ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ‘ਆਰਤੀ’ ਸਿਰਲੇਖ ਕੇਵਲ ਧਨਾਸਰੀ ਰਾਗ ਦੇ ਇੱਕ ਸ਼ਬਦ ਵਿੱਚ ਹੀ
ਮਿਲ਼ਦਾ ਹੈ- {ਧਨਾਸਰੀ ਮਹਲਾ1 ਆਰਤੀ ਅੰਕ ਗਗਸ 663}। ਗੁਟਕੇ ਛਾਪਣ ਵਾਲ਼ਿਆਂ ਨੇ ਮਨ ਮਰਜ਼ੀ
ਨਾਲ਼ ਮਨਮਤੀ ਸੋਚ ਅਧੀਨ ਕੁਝ ਸ਼ਬਦ ਇਕੱਠੇ ਲਿਖ ਕੇ ਸਿਰਲੇਖ ‘ਆਰਤੀ’ ਰੱਖ ਦਿੱਤਾ ਤੇ ਨਕਲ
ਕਰਨ ਵਾਲ਼ਿਆਂ ਨੇ ਅੱਖਾਂ ਮੀਟੀ ਨਕਲ ਕਰ ਕੇ ਗੁਰਦੁਆਰਿਆਂ ਵਿੱਚ ਗਾਉਣੀ ਸ਼ੁਰੂ ਕਰ ਦਿੱਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹਾ
ਕੋਈ ਆਰਤੀ ਸਿਰਲੇਖ ਹੇਠ ਸ਼ਬਦਾਂ ਦਾ ਸੰਗ੍ਰਿਹ ਨਹੀਂ ਹੈ।
ਆਰਤੀ ਤਾਂ ਪਹਿਲਾਂ ਹੀ ਹੋ ਰਹੀ ਹੈ ਤੇ ਉਸ ਵਿੱਚ ਸ਼ਾਮਲ ਹੋ ਕੇ
ਆਤਮਕ ਰੰਗ ਮਾਣਨ ਦੀ ਲੋੜ ਸੀ ਪਰ ਹੋ ਰਿਹਾ ਹੈ ਇਸ ਦੇ ਉਲ਼ਟ।
ਪੜ੍ਹੀ ਜਾ ਰਹੀ ਆਰਤੀ ਵਿੱਚ ਅਰਥਾਂ ਦੀ ਅਗਿਆਨਤਾ ਕਾਰਣ ‘ਗੋਪਾਲ
ਤੇਰਾ ਆਰਤਾ’ ਸ਼ਬਦ ਵੀ ਸ਼ਾਮਲ ਕੀਤਾ ਗਿਆ ਹੈ। ਆਮ ਸ਼੍ਰੋਤੇ ਅਰਥਾਂ ਦੀ ਸੂਝ ਬੂਝ ਨਾ
ਹੋਣ ਕਾਰਣ ਸਮਝਦੇ ਹਨ ਕਿ ਇਹ ਸ਼ਬਦ ਕਿਸੇ ਵੱਡੀ ਆਰਤੀ ਦੀ ਗੱਲ ਕਰਦਾ ਹੈ, ਪਰ ਅਜਿਹਾ ਨਹੀਂ
ਹੈ। ਆਰਤੀ ਵਿੱਚ ਇਹ ਸ਼ਬਦ ਗਉਣ ਵਾਲ਼ੇ ਆਪ ਵੀ ਗੁੰਮ- ਰਾਹ ਹੋ ਚੁੱਕੇ ਹਨ ਤੇ ਸ਼੍ਰੋਤਿਆਂ
ਨੂੰ ਵੀ ਅਗਿਆਨਤਾ ਦੀ ਖੱਡ ਵਿੱਚ ਧੱਕਾ ਦੇ ਰਹੇ ਹਨ।
‘ਆਰਤਾ’ ਸ਼ਬਦ ਦੇ
ਅਰਥ-
ਸੰਸਕ੍ਰਿਤ ਸ਼ਬਦ ‘ਆਰਤ’ ਦਾ ਅਰਥ ਹੈ ਦੁਖਿਅਰਾ ਤੇ ਇਸੇ ਤੋਂ ਹੀ ਸ਼ਬਦ
ਹੈ –- ‘ਆਰਤਾ’ ਜਿਸ ਦਾ ਅਰਥ ਹੈ- ਦੁਖਿਆਰਾ। ਆਰਤਾ ਸ਼ਬਦ ਦਾ ਅਰਥ ਵੱਡੀ ਸਾਰੀ ਆਰਤੀ ਨਹੀਂ
ਹੈ।
ਗੋਪਾਲ ਤੇਰਾ ਆਰਤਾ-
ਭਗਤ ਧੰਨਾਂ ਜੀ ਬੇਨਤੀ ਕਰਦੇ ਹਨ {ਆਰਤੀ ਨਹੀਂ ਕਰਦੇ} ਹੇ ਪ੍ਰਭੂ!
ਮੈਂ ਤੇਰੇ ਦਰ ਤੇ ਦੁਖਿਆਰਾ ਆਇਆ ਹਾਂ, ਮੇਰੀਆਂ ਲੋੜਾਂ ਪੂਰੀਆਂ ਕਰੋ। ਆਰਤੀ ਵਿੱਚ ਭਗਤ
ਮੰਗਦੇ ਨਹੀਂ ਹੁੰਦੇ ਸਗੋਂ ਪ੍ਰਭੂ ਜਾਂ ਇਸ਼ਟ ਦੀ ਸਿਫ਼ਤਿ ਕਰਦੇ ਗੁਣ ਗਾਇਨ ਕਰਦੇ ਹੁੰਦੇ ਹਨ।
‘ਆਰਤ’ ਸ਼ਬਦ ਦੀ ਵਰਤੋਂ ਦੇਖੋ-
ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ
ਦੁਆਰਿ ਰਟਤ ਪਿੰਗੁਰੀਆ॥ SGGS ਅੰਕ 203
ਆਰਤ - ਦੁਖਿਆਰਾ। ਪਿੰਗੁਰੀਆ- ਪਿੰਗੁਲਾ। ਰਟਤ-
ਪੁਕਾਰਦਾ ਹਾਂ।
ਸ੍ਰਵਨਿ - ਸ਼੍ਰਵਨਿ, ਕੰਨਾਂ ਵਿੱਚ{ ਸ੍ਰਵਨ ਦਾ ਅਰਥ
‘ਥਣ’ ਹੁੰਦਾ ਹੈ ਇਸ ਲਈ ਪਾਠ ਹੈ ‘ਸ਼੍ਰਵਨਿ’}
ਨੋਟ:
ਜਿੱਥੇ ਵੀ ਆਰਤੀ ਵਿੱਚ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਸ਼ਬਦ ਜੋੜਾਂ ਦੀ ਸੂਝ ਬੂਝ ਪੱਖੋਂ ਮਹਾਂ ਅਗਿਆਨਤਾ ਵਰਤ ਰਹੀ ਹੈ। ਇਹ ਤੁਕਾਂ ਪੂਰੀਆਂ
ਢੁੱਕਦੀਆਂ ਜਾਪਦੀਆਂ ਹਨ- ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ
ਮੁਲਾਂ ਘਰੇ ਮਸੀਤਿ॥ ਗਗਸ ਅੰਕ 1245
ਕਈ ਥਾਵਾਂ ਉੱਤੇ ‘ਭੂਖੇ ਭਗਤਿ ਨ ਕੀਜੈ’ ਵਾਲ਼ਾ ਸ਼ਬਦ ਵੀ ਅਰਤੀ ਵਿੱਚ
ਪੜ੍ਹ ਕੇ ਗੁਰਬਾਣੀ ਦੇ ਅਰਥਾਂ ਪੱਖੋਂ ਅਗਿਆਨਤਾ ਦੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ।
ਨਾ ਕੋਈ ਰੋਕਣ ਵਾਲ਼ਾ ਤੇ ਨਾ ਕੋਈ ਟੋਕਣ ਵਾਲ਼ਾ ਹੈ। ਸ਼੍ਰੋਤੇ ,ਜਾਪਦਾ ਹੈ, ਵਾਜੇ ਤੋਂ
ਕੱਢੀਆਂ ਕੰਨ ਰਸ ਦੀਆਂ ਸੁਰਾਂ ਵਿੱਚ ਹੀ ਗੁਆਚ ਜਾਂਦੇ ਹਨ ਤੇ ਸ਼ਬਦਾਂ ਦੇ ਭਾਵ ਅਰਥਾਂ ਵਲ
ਧਿਆਨ ਨਹੀਂ ਦਿੰਦੇ।