Share on Facebook

Main News Page

ਹਰਿਆਣੇ ਦੇ ਸਿੱਖਾਂ ਨੇ ਤਾਂ ਗੁਰਦੁਆਰਿਆਂ ਨੂੰ ਮੌਜੂਦਾ ਮਹੰਤਾਂ ਤੋਂ ਮੁਕਤ ਕਰਵਾ ਲਿਆ ਹੈ, ਪੰਜਾਬ ਦੇ ਸਿੱਖ ਕਦੋਂ ਜਾਗਣਗੇ ?
-: ਅਵਤਾਰ ਸਿੰਘ ਉੱਪਲ 94637-87110

ਹਰਿਆਣਾ ਦੀ ਵੱਖਰੀ ਬਣਨ ਜਾ ਰਹੀ ਪ੍ਰਬੰਧਕ ਕਮੇਟੀ ਨੂੰ ਰੋਕਣ ਲਈ ਬਾਦਲ ਅਤੇ ਮੱਕੜ ਦੀ ਜੋੜੀ ਨੇ ਆਪਣੇ ਵੱਲੋਂ ਅੱਡੀ ਚੋਟੀ ਦਾ ਜੋਰ ਲਾਇਆ ਕਦੀ ਕੇਂਦਰੀ ਨੇਤਾਵਾਂ ਨੂੰ ਅਪੀਲਾਂ ਕਰਦੇ ਰਹੇ ਅਤੇ ਕਦੀ ਕਾਨੂੰਨੀ ਕਾਰਵਾਈਆਂ ਕਰਨ ਦੀਆਂ ਧਮਕੀਆਂ ਦਿੰਦੇ ਰਹੇ। ਪਰ ਜਦ ਇਹਨਾਂ ਵੱਲੋਂ ਦਿੱਤੀਆਂ ਧਮਕੀਆਂ ਨੂੰ ਨਜਰਅੰਦਾਜ ਕਰਕੇ ਸੂਬਾ ਸਰਕਾਰ ਨੇ ਸਿੱਖਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦਾ ਸਨਮਾਨ ਕਰਦਿਆਂ, ਉੱਥੋਂ ਦੀ ਵਿਧਾਨਸਭਾ ਵਿੱਚ ਵੱਖਰੀ ਕਮੇਟੀ ਦਾ ਬਿੱਲ ਪਾਸ ਕਰਕੇ ਐਕਟ ਬਣਾ ਦਿੱਤਾ ਤਾਂ ਅਕਾਲੀ ਦਲ ਬਾਦਲ ਨੇ ਇਸਨੂੰ ਕਾਂਗਰਸ ਵੱਲੋਂ ਸਿੱਖਾਂ ਨੂੰ ਵੰਡਣ ਦੀ ਸਾਜ਼ਿਸ਼ ਅਤੇ ਸਿੱਧੀ ਦਖਲਅੰਦਾਜੀ ਗਰਦਾਨਿਆ ਹੈ। ਪਰ ਇਸ ਪਾਰਟੀ ਨੇ ਇਹ ਕਦੀ ਵੀ ਪੜਚੋਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਹਰਿਆਣੇ ਦੇ ਸਿੱਖ ਵੱਖਰੀ ਕਮੇਟੀ ਦੀ ਮੰਗ ਕਰਦੇ ਹੀ ਕਿਉਂ ਹਨ ? ਅਗਰ ਉਹਨਾਂ ਦੇ ਕੋਈ ਗਿਲੇ ਸ਼ਿਕਵੇ ਜਾਂ ਸ਼ੰਕਾਂਵਾਂ ਇਸ ਕਮੇਟੀ ਬਾਰੇ ਸਨ ਤਾਂ ਉਹਨਾਂ ਨੂੰ ਦੂਰ ਕਰਨ ਦੀ ਕਦੇ ਵੀ ਕਮੇਟੀ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ।

ਹੁਣ ਅਕਾਲੀ ਦਲ ਦੇ ਵੱਖ-2 ਬੁਲਾਰੇ ਸਮੇਤ ਬਾਦਲ ਸਾਬ੍ਹ ਕਹਿ ਰਹੇ ਹਨ ਕਿ ਇਹ ਐਕਟ ਗੈਰ ਵਿਧਾਨਕ ਹੈ ਜੋ ਹਰਿਆਣਾ ਸਰਕਾਰ ਨੇ ਕਾਹਲੀ ਵਿੱਚ ਕਦਮ ਚੁੱਕਿਆ ਹੈ ਅਗਰ ਇਹ ਐਕਟ ਵਾਕਿਆ ਈ ਗੈਰ ਵਿਧਾਨਕ ਹੈ ਤਾਂ ਬਾਦਲ ਜਾਂ ਮੱਕੜ ਕਿਉਂ ਨਹੀਂ? ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੰਦੇ, ਪਰ ਜਿਸ ਤਰ੍ਹਾਂ ਮੀਡੀਆ ਵਿੱਚ ਪਹਿਲਾਂ ਤੋਂ ਸ਼ੰਕਾ ਜਾਹਰ ਕੀਤੀ ਜਾ ਰਹੀ ਸੀ ਕੱਲ੍ਹ ਸਿਆਸੀ ਹਾਕਮਾਂ ਵੱਲੋਂ ਮਿਲੀਆਂ ਹਿਦਾਇਤਾਂ ਤੇ ਅਮਲ ਕਰਦਿਆਂ ਕਾਹਲੀ-2 ਵਿੱਚ ਨਾਟਕੀ ਘਟਨਾਕਰਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਐਗਜੈਕਟਿਵ ਮੈਂਬਰਾਂ ਦੀ ਮੀਟਿੰਗ ਕਰਕੇ ਹਰਿਆਣਾ ਦੇ ਸਿੱਖ ਨੇਤਾਂਵਾਂ ਵਿਰੁੱਧ ਕਾਰਵਾਈ ਕਰਨ ਲਈ ਜਥੇਦਾਰਾਂ ਨੂੰ ਅਪੀਲ ਕੀਤੀ ਗਈ। ਉਸੇ ਸਮੇਂ ਅਖੌਤੀ ਸੰਤ ਸਮਾਜ ਅਤੇ ਹੋਰ ਅਖੌਤੀ ਸਿੱਖ ਜਥੇਬੰਦੀਆਂ ਨੇ ਇਹੋ ਅਪੀਲ ਕੀਤੀ ਇਹਨਾਂ ਦੇ ਸੁਝਾਵਾਂ 'ਤੇ ਤੁਰੰਤ ਅਮਲ ਕਰਦਿਆਂ, ਪੰਜਾਂ ਜਥੇਦਾਰਾਂ ਨੇ ਆਪਸੀ ਮੀਟਿੰਗ ਕਰਕੇ ਹਰਿਆਣੇ ਦੇ ਉਕਤ ਨੇਤਾਵਾਂ ਨੁੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਵਿੱਚੋਂ ਛੇਕਣ ਦਾ ਅਖੌਤੀ ਹੁਕਮਨਾਮਾ ਜਾਰੀ ਕਰ ਦਿੱਤਾ ਅਤੇ ਉਹਨਾਂ ਕੋਲੋਂ ਸਿੱਖ ਹੋਣ ਦਾ ਮਾਣ ਅਤੇ ਹੱਕ ਹਕੂਕ ਖੋਹ ਲਏ ਗਏ।

ਇਹ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਹੀਂ, ਉੱਥੇ ਬੈਠੇ ਹੋਏ ਪੁਜਾਰੀ ਜੋ ਬਾਦਲ ਦੇ ਨੁਮਾਇੰਦੇ ਹਨ ਅਤੇ ਸਿੱਖ ਕੌਮ ਦੇ ਮੱਥੇ ਉੁੱਤੇ ਜਬਰਦਸਤੀ ਮੜ ਦਿੱਤੇ ਗਏ ਹਨ, ਵੱਲੋਂ ਜਾਰੀ ਕੀਤਾ ਗਿਆ ਹੈ ਇਹ ਹੁਕਮਨਾਮੇ ਕੌਣ ਅਤੇ ਕਿਥੇ ਬੈਠ ਕੇ ਲਿਖਦਾ ਹੈ ਸਭ ਜਾਣਦੇ ਹਨ, ਜਥੇਦਾਰ ਤਾਂ ਕੇਵਲ ਲਿਖੇ ਹੋਏ ਨੂੰ ਪੜ੍ਹ ਕੇ ਸੁਣਾਉਂਦੇ ਹੀ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਅਨੁਸਾਰ ਜਿਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਕਿਸੇ ਹੋਰ ਤਸਵੀਰ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਦੋ ਤਖਤਾਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਗ੍ਰੰਥ ਦਸਮ ਗ੍ਰੰਥ ਦਾ ਵੀ ਪ੍ਰਕਾਸ਼ ਕਤਿਾ ਗਿਆ ਹੈ ਜਿਸ ਕਰਕੇ ਉਹਨਾਂ ਦੋਹਾਂ ਤਖਤਾਂ ਦੇ ਜਥੇਦਾਰ ਰਹਿਤ ਮਰਿਯਾਦਾ ਨੂੰ ਤੋੜਨ ਦੇ ਮੁੱਖ ਦੋਸ਼ੀ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇਹਨਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਹਮੇਸ਼ਾਂ ਬਚਦਾ ਹੈ, ਕਿਉਂਕਿ ਉਹਨਾਂ ਜਥੇਦਾਰਾਂ ਦੇ ਪਿੱਛੇ ਆਰ.ਐੱਸ.ਐੱਸ ਖੜੀ ਹੈ ਜੋ ਵਿਅਕਤੀ ਆਪ ਦੋਸ਼ੀ ਹੋਵੇ ਉਹ ਦੂਸਰੇ ਸਿੱਖਾਂ ਨੂੰ ਦੋਸ਼ੀ ਕਰਾਰ ਦੇਣ ਲਈ ਜੱਜ ਦੀ ਭੂਮਿਕਾ ਕਿਵੇ ਨਿਭਾ ਸਕਦਾ ਹੈ।

ਰਹੀ ਗੱਲ ਪੰਜਾਬ ਦੇ ਤਿੰਨਾਂ ਤਖਤਾਂ ਦੇ ਜਥੇਦਾਰਾਂ ਦੀ ਇਹਨਾਂ ਦੀ ਨਿਯੁਕਤੀ ਤਾਂ ਕਹਿਣ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ, ਪਰ ਕਮੇਟੀ ਦੇ ਪ੍ਰਧਾਨ ਦਾ ਫੈਸਲਾ ਬਾਦਲ ਸਾਬ੍ਹ ਕਰਦੇ ਹਨ ਅਤੇ ਅਕਾਲੀ ਦਲ ਬਾਦਲ ਦਾ ਆਪਣਾ ਕੰਟਰੋਲ ਆਰ.ਐੱਸ.ਐੱਸ ਕੋਲ ਹੈ। ਸੋ ਇਹਨਾਂ ਜਥੇਦਾਰਾਂ ਉੱਪਰ ਅਸਲ ਕੰਟਰੋਲ ਆਰ.ਐੱਸ.ਐੱਸ ਦਾ ਹੀ ਹੈ। ਇਹਨਾਂ ਜਥੇਦਾਰਾਂ ਨੇ ਸਿਆਸੀ ਮਾਲਕਾਂ ਦੇ ਇਸ਼ਾਰੇ 'ਤੇ ਨਾ ਤਾਂ ਸਾਡਾ ਗ੍ਰੰਥ ਇੱਕ ਰਹਿਣ ਦਿੱਤਾ ਹੈ ਅਤੇ ਨਾ ਹੀ ਪੰਥ ਇੱਕ ਰਹਿਣ ਦਿੱਤਾ ਹੈ। ਇਸ ਸਮੇਂ ਸਿੱਖ ਕੌਮ ਨੂੰ ਜੇਕਰ ਸਭ ਤੋਂ ਵੱਧ ਕਿਸੇ ਤੋਂ ਖਤਰਾ ਹੈ ਤਾਂ ਉਹ ਇਹਨਾਂ ਜਥੇਦਾਰਾਂ ਤੋਂ ਹੀ ਹੈ। ਆਪਣੇ ਇਲਾਕਿਆਂ ਵਿੱਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਹੱਕ ਮੰਗਣਾ ਕੋਈ ਸਿੱਖ ਵਿਰੋਧੀ ਕਾਰਵਾਈ ਨਹੀਂ ਕਹੀ ਜਾ ਸਕਦੀ। ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਬਾਦਲ ਹਮਾਇਤੀ ਕਮੇਟੀ ਦੇ ਹੱਥਾਂ ਵਿੱਚ ਹੀ ਕਿਉਂ ਹੋਵੇ?

ਦੂਸਰੇ ਸੂਬਿਆਂ ਵਿੱਚ ਵੱਸਣ ਵਾਲੇ ਸਿੱਖ, ਕੀ ਸਿੱਖ ਨਹੀਂ ਹਨ ਉਹ ਉੱਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੇ ? ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕੌਡੇ ਰਾਖਸ਼ਸ ਅਤੇ ਸੱਜਣ ਠੱਗ ਵਰਗਿਆਂ ਨੂੰ ਗਲੇ ਲਗਾ ਕੇ ਚੰਗੇ ਇਨਸਾਨ ਬਣਾ ਦਿੱਤਾ, ਪਰ ਇਹ ਅੱਜ ਦੇ ਜਥੇਦਾਰ ਆਪਣੇ ਆਪ ਨੁੰ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਵੱਡੇ ਸਮਝਣ ਲੱਗ ਪਏ ਹਨ ਅਤੇ ਇਹ ਗੁਰੂੁ ਨਾਨਕ ਦੇ ਸਿੱਖਾਂ ਨੂੰ ਸਿੱਖੀ ਵਿੱਚੋਂ ਛੇਕ ਰਹੇ ਹਨ। ਸਿੱਖਾਂ ਵਾਸਤੇ ਸੋਚਣ ਵਿਚਾਰਨ ਦੀ ਗੱਲ ਇਹ ਹੈ ਸਿੱਖਾਂ ਨੂੰ ਸਿੱਖੀ ਵਿੱਚੋਂ ਛੇਕਣ ਦਾ ਅਧਿਕਾਰ ਇਹਨਾਂ ਜਥੇਦਾਰਾਂ ਨੂੰ ਕਿਸ ਨੇ ਦਿੱਤਾ ਹੈ ਜੋ ਜਥੇਦਾਰ ਆਪਣੀ ਨੌਕਰੀ ਲਈ ਆਪ ਕਿਸੇ ਦੇ ਰਹਿਮੋ ਕਰਮ ਉੱਪਰ ਨਿਰਭਰ ਹੋਵੇ ਉਹ ਸਿੱਖਾਂ ਨੁੰ ਸਿੱਖੀ ਵਿੱਚੋਂ ਛੇਕਣ ਦਾ ਫੈਸਲਾ ਕਿਵੇਂ ਕਰ ਸਕਦਾ ਹੈ? ਪਰ ਅਕਾਲੀ ਦਲ ਬਾਦਲ ਨੇ ਸ਼ੁਰੂ ਤੋਂ ਹੀ ਸਿੱਖਾਂ ਨੂੰ ਇਕ ਅਜਿਹੇ ਪਿੰਜਰੇ ਵਿੱਚ ਕੈਦ ਕਰਕੇ ਰੱਖਿਆ ਹੈ ਜਿਸਦੇ ਉੱਪਰ ਜਥੇਦਾਰਾਂ ਦਾ ਜਿੰਦਰਾ ਮਾਰਿਆ ਹੋਇਆ ਹੈ। ਹਰਿਆਣੇ ਦੇ ਸਿੱਖਾਂ ਨੇ ਗੁਰੂ ਘਰਾਂ ਨੂੰ ਬਾਦਲਾਂ ਦੇ ਕਬਜੇ ਥੱਲਿਓ ਮੁਕਤ ਕਰਵਾ ਲਿਆ ਹੈ ਵਧਾਈ ਦੇ ਪਾਤਰ ਹਨ। ਹੁਣ ਪੰਜਾਬ ਦੇ ਸਿੱਖਾਂ ਦੇ ਸੋਚਣ ਦਾ ਸਮਾਂ ਹੈ ਉਹਨਾਂ ਨੇ ਬਾਦਲ ਦੇ ਪਿੰਜਰੇ ਵਿੱਚੋਂ ਕਦੋਂ ਅਤੇ ਕਿਵੇਂ ਆਜਾਦ ਹੋਣਾ ਹੈ।

ਅੰਤ ਵਿੱਚ ਹਰਿਆਣਾ ਦੇ ਸਿੱਖ ਨੇਤਾਵਾਂ ਜਿਨ੍ਹਾਂ ਨੂੰ ਅਖੌਤੀ ਜਥੇਦਾਰਾਂ ਨੇ ਗੁਰੁ ਨਾਨਕ ਦੇ ਪੰਥ ਵਿੱਚੋਂ ਛੇਕਿਆ ਹੈ ਕਿਸੇ ਗੱਲੋਂ ਵੀ ਨਿਰਾਸ਼ ਨਾ ਹੋਣ ਅਤੇ ਨਾ ਹੀ ਇਹਨਾ ਸਿਆਸੀ ਗੁਲਾਮਾਂ ਦੇ ਅੱਗੇ ਝੁਕਣ ਇਹ ਤੁਹਾਨੂੰ ਬਾਦਲ ਦੇ ਪੰਥ ਵਿੱਚੋਂ ਤਾਂ ਛੇਕ ਸਕਦੇ ਹਨ, ਪਰ ਬਾਬੇ ਨਾਨਕ ਦੀ ਸਿੱਖੀ ਤੋਂ ਤੁਹਾਨੂੰ ਕਦੀ ਵੀ ਤੋੜ ਨਹੀਂ ਸਕਦੇ। ਤੁਸੀਂ ਸ਼ਬਦ ਗੁਰੂ ਨਾਲ ਹਮੇਸ਼ਾਂ ਜੁੜੇ ਰਹੋ ਸੱਚੇ ਮਨੋਂ ਈਮਾਨਦਾਰੀ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਵੱਲ ਲੱਗ ਜਾਉ, ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇਗਾ।

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top