰ ਰੱਖੀ ਹੱਥ-ਲਿਖਤ ਬੀੜ ਦੇ ਦੋ-ਦੋ ਘੰਟੇ ਹਰ ਰੋਜ਼ ਦੋ ਦਿਨ ਦਰਸ਼ਨ ਕੀਤੇ। ਸਰਦਾਰ ਸੱਜਣ ਸਿੰਘ ਰੀਟਾਇਰਡ ਪਟਵਾਰੀ ਵਾਸੀ ਸਿੱਧਵਾਂ ਬੇਟ ਨੇ ਪ੍ਰੋ: ਸਾਹਿਬ ਦੇ ਨਾਲ਼ ਜਾ ਕੇ ਖੋਜ ਵਿੱਚ ਮੱਦਦ ਜੀ ਕੀਤੀ ਸੀ।

ਪ੍ਰੋ: ਸਾਹਿਬ 16 ਮਈ ਸੰਨ 1962 ਨੂੰ ਕਿਸੇ ਕੰਮ ਉਸ ਪਿੰਡ ਗਏ ਸਨ। ਉਨ੍ਹਾਂ ਦੇਖਿਆ ਕਿ ਮੰਗਲ਼ ਓਸੇ ਤਰ੍ਹਾਂ ਹੀ ਲਿਖੇ ਹੋਏ ਹਨ, ਜਿਵੇਂ ਕਰਤਾਰਪੁਰੀ ਬੀੜ ਵਿੱਚ ਹਨ {20 ਅਕਤੂਬਰ ਸੰਨ 1955 ਨੂੰ ਮਾਸਟਰ ਤਾਰਾ ਸਿੰਘ ਵਲੋਂ ਬਣਾਈ ਮੰਗਲਾਚਰਨ ਕਮੇਟੀ ਵਿੱਚ ਆਪ ਇਕ ਮੈਂਬਰ ਵਜੋਂ ਰਹਿ ਚੁੱਕੇ ਸਨ, ਜਦੋਂ ਉਨ੍ਹਾਂ ਕਰਤਾਰਪੁਰੀ ਬੀੜ ਦੇ ਮੰਗਲ਼ ਲਿਖੇ ਖ਼ੁਦ ਦੇਖੇ ਸਨ}। ਮੰਗਲ਼ ਕੇਵਲ ਪੱਤਰੇ ਦੇ ਸੱਜੇ ਪਾਸੇ ਅੱਧ ਤੋਂ ਹੀ ਸ਼ੁਰੂ ਹੁੰਦੇ ਹਨ ਤੇ ਪੱਤਰੇ ਦੇ ਖੱਬੇ ਪਾਸੇ ਕਿਸੇ ਸੂਰਤ ਵਿੱਚ ਵੀ ਨਹੀਂ ਆਉਣ ਦਿੱਤੇ ਗਏ। ਬਾਣੀ ਦੇ ਸਿਰਲੇਖ ਹਰ ਪੱਤਰੇ ਦੇ ਖੱਬੇ ਪਾਸੇ ਤੋਂ ਸ਼ੁਰੂ ਕੀਤੇ ਗਏ ਹਨ ਤੇ ਇਹ ਪੱਤਰੇ ਦੇ ਸੱਜੇ ਪਾਸੇ ਅੱਧ ਤੋਂ ਪਾਰ ਨਹੀਂ ਜਾਣ ਦਿੱਤੇ ਗਏ। ਮੰਗਲ਼ਾਚਰਨ ਤੇ ਸਿਰਲੇਖਾਂ ਵਿਚਕਾਰ ਕੁੱਝ ਥਾਂ ਖਾਲੀ ਛੱਡੀ ਹੋਈ ਹੈ {ਕਰਤਾਰਪੁਰੀ ਬੀੜ ਵਿੱਚ ਵੀ ਇਹੀ ਵਿਧੀ ਵਰਤੀ ਗਈ ਹੈ}। ਇਸ ਬੀੜ ਵਿੱਚ ਨੌਂਵੇਂ ਸਤਿਗੁਰੂ ਜੀ ਦੀ ਬਾਣੀ ਨਹੀਂ ਹੈ। ਸੰਭਵ ਹੈ ਕਿ ਇਹ ਬੀੜ ਕਰਤਾਰ ਪੁਰੀ ਬੀੜ ਤੋਂ ਹੀ ਉਤਾਰਾ ਕਰ ਕੇ ਰੱਖੀ ਗਈ ਹੋਵੇ। ਇਸ ਕੀਮਤੀ ਖ਼ਜ਼ਾਨੇ ਨੂੰ ਸੁਰੱਖਿਅਤ ਰੱਖਣ ਲਈ ਪ੍ਰੋ: ਸਾਹਿਬ ਨੇ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਇੱਥੇ ਬੇਨਤੀ ਵੀ ਕੀਤੀ ਹੋਈ ਹੈ ਕਿ ਇਹ ਬੀੜ ਓਥੋਂ ਮੰਗਵਾ ਲਈ ਜਾਵੇ।

ਦਰਪਣ ਦੀ ਦਸਵੀਂ ਪੋਥੀ ਦੇ ਅਖ਼ੀਰ ਵਿੱਚ ਸਿੱਧਵਾਂ ਬੇਟ ਵਾਲੀ ਬੀੜ ਵਿੱਚੋਂ ਕੁਝ ਪੱਤਰਿਆਂ ਦਾ ਜ਼ਿਕਰ ਉਨ੍ਹਾਂ ਕੀਤਾ ਹੈ ਜਿਨ੍ਹਾਂ ਤੋਂ ਮੰਗਲਾਚਰਨ ਪੜ੍ਹਨ ਦੀ ਸਹੀ ਵਿਧੀ ਦਾ ਪਤਾ ਲਗਦਾ ਹੈ।

ਛਾਪੇ ਦੀ ਬੀੜ ਵਿੱਚ ਮੰਗਲ ਓਵੇਂ ਨਹੀਂ ਲਿਖੇ ਗਏ ਜਿਵੇਂ ਕਿ ਕਰਤਾਰਪੁਰੀ ਬੀੜ ਵਿੱਚ ਹਨ। ਕੁੱਝ ਮੰਗਲ਼ ਵਿਚਾਰ ਅਧੀਨ ਲੈ ਕੇ ਏਥੇ ਦਿੱਤੇ ਜਾ ਰਹੇ ਹਨ ਤਾਂ ਜੁ ਗੁਰਬਾਣੀ ਦੇ ਪਾਠਕ ਅਸਲੀਅਤ ਨੂੰ ਸਮਝ ਸਕਣ ਤੇ ਮੰਗਲ਼ ਠੀਕ ਪੜ੍ਹ ਸਕਣ:-

(1)

‘ਬੀੜ’ ਦਾ ਪੱਤਰਾ ਨੰਬਰ 71-
ਰਾਗੁਗਉੜੀਗੁਆਰੇਰੀਮਹਲਾ4 ੴਸਤਿਗੁਰਪ੍ਰਸਾਦਿ॥
ਚਉਪਦੇ॥ਪੰਡਿਤੁਸਾਸਤਸਿਮ੍ਰਿਤਿਪੜਿਆ॥ਜੋਗੀਗੋਰਖੁਗੋਰਖੁਕਰਿਆ॥

ਅਗਵਾਈ-
ਜੇ ਪਾਠ ਰਾਗੁ ਗਉੜੀ ਤੋਂ ਸ਼ੁਰੂ ਕੀਤਾ ਜਾਏ ਤਾਂ ਮੰਗਲ ਪੜਿਆ ਹੀ ਨਹੀਂ ਜਾ ਸਕਦਾ ਕਿਉਂਕਿ ‘ਮਹਲਾ4’ ਤੋਂ ਪਿੱਛੋਂ ‘ਚਉਪਦੇ’ ਸ਼ਬਦ ਪੜ੍ਹਿਆ ਜਾਣਾ ਜ਼ਰੂਰੀ ਹੈ। ਨਾਲ਼ ਹੀ ਸ਼ਬਦ ਸ਼ੁਰੂ ਹੋ ਜਾਂਦਾ ਹੈ। ਸਪੱਸ਼ਟ ਹੈ ਕਿ ਪਹਿਲਾਂ ਮੰਗਲ ਪੜ੍ਹ ਕੇ ਹੀ ‘ਰਾਗੁ ਗਉੜੀ’ ਤੋਂ ਸ਼ੁੱਧ ਪਾਠ ਸ਼ੁਰੂ ਹੋ ਸਕੇਗਾ।

ਛਾਪੇ ਵਾਲ਼ੀ ‘ਬੀੜ’ ਵਿੱਚ ਏਹੀ ਸਿਰਲੇਖ ਅਤੇ ਮੰਗਲ਼ ਪੰਨਾਂ ਨੰਬਰ 163 ਉੱਤੇ ਇਉਂ ਹਨ-
ਗਉੜੀ ਗੁਆਰੇਰੀ ਮਹਲਾ 4 ਚਉਪਦੇ ੴਸਤਿਗੁਰਪ੍ਰਸਾਦਿ॥
ਪੰਡਿਤੁ ਸਾਸਤ----------॥

ਗ਼ਲਤੀ ਕਿੱਥੇ ਹੈ?
ਛਾਪੇਖ਼ਾਨੇ ਵਿੱਚ ਦੂਜੀ ਪੰਕਤੀ ਵਿੱਚੋਂ ‘ਚਉਪਦੇ’ ਸ਼ਬਦ ਨੂੰ ਚੁੱਕ ਕੇ ਪਹਿਲੀ ਪੰਕਤੀ ਵਿੱਚ ਲਿਖ ਕੇ ਮੰਗਲ਼ ਨੂੰ ਸਿਰਲੇਖ ਅਤੇ ਬਾਣੀ ਦੇ ਵਿਚਕਾਰ ਕਰ ਕੇ (ਲਿਖ ਕੇ) ਪੰਜਵੇਂ ਗੁਰੂ ਜੀ ਦੀ ਬਣਾਈ ਮੰਗਲ਼ ਨੂੰ ਪਹਿਲਾਂ ਪੜ੍ਹਨ ਦੀ ਵਿਧੀ ਨੂੰ ਬਦਲ ਦਿੱਤਾ ਗਿਆ ਹੈ। ਚਉਪਦੇ ਤੋਂ ਪਿੱਛੋਂ ਦੋ ਡੰਡੀਆਂ ਵਾਲ਼ਾ ਚਿੰਨ੍ਹ (॥) ਵੀ ਬੇ ਡਰ ਹੋ ਕੇ ਹਟਾ ਹੀ ਦਿੱਤਾ ਗਿਆ ਹੈ, ਤਾਂ ਜੁ ਇਹ ਸਿਰਲੇਖ ਸਿੱਧਾ ਮੰਗਲ਼ ਨਾਲ਼ ਜੋੜਿਆ ਜਾ ਸਕੇ। ਕਿੰਨੀ ਚਾਲਾਕੀ ਵਰਤੀ ਹੈ! ਗੁਰੂ ਜੀ ਦਾ ਲਿਖਣ ਢੰਗ ਹੀ ਬਦਲ ਕੇ ਰੱਖ ਦਿੱਤਾ ਹੈ।

(2)

‘ਬੀੜ’ ਦਾ ਪੱਤਰਾ ਨੰਬਰ 98-
ਰਾਗੁਗਉੜੀਗੁਆਰੇਰੀਮਹਲਾ3 ੴਸਤਿਗੁਰਪ੍ਰਸਾਦਿ॥
ਅਸਟਪਦੀਆ॥ਮਨਕਾਸੂਤਕੁਦੂਜਾਭਾਉ॥

ਅਗਵਾਈ-
‘ਮਹਲਾ3’ ਪੜ੍ਹ ਕੇ ਮੰਗਲ਼ ਨਹੀਂ ਪੜ੍ਹਿਆ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਸਿਰਲੇਖ ਨੂੰ ਦੋ ਭਾਗਾਂ ਵਿੱਚ ਪੜ੍ਹਨਾ ਪਵੇਗਾ ਜੋ ਅਸੰਭਵ ਹੈ। ‘ਮਹਲਾ3’ ਪੜ੍ਹ ਕੇ ਸ਼ਬਦ ‘ਅਸਟਪਦੀਆ’ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਇਹ ਸਿਰਲੇਖ ਦਾ ਹਿੱਸਾ ਹੈ। ਮੰਗਲ਼ ਪਹਿਲਾਂ ਪੜ੍ਹ ਕੇ ਫਿਰ ਖੱਬੇ ਪਾਸੇ ਤੋਂ ਪੜਿਆਂ ਹੀ ਠੀਕ ਪੰਜਵੇਂ ਗੁਰੂ ਜੀ ਵਾਲ਼ੀ ਵਿਧੀ ਹੈ।

ਛਾਪੇ ਦੀ ‘ਬੀੜ’ ਦੇ ਪੰਨਾਂ 229 ਉੱਤੇ ਇਹ ਸਿਰਲੇਖ ਅਤੇ ਮੰਗਲ਼ ਇਉਂ ਹਨ-
ਰਾਗੁਗਉੜੀਗੁਆਰੇਰੀਮਹਲਾ3ਅਸਟਪਦੀਆ ੴਸਤਿਗੁਰਪ੍ਰਸਾਦਿ॥
ਮਨ ਕਾ ਸੂਤਕੁ ਦੂਜਾ ਭਾਉ॥

ਗ਼ਲਤੀ ਕਿੱਥੇ ਹੈ?
‘ਅਸਟਪਦੀਆ’ ਸ਼ਬਦ ਨੂੰ ਦੂਜੀ ਪੰਕਤੀ ਵਿੱਚੋਂ ਚੁੱਕ ਕੇ ਪਹਿਲੀ ਪੰਕਤੀ ਵਿੱਚ ਮਹਲਾ3 ਦੇ ਨਾਲ਼ ਜੋੜ ਦਿੱਤਾ ਗਿਆ ਹੈ ਤੇ ( ॥ ) ਦਾ ਚਿੰਨ੍ਹ ਜਾਂ
ਨਿਸ਼ਾਨ ਉਡਾ ਹੀ ਦਿੱਤਾ ਗਿਆ ਹੈ ਤਾਂ ਜੁ ਮੰਗਲ਼ ਨਾਲ਼ ਇਹ ਸਿਰਲੇਖ ਜੋੜਿਆ ਜਾ ਸਕੇ। ਮੰਗਲ਼ ਪਹਿਲਾਂ ਲਿਖਿਆ ਸੀ ਪਰ ਵਿਚਕਾਰ ਕਰ ਦਿੱਤਾ ਗਿਆ ਹੈ। ਪੰਜਵੇਂ ਗੁਰੂ ਜੀ ਦਾ ਮੰਗਲ਼ ਪਹਿਲਾਂ ਪੜ੍ਹਨ ਦਾ ਵਿਧੀ ਵਿਧਾਨ ਭੰਗ ਕਰ ਦਿੱਤਾ ਗਿਆ ਹੈ।

(3)

‘ਬੀੜ’ ਦਾ ਪੱਤਰਾ ਨੰਬਰ 42-
ਰਾਗੁਮਾਝਮਹਲਾ4ਚਉਪਦੇ ੴ ਸਤਿਨਾਮੁਕਰਤਾਪੁਰਖੁਨਿਰਭਉਨਿਰ
ਘਰੁ1॥ਹਰਿਹਰਿਨਾਮੁਮੈ ਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਹਰਿਮਨਿਭਾਇਆ॥-------------

ਅਗਵਾਈ-
‘ਰਾਗੁਮਾਝ’ ਤੋਂ ਪਾਠ ਸ਼ੁਰੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਚਉਪਦੇ ਤੋਂ ਪਿੱਛੋਂ ਮੰਗਲ਼ ਆ ਜਾਂਦਾ ਹੈ ਤੇ ਮੰਗਲ਼ ਪੜ੍ਹਨ ਤੇ ਸਿਰਲੇਖ ਟੁੱਟ ਜਾਂਦਾ ਹੈ। ‘ਚਉਪਦੇ’ ਤੋਂ ਪਿੱਛੋਂ ‘ਘਰੁ1’ ਹੀ ਪੜਿਆ ਜਾ ਸਕਦਾ ਹੈ ਮੰਗਲ਼ ਨਹੀਂ। ਸਪੱਸ਼ਟ ਹੈ ਕਿ ਮੰਗਲ਼ਾਚਰਨ ਪੜ੍ਹ ਕੇ ਫਿਰ ‘ਰਾਗੁਮਾਝ’ ਤੋਂ ਪਾਠ ਕੀਤਾ ਜਾਵੇਗਾ ਜੋ ਪੰਜਵੇਂ ਗੁਰੂ ਜੀ ਦਾ ਬਣਾਇਆ ਵਿਧੀ ਵਿਧਾਨ ਹੈ।

ਛਾਪੇ ਦੀ ‘ਬੀੜ’ ਦੇ ਪੰਨਾਂ 94 ਉੱਤੇ ਇਹ ਮੰਗਲ਼ ਤੇ ਸਿਰਲੇਖ ਇਉਂ ਹਨ-
ਰਾਗੁਮਾਝਚਉਪਦੇ
ਘਰੁ1ਮਹਲਾ4 ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ॥

ਗ਼ਲਤੀ ਕਿੱਥੇ ਹੈ?
ਮੰਗਲ਼ ਨੂੰ ਸਿਰਲੇਖ ਨਾਲੋਂ ਨੀਵਾਂ ਕਰ ਦਿੱਤਾ ਗਿਆ ਹੈ। ਸਾਰੀ ਸਹੀ ਤਰਤੀਬ ਹੀ ਬਦਲ ਦਿੱਤੀ ਗਈ ਹੈ। ‘ਘਰੁ1’ ਤੋਂ ਪਿੱਛੋਂ ਦੋ ਡੰਡੀਆਂ (॥) ਉਡਾ ਹੀ ਦਿੱਤੀਆਂ ਗਈਆਂ। ‘ਚਉਪਦੇ’ ਤੋਂ ਪਿੱਛੋਂ ੴ ਲਿਖਿਆ ਸੀ ਤੇ ਏਥੇ ਕੁਝ ਨਹੀਂ ਹੈ। ‘ਮਹਲਾ4ਚਉਪਦੇ’ ਦੀ ਤਰਤੀਬ ਬਦਲੀ ਗਈ ਹੈ ਜੋ ‘ਚਉਪਦੇਘਰੁ1ਮਹਲਾ4’ ਕਰ ਦਿੱਤੀ ਗਈ ਹੈ॥ ਮੰਗਲ਼ ਪਹਿਲੀ ਪੰਕਤੀ ਵਿੱਚ ਸੀ ਜੋ ਦੂਜੀ ਪੰਕਤੀ ਵਿੱਚ ਲਿਖ ਦਿੱਤਾ ਗਿਆ ਹੈ।

(4)

‘ਬੀੜ’ ਦਾ ਪੱਤਰਾ ਨੰਬਰ 250(ਦੂਜਾ ਪਾਸਾ)-
ਰਾਗੁਸੋਰਠਿਮਹਲਾ1 ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈ
ਚਉਪਦੇਘਰੁ1॥ ਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਅਗਵਾਈ-
ਸਿਰਲੇਖ ਪੜ੍ਹਨ ਤੋਂ ਪਿੱਛੋਂ ਬਾਣੀ ਦਾ ਪਾਠ ਸ਼ੁਰੂ ਹੋ ਜਾਣਾ ਚਾਹੀਦਾ ਹੈ। ਇਹ ਤਾਂ ਹੀ ਹੋ ਸਕੇਗਾ ਜੇ ਪਹਿਲਾਂ ਮੰਗਲ਼ਾਚਰਨ ਪੜ੍ਹ ਲਿਆ ਜਾਵੇ। ਮੰਗਲ਼ ਵਿੱਚ ‘ਨਿਰਵੈ’ ਸ਼ਬਦ ਦਾ ਅਗਲਾ ‘ਰ’ ਪੜ੍ਹਨਾ ਹੀ ਪਵੇਗਾ ਜੋ ਸੱਜੇ ਪਾਸੇ ਦੀ ਦੂਜੀ ਪੰਕਤੀ ਦੇ ਅੱਧ ਵਿੱਚ ਹੈ । ਜੇ ਮਹਲਾ1’ ਪੜ੍ਹ ਕੇ ਮੰਗਲ਼ ਪੜ੍ਹਦੇ ਹਾਂ ਤਾਂ ਸਿਰਲੇਖ ਅਤੇ ਮੰਗਲ਼ ਅੱਧੇ ਅੱਧੇ ਤੇ ਰਲ਼ਗਡ ਹੋ ਜਾਂਦੇ ਹਨ।

ਛਾਪੇ ਦੀ ‘ਬੀੜ’ ਦਾ ਪੰਨਾਂ 595 ਦੇਖੋ ਇਹ ਕਿਵੇਂ ਲਿਖੇ ਹਨ-
ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਸੋਰਠਿ ਮਹਲਾ 1 ਘਰੁ 1 ਚਉਪਦੇ॥

ਨੋਟ:
ਮੰਗਲ਼ ਨੂੰ ਠੀਕ ਪਹਿਲ ਦਿੱਤੀ ਗਈ ਹੈ। ਸਿਰਲੇਖ ਲਿਖਣ ਦੀ ਤਰਤੀਬ ਬਦਲੀ ਹੋਈ ਹੈ।

(5)

‘ਬੀੜ’ ਦਾ ਪੱਤਰਾ ਨੰਬਰ 295-
ਰਾਗੁਜੈਤਸਰੀਮਹਲਾ4 ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਚਉਪਦੇਘਰੁ1॥ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਛਾਪੇ ਦੀ ‘ਬੀੜ’ ਵੇਖੋ ਪੰਨਾਂ 696
ਜੈਤਸੀਮਹਲਾ4
ਘਰੁ1ਚਉਪਦੇ ੴਸਤਿਗੁਰਪ੍ਰਸਾਦਿ॥

(6)

‘ਬੀੜ’ ਦਾ ਪੱਤਰਾ ਨੰਬਰ 305 (ਦੂਜਾ ਪਾਸਾ)
ਰਾਗਤਿਲੰਗਮਹਲਾ1ਘਰੁ1 ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਚਉਪਦੇ॥ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਛਾਪੇ ਦੀ ‘ਬੀੜ’ ਦਾ ਪੰਨਾਂ ਨੰਬਰ 721, ਬਦਲਾਅ ਵੇਖੋ
ਰਾਗੁਤਿਲੰਗ
ਮਹਲਾ1ਘਰੁ1 ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

(7)

‘ਬੀੜ’ ਦਾ ਪੱਤਰਾ ਨੰਬਰ 729
ਰਾਗਧਨਾਸਰੀਮਹਲਾ1 ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲ
ਚਉਪਦੇਘਰੁ1॥ ਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਛਾਪੇ ਦੀ ਬੀੜ ਵੇਖੋ ਪੰਨਾਂ 660
ਧਨਾਸਰੀਮਹਲਾ1
ਘਰੁ1ਚਉਪਦੇ ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

ਨੋਟ:

ਸ਼੍ਰੋ.ਗੁ.ਪ੍ਰ. ਕਮੇਟੀ ਨੇ ਬੀੜ ਛਾਪਣੀ ਸ਼ੁਰੂ ਕੀਤੀ ਸੀ ਜਿੱਸ ਵਿੱਚ ਮੰਗਲ਼ਾਂ ਨੂੰ ਪਹਿਲ ਦਿੱਤੀ ਜਾ ਰਹੀ ਸੀ। ਪੁਸਤਕਾਂ ਵੇਚਣ ਵਾਲ਼ਿਆਂ ਨੇ ਟ੍ਰੈਕਟ ਛਾਪਕੇ ਇਸ ਛਪਾਈ ਦੇ ਵਿਰੋਧ ਵਿੱਚ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੁ ਉਨ੍ਹਾਂ ਵਲੋਂ ਛਾਪੀਆਂ ਬੀੜਾਂ ਵਿੱਚੋਂ ਨਫ਼ਾ ਨਾ ਘਟ ਜਾਏ ਜਿਨ੍ਹਾਂ ਵਿੱਚ ਮੰਗਲ਼ਾਂ ਨੂੰ ਪਹਿਲ ਨਹੀਂ ਦਿੱਤੀ ਗਈ ਸੀ। ਵਿਰੋਧ ਦੀ ਮਾਰ ਤੋਂ ਬਚਣ ਲਈ ਕਮੇਟੀ ਨੇ ਸਟੈਂਡ ਬਦਲ ਲਿਆ ਤੇ ਬੀੜ ਛਾਪਣੀ ਵਿੱਚੇ ਹੀ ਬੰਦ ਕਰ ਦਿੱਤੀ। ਇਹ ਇੱਕ ਮਹਾਂ ਗ਼ਲਤੀ ਸੀ। ਜੇ ਕਮੇਟੀ ਵਿਰੋਧ ਦੀ ਪਰਵਾਹ ਨਾ ਕਰਦੀ ਤਾਂ ਸਦਾ ਵਾਸਤੇ ਮੰਗਲ਼ਾਂ ਨੂੰ ਯੋਗ ਸਥਾਨ ਮਿਲ਼ ਜਾਣਾ ਸੀ ਤੇ ਪੰਜਵੇਂ ਗੁਰੂ ਜੀ ਦਾ ਬਣਾਇਆ ਮੰਗਲ਼ ਪੜ੍ਹਨ ਦਾ ਵਿਧੀ ਵਿਧਾਨ ਲਿਖਤੀ ਤੌਰ ਤੇ ਲਾਗੂ ਹੋ ਜਾਣਾ ਸੀ। ਹੁਣ ਬੀੜਾਂ ਮੰਗਲ਼ ਨੂੰ ਪਹਿਲ ਦੇ ਕੇ ਛਾਪਣੀਆਂ ਤਾਂ ਕਮੇਟੀ ਦੇ ਹੱਥ ਵਿੱਚ ਹੈ ਪਰ ਪਾਠਕਾਂ ਨੂੰ ਪਾਠ ਸਮੇਂ ਪੰਜਵੇਂ ਗੁਰੂ ਜੀ ਵਲੋਂ ਬਣਾਈ ਵਿਧੀ ਮੁਤਾਬਕ ਮੰਗਲ਼ ਪਹਿਲਾਂ ਪੜ੍ਹਨੇ ਪੈਣਗੇ ਤਾਂ ਜੁ ਪਾਠ ਸ਼ੁੱਧ ਹੋ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top