Share on Facebook

Main News Page

ਮਸਲਾ ਹਰਿਆਣੇ ਦੀ ਵੱਖਰੀ ਕਮੇਟੀ ਦੇ ਆਗੂਆਂ ਨੂੰ ਪੰਥ ਵਿੱਚੋਂ ਛੇਕਣ ਦਾ
ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ
-:
ਹਰਲਾਜ ਸਿੰਘ ਬਹਾਦਰਪੁਰ

ਟਿੱਪਣੀ: ਸ. ਹਰਲਾਜ ਸਿੰਘ ਬਹਾਦਰਪੁਰ ਵਲੋਂ ਲਿਖਿਆ ਇਹ ਲੇਖ ਜ਼ਰੂਰ ਪੜਿਆ ਜਾਵੇ, ਜਿਸ ਵਿੱਚ ਇੱਕ ਇੱਕ ਅੱਖਰ ਸੱਚਾਈ ਬਿਆਨ ਕਰ ਰਿਹਾ ਹੈ, ੳਤੇ ਉਹ ਲੋਕ ਤਾਂ ਜ਼ਰੂਰ ਪੜ੍ਹਨ ਜਿਹੜੇ ਹਾਲੇ ਵੀ ਅਕਾਲ ਤਖ਼ਤ 'ਤੇ ਕਾਬਿਜ਼ ਮਸੰਦ ਨੂੰ ਸਰਵਉੱਚ ਮੰਨਦੇ ਹਨ। ਸਿੱਖਾਂ ਲਈ ਸਰਵਉੱਚ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਹੋਰ ਕੋਈ ਬਿਲਡਿੰਗ ਜਾਂ ਵਿਅਕਤੀ ਨਹੀਂ। - ਸੰਪਾਦਕ ਖ਼ਾਲਸਾ ਨਿਊਜ਼

ਪਰਕਾਸ਼ (ਹਨੇਰ) ਸਿੰਘ ਬਾਦਲ ਜਿਸ ਤਰ੍ਹਾਂ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨਾਂ ਅਤੇ ਪੰਜਾਬ ਦੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਗੁਲਾਮ ਬਣਾ ਕੇ ਵਰਤ ਰਹੇ ਹਨ । ਸਿੱਖੀ ਦਾ ਘਾਣ ਅਤੇ ਸਿੱਖੀ ਵਿਰੋਧੀ ਡੇਰੇਦਾਰਾਂ + ਆਰ.ਐਸ.ਐਸ. ਨਾਲ ਵਫਾਦਾਰੀਆਂ ਨਿਭਾ ਰਹੇ ਹਨ, ਸ਼੍ਰੋ:ਗੁ:ਪ੍ਰ:ਕਮੇਟੀ ਦੇ ਮੈਂਬਰਾਂ ਅਤੇ ਗੁਰੂ ਕੀਆਂ ਗੋਲਕਾਂ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤ ਰਹੇ ਹਨ । ਬਾਦਲ ਦੀ ਅਜਿਹੀ ਬੇਇਮਾਨੀ ਵਾਲੀ ਨੀਤੀ ਕਾਰਣ ਹਰਿਆਣਾ, ਚੰਡੀਗੜ ਆਦਿ ਵੱਖਰੇ ਸੂਬਿਆਂ ਦੀਆਂ ਵੱਖਰੀਆਂ ਕਮੇਟੀਆਂ ਤਾਂ ਬਣਨਗੀਆਂ ਹੀ ਬਨਣਗੀਆਂ ।

ਹੁਣ ਤਾਂ ਉਹ ਸਮਾਂ ਵੀ ਛੇਤੀ ਹੀ ਆਵੇਗਾ, ਜਦੋਂ ਪੰਜਾਬ ਦੇ ਲੋਕ ਬਾਦਲ ਦੀ ਕਠਪੁਤਲੀ ਬਣੀ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਅਖੌਤੀ ਜਥੇਦਾਰਾਂ ਨੂੰ ਮਹੰਤਾਂ ਵਾਂਗ ਗੁਰੂ ਘਰਾਂ ਵਿੱਚੋਂ ਕੱਢ ਕੇ ਪੰਜਾਬ ਦੇ ਗੁਰੂਘਰਾਂ ਨੂੰ ਵੀ ਅਜ਼ਾਦ ਕਰਵਾਉਣਗੇ । ਕਾਂਗਰਸ ਨੂੰ ਧਰਮ ਵਿੱਚ ਦਖਲ ਦੇਣ ਦੇ ਨਾਮ ਤੇ ਬਦਨਾਮ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆਰ.ਐਸ.ਐਸ. ਦੇ ਹੱਥ ਠੋਕੇ ਬਣੇ ਬਾਦਲ ਕੇ ਮਹੰਤਾਂ ਨੇ ਆਪਣੇ ਕਬਜੇ ਵਿੱਚੋਂ ਹਰਿਆਣੇ ਦੀ ਗੋਲਕ ਅਤੇ ਚੌਧਰ ਜਾਂਦੀ ਵੇਖ ਕੇ ਧਰਮ ਵਿੱਚ ਸਿੱਧੀ ਦਖਲ ਅੰਦਾਜੀ ਕਰਦਿਆਂ ਆਪਣੇ ਆਖਰੀ ਹਥਿਆਰ ਅਕਾਲ ਤਖਤ ਦੇ ਹੁਕਮਨਾਮੇ ਰਾਹੀਂ, ਹਰਿਆਣੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉੇਣ ਵਾਲੇ ਆਗੂਆਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ ਵਿੱਚੋਂ ਛੇਕਵਾ ਦਿੱਤਾ ਹੈ । ਕੀ ਸਿੱਖ ਜਗਤ ਇਸਨੂੰ ਅਕਾਲ ਤਖਤ ਦਾ ਹੁਕਮਨਾਮਾ ਮੰਨੇਗਾ ? ਨਹੀਂ । ਇਹ ਤਾਂ ਨੰਗਾ ਚਿੱਟਾ ਬਾਦਲ ਦਾ ਹੁਕਮਨਾਮਾ ਹੈ । ਇਸਨੂੰ ਅਕਾਲ ਤਖਤ ਦਾ ਹੁਕਮਨਾਮਾ ਕਹਿਣਾ ਜਾਂ ਮੰਨਣਾ ਅਕਾਲ ਤਖਤ ਦੀ ਬੇਅਦਬੀ ਕਰਨਾ ਹੈ । ਅਕਾਲ ਤਖਤ ਤੋਂ ਜਾਰੀ ਹੁੰਦੇ ਰਹੇ ਅਜਿਹੇ ਸਿਆਸੀ ਬਦਲਾਖੋਰੀ ਵਾਲੇ ਅਖੌਤੀ ਹੁਕਮਨਾਮਿਆਂ ਨੇ ਅੱਜ ਤੱਕ ਸਿੱਖ ਕੌਮ ਦਾ ਜਲੂਸ ਹੀ ਕੱਢਵਾਇਆ ਹੈ ।

ਕੀ ਕਦੇ ਅਕਾਲ ਤਖਤ ਦੇ ਜਥੇਦਾਰਾਂ ਨੇ ਜੁਲਮ ਦੇ ਵਿਰੁੱਧ ਕਿਸੇ ਸੰਘਰਸ਼ ਦੀ ਹਮਾਇਤ ਕੀਤੀ ਹੈ? ਅਕਾਲ ਤਖਤ ਦੇ ਜਥੇਦਾਰ ਤਾਂ ਸਿੱਖ ਕੌਮ ਦੇ ਕਾਤਲਾਂ (ਜਨਰਲ ਡਾਇਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ) ਨੂੰ ਸਿਰੋਪੇ ਹੀ ਦਿੰਦੇ ਰਹੇ ਹਨ ਅਤੇ ਵਿਚਾਰਵਾਨ ਸਿੱਖਾਂ (ਪ੍ਰੋ: ਗੁਰਮੁੱਖ ਸਿੰਘ ਜੀ, ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿੰਘ ਜੀ ਤੱਕ ਅਤੇ ਹੁਣ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਉੱਦਮ ਕਰਨ ਵਾਲੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ) ਨੂੰ ਪੰਥ ਵਿੱਚੋਂ ਛੇਕਦੇ ਹੀ ਰਹੇ ਹਨਜੇ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਸਰਵੋਤਮ ਮੰਨਦੇ ਹਰਾਂਗੇ, ਫਿਰ ਸਿੱਖ ਕੌਮ ਦੀ ਬਰਬਾਦੀ ਨੂੰ ਕੌਣ ਰੋਕ ਸਕਦਾ ਹੈ ।

ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ। ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ । ਇਸ ਲਈ ਸਿੱਖਾਂ ਦੀ ਸ਼ੀਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕਣਾ ਚਾਹੀਦਾ ਹੈ । ਨਾ ਕਿ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਸਿਆਸੀ ਹੁਕਮਨਾਮਿਆਂ ਅੱਗੇ ।

ਅਕਾਲ ਤਖਤ ਅਤੇ ਇੱਥੋਂ ਜਾਰੀ ਹੁੰਦਿਆਂ ਹੁਕਮਨਾਮਿਆਂ ਬਾਰੇ ਅਖਬਾਰਾਂ, ਪੁਸਤਕਾਂ ਤੇ ਰਸਾਲਿਆਂ ਵਿੱਚੋਂ ਜੋ ਕੁੱਝ ਪੜ੍ਹ ਸੁਣ ਕੇ ਸਿੱਖਿਆ ਮਿਲੀ ਹੈ ਉਸ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਕਾਲ ਤਖਤ ਸਾਹਿਬ ਦੇ ਪਹਿਲੇ ਨਾਮ, ਤਖਤ ਜਾਂ ਅਕਾਲ ਬੁੰਗਾ ਆਦਿ ਅਤੇ ਇਸਦੀ ਸਥਾਪਨਾ ਦੇ ਸੰਨ ਵੀ ਵੱਖ-ਵੱਖ ਲਿਖੇ ਮਿਲਦੇ ਹਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਥੋਂ ਸਿੱਖ ਸੰਗਤਾਂ ਲਈ ਹੁਕਮਨਾਮੇ ਜਾਰੀ ਕੀਤੇ ਸਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ ਕੁੱਝ ਸਮਾਂ ਹੀ ਠਹਿਰੇ ਸਨ ਤੇ ਬਾਅਦ ਵਿੱਚ ਕੋਈ ਵੀ ਗੁਰੂ ਇਸ ਤਖਤ ਤੇ ਨਹੀਂ ਆਇਆ। ਇਹ ਵੀ ਜਿਕਰ ਮਿਲਦਾ ਹੈ ਕਿ ਸਿੱਖ ਅਕਾਲ ਤਖਤ ਦੇ ਸਾਹਮਣੇ ਇੱਕਠੇ ਹੋ ਕੇ ਪੰਥਕ ਫੈਸਲੇ ਕਰਦੇ ਰਹੇ ਸਨ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਜਾਂ ਜਥੇਦਾਰ ਦੇ ਹੁਕਮਨਾਮੇ ਦਾ ਜਿਕਰ 1920 ਤੱਕ ਕਿਤੇ ਨਹੀਂ ਮਿਲਦਾ। ਉਂਝ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਅਕਾਲ ਤਖਤ ਦੇ ਮਾਲਕ ਹਨ, ਸਿੱਖਾਂ ਲਈ ਗੁਰਬਾਣੀ ਹੀ ਅਕਾਲ ਤਖਤ ਦਾ ਹੁਕਮ ਹੈ ਜੋ ਹਰ ਸਿੱਖ ਲਈ ਮੰਨਣਾ ਲਾਜਮੀ ਹੈ। ਕਿਉਂਕਿ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਕੋਈ ਮਨੁੱਖ ਅਕਾਲ ਤਖਤ ਦਾ ਮਾਲਕ ਜਾਂ ਜਥੇਦਾਰ ਨਹੀਂ ਹੋ ਸਕਦਾ। ਕਿਸੇ ਤਨਖਾਹਦਾਰ ਪੁਜਾਰੀ ਅਖੌਤੀ ਜਥੇਦਾਰ ਦੇ ਬੋਲਾਂ ਕਬੋਲਾਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਹਿਣਾ, ਗੁਰਬਾਣੀ ਅਤੇ ਅਕਾਲ ਤਖਤ ਦੇ ਸਿਧਾਂਤਾਂ ਦਾ ਅਪਮਾਨ ਹੈ। ਹਾਂ ਜੇ ਕਿਤੇ ਮਨੁੱਖਤਾ ਦੇ ਭਲੇ ਲਈ ਜਾਂ ਸਿੱਖ ਕੌਮ ਨੂੰ ਕਿਸੇ ਸਾਂਝੇ ਪੰਥਕ ਕਾਰਜਾਂ ਲਈ ਕੋਈ ਪੰਥਕ ਫੈਸਲਾ ਕਰਨ ਦੀ ਜਰੂਰਤ ਹੋਵੇ ਤਾਂ ਕਿਸੇ ਵੀ ਜਗ੍ਹਾ ’ਤੇ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਆਣੇ ਸਿੱਖ ਵਿਦਵਾਨ ਇੱਕਠੇ ਹੋ ਕੇ ਗੁਰਮਤਿ ਅਨੁਸਾਰ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਕਰਨ, ਉਸ ਫੈਸਲੇ ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਵੇ।

ਅਜਿਹੇ ਫੈਸਲੇ ਨੂੰ ਸਿੱਖ ਪੰਥ ਦਾ ਹੁਕਮਨਾਮਾ ਜਾਂ ਫੈਸਲਾ ਕਿਹਾ ਜਾ ਸਕਦਾ ਹੈ। ਇਸ ਲਈ ਗੁਰਬਾਣੀ, ਗੁਰਮਤਿ ਅਨੁਸਾਰ ਹੋਏ ਫੈਸਲੇ ਨੂੰ ਮੰਨਣਾ ਹੀ ਅਕਾਲ ਤਖਤ ਨੂੰ ਮੰਨਣਾ ਹੈ ਅਤੇ ਗੁਰਬਾਣੀ ਨੂੰ ਨਾ ਮੰਨਣਾ, ਗੁਰਮਤਿ ਦੇ ਉਲਟ ਕਾਰਜ ਕਰਕੇ, ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਨੀ ਹੀ ਅਕਾਲ ਤਖਤ ਨੂੰ ਨਾ ਮੰਨਣਾ ਹੈ, ਅਕਾਲ ਤਖਤ ਨਾਲ ਮੱਥਾ ਲਾਉਣਾ ਹੈ ਅਤੇ ਅਕਾਲ ਤਖਤ ਨੂੰ ਚੁਣੌਤੀ ਦੇਣੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਤਖਤਾਂ ਦੇ ਅਖੌਤੀ ਜਥੇਦਾਰ, ਸਮੁੱਚਾ ਸੰਤ ਸਮਾਜ, ਦਮਦਮੀ ਟਕਸਾਲ, ਡੇਰੇਦਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿੰਨਾ ਨੇ ਕਦੇ ਗੁਰਬਾਣੀ ਨੂੰ ਨਹੀਂ ਮੰਨਿਆ, ਗੁਰਮਤਿ ਦੇ ਉਲਟ ਕਾਰਜ ਕਰਦੇ ਹਨ, ਅਕਾਲ ਤਖਤ ਨੂੰ ਚੁਣੌਤੀਆਂ ਦਿੰਦੇ ਹਨ ਅਤੇ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਦੇ ਹਨ। ਇਹੀ ਅਕਾਲ ਤਖਤ ਦੇ ਨਾਮ ’ਤੇ ਇੰਨਾ ਸ਼ੋਰ ਮਚਾ ਰਹੇ ਹਨ ਕਿ ਆਮ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਇਹੀ ਅਕਾਲ ਤਖਤ ਨੂੰ ਸਮਰਪਿਤ ਹਨ। ਜੋ ਸਿੱਖ ਸੱਚਮੁੱਚ ਅਕਾਲ ਤਖਤ ਨੂੰ ਸਮਰਪਿਤ ਹਨ ਉਹ ਅਕਾਲ ਤਖਤ ਦੇ ਵਿਰੋਧੀ ਲੱਗਣ ਲੱਗ ਪੈਂਦੇ ਹਨ। ਇਹੀ ਕਾਰਨ ਹੈ ਕਿ ਅਕਾਲ ਤਖਤ ਦੇ ਨਾਮ ’ਤੇ ਗੁਰਮਤਿ ਦੇ ਵਿਰੁੱਧ ਕਾਫੀ ਕੁੱਝ ਹੁੰਦਾ ਰਿਹਾ ਹੈ ਤੇ ਅੱਜ ਵੀ ਹੋ ਰਿਹਾ ਹੈ। ਇਸ ਵਾਰੇ ਸਾਰਾ ਕੁੱਝ ਲਿਖਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਕੁੱਝ ਕੁ ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ ਮੰਨਦਾ ਹੈ ਤੇ ਕੌਣ ਨਹੀਂ ਮੰਨਦਾ। ਇਹ ਜਰੂਰੀ ਨਹੀਂ ਹੈ ਕਿ ਅਕਾਲ ਤਖਤ ਦੇ ਨਾਮ ਜੋ ਅਖੌਤੀ ਹੁਕਮਨਾਮੇ ਜਾਰੀ ਕੀਤੇ ਜਾਦੇ ਹਨ ਉਹ ਗੁਰਮਤਿ ਅਨੁਸਾਰੀ ਹੋਣ, ਪਰ ਬਿਨਾਂ ਸ਼ੱਕ ਬਹੁਤ ਹੁਕਮਨਾਮੇ ਗੁਰਮਤਿ ਵਿਰੋਧੀ ਜਰੂਰ ਹੁੰਦੇ ਹਨ।

ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ ਮੰਨਦੇ ਹਨ?

- ਜਿਵੇਂ ਕਿ ਅਕਾਲ ਤਖਤ ਦੇ ਪੁਜਾਰੀਆਂ ਨੇ ਗੁਰਬਾਣੀ, ਗੁਰਮਤਿ ਦੇ ਪ੍ਰਚਾਰਕ ਪ੍ਰੋ: ਗੁਰਮੁੱਖ ਸਿੰਘ ਜੀ ਨੂੰ 18 ਮਾਰਚ 1887 ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮਨਾਮਾ ਜਾਂ ਫੈਸਲਾ ਸਭ ਸਿੱਖਾਂ ਨੂੰ ਮੰਨਣਾ ਚਾਹੀਦਾ ਸੀ? ਕੀ ਇਹ ਅਕਾਲ ਤਖਤ ਦਾ ਹੁਕਮ ਸੀ? ਨਹੀਂ। ਇਸੇ ਲਈ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਮਰਨ ਤੋਂ ਬਾਅਦ 25-9-1995 ਨੂੰ ਅਕਾਲ ਤਖਤ ਦੇ ਨਾਮ ’ਤੇ ਫੈਸਲਾ ਕਰਦਿਆਂ 18 ਮਾਰਚ 1887 ਵਾਲੇ ਹੁਕਮਨਾਮੇ ਨੂੰ ਰੱਦ ਕੀਤਾ ਗਿਆ ਅਤੇ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।

- ਅਕਾਲ ਤਖਤ ਦੇ ਪੁਜਾਰੀਆਂ ਨੇ ਤਾਂ ਜਲ੍ਹਿਆਂ ਵਾਲੇ ਬਾਗ ਗੋਲੀ ਕਾਂਢ ਦੇ ਮੁੱਖ ਦੋਸ਼ੀ ਜਨਰਲ ਅਡਵਾਇਰ ਨੂੰ ਵੀ ਅਕਾਲ ਤਖਤ ਤੋਂ ਸਿਰੋਪਾ ਦੇ ਕੇ ਉਸਨੂੰ ਸਨਮਾਨਿਤ ਕਰ ਦਿੱਤਾ ਸੀ। ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਮੁੱਚੇ ਸਿੱਖ ਪੰਥ ਵਿੱਚ ਏਕਤਾ ਕਰਵਾਉਣ ਲਈ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਸੀ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਆਪਣੇ ਪਾਲਤੂਆਂ ਨੂੰ ਨਾਲ ਲਿਜਾ ਕੇ ਜਥੇਦਾਰ ਨੂੰ ਧਮਕਾਇਆ ਅਤੇ ਬਾਦਲ ਦੇ ਗੁੰਡਿਆਂ ਨੇ ਜਥੇਦਾਰ ਨੂੰ ਧੀਆਂ-ਭੈਣਾਂ ਦੀਆਂ ਗਾਲਾਂ ਕੱਢੀਆਂ।

- ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੇ ਹੋਏ ਆਪਸੀ ਵਿਵਾਦ ਨੂੰ (1999 ਦੀ ਵਿਸਾਖੀ, 300 ਸਾਲਾ ਖਾਲਸਾ ਸਾਜਨਾ ਸ਼ਤਾਬਦੀ ਤੱਕ) ਰੋਕਣ ਲਈ 31-12-1998 ਨੂੰ ਅਕਾਲ ਤਖਤ ਦੇ ਨਾਮ ਤੇ ਹੁਕਮਨਾਮਾ ਜਾਰੀ ਹੋਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆਂ ਅਕਾਲ ਤਖਤ ਦੇ ਜਥੇਦਾਰ ਦੀ ਹੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਤੇ ਨਾਲੇ ਗੁਰਚਰਨ ਸਿੰਘ ਟੌਹੜੇ ਤੋਂ ਸ਼੍ਰੋ:ਗੁ:ਪ੍ਰ:ਕਮੇਟੀ ਦੀ ਪ੍ਰਧਾਨਗੀ ਖੋਹ ਲਈ। ਫਿਰ 11-2-1999 ਨੂੰ ਅਕਾਲ ਤਖਤ ਦੇ ਨਾਮ ਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ 'ਤੇ ਕਬਜਾ ਕਰ ਲਿਆ ਹੈ । ਇਸ ਲਈ ਬਾਦਲ ਅਤੇ ਇਸਦੀ ਸਲਾਹਕਾਰ ਜੁੰਡਲੀ ਦਾ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਕਦੀ ਵਿਸ਼ਵਾਸ ਨਾ ਕੀਤਾ ਜਾਵੇ । ਅਕਾਲ ਤਖਤ ਦੇ ਨਾਮ 'ਤੇ ਜਾਰੀ ਕੀਤੇ ਇਸ ਸੰਦੇਸ਼ ਦਾ ਕੀ ਬਣਿਆ? ਇਸ ਸੰਦੇਸ਼ ਨੂੰ ਕਿਸਨੇ ਮੰਨਿਆ?

- ਪੂਰਨ ਸਿੰਘ ਨੇ 25-1-2000 ਤੋਂ 28-3-2000 ਤੱਕ ਅਕਾਲ ਤਖਤ ਦੇ ਨਾਮ 'ਤੇ ਥੋਕ ਵਿੱਚ ਹੁਕਮਨਾਮੇ ਜਾਰੀ ਕਰਕੇ ਜਗੀਰ ਕੌਰ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ, ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ ਤਖਤ, ਕੇਵਲ ਸਿੰਘ ਜਥੇਦਾਰ ਦਮਦਮਾ ਸਾਹਿਬ, ਮਨਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ, ਰਘੁਜੀਤ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਮੈਂਬਰ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਅਤੇ 13-3-2000 ਨੂੰ ਅਕਾਲ ਤਖਤ ਦੇ ਨਾਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੰਦੇਸ਼ ਜਾਰੀ ਕਰ ਦਿੱਤਾ ਸੀ ਕਿ ਉਪਰੋਕਤ ਛੇਕੇ ਹੋਏ ਵਿਅਕਤੀਆਂ ਨੂੰ ਕੋਈ ਕੰਮ ਨਾ ਕਰਨ ਦਿੱਤਾ ਜਾਵੇ, ਇੰਨਾਂ ਦੀ ਥਾਂ ਤੇ ਹੋਰ ਬੰਦੇ ਨਿਯੁਕਤ ਕੀਤੇ ਜਾਣ। ਪੂਰਨ ਸਿੰਘ ਵੱਲੋਂ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਗਏ ਇੰਨ੍ਹਾਂ ਹੁਕਮਨਾਮਿਆਂ ਨੂੰ ਮੰਨਣ ਦੀ ਥਾਂ ਪੂਰਨ ਸਿੰਘ ਦੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਗਈ ਤੇ ਉਸਦੀ ਥਾਂ ਜੋਗਿੰਦਰ ਸਿੰਘ ਨੂੰ ਜਥੇਦਾਰ ਬਣਾ ਦਿੱਤਾ।

- ਫਿਰ ਜੋਗਿੰਦਰ ਸਿੰਘ ਨੇ 29-3-2000 ਨੂੰ ਅਕਾਲ ਤਖਤ ਦੇ ਨਾਮ 'ਤੇ ਫੈਸਲਾ ਕਰਕੇ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ ਅਤੇ ਪੂਰਨ ਸਿੰਘ ਵੱਲੋਂ ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਦੋਸ਼ ਮੁਕਤ ਕਰ ਦਿੱਤਾ।

ਹੁਣ ਗੱਲ ਕਰ ਲਈਏ ਪੰਥਕ ਸਿੱਖ ਰਹਿਤ ਮਰਯਾਦਾ ਦੀ ਜਿਸਨੂੰ ਅਕਾਲ ਤਖਤ ਵੱਲੋਂ ਪ੍ਰਮਾਣਿਤ ਕਿਹਾ ਜਾਂਦਾ ਹੈ।

ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋ:ਗੁ:ਪ੍ਰ:ਕਮੇਟੀ ਇਸਨੂੰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਮੁਫਤ ਵੰਡਦੀ ਹੈ। ਬੇਸ਼ੱਕ ਜਾਗਰੂਕ ਸਿੱਖ ਤਾਂ ਇਸ ਵਿੱਚ ਵੀ ਅਨੇਕਾਂ ਊਣਤਾਈਆਂ ਨੂੰ ਦਲੀਲਾਂ ਸਹਿਤ ਸਿੱਧ ਕਰਦੇ ਹਨ। ਇਹਨਾਂ ਦੀ ਤਾਂ ਗੱਲ ਛੱਡੋ। ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਉੱਤਮ ਕਹਿਣ ਵਾਲੇ ਇਸ ਸਿੱਖ ਰਹਿਤ ਮਰਯਾਦਾ ਨੂੰ ਕਿੰਨਾ ਕੁ ਮੰਨਦੇ ਹਨ।

ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਪੰਥ ਅੰਦਰ ਪੈਦਾ ਹੋਏ ਸਮੂਹ ਡੇਰਿਆਂ ਦੇ ਸੰਤਾਂ ਨੇ ਅਕਾਲ ਤਖਤ ਦੀ ਮਰਯਾਦਾ ਨੂੰ ਕਦੇ ਵੀ ਨਹੀਂ ਮੰਨਿਆ ਸਭ ਦੀਆਂ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾਵਾਂ ਹਨ।

ਅਕਾਲ ਤਖਤ ਮਹਾਨ ਹੈ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਕਹੀ ਜਾਂਦੀ ਦਮਦਮੀ ਟਕਸਾਲ ਨੇ ਵੀ ਅਕਾਲ ਤਖਤ ਵਾਲੀ ਪੰਥਕ ਰਹਿਤ ਮਰਯਾਦਾ ਨੂੰ ਮੰਨਣ ਦੀ ਥਾਂ ਇਸਨੂੰ ਚੁਣੌਤੀ ਦਿੰਦਿਆਂ ਆਪਣੀ ਵੱਖਰੀ ਰਹਿਤ ਮਰਯਾਦਾ ਛਾਪੀ ਹੋਈ ਹੈ।

ਪ੍ਰਕਾਸ਼ ਸਿੰਘ ਬਾਦਲ ਤਾਂ ਅਕਾਲ ਤਖਤ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ। ਉਸ ਲਈ ਤਾਂ ਅਕਾਲ ਤਖਤ ਉਸਦਾ ਸਿਆਸੀ ਦਫਤਰ ਹੈ ਅਤੇ ਇਸਦੇ ਅਖੌਤੀ ਜਥੇਦਾਰ ਦੀ ਅਹਿਮੀਅਤ ਇੱਕ ਤਨਖਾਹਦਾਰ ਚਪੜਾਸੀ ਤੋਂ ਵੀ ਘੱਟ ਹੈ। ਅਕਾਲ ਤਖਤ ਵੱਲੋਂ ਪ੍ਰਮਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਦੇ ਗੁਰਦੁਆਰੇ ਸਿਰਲੇਖ ਹੇਠ ਪੰਨਾ ਨੰਬਰ 13 ਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾੳਣੇ ਆਦਿ ਕਰਮ ਗੁਰਮਤਿ ਅਨੁਸਾਰੀ ਨਹੀਂ। ਅੱਗੇ ਕਾਲਮ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।

ਉਪਰੋਕਤ ਮਰਯਾਦਾ ਦੇ ਵਿਰੁੱਧ ਤਖਤਾਂ, ਡੇਰਿਆਂ, ਗੁਰੂ ਘਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰੇਆਮ ਦੀਵੇ ਮਚਾ ਕੇ ਆਰਤੀਆਂ ਕੀਤੀਆਂ ਜਾਂ ਰਹੀਆਂ ਹਨ, ਜੋਤਾਂ ਜਗਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਏ ਜਾ ਰਹੇ ਹਨ, (ਦਮਦਮੀ ਟਕਸਾਲ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਗ ਛਕਾਉਣ ਦੇ ਹਵਾਲੇ ਵੀ ਦੇ ਰਹੇ ਹਨ) ਤਖਤਾਂ ਤੇ ਟੱਲ ਖੜਕਾਏ ਜਾ ਰਹੇ ਹਨ। ਡੇਰਿਆਂ ਵਿੱਚ ਅਤੇ ਦੋ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁਲ) ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਜਾ ਰਿਹਾ ਹੈ (ਦਮਦਮੀ ਟਕਸਾਲ ਵਾਲੇ ਆਪਣੀ ਛਾਪੀ ਰਹਿਤ ਮਰਯਾਦਾ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਅਖੌਤੀ ਦਸ਼ਮ ਗ੍ਰੰਥ ਦੇ ਸਹਿਜ ਪਾਠ ਤੇ ਅਖੰਡ ਪਾਠ ਕਰਨ ਦੀ ਪ੍ਰੇਰਨਾ ਦੇ ਰਹੇ ਹਨ) ਸੋਚੋ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਮੰਨਦਾ ਹੈ ਤੇ ਕੌਣ ਚੁਣੌਤੀ ਦਿੰਦਾ ਹੈ?

ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅੱਗੇ ਕੀਰਤਨ ਸਿਰਲੇਖ ਹੇਠ ਪੰਨਾ ਨੰਬਰ 15 ’ਤੇ ਕਾਲਮ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਅਤੇ ਕਾਲਮ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਉਪਰੋਕਤ ਲਿਖੇ ਦੇ ਵਿਰੁੱਧ ਤਖਤਾਂ, ਡੇਰਿਆਂ ਅਤੇ ਗੁਰੂ ਘਰਾਂ ਵਿੱਚ ਅਖੌਤੀ ਦਸ਼ਮ ਗ੍ਰੰਥ ਵਿੱਚੋਂ ਕੁੱਝ ਰਚਨਾਵਾਂ ਦਾ ਕੀਰਤਨ ਸ਼ਰੇਆਮ ਕੀਤਾ ਜਾਂਦਾ ਹੈ, ਸਮੂਹ ਸੰਤ ਬਾਬੇ ਕੱਚੀਆਂ ਧਾਰਨਾਂ ਅਤੇ ਆਪਣੇ ਡੇਰਿਆਂ ਦੇ ਮਰ ਚੁੱਕੇ ਵੱਡੇ ਮਹਾਂ ਪੁਰਸ਼ਾਂ, ਬ੍ਰਹਮ ਗਿਆਨੀਆਂ ਦੇ ਵਚਨਾਂ, ਪ੍ਰਵਚਨਾਂ ਦਾ ਹੀ ਕੀਰਤਨ ਕਰਦੇ ਹਨ, ਫਿਰ ਪੰਥਕ ਕੌਣ ਹੋਇਆ ਤੇ ਪੰਥ ਵਿਰੋਧੀ ਕੌਣ?

ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਪੰਨਾ ਨੰਬਰ 17 ਦੇ ਕਾਲਮ ਅ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ । ਅੱਗੇ ਕਾਲਮ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾਂ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਉਪਰੋਕਤ ਹਦਾਇਤਾਂ ਦੇ ਵਿਰੁੱਧ ਸਮੂਹ ਗੁਰੂ ਘਰਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਇੱਕਲੇ ਪਾਠੀ ਪਾਠ ਕਰਦੇ ਵੇਖੇ ਜਾ ਸਕਦੇ ਹਨ, ਜਿੱਥੇ ਸੁਣਨ ਵਾਲਾ ਕੋਈ ਨਹੀਂ ਹੁੰਦਾ। ਲੋੜ ਸੀ ਇਸ ਮਨਮੱਤ ਨੂੰ ਰੋਕਣ ਦੀ ਉਲਟਾ ਸ਼੍ਰੋ:ਗੁ:ਪ੍ਰ:ਕਮੇਟੀ ਨੇ ਪੈਸੇ ਕਮਾਉਣ ਦੀ ਨੀਅਤ ਨਾਲ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰੂ ਘਰਾਂ ਵਿੱਚ ਅਤੇ ਤਖਤਾਂ ’ਤੇ ਭਾੜੇ ਦੇ ਪਾਠਾਂ ਦੀ ਬੁਕਿੰਗ ਸ਼ੁਰੂ ਕਰਕੇ ਮਰਯਾਦਾ ਦੀਆਂ ਧੱਜੀਆਂ ਉਡਾਈਆਂ।

ਅਕਾਲ ਤਖਤ ਨੂੰ ਸਮਰਪਿਤ ਕਹਾਉਂਦੀ ਦਮਦਮੀ ਟਕਸਾਲ ਨੇ ਅਕਾਲ ਤਖਤ ਦੀ ਮਰਯਾਦਾ ਦੇ ਉਲਟ ਆਪਣੀ ਵੱਖਰੀ ਮਰਯਾਦਾ ਦੇ ਅਨੁਸਾਰ ਅਖੰਡ ਪਾਠ ਦੇ ਸਮੇਂ ਕੁੰਭ, ਜੋਤ, ਨਲੀਏਰ ਰੱਖਣ ਤੋਂ ਇਲਾਵਾ ਅਖੰਡ ਪਾਠ ਦੇ ਨਾਲ ਜਪੁਜੀ ਸਾਹਿਬ ਦਾ ਪਾਠ ਜਾਰੀ ਰੱਖਣ ਅਤੇ ਚਲਦੇ ਪਾਠ ਵਿੱਚ ਵੱਖ-ਵੱਖ ਸਿੱਧੀਆਂ/ਪ੍ਰਾਪਤੀਆਂ ਲਈ ਮੰਤਰਾਂ ਵਾਂਗ ਵੱਖ-ਵੱਖ ਸ਼ਬਦਾਂ ਦੇ ਸੰਪਟ ਲਾਉਣ ਦੀ ਹਦਾਇਤ ਕਰਕੇ ਕੀ ਅਕਾਲ ਤਖਤ ਨੂੰ ਚੁਣੌਤੀ ਨਹੀਂ ਦਿੱਤੀ? ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਪੰਨਾ ਨੰਬਰ 19 ’ਤੇ ਕਾਲਮ ੳ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਇੱਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਇਸਦੇ ਉਲਟ ਪ੍ਰਕਾਸ਼ ਸਿੰਘ ਬਾਦਲ ਹਵਨ ਕਰਦਾ ਹੈ, ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ। ਕੀ ਇਹੀ ਅਕਾਲ ਤਖਤ ਨੂੰ ਮੰਨਣਾ ਹੈ?

ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 7-12-2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਦਿੱਤਾ ਸੀ ਕਿ ਆਰ.ਐਸ.ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜੋ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਦੇ ਇਸ ਬਿਆਨ ਦੇ ਵਿਰੁੱਧ 9-12-2000 ਨੂੰ ਇਸ ਦੇ ਉਲਟ ਬਿਆਨ ਦਿੱਤਾ ਕਿ ਆਰ.ਐਸ.ਐਸ. ਦੇ ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਕੀ ਇਹ ਅਕਾਲ ਤਖਤ ਦਾ ਸਤਿਕਾਰ ਸੀ?

 ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਮ੍ਰਿਤਕ ਸੰਸਕਾਰ ਦੇ ਸਿਰਲੇਖ ਹੇਠ ਪੰਨਾ ਨੰਬਰ 26 ਤੇ ਕਾਲਮ “ਖ” ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ ਮਨਮੱਤ ਹੈ। ਇਸਦੇ ਵਿਰੁੱਧ ਸ਼੍ਰੋ:ਗੁ:ਪ੍ਰ:ਕਮੇਟੀ ਦੇ ਅਧੀਨ ਗੁਰਦੁਆਰਾ ਕੀਰਤਪੁਰ ਵਿਖੇ ਸ਼ਰੇਆਮ ਫੁੱਲ ਪਾਏ ਜਾ ਰਹੇ ਹਨ, ਸ਼੍ਰੋ:ਗੁ:ਪ੍ਰ:ਕਮੇਟੀ ਇਸ ਮਨਮੱਤ ਨੂੰ ਰੋਕਣ ਦੀ ਥਾਂ ਇਸ ਨੂੰ ਬੜਾਵਾ ਦੇ ਰਹੀ ਹੈ। ਕਰੋੜਾਂ ਰੁਪਏ ਖਰਚ ਕੇ ਫੁੱਲ ਪਾਉਣ ਲਈ ਅਸਤ ਘਾਟ ਬਣਾ ਰਹੀ ਹੈ। ਖਾਸ ਵਿਅਕਤੀਆਂ ਦੇ ਫੁੱਲ ਪਾਉਣ ਸਮੇਂ ਤਖਤਾਂ ਦੇ ਜਥੇਦਾਰ ਖੁਦ ਅਰਦਾਸਾਂ ਕਰਦੇ ਹਨ ਕੀ ਇਹ ਅਕਾਲ ਤਖਤ ਦਾ ਵਿਰੋਧ ਨਹੀਂ ਹੈ? ਇਹ ਅਕਾਲ ਤਖਤ ਦੀ ਮਰਯਾਦਾ ਕਿਸ ਲਈ ਹੈ?

ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ। ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ, ਕਾਫੀ ਖੋਜ ਪੜਤਾਲ ਤੋਂ ਬਾਅਦ 2003 ਵਿੱਚ ਇਸਨੂੰ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਸੀ। ਆਰ.ਐੱਸ.ਐੱਸ., ਤਖਤ ਪਟਨਾ ਸਾਹਿਬ, ਤਖਤ ਹਜੂਰ ਸਾਹਿਬ ਦੇ ਜਥੇਦਾਰਾਂ, ਧੁੰਮਾ ਗਰੁੱਪ ਅਤੇ ਸਮੂਹ ਡੇਰੇਦਾਰ ਸੰਤਾਂ ਨੇ ਇਸਨੂੰ ਮੰਨਣ ਦੀ ਥਾਂ ਇਸ ਦਾ ਡੱਟ ਕੇ ਵਿਰੋਧ ਕੀਤਾ। ਸਿੱਖ ਮਿਸ਼ਨਰੀ ਕਾਲਜਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਾਗਰੂਕ ਧਿਰਾਂ ਨੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਮੰਨਦਿਆਂ ਅਕਾਲ ਤਖਤ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ। ਸੱਤ ਸਾਲ ਇਹ ਕੈਲੰਡਰ ਲਾਗੂ ਵੀ ਰਿਹਾ । ਇਸ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਨਮਾਨਿਤ ਕਰਨ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ ਆਖ ਕੇ ਪੰਥ ਵਿੱਚੋਂ ਛੇਕਣ ਦੀ ਥਾਂ ਉਲਟਾ ਅਕਾਲ ਤਖਤ ਤੋਂ ਜਾਰੀ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ, ਕਾਂਗਰਸ ਦੇ ਏਜੰਟ, ਅਖੌਤੀ ਵਿਦਵਾਨ ਕਹਿ ਕੇ ਭੰਡਿਆ ਗਿਆ ਅਤੇ ਅਕਾਲ ਤਕਤ ਨੂੰ ਨਾ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਤਕਾਰਿਆ ਗਿਆ।

ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਿਉਂ? ਦੇ ਨਾਮ ਹੇਠ 5 ਜਨਵਰੀ 2010 ਨੂੰ ਰੋਜਾਨਾ ਅਜੀਤ ਅਖਬਾਰ ਵਿੱਚ ਅਵਤਾਰ ਸਿੰਘ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਇਸ਼ਤਿਹਾਰ ਦੇ ਕੇ ਦਲੀਲਾਂ ਇਹ ਦਿੱਤੀਆਂ ਗਈਆਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਕੇ ਪੰਥ ਨਾਲੋਂ ਅਲੱਗ ਥਲੱਗ ਹੋਏ ਸੰਤ ਸਮਾਜ ਨੂੰ ਪੰਥ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ, ਪੰਥ ਦੇ ਪੰਜਾਬ ਤੋਂ ਬਾਹਰਲੇ ਦੋ ਤਖਤ ਵੀ ਇਸ ਕੈਲੰਡਰ ਦੇ ਮੁੱਦੇ ਤੇ ਵੰਡੇ ਹੋਏ ਹਨ ਉਨ੍ਹਾਂ ਦੀ ਏਕਤਾ ਵੀ ਜਰੂਰੀ ਹੈ ਆਦਿ। ਪਰ ਕੀ ਹੁਣ ਸਮੁੱਚੇ ਤਖਤਾਂ, ਸਮੂਹ ਡੇਰੇਦਾਰ ਸੰਤਾਂ ਅਤੇ ਦਮਦਮੀ ਟਕਸਾਲ ਦੀ ਮਰਯਾਦਾ ਇੱਕ ਹੋ ਗਈ ਹੈ? ਕੀ ਹੁਣ ਸਾਰਿਆਂ ਨੇ ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਅਪਣਾ ਲਿਆ ਹੈ? ਜਿਹੜਾ ਵਿਅਕਤੀ ਜਾਂ ਸੰਪਰਦਾ ਅਕਾਲ ਤਖਤ ਨੂੰ ਨਾ ਮੰਨੇ ਅਤੇ ਅਕਾਲ ਤਖਤ ਨੂੰ ਚੁਣੌਤੀਆਂ ਦਿੰਦਾ ਰਹੇ, ਕੀ ਅਜਿਹੇ ਵਿਅਕਤੀ ਜਾਂ ਸੰਪਰਦਾ ਦੀ ਮਨਮੱਤ ਨੂੰ ਉਲਟਾ ਅਕਾਲ ਤਖਤ ਤੇ ਲਾਗੂ ਕਰਨਾ ਹੀ ਅਕਾਲ ਤਖਤ ਨੂੰ ਮੰਨਣਾ ਹੈ? ਜਾਂ ਅਕਾਲ ਤਖਤ ਨੂੰ ਸਮਰਪਿਤ ਹੋਣਾ ਹੈ? ਅਕਾਲ ਤਖਤ ਨੂੰ ਮੰਨਣ ਵਾਲੇ ਲੋਕ ਪੰਥਕ ਹਨ ਜਾਂ ਆਪਣਾ ਹੁਕਮ ਅਕਾਲ ਤਖਤ ਨੂੰ ਮਨਵਾਉਣ ਵਾਲੇ ਪੰਥਕ ਹਨ? ਇਸ ਲਈ ਵਿਚਾਰਨ ਦੀ ਲੋੜ ਹੈ । ਅਕਾਲ ਤਖਤ ਦਾ ਹੁਕਮਨਾਮਾ ਬਾਦਲ ਵਿਰੋਧੀਆਂ ਲਈ ਹੀ ਵੱਡਾ ਹਊਆ ਹੈ ।

ਬਾਦਲ ਵਾਸਤੇ ਤਾਂ ਇਹ ਮੋਮ ਦਾ ਨੱਕ ਹੈ, ਜਿੱਧਰ ਮਰਜੀ ਚਾਹੇ ਫੜ ਕੇ ਮੋੜ ਲਵੇ, ਕੀ ਬਾਦਲ ਵੱਲੋਂ ਥਾਪਿਆ ਹੋਇਆ ਤਨਖਾਹਦਾਰ ਮੁਲਾਜਮ ਅਕਾਲ ਤਖਤ ਦਾ ਜਥੇਦਾਰ ਹੋ ਸਕਦਾ ਹੈ? ਨਹੀਂ। ਕਾਲ ਦੇ ਵੱਸ ਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ। ਅਕਾਲ ਤਖਤ ਦਾ ਜਥੇਦਾਰ ਉਹ ਹੋ ਸਕਦਾ ਹੈ, ਜੋ ਆਪ ਅਕਾਲ ਹੋਵੇ, ਜੋ ਨਾਸ਼ ਰਹਿਤ ਹੋਵੇ, ਜੋ ਨਿਰਭਉ, ਨਿਰਵੈਰ ਹੋਵੇ, ਉਹ ਹੈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ।

ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਹੁਕਮਨਾਮੇ ਅਤੇ ਅਗਵਾਈ ਅਖੌਤੀ ਜਥੇਦਾਰਾਂ ਦੀ ਮੰਨਦੇ/ਮੰਗਦੇ ਹਾਂ। ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ। ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ। ਜੇ ਅਸੀਂ ਹਾਲੇ ਵੀ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਹੀ ਮੰਨਣਾ ਹੈ ਤਾਂ ਫਿਰ ਹਰ ਇੱਕ ਤਰ੍ਹਾਂ ਦਾ ਸੰਘਰਸ਼ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਜੁਟ ਜਾਓ। ਕਿਉਂਕਿ ਤੁਹਾਡੇ ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਬਾਦਲ ਨੂੰ ਤੁਹਾਡੀ ਕੌਮ ਦਾ ਪੰਥ ਰਤਨ ਅਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਬਾਦਲ ਦੇ ਵਿਰੋਧੀਆਂ ਪਰਮਜੀਤ ਸਿੰਘ ਸਰਨੇ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਖਾੜਕੂ ਜਥੇਬੰਦੀਆਂ ਜੋ ਬਾਦਲ ਵਿਰੋਧੀ ਹਨ, ਜਾਂ ਤਾਂ ਉਹ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਮੰਨਣਾ ਬੰਦ ਕਰ ਦੇਣ, ਜਾਂ ਬਾਦਲ ਅੱਗੇ ਸ਼ੀਸ਼ ਝੁਕਾ ਦੇਣ। ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਜਥੇਦਾਰਾਂ ਅਨੁਸਾਰ ਤਾਂ ਬਾਦਲ ਸਿੱਖ ਕੌਮ ਲਈ ਪੂਜਣਯੋਗ ਹੈ। ਫਿਰ ਮੰਨੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ! ਫਿਰ ਤਾਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੂੰ ਵੀ ਸ਼ੀਸ਼ ਝੁਕਾਓ ਕਿਉਂਕਿ ਜਿਸਨੂੰ ਅਕਾਲ ਤਖਤ ਸਾਹਿਬ ਨੇ ਪੰਥ ਰਤਨ ਤੇ ਫਖਰ-ਏ-ਕੌਮ ਦਾ ਏਨਾ ਵੱਡਾ ਪਹਿਲਾ ਖਿਤਾਬ ਦਿੱਤਾ ਹੋਇਆ ਹੈ, ਫਿਰ ਉਸ ਪੰਥ ਰਤਨ ਦੇ ਨਿਵਾਜੇ ਹੋਏ (ਸਿੱਖ ਨੌਜਵਾਨਾਂ ਦੇ ਕਾਤਲ) ਵੀ ਤਾਂ ਧੰਨਤਾ ਦੇ ਯੋਗ ਹੀ ਹਨ ?

ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ। ਅਕਾਲ ਤਖਤ ਦੇ ਸੱਚ ਜਾਂ ਸਿਧਾਂਤ ਨੂੰ ਸਮਝੇ ਤੋਂ ਬਗੈਰ, ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ। ਹਰਿਆਣੇ ਦੇ ਸਿੱਖ ਵਧਾਈ ਦੇ ਪਾਤਰ ਹਨ । ਜਿੰਨ੍ਹਾਂ ਨੇ ਸੰਘਰਸ਼ ਕਰਕੇ ਆਪਣੇ ਗੁਰੂਘਰਾਂ ਨੂੰ ਬਾਦਲ ਕੇ ਮਹੰਤਾਂ ਤੋਂ ਅਜ਼ਾਦ ਕਰਵਾ ਲਿਆ ਹੈ ।

ਹੁਣ ਉਸੇ ਤਰ੍ਹਾਂ ਬਾਦਲ ਦੇ ਗੁਲਾਮ ਅਖੌਤੀ ਜਥੇਦਾਰਾਂ ਦੇ ਇਸ ਹੁਕਮਨਾਮੇ ਨੂੰ ਠੋਕਰ ਮਾਰ ਕੇ ਸਿੱਖ ਮਾਨਸਿਕਤਾ ਨੂੰ ਅਖੌਤੀ ਹੁਕਮਨਾਮਿਆਂ ਤੋਂ ਅਜ਼ਾਦ ਕਰਵਾਉਣ ਅਤੇ ਬਾਦਲ ਦੇ ਗੁਲਾਮ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਪਰਵਾਹ ਨਾ ਕਰਨ, ਅਖੌਤੀ ਜਥੇਦਾਰਾਂ ਦੇ ਇਸ ਹੁਕਮਨਾਮੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ । ਇਹ ਸਿਆਸੀ ਹੁਕਮਨਾਮੇ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦੇ। ਸ੍ਰ: ਜੋਗਿੰਦਰ ਸਿੰਘ ਸਪੋਕਸਮੈਨ ਦਾ ਅਤੇ ਪ੍ਰੋ: ਦਰਸ਼ਨ ਸਿੰਘ ਦਾ ਇਹਨਾਂ ਨੇ ਕੀ ਵਿਗਾੜ ਦਿੱਤਾ। ਹਰਿਆਣੇ ਦੀ ਪੂਰੀ ਸਿੱਖ ਸੰਗਤ ਤੁਹਾਡੇ ਨਾਲ ਹੈ, ਤੁਹਾਡਾ ਵੀ ਇਹ ਕੁੱਝ ਨਹੀਂ ਵਿਗਾੜ ਸਕਦੇ।

18 ਜੁਲ਼ਾਈ 2014

ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top