Share on Facebook

Main News Page

ਆਖਿਰ ਮੋਹਨ ਭਾਗਵਤ ਨੇ ਠੀਕ ਹੀ ਤਾਂ ਕਿਹੈ, ਤੁਸੀਂ ਸਾਰੇ ਹਿੰਦੂ ਹੋ !!!
-: ਬਲਦੇਵ ਝੱਲੀ ਦੀ ਕਲਮ ਤੋਂ

ਹੈਰਾਨ ਨਾ ਹੋਵੋ, ਜੀ ਹਾਂ ਮੈਂ ਠੀਕ ਹੀ ਕਹਿ ਰਿਹੈਂ ਕਿ ਅਸੀਂ ਸਾਰੇ ਹਿੰਦੂ ਹੀ ਹਾਂ। ਹੋਈਏ ਵੀ ਕਿਉਂ ਨਾਂ, ਜਦੋਂ ਮਨੂੰ ਬ੍ਰਾਹਮਣ ਦੁਆਰਾ ਬਣਾਏ ਜਾਤ ਰੂਪੀ ਪਟੇ ਅਸੀਂ ਆਪਣੇ ਗਲਾਂ ਵਿੱਚ ਪਾਈ ਘੁੰਮਦੇ ਹਾਂ ਤਾਂ ਹੋਏ ਕਿ ਨਾਂ ਹਿੰਦੂ? ਕਿ ਨਹੀਂ!!!!

ਕਹਾਣੀ ਕੁੱਝ ਇਸ ਤਰਾਂ ਹੈ ਕਿ ਜਦੋਂ ਅਸੀਂ ਆਰੀਅਨ ਬ੍ਰਾਹਮਣ ਬਾਰੇ ਕੁੱਝ ਬੋਲਦੇ ਹਾਂ ਤਾਂ ਸਾਡੇ ਆਪਣੇ ਹਿੰਦੂ ਰੂਪੀ ਸਿੱਖ ਇਸਾਈ, ਜੈਨੀ ਅਤੇ ਬੋਧੀ ਸਮੇਤ ਆਪਣੇ ਆਪਨੂੰ ਦਲਿਤ ਕਹਾਉਣ ਵਾਲੇ ਆਰੀਅਨ ਹਿੰਦੂ ਦੇ ਗੁਲਾਮ ਲੋਕ ਸਾਨੂੰ ਹੀ ਅੱਖਾਂ ਦਿਖਾਉਣ ਲੱਗ ਜਾਂਦੇ ਹਨ। ਅਖੇ ਇਨ੍ਹਾਂ ਨੂੰ ਕੁੱਝ ਨਾਂ ਕਹੋ, ਇਹ ਤਾਂ ਸਾਡੇ ਆਪਣੇ ਭਰਾ ਹਨ ਤੇ ਜਦੋਂ ਅਸੀਂ ਖੁਦ ਹੀ ਮੰਨ ਲਿਐ ਕਿ ਇਹ ਸਾਡੇ ਭਰਾ ਹਨ, ਜਿਨ੍ਹਾਂ ਨੇ ਸਾਨੂੰ ਛੇ ਹਜਾਰ ਜਾਤਾਂ ਵਿੱਚ ਵੰਡ ਕੇ ਬ੍ਰਾਹਮਣ ਦੀ ਖੁਰਲੀ ਵਿੱਚ ਲਿਜਾ ਸੁੱਟਿਆ, ਤਾਂ ਹੋਏ ਕਿ ਨਾਂ ਅਸੀਂ ਹਿੰਦੂ? ਮੋਹਣ ਭਾਗਵਤ ਕਿਹੜੈ ਝੂਠ ਬੋਲਦੈ!!!

ਸੱਚਾ ਐ ਅਗਲਾ, ਗੋਆ ਦਾ ਮੁੱਖ ਮੰਤਰੀ ਐਵੇਂ ਥੋੜਾ ਕਹਿੰਦਾ ਕਿ ਭਾਵੇਂ ਮੈਂ ਇਸਾਈ ਹਾਂ, ਪਰ ਹਾਂ ਤਾਂ ਹਿੰਦੂ ਹੀ!!!! ਨਾਲੇ ਉਹਨੂੰ ਕੀ? ਭਗਵਾਂ ਬ੍ਰਿਗੇਡ ਭਾਵੇਂ ਸਾੜੀ ਜਾਵੇ ਆਸਟਰੇਲੀਅਨ ਇਸਾਈ ਮਿਸ਼ਨਰੀਆਂ ਨੂੰ , ਆਖਿਰ ਸਾੜਨ ਵਾਲੇ ਸਾਡੇ ਆਪਣੇ ਹਿੰਦੂ ਭਰਾ ਹੀ ਹਨ। ਮਹਾਤਮਾ ਬੁੱਧ ਨੇ ਹਿੰਦੂਵਾਦੀ ਤਖਤਾ ਪਲਟਣ ਲਈ ਤਰਕ ਦਿੱਤਾ, ਉਸਦੇ ਅਨੁਯਾਈ ਪੂਰੇ ਵਿਸ਼ਵ ਵਿੱਚ ਫੈਲੇ, ਬ੍ਰਾਹਮਣੀ ਢਾਂਚਾ ਨੇਸਤੋ-ਨਾਬੂਦ ਕੀਤਾ ਉਨਾਂ ਨੇ ਬੁੱਤ-ਪ੍ਰਸਤੀ ਦੇ ਖਿਲਾਫ ਮੋਰਚੇ ਲਾਏ, ਤੇ ਅਸੀਂ ਕੀ ਕੀਤਾ?

ਆਉ ਦੱਸਦੇ ਹਾਂ ਅਸੀਂ ਕੀ ਕੀਤਾ, ਜਿਸ ਮਹਾਤਮਾ ਬੁੱਧ ਨੇ ਹਿੰਦੂ ਮਿਥਿਹਾਸ ਦਾ ਪਰਦਾਫਾਸ਼ ਕਰਕੇ ਸਾਨੂੰ ਆਰੀਅਨ ਬ੍ਰਾਹਮਣ ਦੇ ਚੁੰਗਲ 'ਚੋਂ ਛੁਡਾਇਆ ਤੇ ਉਸਦੇ ਚੁੰਗਲ 'ਚ ਫਸ ਕੇ ਅਸੀਂ ਮਹਾਤਮਾ ਬੁੱਧ ਦੀਆਂ ਲੱਖ-ਦੋ ਲੱਖ ਨਹੀਂ ਅਰਬਾਂ ਖਰਬਾਂ ਮੂਰਤੀਆਂ ਘੜ ਕੇ ਮੰਦਿਰਾਂ ਵੱਲ ਮੁਹਾਰਾਂ ਘੱਤ ਛੱਡੀਆਂ। ਨਾਲੇ ਬ੍ਰਾਹਮਣ ਲੜਦੈ ਥੋੜਾ ਕਿਸੇ ਨਾਲ ਸਿਰਫ ਮੂਰਤੀਆਂ ਘੜ ਕੇ ਇੰਨਾ ਹੀ ਆਖਦੈ ਭਈ ਸਿੱਖ ਬੋਧੀ ਇਸਾਈ ਜੈਨੀ ਆਦਿ-ਆਦਿ ਸਾਰੇ ਹਿੰਦੂ ਹੀ ਹਨ। ਯਾਦ ਰਹੇ ਬੁੱਧ ਧਰਮ ਅਪਨਾਉਣ ਵਾਲੇ ਭਾਰਤੀ ਆਰੀਅਨ ਵਲੋਂ ਜਬਰੀ ਹਿੰਦੂ ਬਣਾਏ ਮੂਲ ਨਿਵਾਸੀ ਹੀ ਸਨ, ਜਿਨ੍ਹਾਂ ਨੂੰ ਬ੍ਰਾਹਮਣ ਨੇ ਅਛੂਤ ਦੱਸ ਕੇ ਦੁਰਕਾਰਿਆ। ਪ੍ਰੰਤੂ ਅਸੀਂ ਠਹਿਰੇ ਮਨੂੰ ਦੇ ਪਾਲਤੂ ਗੁਲਾਮ, ਜਿਹੜੇ ਖੁਦ ਹੀ ਮੰਨੀ ਬੈਠੇ ਹਾਂ ਤੇ ਕਹਿ ਰਹੇ ਹਾਂ ਭਾਗਵਤ ਜੀ ਥੋਨੂੰ ਕੀ ਲੋੜ ਐ ਸਾਨੂ ਹਿੰਦੂਆਂ ਦਾ ਅੰਗ ਦੱਸਣ ਦੀ, ਅਸੀਂ ਤਾਂ ਉਸੇ ਦਿਨ ਦੇ ਹਿੰਦੂ ਹਾਂ ਜਦੋਂ ਤੋਂ ਤੁਸੀਂ ਭਾਰਤੀ ਸੱਭਿਅਤਾ 'ਤੇ ਆ ਕਬਜਾ ਕੀਤਾ ਸੀ।

ਗੱਲ ਇਸਾਈਆਂ ਤੇ ਬੋਧੀਆਂ ਤੇ ਹੀ ਖਤਮ ਨਹੀਂ ਹੁੰਦੀ ਸਗੋਂ ਇਸ ਤੋਂ ਅੱਗੇ ਪੂਰੀ ਤਰਾਂ ਨਿਗਲੇ ਜਾ ਚੁੱਕੇ ਨਿਆਰੇ ਸਿੱਖ ਧਰਮ ਤੱਕ ਜਾ ਪਹੁੰਚਦੀ ਹੈ।

ਪਹੁੰਚੇ ਵੀ ਕਿਉਂ ਨਾਂ ਪਹਿਲੀ ਗੱਲ ਤਾਂ ਸਿੱਖਾਂ ਦੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੀ ਜਦੋਂ ਇਹ ਆਖ ਰਹੇ ਹੋਣ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ (ਪਾਠਕ ਸਮਝ ਹੀ ਗਏ ਹੋਣਗੇ) ਤਾਂ ਭਾਗਵਤ ਕਿਉਂ ਨਾਂ ਆਖੇ ਕਿ ਸਿੱਖ ਹਿੰਦੂਆਂ ਦਾ ਹੀ ਅੰਗ ਹਨ। ਨਿੱਕਰਧਾਰੀ ਦਾ ਕੀ ਕਸੂਰ ਜਦੋਂ ਬਾਦਲ ਵਰਗੇ ਘਾਗ ਸਿਆਸਤਦਾਨ ਮੰਦਰਾਂ ਵਿੱਚ ਤਿਲਕ ਲਵਾਉਂਦੇ ਫਿਰਨ, ਨੂੰਹ ਨਾਰੀਅਲ ਭੰਨ-ਭੰਨ ਹਿੰਦੂਆਂ ਨੂੰ ਖੁਸ਼ ਕਰਦੀ ਹੋਵੇ ਤੇ ਕਿਵੇਂ ਨਾਂ ਆਖੂ ਭਾਗਵਤ ਭਈ ਸਿੱਖ ਹਿੰਦੂਆਂ ਦਾ ਹੀ ਅਨਿੱਖੜਵਾਂ ਅੰਗ ਹਨ। ਉੱਪਰੋਂ ਅਗਲਿਆਂ ਕੁਰਸੀ ਦੇ ਹੂਟੇ ਵੀ ਤਾਂ ਹਿੰਦੂਆਂ ਦੇ ਮੋਢੇ ਚੜ ਕੇ ਹੀ ਲਏ ਹਨ! ਕਿ ਨਹੀਂ??

ਹੁਣ ਬਾਦਲਾਂ ਦਾ ਪੂਰਾ ਟੱਬਰ ਆਖਦਾ ਫਿਰਦੈ ਪਈ ਅਸੀਂ ਤਾਂ ਰਾਜੇ ਹਾਂ, ਤੇ ਰਾਜੇ ਦਾ ਕੰਮ ਹੈ ਸਭਨਾਂ ਨੂੰ ਇੱਕੋ ਅੱਖ ਨਾਲ ਵੇਖਣਾ। ਇਨਾਂ ਨੂੰ ਪੁੱਛਣ ਵਾਲਾ ਹੋਵੇ, ਭੜੂਉ ਸਿੱਖ ਰਾਜ ਤਾਂ ਗੁਰੂ ਗੋਬਿੰਦ ਸਿੰਘ ਵੇਲੇ ਵੀ ਸੀ, ਕੀ ਉਨਾਂ ਮੰਦਰਾਂ ਵਿੱਚ ਜਾ ਕੇ ਆਰਤੀਆਂ ਪੜੀਆਂ, ਹੈ ਇਨਾਂ ਕੋਲ ਕੋਈ ਜੁਆਬ, ਕੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਹਿੰਦੂ ਨਹੀਂ ਸਨ ਵਸਦੇ, ਪਰ ਉਨਾਂ ਥੋਡੇ ਵਾਂਗ ਮੰਦਰਾਂ ਦੀਆਂ ਸਰਦਲਾਂ ਤੇ ਪੈਰ ਨੀਂ ਰੱਖਿਆ, ਸਗੋਂ ਉਨਾਂ ਦੀਆਂ ਧੀਆਂ-ਭੈਣਾਂ ਦੀ ਇੱਜਤਾਂ ਦੀ ਰਾਖੀ ਕੀਤੀ, ਤੇ ਥੋਡੇ ਰਾਜ ਵਿੱਚ ਤਾਂ ਸਿੱਖਾਂ ਦੀਆਂ ਧੀਆਂ ਭੈਣਾਂ ਸੁਰੱਖਿਅਤ ਨਹੀਂ। ਕਿਉਂਕਿ ਥੋਡੀ ਨੂੰਹ ਦੀ ਹਾਜਰੀ ਵਿੱਚ ਤਾਂ ਅਕਾਲੀ ਸਰਪੰਚ ਥੋਡੀਆਂ ਧੀਆਂ ਦੇ ਥੱਪੜ ਮਾਰਦੇ ਨੇ!!! ਮਾਰਨ ਵੀ ਕਿਉਂ ਨਾ, ਆਖਿਰ ਸਿੱਖ ਹਿੰਦੂ ਹੀ ਤਾਂ ਹਨ ਤੇ ਹਿੰਦੂ ਔਰਤ ਨੂੰ ਪੈਰ ਦੀ ਜੁੱਤੀ ਸਮਝਦੈ, ਕਿਉਂ ਕੀ ਗਲਤ ਕਿਹੈ ਖਾਕੀ ਨਿੱਕਰ ਵਾਲੇ ਭਾਗਵਤ ਨੇ?

ਅਹਿਸਾਨ ਫਰਾਮੋਸ਼ ਆਰੀਅਨ ਬ੍ਰਾਹਮਣ ਦੀ ਅਗਲੀ ਕਰਤੂਤ ਵੇਖੋ, ਨੌਵਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਆਖਿਰ ਕਿਨਾਂ ਲਈ? ਕਸ਼ਮੀਰੀ ਪੰਡਤਾਂ ਲਈ ਕਿ ਨਹੀਂ? ਤੇ ਔਰੰਗਜੇਬ ਨੇ ਪਤੈ ਕਿਉਂ ਨਿਸ਼ਾਨਾ ਬਣਾਇਆ ਕਸ਼ਮੀਰੀ ਪੰਡਤਾਂ ਨੂੰ, ਕਿਉਂਕਿ ਪੰਡਿਤ ਯਾਣੀ ਬ੍ਰਾਹਮਣ ਹੀ ਹਿੰਦੂ ਸ਼੍ਰੇਣੀ ਚੋਂ ਉੱਤਮ ਹੈ, ਤੇ ਬਾਕੀ ਸਭ ਇਸਦੇ ਗੁਲਾਮ। ਯਾਣੀ ਦੇਸ਼ ਦੀ ਰੱਖਿਆ ਅਤੇ ਰਾਜ ਕਰਨ ਵਾਲਾ ਖੱਤਰੀ ਵਰਗ ਵੀ ਇਸਦੀ ਮਾਰ ਤੋਂ ਨਹੀਂ ਬਚਿਆ। ਬ੍ਰਾਹਮਣ ਭਾਵੇਂ ਬਲਾਤਕਾਰ ਕਰੇ ਜਾਂ ਕਤਲ ਕਰੇ ਉਸਨੂੰ ਸਜਾ ਨਹੀਂ ਸੀ ਦੇ ਸਕਦਾ ਕਸ਼ੱਤਰੀ, ਭਲਾ ਕਿਉਂ, ਕਿਉਂਕਿ ਉਹ ਸਰਵ ਉੱਚ ਹੈ ਬ੍ਰਹਮਾ ਦੇ ਸਿਰ ਚੋਂ ਪੈਦਾ ਜੂ ਹੋਇਆ।

ਖੈਰ ਔਰੰਗਜੇਬ ਇੱਕ ਗੱਲ ਜਾਣਦਾ ਸੀ ਕਿ ਜੇਕਰ ਮੈਂ ਬ੍ਰਾਹਮਣ ਦੀ ਸੁੰਨਤ ਕਰ ਦਿੱਤੀ, ਤਾਂ ਸਮਝੋ ਹਿੰਦੂਆਂ ਦੇ ਗੁਲਾਮ 6 ਹਜਾਰ ਤੋਂ ਜਿਆਦਾ ਜਾਤਾਂ ਵਾਲੇ ਸਮਾਜ ਦੀ ਸੁੰਨਤ ਆਪੇ ਹੋ ਜਾਣੀ ਹੈ। ਭਾਵ ਇਹ ਕਿ ਸ਼ੂਦਰ ਵਰਗ ਤਾਂ ਹੈ ਹੀ ਬ੍ਰਾਹਮਣ ਦਾ ਗੁਲਾਮ ਤੇ ਇਨਾਂ ਆਪੇ ਹੱਥ ਖੜੇ ਕਰ ਦੇਣੇ। ਤੇ ਫੇਰ ਬ੍ਰਾਹਮਣ ਨੂੰ ਕਿਸੇ ਹਿੰਦੂ ਦੇਵੀ-ਦੇਵਤੇ ਦੀ ਯਾਦ ਨੀ ਸੀ ਆਈ ਤੇ ਸਿੱਧੇ ਜਾ ਪਹੁੰਚੇ ਗੁਰੂ ਤੇਗ ਬਹਾਦਰ ਜੀ ਕੋਲ , ਤੇ ਹੋਇਆ ਕੀ? ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਇਕੱਲੇ ਬ੍ਰਾਹਮਣ ਨੂੰ ਹੀ ਮੁਸਲਮਾਨ ਹੋਣੋ ਨਹੀਂ ਬਚਾਇਆ, ਸਗੋਂ ਸਮੁੱਚੇ ਅਖੌਤੀ ਸ਼ੂਦਰ ਵਰਗ ਦੀ ਸੁੰਨਤ ਹੋਣੋ ਬਚਾ ਕੇ ਮਨੁੱਖਤਾ ਦੇ ਰਾਖੇ ਸਿੱਧ ਕੀਤਾ। ਤੇ ਇਵਜ ਵਿੱਚ ਬ੍ਰਾਹਮਣ ਨੇ ਗੁਰੂ ਸਾਹਿਬ ਨੂੰ ਕੀ ਕਿਹੈ, 'ਅਖੇ ਹਿੰਦ ਦੇ ਰਾਖੇ' ਯਾਣੀ ਇੱਥੇ ਵੀ ਬੇਈਮਾਨੀ, ਕਿਉਂਕਿ ਗੁਰੂ ਸਾਹਿਬ ਨੇ ਸ਼ਹਾਦਤ ਦੇ ਕੇ ਬ੍ਰਾਹਮਣ ਦੇ ਨਾਲ-ਨਾਲ ਜਾਤਾਂ ਵਿੱਚ ਵੰਡੇ ਸ਼ੂਦਰ ਦੀ ਵੀ ਰੱਖਿਆ ਕੀਤੀ। ਤੇ ਅਖੌਤੀ ਸ਼ੂਦਰ ਕੀ ਕਰ ਰਿਹੈ, ਅਖੇ ਮੈਂ ਜੱਟ ਹਾਂ, ਮੈਂ ਚਮਾਰ ਹਾਂ, ਮੈਂ ਸੈਣੀ ਹਾਂ, ਮੈਂ ਬਾਲਮੀਕੀ ਹਾਂ, ਮੈਂ ਤਰਖਾਣ ਹਾਂ। ਤੇ ਹੁਣ ਭਲਾ ਜੇ ਭਾਗਵਤ ਕਹੇ ਕਿ ਬੋਧੀ ਸਿੱਖ ਇਸਾਈ ਸਾਰੇ ਹਿੰਦੂਆਂ ਦਾ ਹੀ ਅੰਗ ਹਨ ਤਾਂ, ਭਲਾ ਉਹ ਕੀ ਗਲਤ ਕਹਿ ਰਿਹੈ? ਆਖਿਰ ਅਸੀ ਹਿੰਦੂ ਹੀ ਤਾਂ ਹਾਂ!! ਕਿ ਨਹੀਂ?

ਅਸੀਂ ਹਿੰਦੂ ਕਿਉਂ ਹਾਂ? ਆਉ ਦੱਸਦਾ ਹਾਂ ਕਿ ਅਸੀਂ ਹਿੰਦੂ ਕਿਉਂ ਹਾਂ!!! ਜਦੋਂ ਸਾਰੀਆਂ ਧਾਰਮਿਕ ਘੱਟ-ਗਿਣਤੀਆਂ ਹਿੰਦੂ ਧਰਮ ਵਾਲੇ ਕਰਮ-ਕਾਂਡ ਜਾਂ ਪਖੰਡ ਕਰਨ ਤਾਂ ਤੁਸੀ ਹੀ ਦੱਸੋ ਕਿ ਅਸੀਂ ਹਿੰਦੂ ਹਾਂ ਜਾ ਨਹੀਂ? ਜੇਕਰ ਹੋਰ ਥੋੜੇ ਦਿਨਾਂ ਤੱਕ ਰੱਖੜੀ ਦੇ ਤਿਉਹਾਰ ਉੱਤੇ ਸਾਡੇ ਗੁੱਟਾਂ ਤੋਂ ਲੈ ਕੇ ਡੌਲਿਆਂ ਤੱਕ ਔਰਤ ਨੂੰ ਕਮਜੋਰ ਕਰਨ ਵਾਲੇ ਧਾਗੇ ਬੱਝੇ ਹੋਣਗੇ ਤਾਂ ਭਾਗਵਤ ਕਿਉਂ ਨਾਂ ਕਹੂ ਪਈ ਅਸੀਂ ਹਿੰਦੂ ਹਾਂ? ਮੂਹਰੇ ਸ਼ਰਾਧ, ਨਰਾਤੇ, ਦੁਸਹਿਰਾ ਅਤੇ ਦੀਵਾਲੀ ਵੀ ਤਾਂ ਆਉਣੀ ਹੈ। ਹਾਂ ਦਿਵਾਲੀ ਤੋਂ ਯਾਦ ਆਇਆ ਇਸਾਈ ਬੋਧੀ ਦਲਿਤਾਂ ਅਤੇ ਸਮੇਤ ਸਿੱਖਾਂ ਨਿਸ਼ਾਨ ਸਾਹਿਬ ਅੱਗੇ ਦੀਵੇ ਬਾਲ ਕੇ ਆਪਣੇ ਹਿੰਦੂ ਹੋਣ ਦਾ ਸਬੂਤ ਹੀ ਦੇਣੈ, ਕਿ ਨਹੀਂ ਦੇਣੇ??? ਫੇਰ ਦੱਸੋ ਕਿਉਂ ਨਹੀਂ ਅਸੀਂ ਹਿੰਦੂ? ਭਾਗਵਤ ਝੂਠ ਬੋਲਦੈ!! ਸੱਚਾ ਅਗਲਾ ਸੋਲਾਂ ਆਨੇ।

ਮੁੱਕਦੀ ਗੱਲ ਤਾਂ ਇਹ ਕਿ ਇਸ ਮਨੂੰ ਦੇ ਸਤਾਏ ਲੋਕ ਜਦੋਂ ਆਪੋ-ਆਪਣੀ ਜਾਤ ਦੇ ਪਟੇ ਪਾਈ ਘੁੰਮਣ ਤਾਂ ਉਹ ਕਿਉਂ ਨਾਂ ਕਹੇ ਕਿ ਤੁਸੀਂ ਸਾਰੇ ਹਿੰਦੂਆਂ ਦਾ ਹੀ ਅੰਗ ਹੋ? ਵੈਸੇ ਵੀ ਜਾਤ ਸ਼ੂਦਰ ਦੀ ਹੁੰਦੀ ਐ, ਮਨੁੱਖ ਦੀ ਨਹੀਂ। ਫੇਰ ਵੀ ਤੁਸੀਂ ਨਾਂ ਮੰਨੋ ਕਿ ਆਪਾਂ ਸਾਰੇ ਹਿੰਦੂ ਹਾਂ ਤਾਂ ਥੋਡੀ ਮਰਜੀ ਪਰ ਨਿੱਕਰ ਵਾਲਾ ਬ੍ਰਾਹਮਣ ਤਾਂ ਸ਼ਰੇਆਮ ਮਾਰਦਾ ਥਾਪੀਆਂ, ਕਹਿੰਦੈ ਇਸਾਈ ਬੋਧੀ ਅਤੇ ਸਿੱਖ ਸਾਰੇ ਹਿੰਦੂ ਹੀ ਹਨ। ਕਹੇ ਵੀ ਕਿਉਂ ਨਾਂ? ਆਖਿਰ ਅਸੀਂ ਹਿੰਦੂ ਹੀ ਤਾਂ ਹਾਂ

ਦੇਖੋ ਫਖਰ-ਏ-ਕੌਮ ਪ੍ਰਕਾਸ਼ ਬਾਦਲ ਵਲੋਂ ਸਿੱਖੀ ਪ੍ਰਤੀ ਪਿਆਰ, ਤਸਵੀਰਾਂ ਦੀ ਜ਼ੁਬਾਨੀ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top