Share on Facebook

Main News Page

ਹਰਿਆਣਾ ਕਮੇਟੀ ਬਾਦਲ ਦਲ ਦੇ ਆਗੂਆਂ ਦੀ ਲੈ ਸਕਦੀ ਹੈ ਸਿਆਸੀ ਬਲੀ
ਬਾਦਲ ਦੇ ਹੰਝੂਆਂ ਤੇ ਹੋ ਰਹੀ ਸਿਆਸਤ
-: ਜਸਬੀਰ ਸਿੰਘ ਪੱਟੀ 09356024684

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਗਲੇ ਦੀ ਹੱਡੀ ਬਣ ਗਿਆ ਹੈ, ਤੇ ਇੰਜ ਮਹਿਸੂਸ ਹੋ ਰਿਹਾ ਹੈ ਕਿ ਇਹ ਮਾਮਲਾ ਹੁਣ ਕਿਸੇ ਵੀ ਆਗੂ ਦੀ ਸਿਆਸੀ ਬਲੀ ਲੈ ਸਕਦਾ ਹੈ, ਜਿਹਨਾਂ ਵਿੱਚ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨਾਮ ਪਹਿਲੇ ਸਫੇ ‘ਤੇ ਲਿਖਿਆ ਨਜ਼ਰ ਆ ਰਿਹਾ ਹੈ।

ਘਾਣ ਸਿਆਸਤਦਾਨ ਤੇ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਕਰਨ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਆਉਣ ਤੋਂ ਰੋਕਣ ਲਈ ਇਥੋ ਤੱਕ ਚੈਲਿੰਜ ਕਰ ਦਿੱਤਾ ਹੈ, ਕਿ ਉਹ ਕਿਸੇਵੀ ਸੂਰਤ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਨਹੀਂ ਬਨਣ ਦੇਣਗੇ। ਬਾਦਲ ਸਾਬ ਦੇ ਧੁਤਰੂ ਤੇ ਸ਼੍ਰੋਮਣੀ ਕਮੇਟੀ ਦੇ ਕੇਅਰ ਟੇਕਰ ਦੀ ਬਜਾਏ ਆਪਣੇ ਆਪ ਨੂੰ ਪ੍ਰਧਾਨ ਅਖਵਾਉਣ ਵਾਲੇ ਸ੍ਰੀ ਅਵਤਾਰ ਸਿੰਘ ਮੱਕੜ ਨੇ ਤਾਂ ਉਸ ਵੇਲੇ ਸ੍ਰ. ਬਾਦਲ ਨੂੰ ਇਹ ਕਹਿ ਕੇ ਨਵੀਂ ਉਲਝਣ ਵਿੱਚ ਪਾ ਦਿੱਤਾ, ਕਿ ਹਰਿਆਣਾ ਦੇ ਕਿਸੇ ਵੀ ਗੁਰੂਦੁਆਰੇ ਦੀ ਗੋਲਕ ਨੂੰ ਹਰਿਆਣਾ ਕਮੇਟੀ ਨੂੰ ਹੱਥ ਨਹੀਂ ਲਗਾਉਣ ਦਿੱਤਾ ਜਾਵੇਗਾ, ਜਦ ਕਿ ਇਸ ਬਿਆਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਦੇ ਉਠੇ ਸਵਾਲ 'ਤੇ ਬੋਲਦਿਆਂ ਕਿਹਾ ਸੀ ਕਿ ਉਹ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਹਿ ਦੇਣਗੇ ਕਿ ਉਹ ਗੋਲਕ ਬਾਦਲਕਿਆਂ ਨੂੰ ਦੇ ਦੇਣ ਤੇ ਗੁਰਧਾਮਾਂ ਦੀ ਸੇਵਾ ਹਰਿਆਣਾ ਕਮੇਟੀ ਦੇ ਹਵਾਲੇ ਕਰ ਦੇਣ, ਜਿਸ ਨੂੰ ਲੈ ਕੇ ਬਾਦਲ ਦਲ ਵਾਲੇ ਔਖੇ ਵੀ ਹੋਏ, ਪਰ ਮੱਕੜ ਦਾ ਬਿਆਨ ਉਹਨਾਂ ਲਈ ਕੰਧ ਲਿਖਿਆ ਪੜ ਲੈਣ ਵਾਲਾ ਸੀ।

ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਕੇਰੇ ਗਏ ਹੰਝੂਆਂ ਨੂੰ ਲੈ ਕੇ ਕਿ ਜਿਥੇ ਵਿਰੋਧੀ ਧਿਰ ਨੇ ਇਹਨਾਂ ਹੰਝੂਆਂ ਨੂੰ ਮਗਰਮੱਛ ਦੇ ਹੰਝੂ ਕਹਿ ਕੇ ਭੰਡਿਆ, ਫਿਰ ਵੀ ਇੱਕ ਧਾਰਮਿਕ ਮੁੱਦੇ ਨੂੰ ਸਿਆਸੀ ਬਣਾਉਣ ਵਾਲੇ ਸ੍ਰੀ ਬਾਦਲ ਦੇ ਇਹਨਾਂ ਹੰਝੂਆਂ ਵੇਖ ਕੇ ਕਈ ਲੋਕਾਂ ਦੀ ਹਮਦਰਦੀ ਜਰੂਰ ਸ੍ਰ ਬਾਦਲ ਨਾਲ ਹੋਈ ਹੈ, ਪਰ ਦੇਸ਼ਾ ਵਿਦੇਸ਼ਾਂ ਵਿੱਚ ਤੋਂ ਵੱਖ ਵੱਖ ਸ਼ੋਸ਼ਲ ਸਾਈਟਾਂ 'ਤੇ ਤਾਂ ਲੋਕਾਂ ਨੂੰ ਮਜ਼ਾਕ ਹੀ ਉਡਾਇਆ ਹੈ।

ਸ਼ੋਸ਼ਲ ਸਾਈਟਾਂ ਤੇ ਲੋਕਾਂ ਵੱਲੋ ਕੀਤੀ ਗਈ ਟਿੱਪਣੀ ਸੀ ਕਿ,

- 1978 ਵਿੱਚ ਵਾਪਰੇ ਸਾਕਾ ਨਿਰੰਕਾਰੀ ਦੌਰਾਨ 13 ਸਿੰਘ ਸ਼ਹੀਦ ਹੋਏ, ਪਰ ਬਾਦਲ ਸਾਬ ਦੇ ਹੰਝੂ ਨਹੀਂ ਵਗੇ,

- ਸ੍ਰ. ਬਾਦਲ ਦੀ ਅੱਖਾਂ ਦੇ ਸਾਹਮਣੇ ਅਕਾਲ ਤਖਤ ਢਾਇਆ ਗਿਆ, ਪਰ ਉਹਨਾਂ ਦੇ ਹੰਝੂ ਨਹੀਂ ਵੱਗੇ,

- ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਹੰਝੂ ਨਹੀਂ ਵਗੇ,

- ਪੰਜਾਬ ਵਿੱਚ ਮਿਲੀਟੈਂਸੀ ਦੇ ਦੌਰਾਨ ਮਾਵਾਂ ਦੇ ਪੁੱਤਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਤਾਂ ਉਹਨਾਂ ਦੇ ਹੰਝੂ ਨਹੀਂ ਵਗੇ,

- ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੇ ਹੰਝੂ ਨਹੀਂ ਵੱਗੇ,

- 1991 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਾਦਲ ਦਲ ਦੇ ਕਰੀਬ 22 ਉਮੀਦਵਾਰ ਮਾਰ ਦਿੱਤੇ ਗਏ, ਪਰ ਬਾਦਲ ਸਾਹਿਬ ਦੇ ਹੰਝੂ ਨਹੀਂ ਵੱਗੇ,

- ਕੰਵਲਜੀਤ ਸਿੰਘ ਸੁਨਾਮ ਨੂੰ ਸੌਦਾ ਸਾਧ ਦੇ ਚੇਲਿਆਂ ਨੇ ਸ਼ਹੀਦ ਕਰ ਦਿੱਤਾ, ਪਰ ਬਾਦਲ ਸਾਹਿਬ ਦੇ ਹੰਝੂ ਨਹੀਂ ਵਹੇ,

- ਜਸਪਾਲ ਸਿੰਘ ਚੌੜ ਸਿਧਵਾਂ ਨੂੰ ਕੁਝ ਆਰ.ਐਸ.ਐਸ ਦੇ ਟਾਊਟਾਂ ਦੀ ਸ਼ਹਿ 'ਤੇ ਪੁਲੀਸ ਨੇ ਸ਼ਹੀਦ ਕਰ ਦਿੱਤਾ, ਪਰ ਬਾਦਲ ਸਾਹਿਬ ਦੀਆ ਅੱਖਾਂ ਨਮ ਨਹੀਂ ਹੋਈਆਂ, ਉਲਟਾ ਦੋਸ਼ੀ ਪੁਲੀਸ ਵਾਲਿਆਂ ਨੂੰ ਬਚਾਉਣ ਲਈ ਹਰ ਹਰਬਾ ਵਰਤਿਆ ਗਿਆ।

...ਅੱਜ ਆਪਣੀ ਅਰਬਾਂ ਰੁਪਏ ਦੀ ਹਰਿਆਣਾ ਵਿੱਚ ਬਣਾਈ ਗਈ ਮੀਰੀ ਪੀਰੀ ਸ਼ਾਹਬਾਦ ਮਾਰਕੰਡਾ ਦੀ ਜਾਇਦਾਦ ਖੁਸਦੀ ਵੇਖ ਕੇ ਹੰਝੂ ਵਗੇ। ਇਹਨਾਂ ਹੰਝੂਆ ਦੀ ਤੁਲਨਾ ਫਿਰ ਮੱਗਰਮੱਛ ਦੇ ਹੰਝਆਂ ਨਾਲ ਸੰਗਤਾਂ ਵੱਲੋ ਕੀਤੀ ਗਈ ਹੈ, ਤਾਂ ਫਿਰ ਇਸ ਵਿੱਚ ਗਲਤ ਵੀ ਕੁਝ ਨਹੀਂ ਹੋ ਸਕਦਾ।

ਹਰਿਆਣਾ ਕਮੇਟੀ ਨੂੰ ਬਨਣ ਤੋਂ ਰੋਕਣ ਲਈ ਸ੍ਰ. ਬਾਦਲ ਦੀ ਆਖਰੀ ਫਾਇਰ ਵੀ ਉਸ ਵੇਲੇ ਖਾਲੀ ਹੀ ਚਲਾ ਗਿਆ, ਜਦੋਂ ਬੀਤੀ ਸ਼ਾਮਂ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਉਹਨਾਂ ਨੇ ਕੋਈ ਪੱਲਾ ਨਾ ਫੜਾਉਦਿਆਂ ਸਿਰਫ ਇੰਨਾ ਕਹਿ ਕੇ ਹੀ ਤੋਰ ਦਿੱਤਾ ਕਿ ਸਰਦਾਰ ਸਾਹਿਬ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ।

ਹੁਣ ਬਾਦਲ ਦਲੀਆਂ ਨੇ ਬਾਹੂਬਲ ਦਾ ਪ੍ਰਯੋਗ ਕਰਦਿਆਂ ਹਰਿਆਣੇ ਵਿਚਲੇ ਸ੍ਰੋਮਣੀ ਕਮੇਟੀ ਦੇ ਅਧੀਨ ਆਉਣ ਵਾਲੇ ਗੁਰੂਦੁਆਰਿਆਂ ਵਿੱਚ ਹਥਿਆਰਬੰਦ ਮੱਕੜ ਸੈਨਾ ਤੇ ਹਜਾਰਾ ਅਕਾਲੀ ਜਥੇਦਾਰਾਂ ਨੂੰ ਤਾਇਨਾਤ ਕਰਕੇ, ਉਥੇ ਝਗੜੇ ਦੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਇਹ ਕਹਿ ਰਹੇ ਹਨ ਕਿ ਕਾਂਗਰਸ ਮਾਹੌਲ ਖਰਾਬ ਕਰ ਰਹੀ ਹੈ, ਜਦ ਮਾਹੌਲ ਖਰਾਬ ਕਰਨ ਦਾ ਪੜੂਲ ਬਾਦਲ ਦਲ ਵਾਲਿਆ ਵੱਲੋ ਹੀ ਬੰਨਿਆ ਜਾ ਰਿਹਾ ਹੈ।

ਇਸੇ ਤਰ੍ਹਾਂ ਬਾਦਲ ਦਲ ਦੇ ਆਗੂ ਅਵਤਾਰ ਸਿੰਘ ਹਿੱਤ ਨੇ ਵੀ ਅਜਿਹੀ ਹੀ ਬਿਆਨਬਾਜੀ ਕਰਦਿਆਂ ਕਿਹਾ ਹੈ ਕਿ ਹਰਿਆਣਾ ਕਮੇਟੀ ਨੂੰ ਹਰਿਆਣੇ ਦੇ ਗੁਰੂਦੁਆਰਿਆਂ ਦਾ ਕਬਜਾ ਕਿਸੇ ਵੀ ਸੂਰਤ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਮੱਕੜ ਸੈਨਾ ਤਾਂ ਪਹਿਲਾਂ ਹੀ ਸਿੱਖਾਂ ਨੂੰ ਗਾਜਰ ਮੂਲੀ ਸਮਝ ਕੇ ਖਤਮ ਵਿੱਚ ਮਾਹਿਰ ਮੰਨੀ ਜਾਂਦੀ ਹੈ, ਤੇ ਪਹਿਲਾਂ ਇਹਨਾਂ ਨੇ 2005 ਵਿੱਚ ਗੁਰੂ ਸਤਲਾਣੀ ਵਿਖੇ ਦੋ ਨਿਰਦੋਸ਼ ਅੰਮ੍ਰਿਤਧਾਰੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤੇ ਫਿਰ 3 ਨਵੰਬਰ 2009 ਨੂੰ ਗੁਰਦਾਸਪੁਰ ਦੇ ਪਿੰਡ ਖੰਨਾ ਚਮਾਰਾ ਦੇ ਦੋ ਕਿਸਾਨਾਂ ਬਲਵਿੰਦਰ ਸਿੰਘ ਤੇ ਕਸ਼ਮੀਰ ਸਿੰਘ ਨੂੰ ਗੋਲੀਆ ਨਾਲ ਭੁੰਨ ਦਿੱਤਾ। ਹਾਲੇ ਥੋੜੇ ਦਿਨਾਂ ਦੀ ਹੀ ਖੇਡ ਹੈ ਕਿ ਭਾਈ ਰੂਪਾ ਦੀ ਜ਼ਮੀਨ ਦੇ ਕਬਜੇ ਨੂੰ ਲੈ ਕੇ ਵੀ ਮੱਕੜ ਸੈਨਾ ਨੇ ਜਿਥੇ ਕਈ ਸਿੱਖਾਂ ਦੀ ਮਾਰ ਕੁੱਟਾਈ ਕੀਤੀ, ਉਥੇ ਮਾਈ ਭਾਗੋ ਦੀਆਂ ਵਾਰਸ਼ ਅਖਵਾਉਣ ਵਾਲੀਆਂ ਅੰਮਿਤਧਾਰੀ ਬੀਬੀਆ ਦੀ ਗੁੱਤਾਂ ਪੁੱਟਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਬਾਦਲ ਮਾਰਕਾ ਪੁਲੀਸ ਨੇ ਕਈ ਸਿੱਖ ਮਰਦਾਂ ਤੇ ਸਿੱਖ ਔਰਤਾਂ ਦੇ ਖਿਲਾਫ ਮੁਕੱਦਮੇ ਵੀ ਦਰਜ ਕਰ ਦਿੱਤੇ।

6 ਜੂਨ 2014 ਨੂੰ ਘੱਲੂਘਾਰਾ ਦਿਵਸ ਸਮੇਂ ਸ੍ਰੀ ਅਕਾਲ ਤਖਤ ‘ਤੇ ਹੋਏ ਸਮਾਗਮ ਵਿੱਚ ਭਾਗ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀਆਂ ਸੰਗਤਾਂ ਲਈ ਉਸ ਵੇਲੇ ਘੱਲੂਘਾਰਾ ਵਾਪਰ ਗਿਆ ਜਦੋਂ ਮੱਕੜ ਸੈਨਾ ਨੇ ਕਈ ਸਿੰਘਾਂ ਦੀਆਂ ਵੀ ਦਸਤਾਰਾਂ ਤੇ ਕੇਸ ਖਿਲਾਰ ਦਿੱਤੇ ਅਤੇ ਕਈਆਂ ਨੂੰ ਕਿਰਪਾਨਾਂ ਦੇ ਫੱਟ ਮਾਰ ਕੇ ਫੱਟੜ ਵੀ ਕਰ ਦਿੱਤਾ ਗਿਆ। ਉਲਟਾ ਪੀੜਤਾਂ ਦੇ ਖਿਲਾਫ ਹੀ ਬਾਦਲ ਮਾਰਕਾ ਪੁਲੀਸ ਨੇ 28 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ, ਉਹਨਾਂ ਵਿੱਚੋ ਹੁਣ ਤੱਕ 22 ਵਿਅਕਤੀਆਂ ਨੂੰ ਜੇਲ ਵਿੱਚ ਬੰਦ ਕਰਵਾ ਦਿੱਤਾ ਗਿਆ ਹੈ।

ਹਰਿਆਣਾ ਵਿੱਚ ਜਿਸ ਤਰੀਕੇ ਨਾਲ ਮੱਕੜ ਦੀ ਖੂਨੀ ਸੈਨਾ ਤੇ ਹੋਰ ਜਥੇਦਾਰ ਨੂੰ ਤਾਇਨਾਤ ਕੀਤਾ ਗਿਆ ਹੈ, ਉਸ ਤੋਂ ਇੰਜ ਜਾਪਦਾ ਹੈ ਬਾਦਲ ਦਲ ਦੇ ਆਗੂ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਵੀ ਕਰ ਸਕਦੇ ਹਨ, ਜਿਸ ਲਈ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਸਰਕਾਰ ਨੂੰ ਫੂਕ ਫੂਕ ਕੇ ਕਦਮ ਰੱਖਣੇ ਪੈਣਗੇ ਅਤੇ ਕਿਸੇ ਵੀ ਪ੍ਰਕਾਰ ਦੀ ਗੜਬੜ ਨੂੰ ਰੋਕਣ ਲਈ ਆਗਾਉ ਸਖਤ ਪ੍ਰਬੰਧ ਕਰਨੇ ਪੈਣਗੇ, ਜਦ ਕਿ ਬਾਦਲ ਦਲ ਦੇ ਆਗੂ ਪਹਿਲਾਂ ਹੀ ਦੋਸ਼ ਲਗਾ ਚੁੱਕੇ ਹਨ ਕਿ ਹੁੱਡਾ ਸਰਕਾਰ ਮਾਹੌਲ ਨੂੰ ਖਰਾਬ ਕਰ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top