Share on Facebook

Main News Page

ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (HSGPC) ਲਈ 41 ਮੈਂਬਰ (Adhoc) ਨਾਮਜ਼ਦ

ਚੰਡੀਗੜ੍ਹ, 23 ਜੁਲਾਈ : ਕੇਂਦਰ ਸਰਕਾਰ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਇਕ ਹੋਰ ਕਦਮ ਪੁਟਦਿਆਂ ਅੱਜ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ (ਐਚ.ਐਸ.ਜੀ.ਪੀ.ਸੀ) ਲਈ 41 ਮੈਂਬਰ (ਐਡਹਾਕ) ਨਾਮਜ਼ਦ ਕਰ ਦਿਤੇ।

ਹਰਿਆਣਾ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਐਕਟ, 2014 ਤਹਿਤ ਬਣਾਈ ਗਈ ਕਮੇਟੀ ਹਾਲ ਦੀ ਘੜੀ ਹਰਿਆਣੇ ਦੇ ਗੁਰਦਵਾਰਿਆਂ ਦੀ ਸਾਂਭ-ਸੰਭਾਲ ਕਰੇਗੀ।

ਸੰਭਾਵਨਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇੰਜ ਇਹ ਐਡਹਾਕ ਕਮੇਟੀ ਤਦ ਤਕ ਹੀ ਹੋਂਦ ਵਿਚ ਰਹੇਗੀ। ਉਦੋਂ ਤਕ ਗੁਰਦਵਾਰਿਆਂ ਉਤੇ ਐਡਹਾਕ ਕਮੇਟੀ ਦਾ ਕੰਟਰੋਲ ਹੋਵੇਗਾ।

ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਸੂਬੇ ਦੇ ਗੁਰਦਵਾਰਿਆਂ ਦੀ ਸਾਂਭ-ਸੰਭਾਲ ਵਾਸਤੇ ਵਖਰੀ ਗੁਰਦਵਾਰਾ ਕਮੇਟੀ ਬਣਾਉਣ ਹਿੱਤ ਵਿਧਾਨ ਸਭਾ ਵਿਚ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਪੰਜਾਬ ਦੀ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਖ਼ਤ ਵਿਰੋਧ ਕਰ ਰਹੀ ਹੈ।

ਕਮੇਟੀ ਦੀ ਕਾਇਮੀ ਰੁਕਵਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਦੇ ਹੀ ਦਬਾਅ ਪਾਉਣ 'ਤੇ ਕੇਂਦਰ ਸਰਕਾਰ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਸੂਬੇ ਦੇ ਰਾਜਪਾਲ ਨੂੰ ਕਹਿਣ ਕਿ ਉਹ ਵਖਰੀ ਕਮੇਟੀ ਦੇ ਬਿਲ ਨੂੰ ਦਿਤੀ ਗਈ ਪ੍ਰਵਾਨਗੀ ਵਾਪਸ ਲੈਣ।

ਹਰਿਆਣਾ ਸਰਕਾਰ ਨੇ ਕੇਂਦਰ ਦੀ ਚਿੱਠੀ 'ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕੇਂਦਰ ਨੂੰ ਹੀ ਕਹਿ ਦਿਤਾ ਸੀ ਕਿ ਉਹ ਅਪਣੀ ਚਿੱਠੀ ਵਾਪਸ ਲਵੇ ਕਿਉਂਕਿ ਇਹ ਬਿਲਕੁਲ ਹੀ ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਹੈ। ਇਸ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਦਰਮਿਆਨ ਮਾਹੌਲ ਗਰਮਾਉਂਦਾ ਜਾ ਰਿਹਾ ਹੈ।

11 ਜੁਲਾਈ ਨੂੰ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਬਿਲ ਅਨੁਸਾਰ ਐਡਹਾਕ ਕਮੇਟੀ ਹਰਿਆਣਾ ਵਿਚ ਸਥਿਤ ਗੁਰਦਵਾਰਿਆਂ ਅਤੇ ਇਨ੍ਹਾਂ ਨਾਲ ਸਬੰਧਤ ਚਲ-ਅਚਲ ਸੰਪਤੀ ਦੇ ਪ੍ਰਬੰਧ ਵੇਖੇਗੀ। ਐਡਹਾਕ ਕਮੇਟੀ ਇਹ ਕੰਮ ਉਦੋਂ ਤਕ ਵੇਖਣਾ ਜਾਰੀ ਰਖੇਗੀ ਜਦ ਤਕ ਚੁਣੀ ਹੋਈ ਕਮੇਟੀ ਹੋਂਦ ਵਿਚ ਨਹੀਂ ਆ ਜਾਂਦੀ। ਹਰਿਆਣਾ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਖਲਬਲੀ ਮਚ ਗਈ ਹੈ। ਚੇਤੇ ਰਹੇ ਕਿ ਹਰਿਆਣਾ ਸਰਕਾਰ ਨੇ ਹਾਲੇ ਐਡਹਾਕ ਕਮੇਟੀ ਹੀ ਨਾਮਜ਼ਦ ਕੀਤੀ ਹੈ ਜਦਕਿ ਤਿੰਨ ਮੈਂਬਰੀ ਹਰਿਆਣਾ ਸਿੱਖ ਗੁਰਦਵਾਰਾ ਜੁਡੀਸ਼ਲ ਕਮਿਸ਼ਨ ਦਾ ਗਠਨ ਹੋਣਾ ਹਾਲੇ ਬਾਕੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top