Share on Facebook

Main News Page

ਡੇਰਾ ਬਿਆਸ ਮੁਖੀ ਤੇ ਆਰ.ਐਸ.ਐਸ ਮੁਖੀ ਦੀ ਬੰਦ ਕਮਰਾ ਮੁਲਾਕਾਤ – ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਹੋਈ ਮੀਟਿੰਗ; ਦੋਵੇਂ ਧਿਰਾਂ ਖਾਮੋਸ਼

ਮਾਨਸਾ, 30 ਮਈ - ਮਾਨਸਾ ਵਿੱਚ ਪਿਛਲੇ ਤਿੰਨ ਦਿਨ ਤੋਂ ਨਰਾਇਣ ਸ਼ਿਕਸ਼ਾ ਕੇਂਦਰ ਦੇ ਇਕ ਸਿਖਲਾਈ ਕੈਂਪ ਵਿਚ ਪੁੱਜੇ ਰਾਸ਼ਟਰੀ ਸਵੈਮ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੂੰ ਅੱਜ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਮਿਲਣ ਆਏ। ਦੋਵਾਂ ਨੇ ਨਰਾਇਣ ਸ਼ਿਖਸ਼ਾ ਕੇਂਦਰ ਵਿੱਚ ਕਰੀਬ 27 ਮਿੰਟ ਬੰਦ ਕਮਰਾ ਮੁਲਾਕਾਤ ਕੀਤੀ। ਸੰਘ ਮੁਖੀ ਮੋਹਨ ਭਾਗਵਤ ਤਿੰਨ ਦਿਨ ਪਹਿਲਾਂ ਰੇਲ ਗੱਡੀ ਰਾਹੀਂ ਮਾਨਸਾ ਪੁੱਜੇ ਸਨ ਤੇ ਉਸ ਦਿਨ ਤੋਂ ਹੀ ਡੇਰਾ ਮੁਖੀ ਦੇ ਆਉਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਤੇ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ ਤੇ ਇਸ ਦੀ ਕਮਾਂਡ ਖੁਦ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭੁਪਿੰਦਰ ਸਿੰਘ ਖੱਟੜਾ ਨੇ ਸੰਭਾਲੀ ਹੋਈ ਸੀ। ਡੇਰਾ ਰਾਧਾ ਸੁਆਮੀ ਤੇ ਨਰਾਇਣ ਸ਼ਿਕਸ਼ਾ ਕੇਂਦਰ ਬਰਨਾਲਾ ਮਾਰਗ ‘ਤੇ ਨੇੜੇ-ਨੇੜੇ ਹੀ ਬਣੇ ਹੋਏ ਹਨ।

ਮਾਲਵਾ ਸੈਕਟਰ ਵਿੱਚ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੀ ਪਹਿਲੀ ਵਾਰ ਕਿਸੇ ਧਾਰਮਿਕ ਸੰਗਠਨ ਦੇ ਮੁਖੀ ਨਾਲ ਅਜਿਹੀ ਗੁਪਤ ਮੀਟਿੰਗ ਹੋਈ ਹੈ। ਇਸ ਨੂੰ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਬੜੀ ਅਹਿਮੀਅਤ ਨਾਲ ਲਿਆ ਜਾ ਰਿਹਾ ਹੈ।

ਮਿਲੇ ਵੇਰਵਿਆਂ ਅਨੁਸਾਰ ਸਵੇਰ ਤੋਂ ਹੀ ਡੇਰਾ ਰਾਧਾ ਸੁਆਮੀ ਵਿੱਚ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਣਗੀਆਂ ਸ਼ੁਰੂ ਹੋ ਗਈਆਂ। ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਆਪਣੇ ਪਰਿਵਾਰ ਸਮੇਤ ਹੈਲੀਕਾਪਟਰ ਰਾਹੀਂ 11.50 ਮਿੰਟ ‘ਤੇ ਡੇਰਾ ਪੁੱਜੇ ਤੇ ਉਨ੍ਹਾਂ ਕਰੀਬ 14 ਮਿੰਟ ਹਾਲ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਪ੍ਰਵਚਨ ਕੀਤੇ। ਫਿਰ 12.20 ‘ਤੇ ਉਹ ਇਨੋਵਾ ਗੱਡੀ ‘ਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਨੂੰ ਮਿਲਣ ਲਈ ਰਵਾਨਾ ਹੋ ਗਏ। ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਕਰੀਬ 27 ਮਿੰਟ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਸ਼ੀਸ਼ਿਆਂ ਵਾਲੇ ਬੰਦ ਕਮਰੇ ਵਿਚ ਮੁਲਾਕਾਤ ਕੀਤੀ। ਬੇਸ਼ੱਕ ਇਸ ਨੂੰ ਇਕ ਆਮ ਮੁਲਾਕਾਤ ਤੇ ਦੋਵਾਂ ਵਿੱਚ ਪਹਿਲਾਂ ਦੀ ਜਾਣ-ਪਛਾਣ ਹੋਣਾ ਦੱਸਿਆ ਜਾ ਰਿਹਾ ਹੈ, ਪਰ ਦੋਵਾਂ ਦੀ ਮੁਲਾਕਾਤ ਨੂੰ ਰਾਜਨੀਤਿਕ ਗਲਿਆਰਿਆਂ ਵਿੱਚ ਵੀ ਬੇਸਬਰੀ ਤੇ ਉਤਸੁਕਤਾ ਨਾਲ ਲਿਆ ਗਿਆ ਤੇ ਕਈ ਤਰ੍ਹਾਂ ਦੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਡੇਰਾ ਮੁਖੀ ਤੇ ਸੰਘ ਪ੍ਰਮੁੱਖ ਪਹਿਲੀ ਵਾਰ ਹੀ ਮਾਨਸਾ ਆਏ ਹਨ ਤੇ ਡੇਰਾ ਮੁਖੀ ਦੀ ਆਮਦ ਨੂੰ ਲੈ ਕੇ ਸੰਗਤਾਂ ਵੱਲੋਂ ਦੋ ਦਿਨਾਂ ਵਿੱਚ ਹੀ ਹੈਲੀਪੈਡ ਵੀ ਬਣਾਇਆ ਗਿਆ। ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਡੇਰਾ ਰਾਧਾ ਸੁਆਮੀ ਬਿਆਸ ਤੇ ਡੇਰਾ ਮੁਖੀ ਸੰਘ ਪ੍ਰਮੁੱਖ ਨੂੰ ਚੋਣਾਂ ਤੋਂ ਪਹਿਲਾਂ ਨਾਗਪੁਰ ਮਿਲ ਚੁੱਕੇ ਹਨ। ਇਸ ਮੌਕੇ ਡੇਰਾ ਮੁਖੀ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 350 ਆਰ.ਐਸ.ਐਸ. ਵਰਕਰਾਂ ਨਾਲ ਵੀ ਗੱਲ ਕੀਤੀ।

ਦੋਵਾਂ ਦੀ ਮੁਲਾਕਾਤ ਤੇ ਆਮਦ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਪੁਲੀਸ ਦਾ ਸਖਤ ਪਹਿਰਾ ਲਗਾਇਆ ਗਿਆ ਤੇ ਕਿਸੇ ਨੂੰ ਵੀ ਕੋਈ ਵਸਤੂ ਆਦਿ ਲੈ ਕੇ ਅੰਦਰ ਜਾਣ ਦੀ ਆਗਿਆ ਨਹੀਂ ਸੀ। ਸੰਘ ਕੇਂਦਰ ਤੇ ਡੇਰੇ ਵਿੱਚ ਹਰ ਵਿਅਕਤੀ ‘ਤੇ ਨਜ਼ਰ ਰੱਖੀ ਜਾ ਰਹੀ ਸੀ ਅਤੇ ਮੁਲਾਕਾਤ ਨੂੰ ਇਕ ਆਮ ਮਿਲਣੀ ਦੱਸਿਆ ਗਿਆ। ਇੱਥੋਂ ਤੱਕ ਕਿ ਪਹਿਲੀ ਸ਼੍ਰੇਣੀ ਵਾਲੇ ਅਫਸਰ, ਨੇਤਾ ਆਦਿ ਵੀ ਨੇੜੇ-ਤੇੜੇ ਫਟਕਣ ਨਹੀਂ ਦਿੱਤੇ ਗਏ। ਡੇਰਾ ਮੁਖੀ 12:58 ‘ਤੇ ਮੁਲਾਕਾਤ ਕਰਕੇ ਕੇਂਦਰ ਵਿੱਚੋਂ ਬਾਹਰ ਆਏ ਤੇ ਫਿਰ ਕੁਝ ਸਮਾਂ ਡੇਰਾ ਰੁਕਣ ਤੋਂ ਬਾਅਦ ਪਰਿਵਾਰ ਸਮੇਤ 1.25 ਮਿੰਟ Ðਤੇ ਹਿਮਾਚਲ ਲਈ ਹੈਲੀਕਾਪਟਰ ਰਾਹੀਂ ਰਵਾਨਾ ਹੋ ਗਏ। ਸੰਘ ਦੇ ਮੁਖੀ ਮੋਹਨ ਭਾਗਵਤ ਭਲਕੇ ਮਾਨਸਾ ਤੋਂ ਰਵਾਨਾ ਹੋਣਗੇ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭੁਪਿੰਦਰ ਸਿੰਘ ਖੱਟੜਾ ਨੇ ਕਿਹਾ ਕਿ ਡੇਰਾ ਮੁਖੀ ਤੇ ਸੰਘ ਪ੍ਰਮੁੱਖ ਦੀ ਕਰੀਬ ਅੱਧਾ ਘੰਟਾ ਆਪਸੀ ਗੱਲਬਾਤ ਹੋਈ ਹੈ, ਜਿਸ ਲਈ ਪੁਲੀਸ ਦੇ ਸਖ਼ਤ ਪ੍ਰਬੰਧ ਸਨ ਅਤੇ ਇਸ ਤੋਂ ਵੱਧ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਦੂਜੇ ਪਾਸੇ ਮਾਲਵਾ ਪੱਟੀ, ਜਿਸ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਚ ਦੋਨੇਂ ਆਗੂਆਂ ਦੀ ਅਜਿਹੀ ਮੀਟਿੰਗ ਨੂੰ ਰਾਜ ਦੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਅਹਿਮੀਅਤ ਦੇ ਕੇ ਇਸ ਦੀਆਂ ਕੰਨਸੋਆਂ ਲੈਣ ਲਈ ਇੰਟੈਲੀਜੈਂਸੀ ਦੀ ਵਿਸ਼ੇਸ ਡਿਊਟੀ ਲਗਾਈ ਹੋਈ ਹੈ।

ਮਾਲਵੇ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ ਭਾਜਪਾ ਤੇ ਸੰਘ

ਮਾਲਵੇ ਦੇ ਰਾਜਸੀ ਹਲਕੇ ਇਨ੍ਹਾਂ ਦੋਵਾਂ ਆਗੂਆਂ ਦੀ ਇਸ ਮੀਟਿੰਗ ਸਬੰਧੀ ਅਜੇ ਚੁੱਪ ਵੱਟੀ ਬੈਠੇ ਹਨ, ਪਰ ਕੁਝ ਰਾਜਸੀ ਨੇਤਾਵਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੱਡੀ ਪੱਧਰ ‘ਤੇ ਭਾਜਪਾ ਨੂੰ ਪ੍ਰਾਪਤ ਹੋਈ ਜਿੱਤ ਤੋਂ ਬਾਅਦ ਜਾਪਦਾ ਹੈ ਕਿ ਉਹ ਹੁਣ ਮਾਲਵਾ ਪੱਟੀ ਵਿਚ ਸਿਆਸੀ ਤੌਰ ‘ਤੇ ਪੈਰ ਜਮਾਉਣ ਲਈ ਅਜਿਹੀਆਂ ਗੁਪਤ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਲੱਗੀ ਹੈ। ਇਸ ਤੋਂ ਪਹਿਲਾਂ ਮਾਝੇ ਤੇ ਦੁਆਬੇ ਖੇਤਰ ਵਿੱਚ ਭਾਜਪਾ ਦੇ ਪਹਿਲਾਂ ਹੀ ਪੈਰ ਲੱਗੇ ਹੋਏ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top