ਗੂਹਲਾ-ਚੀਕਾ,9
ਅਗਸਤ-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ
ਸਿੱਖ ਸੰਗਤ ਨੂੰ 25 ਅਗਸਤ ਤੱਕ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ
ਕਿ ਸੁਪਰੀਮ ਕੋਰਟ ਨੇ 25 ਤਕ ਗੁਰਦੁਆਰਿਆਂ ਵਿੱਚ ਸਥਿੱਤੀ ਜਿਉਂ ਦੀ ਤਿਉਂ ਬਣਾ ਕੇ ਰੱਖਣ
ਦੇ ਹੁਕਮ ਜਾਰੀ ਕੀਤੇ ਹਨ। ਸ੍ਰੀ ਝੀਂਡਾ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ
ਆਵੇਗਾ ਸੰਗਤ ਨੂੰ ਕਬੂਲ ਹੋਵੇਗਾ। ਉਹ ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ
ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਮੁੱਖ ਕਾਰਜਕਾਰਨੀ ਦੀ ਬੈਠਕ ਹੋਈ। ਬੈਠਕ ਵਿੱਚ 41 ਵਿੱਚੋਂ 39 ਮੈਂਬਰਾਂ ਨੇ ਹਿੱਸਾ ਲਿਆ।
ਬੈਠਕ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਝੀਂਡਾ ਨੇ ਦੱਸਿਆ
ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਾਰਜਕਾਰਨੀ ਨੇ 6 ਅਗਸਤ ਨੂੰ ਕੁਰੂਕਸ਼ੇਤਰ ਵਿੱਚ ਫੱਟੜ ਹੋਏ ਸਿੱਖਾਂ ਪ੍ਰਤੀ ਦੁੱਖ ਦਾ
ਇਜ਼ਹਾਰ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣ ਜਾ ਰਹੀ
ਸੰਗਤ ਉੱਤੇ ਹੋਈ ਪੱਥਰਬਾਜੀ ਦੌਰਾਨ ਸਿੱਖਾਂ ਦੀਆਂ ਗੱਡੀਆਂ ਬੁਰੀ ਤਰ੍ਹਾਂ ਨਾਲ ਤਹਿਸ
ਨਹਿਸ ਕਰ ਦਿੱਤੀਆਂ ਗਈਆਂ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਆਇਆ ਹੈ ਕਿ
ਕੁੱਝ ਸਿੱਖਾਂ ਦੇ ਖਿਲਾਫ ਪੁਲੀਸ ਨੇ ਕੇਸ ਵੀ ਦਰਜ ਕੀਤਾ ਹੈ।
ਝੀਂਡਾ ਨੇ ਕਿਹਾ ਕਿ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ
ਜੋ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰਕੇ ਸਿੱਖਾਂ ਦੇ
ਨੁਕਸਾਨ ਦੀ ਭਰਪਾਈ ਦੀ ਮੰਗ ਕਰੇਗੀ। ਇਹ ਕਮੇਟੀ ਕੁਰੂਕਸ਼ੇਤਰ ਦੇ ਐਸ.ਪੀ. ਤੇ ਡੀ.ਸੀ.ਨਾਲ
ਮਿਲ ਕੇ ਉਨ੍ਹਾਂ ਦੇ ਸਾਹਮਣੇ ਸਾਰੇ ਤੱਥ ਰੱਖੇਗੀ ਤਾਂ ਕਿ ਨਿਰਦੋਸ਼ ਸਿੱਖਾਂ ਦੇ ਖਿਲਾਫ
ਦਰਜ ਝੂਠੇ ਮੁਕੱਦਮੇ ਖਾਰਜ ਕਰਵਾਏ ਜਾ ਸਕਣ। ਝੀਂਡਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ
ਮੱਕੜ ਨੇ ਹਰਿਆਣੇ ਦੇ ਗੁਰਦੁਆਰਿਆਂ ਵਿੱਚ ਹਥਿਆਰਬੰਦ ਲੋਕਾਂ ਦੀ ਘੁਸਪੈਠ ਕਰਵਾਈ ਹੋਈ ਹੈ।
ਇਨ੍ਹਾਂ ਲੋਕਾਂ ਦੇ ਕਾਰਨ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਹੋ ਸਕਦੀ ਹੈ। ਝੀਂਡਾ ਨੇ ਕਿਹਾ
ਕਿ ਕਮੇਟੀ ਮੁੱਖ ਮੰਤਰੀ ਤੋ ਮੰਗ ਕਰੇਗੀ ਕਿ ਬਾਦਲ, ਮੱਕੜ ਦੁਆਰਾ ਭੇਜੇ ਗਏ ਲੋਕਾਂ ਨੂੰ
ਤੁਰੰਤ ਗੁਰਦੁਆਰਿਆਂ ਤੋ ਬਾਹਰ ਕੱਢਿਆ ਜਾਵੇ। ਕੁਰੂਕਸ਼ੇਤਰ ਦੇ ਗੁਰਦੁਆਰਾ ਬਣੀਬਦਰਪੁਰ,
ਸਲੇਮਪੁਰ, ਗੁੜੀ ਸਾਹਿਬ ਦੀ ਲੋਕਲ ਕਮੇਟੀਆਂ ਦਾ ਪ੍ਰਬੰਧ ਹਰਿਆ੍ਯਣਾ ਕਮੇਟੀ ਦੇ ਅਧੀਨ ਆ
ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਗੁਰਦੁਆਰਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਏ।
ਝੀਂਡਾ ਨੇ ਕਿਹਾ ਲਾਖਣ ਮਾਜਰਾ ਜੀਂਦ ਤੇ ਹੋਰ ਕਈ ਲੋਕਲ ਗੁਰਦੁਆਰਾ ਕਮੇਟੀਆਂ ਨੇ ਇਸ ਤਰ੍ਹਾਂ
ਦਾ ਮਤਾ ਪਾਸ ਕੀਤਾ ਹੈ। ਹਰਿਆਣਾ ਕਮੇਟੀ ਸਾਰੀਆਂ ਗੁਰਦੁਆਰਾ ਕਮੇਟੀਆਂ ਦਾ ਸਵਾਗਤ ਕਰਦੀ
ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਮੈਂਬਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਨੀਤੀ
ਦੇ ਅਧੀਨ ਸਿਰਸਾ ਡੇਰਾ ਮੁੱਖੀ ਦਾ ਕੇਸ ਖਾਰਜ ਕਰਵਾਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ
ਮਾਰਿਆ ਹੈ।
ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਕਥਿੱਤ ਝੂਠ ਬੋਲਣ ਲਈ ਸਿੱਖ
ਕੌਮ ਤੋਂ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਸੀ ਕਿ 6
ਅਗਸਤ ਨੂੰ ਚੀਕਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣ ਮੌਕੇ ਗ੍ਰੰਥੀ ਸਿੰਘ ਤੇ ਰਾਗੀ
ਜਥਿਆਂ ਨੂੰ ਕੁੱਟਿਆ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਸਾਰੇ ਗ੍ਰੰਥੀ ਅਤੇ ਰਾਗੀ,ਢਾਡੀ
ਸਿੰਘ ਅੱਜ ਵੀ ਗੁਰਦੁਆਰੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।