Share on Facebook

Main News Page

ਹਰਿਆਣੇ ਦੇ ਤਿੰਨ ਸਿੱਖਾਂ ਨੂੰ ਛੇਕਣ ਦਾ ਜਾਰੀ ਕੀਤਾ ਗਿਆ ਹੁਕਮਨਾਮਾ ਵਾਪਸ ਲੈਣ ਲਈ ਗੁਰਬਚਨ ਸਿੰਘ ‘ਤੇ ਦਬਾਅ ਪੈਣਾ ਸ਼ੁਰੂ

ਅੰਮ੍ਰਿਤਸਰ 17 ਜੁਲਾਈ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਭਗਵਾਨ ਸਿੰਘ ਨੇ ਬੀਤੇ ਕਲ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਆਗੂਆ ਨੂੰ ਪੰਥ ਵਿੱਚੋ ਛੇਕਣ ਦੀ ਕੀਤੀ ਗਈ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਪੂਰੀ ਤਰ੍ਹਾ ਸਿਆਸੀ ਹੈ ਤੇ ਇਸ ਦਾ ਧਾਰਮਿਕਤਾ ਨਾਲ ਕੋਈ ਸਬੰਧ ਨਹੀਂ ਇਸ ਲਈ ਗਿਆਨੀ ਗੁਰਬਚਨ ਸਿੰਘ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਏ ਗਏ ਇਸ ਗੈਰ ਸਿਧਾਂਤਕ ਫੈਸਲੇ ਨੂੰ ਤੁਰੰਤ ਵਾਪਸ ਲਵੇ।

ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਰਫ ਧਾਰਮਿਕ ਮਾਮਲੇ ਹੀ ਵਿਚਾਰੇ ਜਾ ਸਕਦੇ ਹਨ, ਪਰ ਗਿਆਨੀ ਗੁਰਬਚਨ ਸਿੰਘ ਵੱਲੋ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਤਿੰਨ ਸਿੱਖਾਂ ਨੂੰ ਛੇਕਣ ਦਾ ਲਿਆ ਗਿਆ ਫੈਸਲਾ ਪੂਰੀ ਤਰ੍ਹਾ ਸਿਆਸਤ ਤੋ ਪ੍ਰੇਰਿਤ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸੰਤ ਸਮਾਜ ਦੁਆਰਾ ਛੇਕਣ ਦੀ ਮੰਗ ਕਰਨਾ ਕਿਸੇ ਤਰ੍ਹਾ ਵੀ ਵਾਜਬ ਨਹੀਂ ਹੈ ਕਿਉਕਿ ਛੇਕਣ ਬਾਰੇ ਫੈਸਲਾ ਸਿੰਘ ਸਾਹਿਬਾਨ ਨੇ ਮੈਰਿਟ ਦੇ ਆਧਾਰ ਤੇ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਦਾ ਪੱਖ ਸੁਣਿਆ ਉਸ ਵਿਰੁੱਧ ਕਾਰਵਾਈ ਕਰਨਾ ਪੂਰੀ ਤਰ੍ਹਾ ਗਲਤ ਹੀ ਨਹੀਂ, ਸਗੋ ਤਖਤ ਸਾਹਿਬ ਦੀਆ ਪਰੰਪਰਾਵਾਂ ਤੇ ਸਿਧਾਂਤਾ ਦੀ ਘੋਰ ਉਲੰਘਣਾ ਹੈ। ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਕੋਈ ਗਲਤੀ ਕਰਦਾ ਹੈ ਉਸ ਨੂੰ ਪੇਸ਼ ਹੋਣ ਦੇ ਤਿੰਨ ਮੌਕੇ ਦਿੱਤੇ ਜਾਂਦੇ ਹਨ ਪਰ ਇਹਨਾਂ ਤਿੰਨਾਂ ਨੂੰ ਇੱਕ ਵੀ ਮੌਕਾ ਨਹੀਂ ਦਿੱਤਾ ਗਿਆ ਇਸ ਲਈ ਅਕਾਲ ਤਖਤ ਤੋ ਜਾਰੀ ਕੀਤਾ ਗਿਆ ਹੁਕਮਨਾਮਾ ਪੂਰੀ ਤਰ੍ਵਾ ਇੱਕ ਪਾਸੜ ਤੇ ਗਲਤ ਹੈ ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਵਿਵਾਦਤ ਜਥੇਦਾਰ ਹਨ ਅਤੇ ਉਹਨਾਂ ਨੂੰ ਵੈਸੇ ਵੀ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਕਿ ਇੱਕ ਤੇ ਭ੍ਰਿਸ਼ਟਾਚਾਰ ਤੇ ਦੂਸਰੇ ਤੇ ਦੁਰਾਚਾਰੀ ਦੇ ਦੋਸ਼ ਲੱਗ ਚੁੱਕੇ ਹਨ। ਉਹਨਾਂ ਕਿਹਾ ਕਿ 1980 ਵਿੱਚ ਜਦੋਂ ਜਥੇਦਾਰ ਸੰਤੋਖ ਸਿੰਘ ਦਿੱਲੀ ਨੂੰ ਪੰਥ ਵਿੱਚੋ ਛੇਕਿਆ ਗਿਆ ਸੀ ਤਾਂ ਉਸ ਨੇ ਪੇਸ਼ ਹੋਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਤੱਤਕਾਲੀ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਤੇ ਵਿਦੇਸ਼ਾਂ ਵਿੱਚੋ ਇਕੱਠੀ ਕਰਕੇ ਲਿਆਦੀ ਮਾਇਆ ਸ਼੍ਰੋਮਣੀ ਕਮੇਟੀ ਕੋਲ ਪੂਰੀ ਨਾ ਜਮਾ ਕਰਾਉਣ ਦੇ ਦੋਸ਼ ਲੱਗ ਚੁੱਕੇ ਹਨ, ਇਸ ਕਰਕੇ ਉਹ ਅਜਨੋਹਾ ਦੇ ਕੋਲ ਪੇਸ਼ ਨਹੀਂ ਹੋਣਗੇ। ਜਥੇਦਾਰ ਅਜਨੋਹਾ ਨੇ ਤੁਰੰਤ ਸਾਬਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਦੀ ਸਲਾਹ ਲਈ ਤਾਂ ਉਹਨਾਂ ਕਿਹਾ ਕਿ ਆਪਣੀ ਥਾਂ ‘ਤੇ ਕਿਸੇ ਹੋਰ ਜਥੇਦਾਰ ਨੂੰ ਬਿਠਾ ਕੇ ਮਾਮਲਾ ਖਤਮ ਕੀਤਾ ਜਾਵੇ ਤੇ ਅਜਨੋਹਾ ਸਾਹਿਬ ਨੇ ਉਸ ਸਮੇ ਉਹ (ਗਿਆਨੀ ਭਗਵਾਨ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਹੈਡ ਗ੍ਰੰਥੀ ਸਨ ਤੇ ਉਹਨਾਂ ਨੂੰ ਜਥੇਦਾਰ ਅਜਨੋਹਾ ਦੀ ਥਾਂ ਤੇ ਬਿਠਾ ਕੇ ਜਥੇਦਾਰ ਸੰਤੋਖ ਸਿੰਘ ਨੂੰ ਪੇਸ਼ ਕਰਵਾਇਆ ਗਿਆ ਸੀ। ਉਹਨਾਂ ਕਿਹਾ ਕਿ ਵਿਵਾਦਤ ਜਥੇਦਾਰਾਂ ਵੱਲੋ ਲਿਆ ਗਿਆ ਫੈਸਲਾ ਪੂਰੀ ਤਰ੍ਵਾ ਅਸਲੀਅਤ ਤੋ ਕੋਹਾਂ ਦੂਰ ਹੈ ਅਤੇ ਇਸ ਲਈ ਹਰਿਆਣੇ ਦੇ ਸਿੱਖ ਜਗਦੀਸ਼ ਸਿੰਘ ਝੀਡਾ, ਦੀਦਾਰ ਸਿੰਘ ਨਲਵੀ ਤੇ ਹਰਮੋਹਿੰਦਰ ਸਿੰਘ ਚੱਠਾ ਨੂੰ ਚਾਹੀਦਾ ਹੈ ਕਿ ਉਹ ਇਸ ਫੈਸਲੇ ਨੂੰ ਪ੍ਰਵਾਨ ਨਾ ਕਰਨ ਤੇ ਜਥੇਦਾਰਾਂ ਨੂੰ ਪੁੱਛਣ ਕਿ ਉਹ ਇੱਕ ਸਿਆਸੀ ਮਾਮਲੇ ਵਿੱਚ ਦਖਲਅੰਦਾਜੀ ਕਿਉ ਕਰ ਰਹੇ ਹਨ?

ਇਸੇ ਤਰ੍ਹਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਜਨਰਲ ਸਕੱਤਰ ਸ੍ਰ ਮਨਜੀਤ ਸਿੰਘ ਤਰਨਤਾਰਨੀ ਨੇ ਕਿਹਾ ਕਿ ਜਿਹੜੇ ਗਿਆਨੀ ਗੁਰਬਚਨ ਸਿੰਘ ਤੇ ਭ੍ਰਿਸ਼ਟਾਚਾਰੀ ਤੇ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਉਸ ਦੀ ਦੂਸਰੀ ਪਤਨੀ ਬਲਜੀਤ ਕੌਰ ਵੱਲੋ ਥਾਣੇ ਵਿੱਚ ਮਾਰ ਕੁੱਟਾਈ ਤੇ ਦਹੇਜ ਮੰਗਣ ਦੀ ਸੰਗੀਨ ਦੋਸ਼ ਲਗਾ ਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਉਸ ਲਈ ਉਹ ਦੁਰਾਚਾਰੀ ਦੀ ਖਾਤੇ ਵਿੱਚ ਆਉਦਾ ਹੈ। ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਪਹਿਲਾਂ ਹੀ ਬਰਖਾਸਤ ਕਰ ਚੁੱਕੀ ਹੈ ਤੇ ਉਸ ਨੂੰ ਵੈਸੇ ਵੀ ਮੀਟਿੰਗ ਵਿੱਚ ਬੈਠਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਉਹਨਾਂ ਕਿਹਾ ਕਿ ਹਰਿਆਣੇ ਦੇ ਤਿੰਨ ਸਿੱਖਾਂ ਨੂੰ ਛੇਕਣ ਦਾ ਲਿਆ ਫੈਸਲਾ ਪੂਰੀ ਤਰ੍ਹਾ ਇੱਕ ਪਾਸੜ ਤੇ ਪੰਥਕ ਮਰਿਆਦਾ ਤੇ ਪਰੰਪਰਾਵਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੇ ਸੰਘਰਸ਼ ਸਿਰਫ ਆਪਣੇ ਹੱਕਾਂ ਲਈ ਕੀਤਾ ਹੈ ਅਤੇ ਉਹਨਾਂ ਦਾ ਹੱਕ ਖੋਹਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ। ਉਹਨਾਂ ਗਿਆਨੀ ਗੁਰਬਚਨ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਜਥੇਦਾਰੀ ਦਾ ਸਮਾਂ ਵਧਾਉਣ ਦੀ ਖਾਤਰ ਸਿਆਸੀ ਆਗੂਆ ਦਾ ਹੱਥ ਠੋਕਾ ਨਾ ਬਨਣ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀਆ ਪਰੰਪਰਾਵਾਂ ਤੇ ਸਿਧਾਂਤਾ ਦੀ ਰਾਖੀ ਇੱਕ ਪੰਥਕ ਪਹਿਰੇਦਾਰ ਬਣ ਕੇ ਕਰਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਸਮੇਤ ਕਰੀਬ 22 ਜਥੇਬੰਦੀਆ ਪਹਿਲਾਂ ਹੀ ਗਿਆਨੀ ਗੁਰਬਚਨ ਸਿੰਘ ਦਾ ਇਸ ਕਰਕੇ ਬਾਈਕਾਟ ਕੀਤਾ ਹੋਇਆ ਹੈ ਕਿਉਕਿ ਉਹਨਾਂ ਵਿੱਚ ਅਜਾਦਾਨਾ ਤੌਰ 'ਤੇ ਫੈਸਲੇ ਲੈਣ ਦੀ ਹਿੰਮਤ ਨਹੀਂ ਹੈ ਅਤੇ ਅਜਿਹੇ ਬਾਦਲਾ ਦੇ ਗੁਲਾਮ ਵਿਅਕਤੀਆ ਨੂੰ ਜਥੇਦਾਰ ਕਹਿਣਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਤੌਹੀਨ ਹੈ। ਉਹਨਾਂ ਕਿਹਾ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਮਾਨਤਾ ਨਹੀਂ ਦਿੰਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਹੀ ਮੰਨਦੇ ਹਨ। ਉਹਨਾਂ ਕਿਹਾ ਕਿ ਝੀਡਾ, ਨਲਵੀ ਤੇ ਚੱਠਾ ਨੂੰ ਉਹ ਅਪੀਲ ਕਰਦੇ ਹਨ ਕਿ ਉਹ ਇਸ ਸਿਆਸੀ ਫੈਸਲੇ ਨੂੰ ਪ੍ਰਵਾਨ ਨਾ ਕਰਨ ਤੇ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਲਈ ਤਿਆਰ ਹੈ।

ਇਸੇ ਤਰ੍ਹਾ ਯੂਨਾਈਟਿਡ ਸਿੱਖ ਮੂਵਮੈਂਟ ਦੇ ਕਨਵੀਨਰ ਭਾਈ ਮੋਹਕਮ ਸਿੰਘ, ਭਾਈ ਬਲਵਿੰਦਰ ਸਿੰਘ ਝਬਾਲ, ਭਾਈ ਸਤਨਾਮ ਸਿੰਘ ਮਨਾਵਾਂ, ਬਲਵੰਤ ਸਿੰਘ ਗੋਪਾਲਾ ਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਹਰਿਆਣਾ ਦੀ ਵੱਖਰੀ ਕਮੇਟੀ ਦਾ ਮੁੱਦਾ ਪੂਰੀ ਤਰ੍ਹਾ ਸਿਆਸੀ ਹੈ ਅਤੇ ਧਾਰਮਿਕਤਾ ਦੀ ਕੋਈ ਮੱਦ ਇਸ ਨਾਲ ਨਹੀਂ ਜੁੜਦੀ। ਉਹਨਾਂ ਕਿਹਾ ਕਿ ਗੁਰੂਦੁਆਰਾ ਐਕਟ ਹਰਿਆਣਾ ਸਰਕਾਰ ਨੇ ਬਣਾਇਆ ਹੈ ਅਤੇ ਝੀਡਾ ਤੇ ਨਲਵੀ ਦੇ ਕਿਸੇ ਵੀ ਜਗਾ 'ਤੇ ਦਸਤਖਤ ਨਹੀਂ ਹਨ। ਉਹਨਾਂ ਕਿਹਾ ਕਿ ਇਸ ਕਰਕੇ ਉਹਨਾਂ ਨੂੰ ਛੇਕਣ ਦਾ ਲਿਆ ਗਿਆ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ ਅਤੇ ਅੱਗੇ ਤੋ ਛੇਕਣ ਦੀ ਪ੍ਰਥਾ ਹੀ ਖਤਮ ਕੀਤੀ ਜਾਣੀ ਚਾਹੀਦੀ ਹੈ ਕਿਉਕਿ ਇਹ ਪ੍ਰਥਾ ਸਿੱਖ ਪੰਥ ਵਿੱਚ ਅਸਾਵਾਂਪਨ ਪੈਦਾ ਕਰਦੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਪਹਿਲਾਂ 1947 ਵਿੱਚ ਵੰਡ ਦੀ ਮਾਰ ਪਈ ਤੇ ਫਿਰ 1966 ਵਿੱਚ ਉਹਨਾਂ ਪੰਜਾਬੀ ਸੂਬੇ ਤੇ ਨਾਮ ਤੇ ਵੱਖਰਾ ਕਰ ਦਿੱਤਾ ਗਿਆ ਅਤੇ ਹੁਣ ਸ਼੍ਰੋਮਣੀ ਕਮੇਟੀ ਦੀਆ ਨਲਾਇਕੀਆ ਕਾਰਨ ਉਹਨਾਂ ਨੂੰ ਵੱਖ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜਦੋਂ ਹਰਿਆਣੇ ਸਿੱਖਾਂ ਨੂੰ ਇਹ ਕਹਿ ਦੇਣਾ ਕਿ ਉਹ ਸੰਗਤਾਂ ਦੁਆਰਾ ਨਕਾਰੇ ਤੇ ਦੁਰਕਾਰੇ ਹੋਏ ਲੋਕ ਹਨ ਤੇ ਉਹਨਾਂ ਦੀ ਅਜਾਦੀ ਲਈ ਬਣਾਈ ਗਈ ਸਬ ਕਮੇਟੀ ਵੀ ਭੰਗ ਕਰ ਦੇਣੀ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਨਾਅਹਿਲ ਪ੍ਰਬੰਧਕ ਤਾਂ ਪਹਿਲਾਂ ਹੀ ਉਹਨਾਂ ਨੂੰ ਵੱਖ ਕਰਨ ਲਈ ਤਿਆਰ ਸਨ। ਉਹਨਾਂ ਕਿਹਾ ਕਿ ਅਜਾਦੀ ਹਰੇਕ ਮਨੁੱਖ ਦਾ ਹੱਕ ਤੇ ਹੱਕ ਲੈਣ ਵਾਲੇ ਦੇ ਖਿਲਾਫ ਅਨਉਚਿਤ ਕਾਰਵਾਈ ਕਰਨੀ ਕਿਸੇ ਵੀ ਤਰ੍ਹਾ ਠੀਕ ਨਹੀਂ ਹੈ। ਉਹਨਾਂ ਜਥੇਦਾਰ ਨੂੰ ਇਹ ਵੀ ਅਪੀਲ ਕੀਤੀ ਕਿ ਬਾਦਲ ਹਰਿਆਣਾ ਦੀ ਵੱਖਰੀ ਕਮੇਟੀ ਦੇ ਨਾਮ ਤੇ ਇੱਕ ਵਾਰੀ ਫਿਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ ਜਿਸ ਦੀ ਉਸ ਨੂੰ ਇਜ਼ਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਪਹਿਲਾਂ ਵੀ ਬਾਦਲਕਿਆ ਨੇ ਮੋਰਚੇ ਲਗਾ ਕੇ ਲੋਕਾਂ ਦੇ ਨਿਰਦੋਸ਼ ਪੁੱਤ ਮਰਵਾ ਦਿੱਤੇ ਅਤੇ ਆਪਣੇ ਵਿਦੇਸ਼ਾਂ ਵਿੱਚ ਭੇਜ ਦਿੱਤੇ ਪਰ ਹੁਣ ਫਿਰ ਬਾਦਲ ਪੂਰੀਆ ਚੱਲ ਕੇ ਨਵੀ ਸਫਬੰਦੀ ਕਰ ਰਿਹਾ ਹੈ ਤਾਂ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾਵੇ ਜਿਸ ਨੂੰ ਰੋਕਣ ਲਈ ਅਕਾਲ ਤਖਤ ਨੂੰ ਤੁਰੰਤ ਹਰਕਤ ਵਿੱਚ ਆਉਣ ਦੀ ਲੋੜ ਹੈ।

ਵੀਰਵਾਰ ਨੂੰ ਇਸ ਮਸਲੇ ‘ਤੇ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਦੇਣ ਆਏ ਸਿੱਖ ਆਗੂ ਬਲਵੰਤ ਗੋਪਾਲਾ ਨੇ ਕਿਹਾ ਕਿ ਜਦੋਂ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਮਜੀਠੀਆ ਨੂੰ ਪੰਥ ‘ਚੋਂ ਛੇਕਣ ਲਈ ਜਲਦਬਾਜ਼ੀ ਨਹੀਂ ਦਿਖਾਈ ਗਈ ਤਾਂ ਹਰਿਆਣਾ ਦੇ ਸਿੱਖ ਆਗੂਆਂ ਨੂੰ ਜਲਦਬਾਜ਼ੀ ‘ਚ ਪੰਥ ‘ਚੋਂ ਕਿਉਂ ਛੇਕਿਆ ਗਿਆ ਹੈ। ਇਸ ਫੈਸਲੇ ‘ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ ਅਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ।

ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਕ ਵਾਰ ਫਿਰ ਸਾਫ ਕੀਤਾ ਕਿ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ‘ਚੋਂ ਛੇਕਣ ਦਾ ਫੈਸਲਾ ਜਲਦਬਾਜ਼ੀ ‘ਚ ਨਹੀਂ ਲਿਆ ਗਿਆ, ਸਗੋਂ ਇਸ ਮਾਮਲੇ ‘ਚ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਇਕ ਬੈਠਕ ਕਰਕੇ ਹਰਿਆਣਾ ‘ਚ ਵੱਖਰੀ ਕਮੇਟੀ ਦੇ ਗਠਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਸਿੱਖ ਪੰਥ ‘ਚੋਂ ਛੇਕਣ ਦੀ ਅਪੀਲ ਕੀਤੀ ਸੀ। ਬੁੱਧਵਾਰ ਦੀ ਸ਼ਾਮ ਨੂੰ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ‘ਚ ਹਰਿਆਣਾ ਦੇ ਇਨ੍ਹਾਂ ਸਿੱਖ ਆਗੂਆਂ ਨੂੰ ਪੰਥ ‘ਚੋਂ ਛੇਕਣ ਦਾ ਫੈਸਲਾ ਕਰ ਲਿਆ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top