Share on Facebook

Main News Page

ਅਕਾਲੀ ਭਾਜਪਾ ਗਠਜੋੜ ਸੰਕਟ ‘ਚ
-: ਜਸਬੀਰ ਸਿੰਘ ਪੱਟੀ 09356024684

ਭਾਜਪਾ ਦੇ ਆਗੂ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ 45 ਮੈਬਰੀ ਸਰਕਾਰ ਸਹੁੰ ਚੁੱਕ ਲਈ ਹੈ ਅਤੇ ਮੋਦੀ ਨੇ ਪਿਛਲੇ ਕਰੀਬ 66 ਸਾਲਾ ਦਾ ਰਿਕਾਰਡ ਤੋੜਦਿਆ ਆਪਣੇ ਮੰਤਰੀ ਮੰਡਲ ਵਿੱਚ ਕਿਸੇ ਵੀ ਪਗੜੀਧਾਰੀ ਸਿੱਖ ਨੂੰ ਸ਼ਾਮਲ ਨਾ ਕਰਕੇ, ਆਪਣੀ ਸਿੱਖ ਵਿਰੋਧੀ ਸੋਚ ਨੂੰ ਜੱਗ ਜਾਹਿਰ ਕਰ ਦਿੱਤਾ ਹੈ, ਪਰ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਾਕੀ ਅਕਾਲੀ ਦਲ ਦੇ ਜਿੱਤੇ ਅਕਾਲੀ ਸੰਸਦਾਂ ਨਾਲੋ ਜੂਨੀਅਰ ਹੋਣ ਦੇ ਬਾਵਜੂਦ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਹੈ, ਕਿਉਕਿ ਮੁੱਖ ਮੰਤਰੀ ਸਾਹਿਬ ਸੱਤ ਦਿਨ ਲਗਾਤਾਰ ਆਪਣੀ ਨੂੰਹ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਾਉਣ ਲਈ ਦਿੱਲੀ ਡੇਰੇ ਲਗਾਏ ਬੈਠੇ ਸਨ, ਤਾਂ ਕਿ ਉਹਨਾਂ ਦੀ ਨੂੰਹ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕੇ।

ਬੀਬੀ ਹਰਸਿਮਰਤ ਕੌਰ ਦੇ ਮੰਤਰੀ ਬਨਣ ਨਾਲ ਇਹ ਸੁਨੇਹਾ ਦੇਣ ਦੀ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਕਿ ਅਕਾਲੀ ਭਾਜਪਾ ਗਠਜੋੜ ਫੇਵੀਕੋਲ ਨਾਲ ਜੋੜਿਆ ਪੱਕਾ ਤੇ ਅਟੁੱਟ ਗਠਜੋੜ ਹੈ ਪਰ ਅਸਲ ਵਿੱਚ ਸਭ ਅੱਛਾ ਨਹੀ ਹੈ। ਅਕਾਲੀ ਦਲ ਹਾਲੇ ਲੋਕ ਸਭਾ ਦੀਆ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਦੇ ਸਦਮੇ ਵਿੱਚੋ ਬਾਹਰ ਨਹੀ ਨਿਕਲਿਆ ਅਤੇ ਇਸ ਦੇ ਖੌਰੂ ਪਾਉਣ ਵਾਲੇ ਮਜੀਠੀਆ ਸਮੇਤ ਸਾਰੇ ਆਗੂਆ ਨੇ ਪੂਰੀ ਤਰ੍ਹਾਂ ਚੁੱਪੀ ਸਾਧੀ ਹੋਈ ਹੈ। ਲੋਕ ਸਭਾ ਚੋਣਾਂ ਤੋ ਬਾਅਦ ਜਿਹੜਾ ਵਿਰੋਧੀ ਧਿਰ ਨੂੰ ਮੁੱਖ ਮੁੱਦਾ ਨਸ਼ਿਆ ਦੀ ਸਪਲਾਈ ਦਾ ਮਿਲਿਆ ਸੀ ਉਸ ਨੂੰ ਲੈ ਕੇ ਹਾਕਮ ਧਿਰ ਨੇ ਨਸ਼ੀਲੇ ਪਦਾਰਥਾ ਦਾ ਸੇਵਨ ਕਰਨ ਵਾਲਿਆ ਨੂੰ ਜੇਲਾਂ ਵਿੱਚ ਡੱਕਣ ਦੀ ਮੁਹਿੰਮ ਵਿੱਢ ਦਿੱਤੀ ਹੈ ਪਰ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਵੱਡੇ ਮੱਗਰਮੱਛ ਭਾਵ ਸਮੱਗਲਰ ਹਾਲੇ ਵੀ ਪੁਲੀਸ ਦੀ ਪਕੜ ਤੋ ਬਾਹਰ ਹਨ। ਜੇਕਰ ਸਰਕਾਰ ਤੇ ਪੁਲੀਸ ਦੁਆਰਾ ਚੁੱਕਿਆ ਗਿਆ ਇਹ ਕਦਮ ਖਾਨਾ ਪੂਰਤੀ ਹੀ ਕਹਿ ਲਿਆ ਜਾਵੇ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਇਸ ਮੁਹਿੰਮ ਦੇ ਕਾਰਗਰ ਸਿੱਧ ਹੋਣ ਦੀਆ ਸੰਭਾਵਨਾਵਾ ਕਾਫੀ ਘੱਟ ਦਿਖਾਈ ਦੇ ਰਹੀਆ ਹਨ।

ਲੋਕ ਸਭਾ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਪੰਜਾਬ ਵਿੱਚੋ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੂੰ ਜਿੰਨੀਆ ਸੀਟਾਂ ਮਿਲਣ ਦੀ ਆਸ ਸੀ ਉਨੀਆ ਤਾਂ ਨਹੀ ਮਿਲੀਆ ਪਰ ਭਾਜਪਾ ਇੱਕ ਤੋ ਵੱਧ ਕੇ ਦੋ ਸੀਟਾਂ ਜਰੂਰ ਲੈ ਗਈ ਹੈ ਜਦ ਕਿ ਅਕਾਲੀ ਦਲ ਨੂੰ ਪਿਛਲੀਆ ਚੋਣਾਂ ਵਾਂਗ ਚਾਰ ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਭਾਜਪਾ ਦੇ ਧਨੁੰਤਰ ਨੇਤਾ ਅਰੁਣ ਜੇਤਲੀ ਦੇ ਅੰਮ੍ਰਿਤਸਰ ਤੋ ਵੱਡੇ ਫਰਕ ਨਾਲ ਚੋਣ ਹਾਰਨ ਕਾਰਨ ਅਕਾਲੀ ਦਲ ਨੂੰ ਜਿਹੜਾ ਭਾਜਪਾ ਨੇ ਆੜੇ ਹੱਥੀ ਲਿਆ ਉਸ ਨੇ ਅਕਾਲੀ ਦਲ ਦੇ ਮੁੱਖੀਆ ਤੇ ਆਗੂਆ ਨੂੰ ਧ੍ਰਰਮ ਸੰਕਟ ਵਿੱਚ ਪਾ ਦਿੱਤਾ ਹੈ। ਭਾਜਪਾ ਦੇ ਆਗੂ ਜਿਥੇ ਜੇਤਲੀ ਦੀ ਹਾਰ ਲਈ ਸਮੁੱਚੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ ਲਗਾ ਰਹੇ ਹਨ ਉਥੇ ਅਕਾਲੀ ਦਲ ਨੂੰ ਵੀ ਪਾਣੀ ਪੀ ਪੀ ਕੇ ਕੋਸ ਰਹੇ ਹਨ।

ਸ਼ਹਿਰੀ ਖੇਤਰ ਵਿੱਚ ਤਾਂ ਪਿਛਲੇ ਸਮੇਂ ਤੋ ਸਰਕਾਰ ਵਿਰੁੱਧ ਰੋਸ ਜੱਗ ਜਾਹਿਰ ਹੋ ਗਿਆ ਸੀ ਪਰ ਪੇਡੂ ਖੇਤਰ ਵਿੱਚ ਹੋਈ ਅਕਾਲੀ ਭਾਜਪਾ ਦੀ ਹਾਰ ਨੇ ਗਠਜੋੜ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਹੈ। ਕੇਂਦਰ ਵਿੱਚ ਤਾਂ ਭਾਜਪਾ ਦੇ ਝੰਡੇ ਬੁਲੰਦ ਹੋ ਗਏ ਹਨ ਅਤੇ ਹੁਣ ਅਕਾਲੀ ਦਲ ਨੂੰ ਪੂਰੀ ਤਰ੍ਵਾ ਖੁੱਡੇ ਲਾਈਨ ਲਗਾਉਣ ਲਈ ਭਾਜਪਾ ਨੇ ਪੰਜਾਬ ਵਿੱਚ ਪਰ ਤੋਲਣੇ ਸ਼ੁਰੂ ਕਰ ਦਿੱਤੇ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਕਿਸੇ ਧੱਕੜ ਕਿਸਮ ਦੇ ਜੱਟ ਸਿੱਖ ਨੂੰ ਪੰਜਾਬ ਭਾਜਪਾ ਦੀ ਪਰਧਾਨਗੀ ਦੇ ਤੇ ਭਾਜਪਾ ਹੁਣ ਪਿੰਡਾਂ ਵੱਲ ਕੂਚ ਕਰੇਗੀ ਤੇ ਬਹੁਤ ਸਾਰੇ ਅਕਾਲੀ ਦਲ ਤੇ ਕਾਂਗਰਸ ਤੋ ਨਿਰਾਸ਼ ਜਥੇਦਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰੇਗੀ। ਭਾਜਪਾ ਦੇ ਅੰਦਰੂਨੀ ਸਰੋਤਾਂ ਤੋ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਵਿੱਚ ਕਬਜ਼ਾ ਕਰਨ ਤੇ ਪੰਜਾਬ ਵਿੱਚ 2009 ਨਾਲੋ ਵੱਧ ਸੀਟਾਂ ਜਿੱਤਣ ਨੂੰ ਲੈ ਕੇ ਭਾਜਪਾ ਵੱਲੋ ਜਮਾ ਘਟਾਉ ਕਰਕੇ ਵੇਖਿਆ ਜਾ ਰਿਹਾ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸਾਰੀਆ 117 ਸੀਟਾਂ ਤੋ ਭਾਜਪਾ ਵੱਲੋਂ ਲੜਨ ਦਾ ਪਿੱੜ ਤਿਆਰ ਕੀਤਾ ਦਾ ਰਿਹਾ ਹੈ ਜਿਸ ਕਰਕੇ ਅਕਾਲੀ ਦਲ ਦੇ ਆਗੂਆ ਨੂੰਸਿਆਸਤ ਦੇ ਹਿੰਦ ਮਹਾਂਸਾਗਰ ਵਿੱਚ ਗੋਤੇ ਆਉਣੇ ਹੁਣ ਤੋ ਹੀ ਆਰੰਭ ਹੋ ਗਏ ਹਨ।

ਅੰਮ੍ਰਿਤਸਰ ਤੋ ਕਰੀਬ ਤਿੰਨ ਵਾਰੀ ਸੰਸਦ ਮੈਂਬਰ ਚੁਣੇ ਗਏ ਭਾਜਪਾ ਆਗੂ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਜੋ ਕਿ ਪੰਜਾਬ ਸਰਕਾਰ ਵਿੱਚ ਸਿਹਤ ਵਿਭਾਗ ਦੀ ਪਾਰਲੀਮਾਨੀ ਸਕੱਤਰ ਹੈ ਵੱਲੋਂ ਪਹਿਲਾਂ ਹੀ ਲੰਮੇ ਸਮੇਂ ਤੋ ਅਕਾਲੀਆ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਡਾਂ ਨਵਜੋਤ ਕੌਰ ਸਿੱਧੂ ਤਾਂ ਇਥੋ ਤੱਕ ਕਹਿ ਚੁੱਕੀ ਹੈ ਕਿ ਅਕਾਲੀਆ ਦੇ ਰਾਜ ਵਿੱਚ ਖੰਡ ਤੇ ਨਸ਼ੇ ਸਸਤੇ ਤੇ ਰੇਤ ਮਹਿੰਗੀ ਮਿਲ ਰਹੀ ਹੈ। ਸ੍ਰੀ ਅਰੁਣ ਜੇਤਲੀ ਦੀ ਹਾਰ ਲਈ ਵੀ ਡਾਂ ਸਿੱਧੂ ਨੇ ਅਕਾਲੀਆਨੂੰ ਹੀ ਦੋਸ਼ੀ ਮੰਨਦਿਆ ਕਿਹਾ ਹੈ ਕਿ ਜਨਾਬ ਜੇਤਲੀ ਦੀ ਹਾਰ ਲਈ ਅਕਾਲੀ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਇਸੇ ਤਰ੍ਹਾਂ ਭਾਜਪਾ ਦੇ ਧੁਨੰਤਰ ਨੇਤਾ ਸ੍ਰੀ ਮਦਨ ਮੋਹਨ ਮਿੱਤਲ ਨੇ ਵੀ ਸਰਕਾਰ ਦੀ ਨੁਕਤਾਚੀਨੀ ਕਰਦਿਆ ਕਿਹਾ ਹੈ ਕਿ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਤੇ ਹੋਰ ਲਗਾਏ ਗਏ ਟੈਕਸ ਹੀ ਹਾਰ ਦਾ ਕਾਰਨ ਬਣੇ ਹਨ। ਭਾਜਪਾ ਦੇ ਪ੍ਰੌੜ ਸਿਆਸਤਦਾਨ ਤੇ 1997 ਤੋ 2002 ਵਾਲੀ ਬਾਦਲ ਸਰਕਾਰ ਵਿੱਚ ਮੰਤਰੀ ਰਹੇ ਸ੍ਰੀ ਬਲਰਾਮ ਜੀ ਦਾਸ ਟੰਡਨ ਨੇ ਵੀ ਹਾਰ ਲਈ ਅਕਾਲੀਆ ਨੂੰ ਹੀ ਦੋਸ਼ੀ ਠਹਿਰਾਉਦਿਆ ਕਿਹਾ ਹੈ ਕਿ ਪੰਜਾਬ ਸਰਕਾਰ ਲੋਕ ਪੱਖੀ ਨਹੀ ਬਣ ਸਕੀ। ਹਾਈ ਕਮਾਂਡ ਨੇ ਪੰਜਾਬ ਵਿੱਚ ਹੋਈ ਅਕਾਲੀ ਭਾਜਪਾ ਦੀ ਹਾਰ ਦਾ ਮੰਥਨ ਕਰਨ ਲਈ ਸ੍ਰੀ ਟੰਡਨ ਦੀ ਅਗਵਾਈ ਹੇਠ ਇੱਕ ਕਮੇਟੀ ਵੀ ਬਣਾਉਣ ਦਾ ਐਲਾਨ ਕੀਤਾ ਹੈ।ਇਸੇ ਤਰ੍ਹਾਂ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਵੀ ਹਾਰ ਲਈ ਜਿਥੇ ਅਕਾਲੀਆ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਹੈ ਉਥੇ ਉਹ ਵੀ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਦੇ ਆਹੁਦੇ ਤੇ ਰਹਿਣ ਕਾਰਨ ਅਕਾਲੀਆ ਦੀ ਕਾਰਜਸ਼ੈਲੀ ਤੋ ਭਲੀਭਾਂਤ ਵਾਕਫ ਹਨ।

ਇਥੇ ਹੀ ਬੱਸ ਨਹੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਤੇ ਖੱਬੇ ਲੈਫਟੈਣ ਮੰਨੇ ਜਾਂਦੇ ਸ੍ਰੀ ਸੁਖਦੇਵ ਸਿੰਘ ਢੀਡਸਾ ਤੇ ਬਲਵਿੰਦਰ ਸਿੰਘ ਭੁੰਦੜ ਨੇ ਵੀ ਭਾਂਵੇ ਅਕਾਲੀ ਭਾਜਪਾ ਗਠਜੋੜ ਦੀ ਹਮਾਇਤ ਕੀਤੀ ਹੈ ਪਰ ਉਹ ਵੀ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਤੋ ਸੰਤੁਸ਼ਟ ਨਹੀ ਹਨ। ਇਥੇ ਹੀ ਬੱਸ ਨਹੀ ਮਾਝੇ ਦੇ ਲੋਹ ਪੁਰਸ਼ ਵਜੋ ਜਾਣੇ ਜਾਂਦੇ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਭਾਂਵੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਸੰਸਦ ਮੈਂਬਰ ਬਣ ਗਏ ਹਨ ਪਰ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਵੀ ਕਿਸੇ ਆਉਣ ਵਾਲੇ ਗੰਭੀਰ ਸੰਕਟ ਦਾ ਪ੍ਰਤੀਕ ਹਨ।

ਅਕਾਲੀ ਭਾਜਪਾ ਦੇ ਦੋ ਮਾਝੇ ਦੇ ਜਰਨੈਲਾਂ ਸ੍ਰੀ ਬਿਕਰਮ ਸਿੰਘ ਮਜੀਠਾ ਤੇ ਭਾਜਪਾਈ ਮੰਤਰੀ ਸ੍ਰੀ ਅਨਿਲ ਜੋਸ਼ੀ ਵਿਚਲਾ ਟਕਰਾਊ ਵੀ ਨਵੇ ਦਿਸਹੱਦੇ ਬਿਆਨ ਕਰ ਰਿਹਾ ਹੈ। ਪ੍ਰਸਿੱਧ ਕਾਲਮ ਨਵੀਸ ਸ੍ਰ ਹਰਜਿੰਦਰ ਸਿੰਘ ਲਾਲ ਨੇ ਵੀ ਆਪਣੇ ਇੱਕ ਲੇਖ ਵਿੱਚ ਸੰਕੇਤ ਦਿੱਤਾ ਸੀ ਕਿ ਭਾਜਪਾ ਅਕਾਲੀ ਸਰਕਾਰ ਨੂੰ ਬਾਹਰੋ ਹਮਾਇਤ ਦੇਣ ਬਾਰੇ ਵਿਚਾਰ ਕਰ ਰਹੀ ਹੈ। ਪੰਜਾਬ ਦੀ ਸਭ ਤੋ ਵੱਧ ਵਿੱਕਣ ਵਾਲੀ ਪੰਜਾਬੀ ਅਖਬਾਰ ਦੇ ਇੱਕ ਸੰਪਾਦਕ ਨੇ ਵੀ ਲਿਖਿਆ ਹੈ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਤਰੇੜਾ ਕਾਫੀ ਵੱਧ ਚੁੱਕੀਆ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਨੇ ਆਪਣੀ ਪਿਛਲੇ ਸਮੇਂ ਦਾ ਮੁਲੰਕਣ ਕਰਕੇ ਸੁਧਾਰ ਨਾ ਕੀਤਾ ਤਾਂ ਸਰਕਾਰ ਦੀ ਸਾਖ ਨੂੰ ਬਹੁਤ ਵੱਡਾ ਖੌਰਾ ਲੱਗ ਸਕਦਾ ਹੈ। ਉਪਰੋਕਤ ਕਿਸੇ ਤੋ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਭਾਜਪਾ ਗਠਜੋੜ ਵਿੱਚ ਸਭ ਅੱਛਾ ਨਹੀ ਹੈ ਅਤੇ ਭਾਜਪਾ ਵੱਖਰੇ ਹੋਣ ਦਾ ਕੋਈ ਨਵਾਂ ਫੈਸਲਾ ਲੈ ਕੇ ਅਕਾਲੀ ਦਲ ਲਈ ਨਵਾਂ ਸੰਕਟ ਵੀ ਪੈਦਾ ਕਰ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top