Share on Facebook

Main News Page

ਕੀ ਪੰਜਾਬ ਜਗਤ-ਜੂਠ ਤੋਂ ਮੁਕਤ ਹੋਵੇਗਾ…?
-:
ਜਸਪਾਲ ਸਿੰਘ ਹੇਰਾਂ

ਭਲਕੇ ਵਿਸ਼ਵ ਪੱਧਰ ਤੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਤੰਬਾਕੂ ਸੇਵਨ ਨੂੰ ਸਿੱਖ ਧਰਮ ‘ਚ ਕੁਰਹਿਤ ਮੰਨਿਆ ਗਿਆ ਅਤੇ ‘ਜਗਤ ਝੂਠ’ ਆਖਿਆ ਗਿਆ ਹੈ, ਪ੍ਰੰਤੂ ਇਸਦੇ ਬਾਵਜੂਦ ਜੇ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ ਪੰਜਾਬ ‘ਚ ਤੰਬਾਕੂ ਦਾ ਸੇਵਨ ਦਿਨੋ-ਦਿਨ ਵੱਧਦਾ ਗਿਆ ਹੈ ਤਾਂ ਇਸਦਾ ਅਰਥ ਇਹੋ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਈ ਗਈ ਜੀਵਨ ਜਾਂਚ ਨੂੰ ਅਪਨਾਉਣ ਦੀ ਥਾਂ, ਉਸ ਤੋਂ ਦੂਰ, ਬਹੁਤ ਦੂਰ ਚਲੇ ਗਏ ਹਾਂ।

ਗੁਰੂ ਸਾਹਿਬਾਨ ਨੇ ਮਨੁੱਖ ਨੂੰ ਆਪਣੇ ਜੀਵਨ ਨੂੰ ਅਨੁਸ਼ਾਸਨ ‘ਚ ਰੱਖ ਕੇ ਸੁੱਖ ਸ਼ਾਂਤੀ ਦਾ ਜੀਵਨ ਮਾਰਗ ਦੱਸਿਆ, ਜੀਵਨ ਦੇ ਹਰ ਖੇਤਰ ‘ਚ ਯੋਗ ਤੇ ਸੁਚੱਜੀ ਅਗਵਾਈ ਦਿੱਤੀ, ਪ੍ਰੰਤੂ ਅਸੀਂ ਉਸ ਅਗਵਾਈ ਤੋਂ ਆਪਣੇ ਆਪ ਨੂੰ ਵਾਂਝੇ ਕਰਕੇ, ਜੀਵਨ ਨੂੰ ਖ਼ੁਦ ਹੀ ਦੁੱਖਾਂ ਦਾ ਘਰ ਬਣਾ ਲਿਆ ਹੈ। ਤੰਬਾਕੂ ਦੇ ਸੇਵਨ ਨੂੰ ਲੈ ਕੇ ਸਰਕਾਰ ਨੇ ਕਾਨੂੰਨ ਵੀ ਬਣਾਏ ਹੋਏ ਹਨ, ਪ੍ਰੰਤੂ ਉਨ੍ਹਾਂ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਦੀਆਂ ਹਨ ਅਤੇ ਵੋਟਤੰਤਰ ਕਾਰਣ ਸਰਕਾਰ ਜਾਣ ਬੁੱਝ ਕੇ ਅੱਖਾਂ ਮੀਚ ਛੱਡਦੀ ਹੈ। ਜਨਤਕ ਥਾਵਾਂ 'ਤੇ ਸਿਗਰਟ, ਬੀੜ੍ਹੀ ਪੀਣੀ ਕਾਨੂੰਨ ਅਨੁਸਾਰ ਜੁਰਮ ਹੈ, ਪ੍ਰੰਤੂ ਹਰ ਜਨਤਕ ਥਾਂ ਤੇ ਸਿਗਰਟ ਤੇ ਬੀੜੀਆਂ ਦੇ ਧੂੰਇਆਂ ਦੇ ਛੱਲੇ ਉਡਦੇ ਦਿਖਾਈ ਦਿੰਦੇ ਹਨ, ਪ੍ਰੰਤੂ ਰੋਕਣ ਵਾਲਾ ਕੋਈ ਨਹੀਂ। ਪਾਨ, ਬੀੜੀ, ਸਿਗਰਟ ਦੇ ਸ਼ਿੰਗਾਰੇ ਹੋਏ ਖੋਖੇ, ਨਜ਼ਾਇਜ਼ ਕਬਜ਼ੇ ਕਰਕੇ ਥਾਂ-ਥਾਂ ਰੱਖੇ ਹੋਏ ਹਨ, ਪ੍ਰੰਤੂ ਕਾਨੂੰਨ ਹੋਣ ਦੇ ਬਾਵਜੂਦ, ਇਨ੍ਹਾਂ ਖੋਖਿਆਂ ਨੂੰ ਹਟਾਉਣ ਲਈ ਕਿਧਰੇ ਕੋਈ ਕਾਰਵਾਈ ਨਹੀਂ ਹੁੰਦੀ।

ਤੰਬਾਕੂ ਦਾ ਸੇਵਨ, ਮੌਤ ਨੂੰ ਸੱਦਾ ਦੇਣਾ ਹੈ, ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਝਿਜਕਦੇ ਨਹੀਂ। ਕਲਕੱਤੇ ਤੋਂ ਟਰੱਕ ਡਰਾਈਵਰਾਂ ਰਾਂਹੀ ਆਇਆ ਜਰਦਾ, ਜਿਸਨੂੰ ‘ਬੀੜਾਂ’ ਵੀ ਆਖਿਆ ਜਾਂਦਾ ਹੈ, ਪੰਜਾਬ ‘ਚ ਖ਼ਾਸ ਕਰਕੇ ਪੇਂਡੂ ਖੇਤਰ ‘ਚ ਵੱਡੀ ਪੱਧਰ ਤੇ ਵਰਤਿਆ ਜਾਂਦਾ ਹੈ। ਸਿੱਖ ਪ੍ਰਚਾਰਕਾਂ ਵੱਲੋਂ ਇਸ ਜਗਤ ਜੂਠ ਵਿਰੁੱਧ ਉਸ ਪੱਧਰ ਤੇ ਪ੍ਰਚਾਰ ਨਹੀਂ ਕੀਤਾ ਗਿਆ, ਜਿਸ ਨਾਲ ਤੰਬਾਕੂ ਦੀ ਵਰਤੋਂ ਕਰਨ ਵਾਲੇ ਸਿੱਖ ਪਰਿਵਾਰ ਦੇ ਬੰਦੇ ਨੂੰ ਆਪਣੇ ਗੁਨਾਹ ਤੇ ਪਛਤਾਵਾ ਹੁੰਦੇ ਤੇ ਉਹ ਤੋਬਾ ਕਰਦਾ। ਜਿਥੇ ਤੰਬਾਕੂ ਵਿਰੁੱਧ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ, ਉਥੇ ਮਨੁੱਖੀ ਮਾਨਸਿਕਤਾ ਦੀਆਂ ਉਨ੍ਹਾਂ ਕੰਮਜ਼ੋਰੀਆਂ ਨੂੰ, ਜਿਨ੍ਹਾਂ ਕਾਰਣ ਮਨੁੱਖ ਨਸ਼ਿਆਂ ਦਾ ਗੁਲਾਮ ਬਣਦਾ ਹੈ, ਉਨ੍ਹਾਂ ਨੂੰ ਦੂਰ ਕਰਨਾ ਉਸ ਤੋਂ ਵੱਡੀ ਲੋੜ ਹੈ। ਜਿਥੇ ਸਰਕਾਰਾਂ ਨਸ਼ਿਆਂ ਨੂੰ ਆਪਣੀ ਆਮਦਨ ਤੇ ਵੋਟ ਬੈਂਕ ਵਜੋਂ ਦੇਖਦੀਆਂ ਹੋਣ, ਉਥੇ ਨਸ਼ਿਆਂ ਦੀ ਰੋਕਥਾਮ ਸੰਭਵ ਨਹੀਂ ਹੈ।

ਅੱਜ ਜਦੋਂ ਨੌਜਵਾਨ ਪੀੜ੍ਹੀ ਦੇ ਨਸ਼ਿਆਂ ‘ਚ ਗਰਕ ਹੋ ਜਾਣਾ ਤੇ ਹਰ ਕੋਈ ਡੂੰਘੀ ਚਿੰਤਾ ਪ੍ਰਗਟਾਉਂਦਾ ਹੈ, ਤਾਂ ਸਰਕਾਰ ‘ਤੇ ਦਬਾਅ ਪਾ ਕੇ ਨਸ਼ਿਆਂ ਵਿਰੁੱਧ ਵਿਆਪਕ ਸਖ਼ਤ ਕਾਨੂੰਨ ਅਤੇ ਉਸਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਮੁੱਚੇ ਸਮਾਜ ਨੂੰ ਅਤੇ ਖ਼ਾਸ ਕਰਕੇ ਸਮਾਜ ਦੇ ਜਾਗਰੂਕ ਵਰਗ ਨੂੰ ਖ਼ੁਦ ਨਸ਼ਿਆ ਵਿਰੁੱਧ ਵਿਆਪਕ ਲਹਿਰ ਖੜ੍ਹੀ ਕਰਨੀ ਹੋਵੋਗੀ। ਇਸ ਲਹਿਰ ਨਾਲ ਨਸ਼ਿਆਂ ਦੇ ਸੁਦਾਗਰ ਅਤੇ ਨਸ਼ੇੜੀਆਂ ਨੂੰ ਨੱਥ ਪਾ ਕੇ ਹੀ ਸਮਾਜ ‘ਚੋਂ ਨਸ਼ਿਆਂ ਦੀ ਬੁਰਿਆਈ ਨੂੰ ਖ਼ਤਮ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਪਹਿਰੇਦਾਰ ਵੱਲੋਂ ਆਰੰਭੀ ਮਾਫ਼ੀਆ ਭਜਾਓ, ਪੰਜਾਬ ਬਚਾਓ ਮੁਹਿੰਮ ਦਾ ਮੁੱਖ ਮੰਤਵ ਵੀ ਜਿੱਥੇ ਪੰਜਾਬ ‘ਚੋਂ ਮਾਫ਼ੀਏ ਦੀ ਲੁੱਟ ਖਸੁੱਟ ਨੂੰ ਖਤਮ ਕਰਨਾ ਹੈ, ਉਥੇਂ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣਾ ਵੀ ਹੈ।

ਅੱਜ ਜਿੱਥੇ ਸਮੈਕ ਵਰਗੇ ਨਸ਼ੇ ਦੀ ਰੋਕਥਾਮ ਬੇਹੱਦ ਜ਼ਰੂਰੀ ਹੋ ਗਈ ਹੈ, ਉਥੇਂ ਗੁਰੂਆਂ, ਪੀਰਾਂ ਦੀ ਪਵਿੱਤਰ ਧਰਤੀ ਤੋਂ ਜਗਤ ਜੂਠ ਤੰਬਾਕੂ ਦਾ ਖ਼ਾਤਮਾ ਵੀ ਜ਼ਰੂਰੀ ਹੈ। ਆਓ! ਅਸੀਂ ਨਸ਼ਾ ਵਿਰੋਧੀ ਦਿਵਸ ਜਾਂ ਤੰਬਾਕੂ ਦਿਵਸ ਕਾਗਜ਼ਾਂ ਜਾਂ ਰਸਮੀ ਕਾਰਵਾਈਆਂ ਦੀ ਥਾਂ ਨਸ਼ਾ ਸੌਦਾਗਰਾਂ ਵਿਰੁੱਧ ਲਹਿਰ ਨੂੰ ਹੋਰ ਪ੍ਰਚੰਡ ਕਰਕੇ ਮਨਾਈਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top