ਸਰਦਾਰ ਬਲਵਿੰਦਰ ਸਿੰਘ ਬਾਈਸਨ ਜੀ! ਜੋ ਆਪ ਜੀ ਨੇ 29 ਮਈ 2014 ਨੂੰ “ਖਾਲਸਾ ਨਿਊਜ਼” ਤੇ “ਸਿੱਖ ਮਸਲਿਆਂ ਦਾ ਮਹਾਨ ਕੋਸ਼” ਲੇਖ ਪਾਇਆ ਹੈ, ਨੂੰ ਪ੍ਹੜ ਕੇ ਇਹ ਚਾਰ ਅੱਖਰ ਗੁਰਮਤਿ ਬਾਰੇ ਲਿਖ ਰਿਹਾ ਹਾਂ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨ ਲਿਆ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ।
ਜ਼ਰਾ ਧਿਆਨ ਮਾਰੋ, ਅਜੋਕੇ ਬਹੁਤੇ ਸਿੱਖ ਤਾਂ ਇੱਕ ਮਿਆਣ ਵਿੱਚ ਦੋ ਤਲਵਾਰਾਂ ਪਾਉਣੀਆਂ ਚਾਹੁੰਦੇ ਹਨ ਭਾਵ “ਸੰਪੂਰਨ ਗੁਰੂ ਗ੍ਰੰਥ ਸਾਹਿਬ” ਦੇ ਨਾਲ ਗੁਰਮਤਿ ਵਿਰੋਧੀ ਸਾਕਤ ਕਵੀਆਂ ਜਿਵੇਂ ਰਾਮ, ਸ਼ਾਮ ਆਦਿਕ ਦੀਆਂ ਲਚਰ ਕਵਿਤਾਵਾਂ ਨੂੰ ਬਰਾਬਰ ਪ੍ਰਕਾਸ਼ ਕਰਕੇ ਅਤੇ ਨਿਤਨੇਮ ਵਿੱਚ ਰਲਾ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਾਬਤ ਕਰਨ ਤੇ ਤੁੱਲੇ ਹੋਏ ਹਨ। ਗੁਰੂ ਗਰੰਥ ਸਾਹਿਬ ਨੂੰ ਇਨ੍ਹਾਂ ਨੇ ਆਪਣਾ ਗੁਲਾਮ ਬਣਾ ਰੱਖਿਆ ਹੈ। ਇਸ ਦਾ ਸਬੂਤ ਹੈ ਕਿ ਗੁਰੂ ਗ੍ਰੰਥ ਦੀ ਗੱਲ ਭਾਵੇਂ ਮੰਨਣ ਜਾਂ ਨਾਂ ਮੰਨਣ ਪਰ ਹੋਰ ਹੋਰ ਗ੍ਰੰਥਾਂ ਤੇ ਰਹਿਤਨਾਮਿਆਂ ਦੀਆਂ ਆਪਾ ਵਿਰੋਧੀ ਗੱਲਾਂ ਪਹਿਲਾਂ ਮੰਨਦੇ ਹਨ।
ਮੂਲ ਮੰਤਰ ਬਾਰੇ- ਮੂਲ ਦਾ ਅਰਥ ਹੈ ਮੁੱਢ ਅਤੇ ਮੰਤਰ ਦਾ ਅਰਥ ਹੈ ਉਪਦੇਸ਼, ਪਰ ਹਿੰਦੂਆਂ ਵਿੱਚ ਮੰਤਰ ਵੱਖ ਵੱਖ ਗਿਣਤੀ ਮਿਣਤੀ ਦੇ ਅੱਖਰਾਂ ਦੇ ਸ਼ਲੋਕ ਹਨ, ਜਿਸ ਦੀ ਨਕਲ ਕਰਕੇ, ਸਾਡੇ ਸੰਪ੍ਰਦਾਈ ਟਕਸਾਲੀ ਅਤੇ ਡੇਰੇਦਾਰ ਵੀ ਕੁਝ ਅੱਖਰਾਂ ਦੇ ਸ਼ਬਦਾਂ ਨੂੰ ਮੰਤਰ ਕਹਿ ਕੇ ਰਟਣ ਰਟਾਉਣ ਲੱਗ ਪਏ ਹਨ।
ਵਾਸਤਵ ਵਿੱਚ ਸਾਡਾ ਸਭ ਦਾ ਮੂਲ ਪ੍ਰਮਾਤਮਾਂ ਕਰਤਾ ਕਰਤਾਰ ਹੈ ਅਤੇ ਉਸ ਦਾ ਮੰਤਰ (ਉਪਦੇਸ਼) ਸਾਰੀ ਗੁਰਬਾਣੀ ਹੈ। ਅਜੋਕੇ ਜਥੇਦਾਰ ਤਾਂ ਪੁਜਾਰੀ ਜਿਨੀ ਵੀ ਹੈਸੀਅਤ ਨਹੀਂ ਰੱਖਦੇ, ਫਿਰ ਤੁਸੀਂ ਇਨ੍ਹਾਂ ਤੋਂ ਮਸਲਿਆਂ ਦਾ ਹੱਲ ਭਾਲਦੇ ਹੋ, ਜੋ ਖੁਦ ਬ੍ਰਾਹਮਣੀ ਅਜਗਰ ਦੀ ਵਲਗਣ ਵਿੱਚ ਸਾਹ ਲੈ ਰਹੇ ਹਨ। ਸਾਰੇ ਝਗੜੇ, ਗੋਲਕ, ਪੈਸੇ, ਚੌਧਰ, ਜਾਤ ਬਰਾਦਰੀ ਅਤੇ ਗੁਰਮਤਿ ਵਿਚਾਰ ਦਾ ਮੂੰਹ ਬੰਦ ਕਰਕੇ, ਅੰਧ ਵਿਸ਼ਾਵਾਸ਼ ਅਤੇ ਲਕੀਰ ਦੇ ਫਕੀਰ ਬਣਨ ਕਰਕੇ ਹਨ। ਆਪ ਜੀ ਸਿਆਣੇ ਪੰਥ ਦਰਦੀ ਵਿਦਵਾਨ ਹੋ, ਸਚਾਈਆਂ ਲਿਖਦੇ ਰਹੋ, ਕਰਤਾਰ ਆਪ ਜੀ ਦੀ ਕਲਮ ਨੂੰ ਹੋਰ ਤਾਕਤ ਬਖਸ਼ੇ।