Share on Facebook

Main News Page

ਜਦੋਂ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਨੂੰ ਚੜ੍ਹਤ (ਗੋਲਕ) ਪਿੱਛੇ ਲੜਣ ਤੋਂ ਰੋਕਿਆ
-: ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਅਤੇ ਉਨ੍ਹਾਂ ਦੇ ਜੋਤਿ ਸਰੂਪ ਬਾਕੀ ਗੁਰੂ ਸਾਹਿਬਾਨ ਦਾ ਮੁਖ ਮਨੋਰਥ ਸੀ ਆਚਰਣਿਕ ਤੌਰ ’ਤੇ ਸਚਿਆਰੇ ਮਨੁੱਖੀ ਭਾਈਚਾਰੇ ਦੀ ਸਥਾਪਨਾ ਕਰਦਿਆਂ ਉਨ੍ਹਾਂ ਦਾ ਸਰਬਪੱਖੀ ਸੁਧਾਰ ਤੇ ਵਿਕਾਸ । ਆਚਰਣਿਕ ਪੱਖੋਂ ਸਵਾਰਨ ਤੇ ਸੁਧਾਰਨ ਲਈ ਸਤਿਗੁਰਾਂ ਪਾਸ ਅਕਾਲਪੁਰਖ ਦਾ ਬਖ਼ਸ਼ਿਆ ਹੋਇਆ ਗੁਰਬਾਣੀ ਰੂਪ ਨਾਮ-ਧਾਨ ਦਾ ਅਮੁੱਕ ਤੇ ਅਥਾਹ ਖਜ਼ਾਨਾ ਸੀ । ਕਿਉਂਕਿ ਇਹ ਵੰਡਦਿਆਂ ਘਟਦਾ ਨਹੀਂ, ਵਧਦਾ ਹੈ । ਹਜ਼ੂਰ ਗੁਰੂ ਪੰਚਮ ਪਾਤਸ਼ਾਹ ਨੇ ਇਸ ਸਚਾਈ ਨੂੰ ਆਪ ਇਉਂ ਪ੍ਰਗਟਾਇਆ ਹੈ :

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥
ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥2॥
ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥3॥ (ਗੁਰੂ ਗ੍ਰੰਥ ਸਾਹਿਬ - ਅੰਕ 186)

ਪਰ, ਲੋਕ ਭਲਾਈ ਦੇ ਬਾਕੀ ਕਾਰਜਾਂ ਲਈ ਮਾਲ-ਧਨ ਦੀ ਲੋੜ ਸੀ, ਜਿਸ ਲਈ ਸਤਿਗੁਰਾਂ ਨੇ ਦਸਵੰਧ ਦੀ ਪ੍ਰਥਾ ਕਾਇਮ ਕੀਤੀ । ਭਾਵ, ਗੁਰਸਿੱਖ ਸੰਗਤਾਂ ਨੂੰ ਆਪਣੀ ਕਿਰਤ ਕਮਾਈ ਦੇ ਲਾਭ ਦਾ ਦਸਵਾਂ ਹਿੱਸਾ ਲੋਕ-ਹਿਤਾਂ ਵਾਸਤੇ ਗੁਰੂ ਕੇ ਖਜ਼ਾਨੇ ਵਿੱਚ ਪਾਉਣ ਦੀ ਪ੍ਰੇਰਨਾ ਕੀਤੀ । ਐਸਾ ਨਹੀਂ ਸੀ ਕਿ ਸਤਿਗੁਰੂ ਜੀ ਕੋਈ ਗੋਲਕ ਆਦਿ ਰੱਖ ਕੇ ਬੈਠਦੇ ਅਤੇ ਸ਼ਰਧਾਲੂ-ਜਨ ਉਨ੍ਹਾਂ ਅੱਗੇ ਟਕਾ, ਆਨਾ, ਰੁਪਿਆ ਆਦਿਕ ਰੱਖ ਕੇ ਮੱਥਾ ਟੇਕਦੇ । ਨਹੀਂ ! ਨਹੀਂ ! ਇਹ ਸਭ ਕੁਝ ਸਿੱਧਾ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਹੁੰਦਾ ਅਤੇ ਅਰਦਾਸੀਆ ਸੇਵਕ ਗੁਰੂ ਪਾਤਸ਼ਾਹ ਜੀ ਨੂੰ ਇਸ ਸਬੰਧੀ ਜਾਣਕਾਰੀ ਦਿੰਦਾ । (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੋਲਕ ਨਾ ਰੱਖੇ ਜਾਣਾ, ਇਸੇ ਹੀ ਵਰਤਾਰੇ ਦੀ ਇੱਕ ਨਿਸ਼ਾਨੀ ਬਾਕੀ ਹੈ) ਨਾਮ-ਧਨ ਵੰਡਣ ਅਤੇ ਦਸਵੰਧ ਦੇ ਰੂਪ ਵਿੱਚ ਮਲ-ਧਨ ਇਕੱਤਰ ਕਰਨ ਲਈ ਸਤਿਗੁਰਾਂ ਨੇ ਵੱਖ ਵਖ ਇਲਾਕਿਆਂ ਲਈ ਗੁਰਮਤਿ ਪ੍ਰਚਾਰਕ (ਮਸੰਦ) ਨਿਯਤ ਕੀਤੇ । ਸੰਸਾਰਕ ਲੋੜਾਂ ਦੀ ਪੂਰਤੀ ਲਈ ਕਿਰਤਕਾਰ ਨੂੰ ਮਹਤਵ ਦਿੰਦਿਆਂ ਸਤਿਗੁਰੂ ਜੀ ਨੇ ਲੋੜਵੰਦਾਂ ਨੂੰ ਦੁਕਾਨਾਂ ਖੋਲ੍ਹ ਕੇ ਦਿੱਤੀਆਂ ਅਤੇ ਹੋਰ ਕਈ ਸਿੱਖਾਂ ਨੂੰ ਘੋੜਿਆਂ ਆਦਿਕ ਦੇ ਵਾਪਾਰ ਵਿੱਚ ਲਾਇਆ । ਕਿਉਂਕਿ, ਕਿਸੇ ਵੀ ਤਰ੍ਹਾਂ ਦੇ ਸਮਾਜਕ ਵਿਕਾਸ ਲਈ ਆਰਥਕ ਤੌਰ ’ਤੇ ਬਲਵਾਨ ਹੋਣਾਂ ਅਤਿਅੰਤ ਲੋੜੀਂਦਾ ਹੈ ।

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀਆਂ ਤੇ ਪੀਹੜਿਆਂ ਦੇ ਰੂਪ ਵਿੱਚ ਅਜਿਹੀ ਮਸੰਦ ਪ੍ਰਨਾਲੀ ਸ਼ੁਰੂ ਕਰਨ ਉਪਰੰਤ ਵੈਸਾਖੀ ਤੇ ਦੀਵਾਲੀ ਦੇ ਦਿਹਾੜੇ ਨਿਯਤ ਕੀਤੇ, ਜਦੋਂ ਵੱਖ ਵੱਖ ਇਲਾਕਿਆਂ ਦੀਆਂ ਸਿੱਖ ਸੰਗਤਾਂ ਮਸੰਦਾਂ ਦੀ ਅਗਵਾਈ ਦਸਵੰਧ ਆਦਿਕ ਲੈ ਕੇ ਗੁਰੂ ਦਰਸ਼ਨਾਂ ਨੂੰ ਪਹੁੰਚਦੀਆਂ। ਕਿਉਂਕਿ, ਆਵਾਜਾਈ ਦੇ ਸਾਧਨਾਂ ਦੀ ਘਾਟ ਅਤੇ ਸੁਰਖਿਆ ਦੇ ਪ੍ਰਬੰਧ ਘਟ ਹੋਣ ਕਾਰਣ ਆਮ ਲੋਕਾਂ ਲਈ ਦੂਰ ਦੂਰ ਤੋਂ ਪਹੁੰਚਣਾ ਮੁਸ਼ਕਲ ਹੁੰਦਾ ਸੀ । ਪਰ, ਫਿਰ ਵੀ ਕਈ ਕਾਰੋਬਾਰੀ ਤੇ ਭਾਈ ਮੱਖਣ ਸ਼ਾਹ ਲੁਬਾਣੇ ਵਰਗੇ ਵਾਪਾਰੀ ਸਿੱਖ ਸਿੱਧੇ ਰੂਪ ਵਿੱਚ ਵੀ ਆਪਣਾ ਦਸਵੰਧ ਭੇਂਟ ਕਰਨ ਲਈ ਹਰ ਸਾਲ ਪ੍ਰਵਾਰਾਂ ਸਮੇਤ ਆਪ ਪਹੁੰਚਦੇ ਸਨ । ਇਤਿਹਾਸ ਵਿੱਚ ਐਸਾ ਜ਼ਿਕਰ ਹੈ ਕਿ ਭਾਈ ਮੱਖਣ ਸ਼ਾਹ ਵੈਸਾਖੀ ਤੇ ਦੀਵਾਲੀ ਤੇ ਹਰ ਵਰ੍ਹੇ 100 ਮੋਹਰਾਂ ਸਤਿਗੁਰੂ ਸੱਚੇ-ਪਾਤਸ਼ਾਹ ਦੇ ਖਜ਼ਾਨੇ ਵਿੱਚ ਪਾਉਂਦਾ ਤੇ ਕੁਝ ਦਿਹਾੜੇ ਪ੍ਰਵਾਰ ਸਮੇਤ ਸਤਿਸੰਗ ਰਾਹੀ ਗੁਰੂ ਦਰਸ਼ਨ ਪਰਸ ਕੇ ਨਿਹਾਲ ਹੁੰਦਾ ।

ਸੰਨ 1665 ਦੀ ਦੀਵਾਲੀ ਦੇ ਜੋੜ ਮੇਲੇ ਨੂੰ ਮੁਖ ਰੱਖ ਕੇ ਭਾਈ ਮੱਖਣਸ਼ਾਹ ਆਪਣੇ ਪ੍ਰਵਾਰ ਤੇ ਵਾਪਾਰਕ ਕਾਫਲੇ (ਟਾਂਡੇ) ਸਮੇਤ ਕੀਰਤਪੁਰ ਪਹੁੰਚਾ । ਪਰ, ਉਥੋਂ ਪਤਾ ਲੱਗਾ ਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਕੀਰਤਪੁਰ ਦਾ ਪਹਿਲਾ ਪ੍ਰਚਾਰ ਦੌਰਾ ਕਰਨ ਉਪਰੰਤ ਵਾਪਸ ਬਕਾਲੇ ਪਹੁੰਚ ਚੁੱਕੇ ਹਨ । ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਿੱਲੀ ਵਿਖੇ ਜੋਤੀ-ਜੋਤਿ ਸਮਾਉਣ ਉਪਰੰਤ ਸਤਿਗੁਰੂ ਜੀ ਦੇ ਅੰਤਮ ਫੈਸਲੇ ਮੁਤਾਬਿਕ ਭਾਵੇਂ 11 ਅਗਸਤ 1164 ਨੂੰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਗੁਰਿਆਈ ਦੀ ਜ਼ਿਮੇਵਾਰੀ ਸੰਭਾਲ ਚੁੱਕੇ ਸਨ । ਪਰ, ਪ੍ਰਚਾਰ ਸਾਧਨਾ ਦੀ ਘਾਟ ਕਾਰਨ ਅਜੇ ਦੂਰ-ਦੁਰਾਡੇ ਦੇ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ । ਗੁਰੂ ਸੰਤਾਨ ਨਾਲ ਸਬੰਧਤ ਬਾਬਾ ਧੀਰਮੱਲ ਵਰਗੇ ਕਈ ਸੁਆਰਥੀ ਲੋਕ ਆਪਣੇ ਆਪ ਨੂੰ ਗੁਰੂ ਪ੍ਰਚਾਰ ਕਰਕੇ ਸਿੱਖ ਸੰਗਤਾਂ ਪਾਸੋਂ ਦਸਵੰਧ ਆਦਿਕ ਦੀ ਮਾਇਆ ਤੇ ਹੋਰ ਵਸਤਾਂ ਬਟੋਰੀ ਜਾ ਰਹੇ ਸਨ । ਭਾਈ ਮੱਖਣ ਸ਼ਾਹ ਨਾਲ ਵੀ ਅਜਿਹੀ ਘਟਨਾ ਘਟੀ । ਪਰ, ਜਦੋਂ ਉਸ ਨੂੰ ਅਸਲੀਅਤ ਦੀ ਜਾਣਕਾਰੀ ਹੋਈ ਅਤੇ ਉਹ ਨੌਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਨਿਹਾਲ ਹੋਇਆ ਤਾਂ ਉਸ ਨੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਬੰਦਿਆਂ ਰਾਹੀਂ ਪ੍ਰਚਾਰ ਕਰਕੇ ਦੀਵਾਲੀ ਦੇ ਦਿਹਾੜੇ ਪੰਡਾਲ ਸਜਾ ਕੇ ਸਤਿਸੰਗ ਦੀਵਾਨ ਦਾ ਵਿਸ਼ੇਸ਼ ਪ੍ਰਬੰਧ ਕਰਵਾਇਆ । ਕਿਉਂਕਿ ਉਹ ਇੱਕ ਵੱਡਾ ਵਾਪਾਰੀ ਸੀ ਅਤੇ ਸੁਰਖਿਆ ਪੱਖੋਂ ਤੇ ਗੱਡਿਆਂ ਘੋੜਿਆਂ ਨੂੰ ਸਭਾਲਣ ਲਈ ਸੈਂਕੜੇ ਸ਼ਸ਼ਤਰਧਾਰੀ ਬੰਦੇ ਉਸਦੇ ਨਾਲ ਤੁਰਦੇ ਸਨ । ਇਸ ਉਦਮ ਨਾਲ ਆਸ-ਪਾਸ ਤੇ ਦੂਰ ਦੁਰਾਡੇ ਦੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਸ ਵੇਲੇ ਸਤਿਗੁਰੂ ਸ੍ਰੀ ਤੇਗਬਹਾਦਰ ਸਾਹਿਬ ਹਨ । ਸਿੱਟੇ ਵਜੋਂ ਧੀਰਮਲ ਵਰਗੇ ਦੰਭੀ ਗੁਰੂਆਂ ਦੀਆਂ ਦੁਕਾਨਾਂ ਠੱਪ ਹੋ ਗਈਆਂ ।

ਇਹੀ ਕਾਰਣ ਹੈ ਕਿ 9 ਅਕਤੂਬਰ ਦੇ ਦਿਹਾੜੇ ਨੂੰ ਹੁਣ ਤੱਕ ‘ਗੁਰੂ ਲਾਧੋ ਰੇ’ ਦਿਹਾੜੇ ਨਾਲ ਯਾਦ ਕੀਤਾ ਜਾਂਦਾ ਹੈ । ਪਰ, ਐਸਾ ਨਹੀਂ ਸੀ ਕਿ ਗੁਰੂ ਕਿਸੇ ਭੋਰੇ ਵਿੱਚ ਲੁਕੇ ਹੋਏ ਸਨ ਜਾਂ ਲੱਭਦੇ ਨਹੀਂ ਸਨ । ‘ਭੱਟ ਵਹੀ ਤੂੰਮਰ ਬਿੰਜਲਉਂਤੋ ਕੀ’ ਵਿੱਚ ਭਾਈ ਮੱਖਣ ਸ਼ਾਹ ਦੇ ਪ੍ਰਵਾਰ ਸਮੇਤ ਬਕਾਲੇ ਨਗਰ ਪਹੁੰਚਣ ਅਤੇ ਉਸ ਵੱਲੋਂ ਇੱਕ ਸੌ ਮੌਹਰਾਂ ਭੇਟ ਕਰਨ ਸਬੰਧੀ ਹਵਾਲਾ ਇਉਂ ਮਿਲਦਾ ਹੈ :

ਮੱਖਣ ਸ਼ਾਹ ਬੇਟਾ ਦਾਸੇ ਕਾ, ਪੋਤਾ ਅਰਥੇ ਕਾ, ਪੜਪੋਤਾ ਬਿੰਨੇ ਕਾ, ਬੰਸ ਬਹੋੜੂ ਕੀ । ਲਾਲ ਚੰਦ ਮੱਖਣ ਸ਼ਾਹ ਕਾ, ਚੰਦੂ ਲਾਲ ਮੱਖਣ ਸ਼ਾਹ ਕਾ, ਕੁਸ਼ਾਲ ਚੰਦ ਮੱਖਣ ਸ਼ਾਹ ਕਾ, ਸੋਲਜ਼ਈ ਇਸਤਰੀ ਮੱਖਣ ਸ਼ਾਹ ਕੀ, ਗੋਤਰ ਪੇਲੀਆ ਬਨਜਾਰਾ, ਬਾਸੀ ਮੋਟਾ ਟਾਂਡਾ, ਪਰਗਣਾ ਮੁਜ਼ਫ਼ਰਾਬਾਦ ਕਸ਼ਮੀਰ, ਸਾਲ ਸਤਾਰਾਂ ਸੈ ਇਕੀਸ ਦੀਵਾਲੀ ’ਤੇ ਸ਼ਨੀਵਾਰ ਦੇ ਦਿੰਹ ਬਕਾਲੇ ਨਗਰ ਆਇਆ । ਗੁਰੂ ਤੇਗ ਬਹਾਦਰ ਮਹਲ ਨਾਮੇਂ ਕੇ ਦਰਬਾਰ ਮੇਂ ਇੱਕ ਸੌ ਮੋਹਰੇਂ ਭੇਟ ਕੀ । ਗੈਲ ਧੂੰਮਾ ਬੇਟਾ ਨਾਇਕ ਕਾਨ੍ਹੇ ਬਿਜਲਉਂਤ ਕਾ ਆਇਆ ।

ਜ਼ਿਕਰ ਹੈ ਕਿ ਦੀਵਾਨ ਦੀ ਸਮਾਪਤੀ ਉਪਰੰਤ ਜਦੋਂ ਭਾਈ ਮੱਖਣ ਸ਼ਾਹ ਆਪਣੇ ਸਾਥੀਆਂ ਸਮੇਤ ਨਗਰ ਦੇ ਬਾਹਰਵਾਰ ਆਪਣੇ ਡੇਰੇ ਪਹੁੰਚਾ, ਤਾਂ ਉਸ ਦੇ ਪਿਛੋਂ ਸ਼ੀਹੇਂ ਮਸੰਦ ਦੀ ਅਗਵਾਈ ਵਿੱਚ ਧੀਰਮੱਲੀਆਂ ਗੁਰੂ ਮਾਹਰਾਜ ’ਤੇ ਗੋਲੀ ਚਲਾਈ ਅਤੇ ਇਸ ਪ੍ਰਕਾਰ ਲੁੱਟ-ਮਾਰ ਕਰਦੇ ਹੋਏ ਸਿੱਖ ਸੰਗਤਾਂ ਵੱਲੋਂ ਆਈ ਚੜ੍ਹਤ ਆਦਿਕ ਵੀ ਚੁੱਕ ਕੇ ਲੈ ਗਏ । ਗੁਰੂ ਮਾਹਰਾਜ ਨੇ ਧੀਰਜ ਰੱਖੀ । ਪਰ, ਜਦੋਂ ਮੱਖਣ ਸ਼ਾਹ ਨੂੰ ਪਤਾ ਚੱਲਿਆ ਤਾਂ ਉਸ ਨੇ ਗੁਰਦੇਵ ਜੀ ਦਾ ਨਿਰਾਦਰ ਨਾ ਸਹਿੰਦਿਆਂ ਗੁਰੂ ਜੀ ਪਾਸੋਂ ਧੀਰਮੱਲੀਆਂ ਨੂੰ ਕੁੱਟਾਪਾ ਚਾੜ੍ਹਨ ਤੇ ਲੁੱਟੀਆਂ ਹੋਈਆਂ ਵਸਤੂਆਂ ਵੀ ਵਾਪਸ ਲਿਆਉਣ ਦੀ ਆਗਿਆ ਮੰਗੀ । ਸਤਿਗੁਰੂ ਜੀ ਬੋਲੇ : ਧੰਨਵਾਦ, ਭਾਈ ਮੱਖਣ ਸ਼ਾਹ ! ਪਰ ਖ਼ਿਆਲ ਰੱਖ ਕੇ ਅਸਾਂ ਕੋਈ ਧੰਨ ਬਟੋਰਨ ਲਈ ਦੁਕਾਨ ਨਹੀਂ ਖੋਲ੍ਹੀ । ਕੀ ਹੋ ਗਿਆ ਜੇ ਉਹ ਕੁਝ ਧਨ-ਪਦਾਰਥ ਲੈ ਗਿਆ ਹੈ, ਸ਼ਾਇਦ ਇਸ ਤਰ੍ਹਾਂ ਉਸ ਨੂੰ ਕੁਝ ਠੰਡ ਪੈ ਜਾਏ । ਸਾਨੂੰ ਇਸ ਪੱਖੋਂ ਕੋਈ ਚਿੰਤਾ ਨਹੀਂ । ਚੜ੍ਹਤ (ਗੋਲਕ) ਲਈ ਲੜਣਾ ਗੁਰੂ ਕਿਆਂ ਲਈ ਸ਼ਰਮ ਵਾਲੀ ਗੱਲ ਹੈ । ਭਾਈ ਮੱਖਣ ਸਾਹ ! ਅਸੀਂ ਉਨ੍ਹਾਂ ਵਾਂਗੂੰ ਝਗੜਾ ਨਹੀਂ ਕਰਨਾ । ਮਹਿਮਾ ਪ੍ਰਕਾਸ਼ ਵਿੱਚ ਗੁਰੂ ਮਹਾਂਰਾਜ ਦੇ ਕਥਨ ਨੂੰ ਕਾਵਿਕ ਨਜ਼ਰੀਏ ਤੋਂ ਇਉਂ ਅੰਕਤ ਕੀਤਾ ਗਿਆ ਹੈ :

ਕਹਾਂ ਭਇਓ ਫੁਨ ਲੇ ਗਇਓ ਦਰਬ ਵੇ, ਨਹੀਂ ਸੁ ਚਿੰਤ ਹਮ ਕੋ ਸੋ ਰਾਈ
ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ, ਨਹੀਂ ਸੁ ਬੈਠ ਦੁਕਾਨ ਪਾਈ

ਸਤਿਗੁਰੂ ਜੀ ਦੇ ਉਪਰੋਕਤ ਕਿਸਮ ਦੇ ਬਚਨ ਗੁਰਦੁਆਰਿਆਂ ਦੇ ਅਜੋਕੇ ਪ੍ਰਬੰਧਕ ਪੂਜਾਰੀਆਂ ਲਈ ਰੌਸ਼ਨ ਮੁਨਾਰਾ ਹਨ । ਇਸ ਪੱਖੋਂ ਸਭ ਤੋਂ ਸਿਰਮੌਰ ਸਿੱਖ ਸੰਸਥਾ ਹੈ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਜਿਹੜੀ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਤੇ ਚੰਡੀਗੜ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੀ ਹੈ । ਇਸ ਕੇਂਦਰੀ ਸਿੱਖ ਸੰਸਥਾ ਦੀ ਹੋਂਦ ਤੇ ਜਥੇਬੰਦਕ ਸ਼ਕਤੀ ਨੂੰ ਕਾਇਮ ਰੱਖਣਾ ਸਾਡੇ ਸਾਰਿਆਂ ਲਈ ਲੋੜੀਂਦਾ ਹੈ । ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ’, ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਤੇ ‘ਸ਼੍ਰੋਮਣੀ ਅਕਾਲੀ ਦਲ’ ਸਾਡੀਆਂ ਅਜਿਹੀਆਂ ਪ੍ਰਮੁਖ ਸੰਸਥਾਵਾਂ ਹਨ, ਜਿਨ੍ਹਾਂ ਦੇ ਬਲਬੋਤੇ ਹੁਣ ਤੱਕ ਅਸੀਂ ਘਟ ਗਿਣਤੀ ਹੁੰਦੇ ਹੋਏ ਵੀ ਕੌਮੀ ਦ੍ਰਿਸ਼ਟੀਕੋਨ ਤੋਂ ਕੁਝ ਸੁਰਖਿਅਤ ਚੱਲਦੇ ਆ ਰਹੇ ਹਾਂ । ਭਾਵੇਂ ਕਿ ਹਿੰਦੂਤਵ ਦਾ ਮਗਰਮੱਛ ਸਾਨੂੰ ਨਿਗਲਣ ਲਈ ਬੜਾ ਯਤਨਸ਼ੀਲ ਤੇ ਕਾਹਲਾ ਹੈ ।

ਗਿਰਗਟ ਵਾਗੂੰ ਰੰਗ ਬਦਲਣ ਵਾਲੇ ਇਸ ਮਗਰਮੱਛ ਨੇ ਕਈ ਕਿਸਮ ਦੇ ਪ੍ਰਤੱਖ ਤੇ ਅਪ੍ਰਤੱਖ ਹਮਲੇ ਕੀਤੇ ਹਨ । ਸਿੱਖ ਚਿੰਤਕ ਮੰਨਦੇ ਹਨ ਕਿ ਇਸ ਨੇ ਬਾਦਲ ਜੀ ਰਾਹੀਂ ਸਾਡਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀਤਾ, ਉਹ ਹੈ ਰਾਜਨੀਤਕ ਖੇਤਰ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਇਸ ਨੂੰ ਇੱਕ ਸੈਕੂਲਰ ਪੰਜਾਬੀ ਪਾਰਟੀ ਵਿੱਚ ਬਦਲ ਦੇਣਾ । ਦੂਜਾ ਵੱਡਾ ਨੁਕਸਾਨ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਬੰਦਕ ਕੁੰਡੇ ਨੂੰ ਰਾਜਨੀਤਕ ਦੁਰਵਰਤੋਂ ਦੁਆਰਾ ਕੌਮੀ ਗਲੇ ਦੀ ਫਾਹੀ ਬਣਵਾ ਕੇ । ਕਿਉਂਕਿ ਦੁਖੀ ਹੋਏ ਜਜ਼ਬਾਤੀ ਸਿੱਖ ਭਾਈ ਤੇ ਭੈਣਾਂ ਇਸ ਨੂੰ ਗਲੋਂ ਲਾਹੁਣ ਲਈ ਤਿਆਰ ਹੋਏ ਬੈਠੇ ਹਨ । ਤੀਜਾ ਨੁਕਸਾਨ ਕਰਵਾਇਆ ਹੈ ਨਵੀਂ ਹੋਂਦ ਵਿੱਚ ਆਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੋਮਣੀ ਕਮੇਟੀ ਦੀ ਜਥਬੰਦਕ ਤੇ ਮਾਇਕ ਸ਼ਕਤੀ ਨੂੰ ਵੰਡਾ ਕੇ । ਸਿੱਖ ਬੁੱਧੀ-ਜੀਵੀ ਵਰਗ ਦੀ ਦ੍ਰਿਸ਼ਟੀ ਵਿੱਚ ਇਸ ਲਈ ਮੁਖ ਜ਼ੁਮੇਂਵਾਰ ਹੈ ਬਾਦਲ ਦਾ ਪ੍ਰਵਾਰਕ ਕਬਜ਼ਾ, ਜਿਸ ਨੇ ਪਿਛਲੇ 14 ਸਾਲ ਤੋਂ ਹਰਿਆਣੇ ਵਾਸਤੇ ਵਖਰੀ ਕਮੇਟੀ ਲਈ ਲੜ ਰਹੇ ਲੋਕਾਂ ਨੂੰ ਕਮਜ਼ੋਰ ਜਾਣ ਕੇ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ । ਸਗੋਂ ਆਪਣੇ ਚਹੇਤਿਆਂ ਰਾਹੀਂ ਪ੍ਰਵਾਰਕ ਟ੍ਰਸਟ ਬਣਵਾ ਕੇ ਗੁਰਦੁਆਰਿਆਂ ਦੀ ਜ਼ਮੀਨਾਂ ਵੀ ਹੜੱਪ ਲਈਆਂ, ਜਿਸ ਕਰਕੇ ਆਮ ਲੋਕਾਂ ਦੇ ਗੁੱਸੇ ਵਿੱਚ ਵਾਧਾ ਹੋਇਆ । ਸਿੱਟੇ ਵਜੋਂ ਸਟੇਟ ਦੇ ਸੰਵਿਧਾਨਕ ਕਨੂੰਨ ਤਹਿਤ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋ ਗਿਆ । ਬਾਦਲ ਜੀ ਹੁੱਡਾ ਸਰਕਾਰ ਦੀ ਇਸ ਕਾਰਵਾਈ ਨੂੰ ਕਾਂਗਰਸ ਦਾ ਤੀਜਾ ਹਮਲਾ ਗਰਦਾਨ ਰਹੇ ਹਨ । ਪਰ, ਉਨ੍ਹਾਂ ਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਵਾਂਗ ਕਾਂਗਰਸ ਦੀ ਇਸ ਕਾਰਵਾਈ ਤੋਂ ਭਾਜਪਾ ਨੂੰ ਵੱਖ ਰਖ ਕੇ ਵੇਖਣਾ ਇੱਕ ਭੁਲੇਖਾ ਹੈ ।

ਭਾਜਪਾ ਦਾ ਹਥ-ਠੋਕਾ ਬਣ ਕੇ ਸਿੱਖੀ ਨੂੰ ਭਗਵੇਂ ਰੰਗ ਵਿੱਚ ਰੰਗਣ ਲਈ ਸਹਾਇਕ ਹੋ ਰਹੇ ਬਾਦਲ ਦੀਆਂ ਉਪਰੋਕਤ ਕਾਰਵਾਈਆਂ ਤੋਂ ਦੁੱਖੀ ਹੋਇਆ ਦੇਸ਼ ਵਿਦੇਸ਼ ਦਾ ਸਿੱਖ ਭਾਈਚਾਰਾ ਭਾਵੇਂ ਇਸ ਵੇਲੇ ਹਰਿਆਣਾ ਕਮੇਟੀ ਨਾਲ ਖੜ ਗਿਆ ਹੈ । ਪਰ, ਗੰਭੀਰਤਾ ਨਾਲ ਸੋਚਿਆਂ ਕੁਝ ਖਾਸ ਲਾਭ ਨਹੀਂ ਦਿੱਸਦਾ । ਜਥੇਬੰਦਕ ਤੌਰ ‘ਤੇ ਆਪਸੀ ਲੜਾਈ ਵਿੱਚ ਵਾਧਾ ਹੋਵੇਗਾ । ਕਿਉਂਕਿ, ਚਉਧਰਤਾ ਦੀ ਲਾਲਸਾ ਕਾਰਨ ਚੜ੍ਹਤ ’ਤੇ ਕਬਜ਼ਾ ਰੱਖਣ ਵਾਲੇ ਲੋਕ ਜਿਵੇਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਜੋਂ ਲੜਦੇ ਸਨ । ਹੁਣ, ਉਨ੍ਹਾਂ ਵਿੱਚ ਇੱਕ ਹੋਰ ਤੀਜੀ ਧਿਰ ਵੀ ਰੱਲ ਜਾਏਗੀ । ਫਰਕ ਇਨ੍ਹਾਂ ਸਾਰਿਆਂ ਵਿੱਚ ਉੱਨੀ ਇੱਕੀ ਦਾ ਹੀ ਹੈ, ਬਹੁਤਾ ਨਹੀਂ । ਸਿਆਣੇ ਮੰਨਦੇ ਹਨ ਕਿ ਜੇ ਬਾਦਲ ਆਪਣੀ ਰਾਜਨੀਤਕ ਸ਼ਖਸੀਅਤ ਦੀ ਵਰਤੋਂ ਕਰਦਾ ਹੋਇਆ ਝੀਂਡੇ ਤੇ ਨਲਵੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪਿਆਰ ਨਾਲ ਸਮਝਾਉਂਦਾ ਤੇ ਹਰਿਆਣੇ ਦੇ ਸਿੱਖਾਂ ਦੀ ਇੱਕ ਵੱਖਰੀ ਐਡਹਾਕ ਕਮੇਟੀ ਬਣਾ ਕੇ ਉਥੋਂ ਦੀ ਪ੍ਰਬੰਧਕੀ ਜ਼ਿਮੇਵਾਰੀ ਉਹਨੂੰ ਸੌਂਪ ਦਿੰਦਾ ਤਾਂ ਇਹ ਨੌਬਤ ਨਹੀਂ ਸੀ ਆਉਣੀ । ਬਾਦਲ ਦੀ ਕਾਰਗੁਜ਼ਾਰੀ ਤੋਂ ਸਿੱਖ ਭਾਈਚਾਰਾ ਹੋਰ ਵੀ ਵਧੇਰੇ ਕ੍ਰੋਧਿਤ ਹੋਇਆ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਕੇ ਹਰਿਆਣਵੀ ਸਿੱਖ ਆਗੂਆਂ ਨੂੰ ਗਲੇ ਲਗਾ ਕੇ ਸਮਝਾਉਣ ਦੀ ਥਾਂ ਪੰਥ ਵਿਚੋਂ ਛਿਕਵਾ ਦਿੱਤਾ । ਸਿੱਖ ਜਗਤ ਲਈ ਉਦੋਂ ਸਥਿਤੀ ਹੋਰ ਵੀ ਚਿੰਤਾਜਨਕ ਤੇ ਗੰਭੀਰ ਬਣ ਗਈ ਜਦੋਂ ਬਾਦਲਕਿਆਂ ਨੇ ਨਰੈਣੂ ਮਹੰਤ ਵਾਂਗ ਆਪਣੇ ਹਥਿਆਰਬੰਦ ਗੁੰਡਿਆਂ ਨੂੰ ਹਰਿਆਣੇ ਦੇ ਗੁਰਦੁਆਰਿਆਂ ਵਿੱਚ ਤਾਇਨਾਤ ਕਰ ਦਿੱਤਾ, ਤਾਂ ਕਿ ਹਰਿਆਣਵੀ ਭਰਾ ਕਬਜ਼ਾ ਨਾ ਕਰ ਸਕਣ । ਹੋਰ ਸ਼ਰਮ ਵਾਲੀ ਗੱਲ ਹੈ ਕਿ ਬਾਦਲ ਜੀ ਆਪਣੀ ਅਗਵਾਈ ਹੇਠ ਸ੍ਰੀ ਅਨੰਦਪੁਰ ਦੇ ਮਤੇ ਅਤੇ ਆਲਇੰਡੀਆ ਗੁਰਦੁਆਰਾ ਐਕਟ ਨੂੰ ਲਾਗੂ ਕਰਾਉਣ ਲਈ ਕੇਂਦਰੀ ਸਰਕਾਰ ਵਿਰੁਧ ਮੋਰਚਾ ਲਾਉਣ ਦੀ ਥਾਂ ਆਪਣੇ ਹੀ ਸਿੱਖ ਭਰਾਵਾਂ ਵਿਰੁਧ ਮੋਰਚੇਬੰਦੀ ਕਰੀ ਬੈਠਾ ਹੈ । ਇਸ ਭਰਾ-ਮਾਰੂ ਲੜਾਈ ਨੂੰ ਮੋਰਚੇ ਦੇ ਨਾ ਦੇਣਾ ਹੀ ਗ਼ਲਤ ਹੈ ।

ਹੁਣ ਜਦੋਂ ਪੰਜਾਬ ਦਾ ਬੁੱਧੀ-ਜੀਵੀ ਵਰਗ ਬਾਦਲਕਿਆਂ ਦੀ ਇਸ ਭਰਾ-ਮਾਰੂ ਲੜਾਈ ਤੋਂ ਚਿੰਤਤ ਹੋ ਕੇ ਦੋਹਾਂ ਧਿਰਾਂ ਨੂੰ ਅਪੀਲਾਂ ਕਰ ਰਿਹਾ ਹੈ ਕਿ ਪੰਥਕ ਹਿੱਤਾਂ ਵਿੱਚ ਉਹ ਆਪਣੀਆਂ 27 ਤੇ 28 ਜੁਲਾਈ ਨੂੰ ਹੋਣ ਵਾਲੀਆਂ ਕਾਨਫਰੰਸਾਂ ਹਾਲ ਦੀ ਘੜੀ ਮੁਲਤਵੀ ਕਰ ਦੇਣ ਤਾਂ ਕਿ ਦੋਹਾਂ ਧਿਰਾਂ ਨੂੰ ਬੈਠਾ ਕੇ ਮਸਲੇ ਦਾ ਕੋਈ ਸਰਬਸਾਂਝਾ ਹੱਲ ਕੱਢਿਆ ਜਾ ਸਕੇ ; ਤਾਂ ਅਜਿਹੀ ਸਥਿਤੀ ਵਿੱਚ ਦੋਹਾਂ ਨੂੰ ਅਪੀਲ ਮੰਨ ਕੇ ਸ੍ਰੀ ਗੁਰੂ ਤੇਗਬਾਹਦਰ ਸਾਹਿਬ ਦੇ ਮੱਖਣ ਸ਼ਾਹ ਨੂੰ ਸੰਬੋਧਤ ਹੋ ਕੇ ਕਹੇ ਹੋਏ ਬਚਨ “ ਭਾਈ ਮੱਖਣ ਸ਼ਾਹ ! ਗੁਰਦੁਆਰਾ ਦੁਕਾਨਦਾਰੀ ਨਹੀਂ । ਗੁਰੂ ਕਿਆਂ ਲਈ ਚੜ੍ਹਤ ਪਿੱਛੇ ਝਗੜਾ ਕਰਨਾ ਸ਼ਰਮ ਵਾਲੀ ਗੱਲ ਹੈ ।” ਗੰਭੀਰਤਾ ਨਾਲ ਵਿਚਾਰਨੇ ਚਾਹੀਦੇ ਹਨ । ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦਾ ਮੁਖੀ ਹੋਣ ਨਾਤੇ ਬਾਦਲ ਜੀ ਦਾ ਵਡੱਪਣ ਤਾਂ ਇਸ ਵਿੱਚ ਸੀ ਕਿ ਗੁਰੂ ਮਹਾਰਾਜ ਵਰਗੇ ਉਪਰੋਕਤ ਬਚਨਾਂ ਦੀ ਰੌਸ਼ਨੀ ਵਿੱਚ ਹੇਠ ਲਿਖੇ ਪੰਥ-ਦਰਦੀ ਬੋਲ ਉਸ ਦੇ ਮੂੰਹੋਂ ਨਿਕਲਦੇ ।

ਸ਼੍ਰੋਮਣੀ ਅਕਾਲੀ ਦਲ ਗੋਲਕਾਂ ਲਈ ਝਗੜਾ ਕਰਕੇ ਆਪਣੇ ਭਰਾਵਾਂ ਦਾ ਖ਼ੂਨ ਨਹੀਂ ਡੋਲ੍ਹੇਗਾ । ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਪੰਥਕ ਹਿੱਤਾਂ ਵਿੱਚ ਨਹੀਂ । ਪਰ, ਜੇ ਹਰਿਆਣਵੀ ਭਰਾਵਾਂ ਨੇ ਵੱਖ ਹੋਣ ਦੀ ਭੁੱਲ ਕਰ ਵੀ ਲਈ ਹੈ ਤਾਂ ਕੋਈ ਗੱਲ ਨਹੀਂ । ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ । ਕਿਉਂਕਿ, ਇਹ ਕਨੂੰਨੀ ਖੇਡ ਹੈ । ਜੇ ਇਸ ਤਰ੍ਹਾਂ ਵੀ ਕੋਈ ਗੱਲ ਨਾ ਬਣੀ ਅਤੇ ਕੇਂਦਰ ਵਿੱਚ ਬੈਠੇ ਸਾਡੇ ਭਾਈਵਾਲਾਂ ਨੇ ਵੀ ਕੁਝ ਨਾ ਸਵਾਰਿਆ ਤਾਂ ਮੈਂ ਭਾਜਪਾ ਦਾ ਸਾਥ ਛੱਡ ਕੇ ਬੁੱਢੇਵਾਰੇ ਕੇਂਦਰ ਸਰਕਾਰ ਪਾਸੋਂ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕਰਾਉਣ ਲਈ ਮੋਰਚੇ ਦੀ ਅਗਵਾਈ ਕਰਾਂਗਾ । ਸ਼੍ਰੀ ਅਨੰਦਪੁਰ ਦਾ ਮਤਾ ਸਾਡਾ ਪੰਥਕ ਏਜੰਡਾ ਹੋਵੇਗਾ ਤੇ ਸਾਡੇ ਦਲ ਦਾ ਹਰੇਕ ਅਹੁਦੇਦਾਰ ਸਾਬਤ ਸੂਰਤ ਹੋਵੇਗਾ । ਕੋਈ ਨਸ਼ਈ ਨਹੀਂ ਹੋਵੇਗਾ । ਕਿਉਂਕਿ, ਵਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੀ ਮਾਰ ਨੂੰ ਰੋਕਣ ਲਈ ਅਕਾਲੀ ਦਲ ਨੂੰ ਮਾਡਲ ਵਜੋਂ ਪੇਸ਼ ਕਰਨਾ ਅਤਿਅੰਤ ਜ਼ਰੂਰੀ ਹੈ । ਇਸ ਦੌਰ ਵਿੱਚ ਜੇ ਹਰਿਆਣਾ ਕਮੇਟੀ ਦੀ ਚੋਣ ਹੋਈ ਤਾਂ ਦਿੱਲੀ ਕਮੇਟੀ ਵਾਂਗ ਹਰਿਆਣੇ ਦੀ ਕਮੇਟੀ ’ਤੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਝੂਲੇਗਾ । ਕਿਉਂਕਿ ਸਿੱਖ ਜਗਤ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਜਥੇਬੰਦਕ ਸ਼ਕਤੀ ਨੂੰ ਕਮਜ਼ੋਰ ਨਹੀਂ ਦੇਖਣਾ ਚਹੁੰਦਾ । ਮੈਂ ਜਾਣਦਾ ਹਾਂ ਕਿ ਅਜਿਹੀ ਰਾਜਨੀਤਕ ਸਥਿਤੀ ਵਿੱਚ ਮੇਰੀਆਂ ਗੱਲਾਂ ’ਤੇ ਸਾਰਿਆਂ ਲਈ ਭਰੋਸਾ ਕਰਨਾ ਭਾਵੇਂ ਮੁਸ਼ਕਲ ਹੈ । ਪਰ, ਮੈਨੂੰ ਪੂਰਨ ਆਸ ਹੈ ਕਿ ਖਾਲਸਾ ਪੰਥ ਮੇਰੀਆਂ ਭੁੱਲਾਂ ਨਾ ਚਿਤਾਰਦਾ ਹੋਇਆ ਮੇਰਾ ਸਾਥ ਦੇਵੇਗਾ ।

ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਜੇ ਬਾਦਲ ਜੀ ਅੰਦਰ ਥੋੜਾ ਵੀ ਪੰਥਕ ਦਰਦ ਹੈ, (ਜਿਵੇਂ ਉਨ੍ਹਾਂ ਆਪਣੇ ਸਾਥੀਆਂ ਸਾਹਮਣੇ ਅਥਰੂ ਵਹਾ ਕੇ ਪ੍ਰਗਟ ਕੀਤਾ ਹੈ) ਤਾਂ ਉਹ ਨੌਵੇਂ ਪਾਤਸ਼ਾਹ ਦੀ ਸਿਖਿਆ ਅਤੇ ਪੰਥ-ਦਰਦੀ ਵਿਦਵਾਨਾਂ ਦੀ ਦਿਲੀ-ਹੂਕ ਨੂੰ ਧਿਆਨ ਵਿੱਚ ਰੱਖ ਕੇ ਉਪਰੋਕਤ ਕਿਸਮ ਦਾ ਐਲਾਨ ਕਰਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਨ ਕਿ ਉਹ ਹਰਿਆਣਵੀ ਭਰਾਵਾਂ ਪ੍ਰਤੀ ਲਏ ਗਏ ਪੰਥ ਛੇਕੂ ਫੈਸਲੇ ਨੂੰ ਮੁੜ ਵਿਚਾਰਨ । ਕਿਉਂਕਿ, ਇਸ ਬਾਰੇ ਸ਼੍ਰੋਮਣੀ ਕਮੇਟੀ ਰਾਹੀਂ ਕੀਤੀ ਗਈ ਸਾਡੀ ਬੇਨਤੀ ਤਾਂ ਕੇਵਲ ਸ਼੍ਰੋਮਣੀ ਸਿੱਖ ਜਥੇਬੰਦੀ ਨੂੰ ਟੁੱਟਣ ਤੋਂ ਬਚਾਉਣ ਦਾ ਇੱਕ ਆਖ਼ਰੀ ਯਤਨ ਸੀ । ਇਸ ਵਿੱਚ ਹੀ ਪੰਥ ਦਾ ਭਲਾ ਤੇ ਗੁਰੂ ਕੀ ਖੁਸ਼ੀ ਦਾ ਰਾਜ ਛਿਪਿਆ ਹੋਇਆ ਹੈ । ਪਰ, ਜੇਕਰ ਅਜਿਹਾ ਨਾ ਹੋਇਆ ਤਾਂ ਫਿਰ ਯਾਦ ਰੱਖਣਾ “ਡੂਬੇ ਕੀ ਕਸ਼ਤੀ ਤੋ ਡੂਬੇਂਗੇ ਸਾਰੇ । ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ ।” ਭੁੱਲ-ਚੁੱਕ ਮੁਆਫ਼ ।

ਗੁਰੂ ਪੰਥ ਦਾ ਦਾਸ :
ਜਗਤਾਰ ਸਿੰਘ ਜਾਚਕ, ਨਿਊਯਾਰਕ
ਫੋਨ : 1-631-592-4335


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top