Share on Facebook

Main News Page

ਘਰ ਕਾ ਭੇਤੀ ਲੰਕਾ ਢਾਏ
-: ਨਿਰਮਲ ਸਿੰਘ ਕੰਧਾਲਵੀ

ਸਿਆਣਿਆ ਦਾ ਕਹਿਣਾ ਹੈ ਕਿ ਜੇ ਘਰ ਵਿਚ ਹੀ ਦੁਸ਼ਮਣ ਹੋਵੇ ਤਾਂ ਘਰ ਨੂੰ ਬਰਬਾਦ ਕਰਨ ਲਈ ਬਾਹਰਲੇ ਦੁਸ਼ਮਣਾਂ ਦੀ ਕੀ ਲੋੜ ਹੈ? ਅੱਜ ਸਿੱਖ ਧਰਮ ਤਾਂ ਦੋਹਰੀ ਮਾਰ ਹੇਠ ਆਇਆ ਹੋਇਆ ਹੈ, ਜਿੱਥੇ ਇਸ ਉੱਪਰ ਬਾਹਰੋਂ ਹਮਲੇ ਹੋ ਰਹੇ ਹਨ, ਉੱਥੇ ਇਸ ਦੇ ਅੰਦਰ ਹੀ ਅਜਿਹੇ ਗ੍ਰੰਥੀ, ਪ੍ਰਚਾਰਕ, ਪ੍ਰਬੰਧਕ ਤੇ ਰਾਗੀ ਢਾਡੀ ਬੈਠੇ ਹਨ ਜਿਹੜੇ ਦਿਨੇ ਰਾਤ ਸਿੱਖ ਸਿਧਾਂਤ ਦੀਆਂ ਜੜ੍ਹਾਂ ‘ਚ ਤੇਲ ਦੇ ਰਹੇ ਹਨ, ਕਿਉਂਕਿ ਬਹੁਤੇ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਵਿਚ ਅਜਿਹੇ ਪ੍ਰਬੰਧਕ ਬੈਠੇ ਹਨ, ਜਿਹੜੇ ਖ਼ੁਦ ਸਿੱਖ ਸਿਧਾਂਤ ਤੋਂ ਅਨਜਾਣ ਹਨ। ਉਹਨਾਂ ਨੂੰ ਕੋਈ ਪਤਾ ਨਹੀਂ ਲਗਦਾ ਕਿ ਪ੍ਰਚਾਰਕ ਕੀ ਕਹਿ ਰਹੇ ਹਨ, ਉਹ ਆਪਣੀ ਜ਼ਿੰਮੇਵਾਰੀ ਸਿਰਫ਼ ਪ੍ਰਬੰਧ ਕਰਨ ਅਤੇ ਮਾਇਆ ਦੀ ਗਿਣਤੀ ਕਰਨ ਤੱਕ ਹੀ ਸਮਝਦੇ ਹਨ।

ਕੁਝ ਦਿਨ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਸਮਾਗਮ ‘ਤੇ ਇਕ ਗੁਰਦੁਆਰਾ ਸਾਹਿਬ ਵਿਚ ਜਾਣ ਦਾ ਅਵਸਰ ਮਿਲਿਆ। ਪਾਠ ਤੋਂ ਬਾਅਦ ਗੁਰਦੁਆਰੇ ਦੇ ਗ੍ਰੰਥੀ ਨੇ ਕੀਰਤਨ ਸ਼ੁਰੂ ਕੀਤਾ ਤੇ ਕਹਿਣ ਲੱਗਾ, “ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਭਾਰਤ ਵਿਚ ਚਾਰ ਵੇਦ, ਅਠਾਰਾਂ ਸ਼ਾਸ਼ਤਰ, ਸਤਾਈ ਸਿਮ੍ਰਿਤੀਆਂ ਅਤੇ ਹੋਰ ਬੇਅੰਤ ਗ੍ਰੰਥ ਸਨ, ਪਰ ਉਹ ਸਾਰੇ ਸੰਸਕ੍ਰਿਤ ਭਾਸ਼ਾ ‘ਚ ਲਿਖੇ ਹੋਣ ਕਾਰਣ ਲੋਕ ਪੜ੍ਹ ਨਹੀਂ ਸਨ ਸਕਦੇ, ਸੋ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਨੇ ਸਾਡੇ ‘ਤੇ ਕਿਰਪਾ ਕੀਤੀ ਤੇ ਉਹਨਾਂ ਨੇ ਸਾਰੇ ਗ੍ਰੰਥਾਂ ਦਾ ਨਿਚੋੜ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰੱਖ ਦਿਤਾ ਕਲਯੁਗੀ ਜੀਵਾਂ ਦੇ ਭਲੇ ਵਾਸਤੇ, ਗੱਜ ਕੇ ਆਖੋ ਸਤਿਨਾਮ ਵਾਹਿਗੁਰੂ” ਸੰਗਤਾਂ ਨੇ ਵੀ ਸਤਿਨਾਮ ਵਾਹਿਗੁਰੂ ਉੱਚੀ ਬੋਲ ਕੇ ਹਾਲ ਗੂੰਜਣ ਲਾ ਦਿੱਤਾ। ਇੰਨਾ ਕਹਿ ਕੇ ਗ੍ਰੰਥੀ ਨੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ।

ਪਰ ਏਨਾ ਸੁਣ ਕੇ ਦਾਸ ਦਾ ਬਲੱਡ ਪ੍ਰੈੱਸ਼ਰ ਇਕ ਦਮ ਹਾਈ ਹੋ ਗਿਆ, ਕਿ ਮੇਰੇ ਗੁਰੂ ਦੀ ਬਾਣੀ ਨਾਲ਼ ਇਕ ਗ੍ਰੰਥੀ ਵਲੋਂ ਹੀ ਏਨਾ ਅਨਰਥ ਤੇ ਮੈਂ ਬੇਚੈਨੀ ਨਾਲ ਪ੍ਰੋਗਰਾਮ ਦੀ ਸਮਾਪਤੀ ਦੀ ਉਡੀਕ ਕਰਨ ਲੱਗਾ। ਖ਼ੈਰ, ਜਦੋਂ ਪ੍ਰੋਗਰਾਮ ਮੁੱਕਿਆ ਤਾਂ ਮੈਂ ਗ੍ਰੰਥੀ ਨੂੰ ਬੇਨਤੀ ਕੀਤੀ ਕਿ ਮੈਂ ਉਸ ਨਾਲ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਹਾਂ। ਗ੍ਰੰਥੀ ਥੋੜ੍ਹਾ ਠਠੰਬਰਿਆ, ਪਰ ਵਿਚਾਰ ਕਰਨ ਲਈ ਸਹਿਮਤ ਹੋ ਗਿਆ। ਮੈਂ ਉਸ ਨੂੰ ਸਵਾਲ ਕੀਤਾ ਕਿ ਕੀ ਉਸ ਨੇ ਵੇਦ, ਸ਼ਾਸ਼ਤਰ, ਸਿਮ੍ਰਿਤੀਆਂ ਆਦਿਕ ਪੜ੍ਹੀਆਂ ਹਨ? ਉਸਨੇ ਜਵਾਬ ਦਿੱਤਾ ਕਿ ਨਹੀਂ। ਮੈਂ ਫਿਰ ਸਵਾਲ ਕੀਤਾ ਕਿ ਜੇ ਉਸ ਨੇ ਇਹ ਪੜ੍ਹੇ ਨਹੀਂ ਤਾਂ ਉਸਨੇ ਕਿਸ ਆਧਾਰ ‘ਤੇ ਇਹ ਸਿੱਟਾ ਕੱਢ ਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਗ੍ਰੰਥਾਂ ਦਾ ਨਿਚੋੜ ਹੈ? ਉਸ ਦਾ ਜਵਾਬ ਬੜਾ ਹਾਸੋ-ਹੀਣਾ ਸੀ ਕਿ ਜੀ ਸੀਨਾ ਬਸੀਨਾ ਸਿਆਣਿਆਂ ਤੋਂ ਇਹੋ ਸੁਣਦੇ ਆਏ ਹਾਂ। ਖ਼ੈਰ ਉਸ ਨੇ ਆਪਣੀ ਭੁੱਲ ਦੀ ਮੁਆਫ਼ੀ ਮੰਗੀ ਤੇ ਅਗਾਂਹ ਤੋਂ ਸੁਚੇਤ ਰਹਿਣ ਦਾ ਪ੍ਰਣ ਕੀਤਾ। ਇਹ ਗ੍ਰੰਥੀ ਪਤਾ ਨਹੀਂ ਗੁਰਮਤਿ ਤੋਂ ਉਲਟ ਹੋਰ ਕਿਹੜੇ ਕਿਹੜੇ ਕਰਮ-ਕਾਂਡ ਗੁਰਦੁਆਰੇ ‘ਚ ਕਰਦਾ ਹੋਵੇਗਾ।

ਫਿਰ ਮੈਂ ਉਸ ਨੂੰ ਆਰ.ਐੱਸ.ਐੱਸ. ਦੀਆਂ ਕੋਝੀਆਂ ਚਾਲਾਂ ਬਾਰੇ ਦੱਸਿਆ ਤੇ ਉਸ ਨੂੰ ਸਮਝਾਇਆ ਕਿ ਜਿਹੜੀ ਗੱਲ ਉਹ ਕਹਿ ਰਿਹਾ ਹੈ ਇਹੋ ਤਾਂ ਸਿੱਖ ਧਰਮ ਦੇ ਦੋਖੀ ਕਹਿ ਰਹੇ ਹਨ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਸਿੱਖ ਧਰਮ ਦੇ ਦੋਖੀਆਂ ਨੇ ਤਾਂ ਇਹੋ ਜਿਹੀਆਂ ਕਿਤਾਬਾਂ ਛਪਵਾ ਕੇ ਸਾਡੀਆਂ ਭੋਲ਼ੀਆਂ ਸੰਗਤਾਂ ਨੂੰ ਗੁਮਰਾਹ ਕਰਨ ਲਈ ਸਿੱਖੀ ਦੇ ਵਿਹੜੇ ‘ਚ ਸੁੱਟੀਆਂ ਹੋਈਆਂ ਹਨ, ਜਿਹਨਾਂ ਦੇ ਸਿਰਲੇਖ ਹੀ ਉਹਨਾਂ ਨੇ ਬੜੇ ਭੁਲੇਖਪਾਊ ਰੱਖੇ ਹੋਏ ਹਨ ਜਿਵੇਂ ਕਿ ‘ਗੁਰਬਾਣੀ ਵੇਦੋਂ ਕਾ ਸਾਰ’ ਆਦਿ, ਪਰ ਗ੍ਰੰਥੀ ਨੂੰ ਇਹਨਾਂ ਗੱਲਾਂ ਦਾ ਕੋਈ ਗਿਆਨ ਨਹੀਂ ਸੀ। ਆਰ.ਐੱਸ.ਐੱਸ. ਵਲੋਂ ਰਾਗੀਆਂ, ਪ੍ਰਚਾਰਕਾਂ, ਗ੍ਰੰਥੀਆਂ ਰਾਹੀਂ ਬੜੀ ਵੱਡੀ ਪੱਧਰ ‘ਤੇ ਗੁਰਦੁਆਰਿਆਂ ‘ਚ ਘੁਸਪੈਠ ਸ਼ੁਰੂ ਹੋ ਚੁੱਕੀ ਹੈ।

ਪਾਠਕੋ, ਸਿੱਖੀ ਨੂੰ ਬਚਾਉਣਾ ਹੈ ਤਾਂ ਗੁਰਦੁਆਰੇ ਓਵਰਹਾਲ ਕਰਨੇ ਪੈਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top