Share on Facebook

Main News Page

ਕੁਰੂਕਸ਼ੇਤਰ 'ਚ ਸਿੱਖਾਂ ਦਾ 'ਸੇਵਾ ਸੰਭਾਲ ਮੋਰਚਾ' ਦੂਜੇ ਦਿਨ 'ਚ ਦਾਖ਼ਲ

ਕੁਰੂਕਸ਼ੇਤਰ, 3 ਅਗੱਸਤ (ਮਹੀਪਾਲ ਸਿੰਘ ਵਾਲੀਆ) : ਹਰਿਆਣੇ ਦੇ ਸਿੱਖਾਂ ਦਾ 'ਸੇਵਾ ਸੰਭਾਲ ਮੋਰਚਾ' ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਲ ਵਾਂਗ ਅੱਜ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਅਤੇ ਹਰਿਆਣਾ ਕਮੇਟੀ ਦੇ ਸਮਰਥਕਾਂ ਦਰਮਿਆਨ ਟਕਰਾਅ ਦੀ ਹਾਲਤ ਬਣੀ ਰਹੀ। ਪ੍ਰਸ਼ਾਸਨ ਨੇ ਵੀ ਭਾਰੀ ਪੁਲਿਸ ਫ਼ੋਰਸ ਤੈਨਾਤ ਕੀਤੀ ਹੋਈ ਹੈ। ਪੁਲਿਸ ਨੇ ਸਿੱਖਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਉਹ ਬੈਰੀਕੇਡਾਂ ਤੋਂ ਪਰੇ ਰਹਿਣ।

ਕਮੇਟੀ ਦੇ ਆਗੂਆਂ ਦਾ ਵਫ਼ਦ 4 ਅਗੱਸਤ ਨੂੰ ਸਵੇਰੇ 10 ਵਜੇ ਚੰਡੀਗੜ੍ਹ 'ਚ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰੇਗਾ ਅਤੇ ਗੁਰਦਵਾਰਿਆਂ ਵਿਚ ਬੈਠੇ ਅਕਾਲੀਆਂ ਤੇ ਟਾਸਕ ਫ਼ੋਰਸ ਨੂੰ ਪੰਜਾਬ ਭੇਜਣ ਲਈ ਆਖਿਆ ਜਾਵੇਗਾ।

ਅੱਜ ਸਥਿਤੀ ਉਸ ਸਮੇਂ ਤਣਾਅ ਵਾਲੀ ਬਣ ਗਈ ਜਦ ਅੰਮ੍ਰਿਤਸਰ ਤੋਂ ਟਾਸਕ ਫ਼ੋਰਸ ਦੇ ਮੁਲਾਜ਼ਮਾਂ ਨਾਲ ਭਰੀਆਂ ਦੋ ਬਸਾਂ ਇਥੇ ਪੁਜੀਆਂ ਅਤੇ ਹਰਿਆਣਵੀ ਸਿੱਖਾਂ ਨੇ ਵੀ ਬੈਰੀਕੇਡ ਪੁਟਣੇ ਸ਼ੁਰੂ ਕਰ ਦਿਤੇ। ਪੁਲਿਸ ਨੇ ਸਖ਼ਤੀ ਨਾਲ ਸਥਿਤੀ 'ਤੇ ਕਾਬੂ ਪਾਇਆ। ਸ. ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਜੋਗਾ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਹਰਿਆਣਾ ਕਮੇਟੀ ਹੋਂਦ ਵਿਚ ਆ ਚੁੱਕੀ ਹੈ ਅਤੇ ਸ਼੍ਰੋਮਣੀ ਕਮੇਟੀ ਕੋਲ ਗੁਰਦਵਾਰਿਆਂ 'ਤੇ ਕਬਜ਼ੇ ਕਾਇਮ ਰਖਣ ਦਾ ਹੁਣ ਕੋਈ ਅਧਿਕਾਰ ਨਹੀਂ। ਝੀਂਡਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਪੰਜਾਬ ਦੇ ਅਕਾਲੀ ਹਰਿਆਣਾ ਦੀ ਸੰਗਤ ਨਾਲ ਮਾੜਾ ਵਿਹਾਰ ਕਰ ਰਹੇ ਹਨ ਜਦਕਿ ਉਹ ਪੰਜਾਬ ਤੋਂ ਆਏ ਬੰਦਿਆਂ ਨੂੰ ਮਹਿਮਾਨ ਸਮਝ ਕੇ ਸੇਵਾ ਕਰ ਰਹੇ ਹਨ।

ਕੁਰੂਕਸ਼ੇਤਰ ਦੇ ਜ਼ਿਲ੍ਹਾ ਪੁਲਿਸ ਮੁਖੀ ਅਸ਼ਵਨੀ ਸ਼ੇਨਵੀ ਨੇ ਕਿਹਾ ਕਿ ਧਰਨੇ ਵਾਲੀ ਥਾਂ 'ਤੇ ਹਾਲਾਤ ਸੰਵੇਦਨਸ਼ੀਲ ਬਣੇ ਹੋਏ ਹਨ ਪਰ ਹਾਲਾਤ ਕਾਬੂ ਹੇਠ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਸਿੱਝਣ ਲਈ ਵਾਧੂ ਪੁਲਿਸ ਲਾ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਿੱਖਾਂ ਨੇ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਿਚ ਕਲ ਇਥੇ ਧਰਨਾ ਲਾਇਆ ਸੀ। ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਥਾਨਕ ਗੁਰਦਵਾਰਾ ਛੇਵੀਂ ਪਾਤਸ਼ਾਹੀ ਦਾ ਕਬਜ਼ਾ ਦਿਵਾਇਆ ਜਾਵੇ। ਸ. ਝੀਂਡਾ ਨੇ ਕਿਹਾ ਕਿ ਹਰਿਆਣਾ ਦੇ ਗੁਰਦਵਾਰਿਆਂ ਉਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੁਣ ਕੋਈ ਹੱਕ ਨਹੀਂ ਰਿਹਾ ਕਿਉਂਕਿ ਹਰਿਆਣਾ ਵਿਧਾਨ ਸਭਾ ਵਿਚ ਵਖਰੀ ਕਮੇਟੀ ਦਾ ਕਾਨੂੰਨ ਪਾਸ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਵਾਰਿਆਂ ਵਿਚ ਡੇਰਾ ਲਾਈ ਬੈਠੇ ਗੁਰਦਵਾਰੇ ਖ਼ਾਲੀ ਕਰ ਦੇਣ ਕਿਉਂਕਿ ਹੁਣ ਉਹ ਗੁਰਦਵਾਰਿਆਂ ਦੀ ਸੇਵਾ ਸੰਭਾਲਣਾ ਚਾਹੁੰਦਾ ਹਨ। ਕਲ ਹਰਿਆਣਵੀ ਸਿੱਖਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਿਚਾਲੇ ਟਕਰਾਅ ਹੋਣ ਵਾਲਾ ਸੀ ਪਰ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਟਕਰਾਅ ਟਾਲ ਦਿਤਾ।

ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਉਨ੍ਹਾਂ ਨੇ ਕਲ ਮੀਟਿੰਗ ਉਪਰੰਤ ਜਦ ਗੁਰਦਵਾਰੇ ਵਲ ਕੂਚ ਕੀਤਾ ਤਾਂ ਸ਼੍ਰਰੋਮਣੀ ਕਮੇਟੀ ਦੇ ਲੱਠਮਾਰ ਬੰਦੂਕਧਾਰੀ, ਪਿਸਤੌਲ, ਲਾਠੀਆਂ ਅਤੇ ਇੱਟਾਂ ਰੋੜੇ ਲੈ ਕੇ ਦਰਸ਼ਨੀ ਡਿਊੜੀ ਉਪਰ ਦਾ ਚੜ੍ਹੇ ਅਤੇ ਸ਼ਾਂਤਮਈ ਢੰਗ ਨਾਲ ਜਾ ਰਹੇ ਸਿੱਖਾਂ 'ਤੇ ਹਮਲਾ ਕਰਨ ਦੀ ਨੀਅਤ ਨਾਲ ਪੂਰੀਆਂ ਤਿਆਰੀਆਂ ਕਰ ਲਈਆਂ। ਉਨ੍ਹਾਂ ਕਿਹਾ ਕਿ ਗੁਰਦਵਾਰੇ ਤੋਂ ਸਿਰਫ਼ 50 ਮੀਟਰ ਦੂਰ ਪੁਲਿਸ ਨੇ ਉਨ੍ਹਾਂ ਉਪਰ ਲਾਠੀਚਾਰਜ ਕਰ ਦਿਤਾ, ਜਿਸ ਨਾਲ ਗੁਰਦਵਾਰੇ ਅੰਦਰ ਬੈਠੇ ਘੁਸਪੈਠੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਸ. ਨਲਵੀ ਨੇ ਕਿਹਾ ਕਿ ਜੇ ਟਕਰਾਅ ਦੀ ਨੌਬਤ ਆਉਂਦੀ ਹੈ ਤਾਂ ਇਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top