Share on Facebook

Main News Page

ਭਾਜਪਾ ਪੰਜਾਬ ਵਿੱਚ ਇੱਕਲੇ ਤੌਰ ’ਤੇ ਵਿਧਾਨ ਸਭਾ ਚੋਣਾਂ ਲੜਨ ਲਈ ਪਰ ਤੋਲਣ ਲੱਗੀ
-: ਗੁਰਦੀਪ ਸਿੰਘ - ਸੰਪਾਦਕ, ਅੱਜ ਦੀ ਆਵਾਜ਼

ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ ਮਿਲਣ ਕਾਰਨ ਅਤੇ ਅਰੁਣ ਜੇਤਲੀ ਦੀ ਚੋਣ ਹਾਰਨ ਕਾਰਨ ਭਾਜਪਾ ਪੰਜਾਬ ਵਿੱਚ ਇੱਕਲੇ ਤੌਰ ’ਤੇ 2017 ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ 117 ਸੀਟਾਂ ਉੱਪਰ ਚੋਣ ਲੜਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਇਹ ਭਰੋਸੇਯੋਗ ਜਾਣਕਾਰੀ ਭਾਜਪਾ ਅਤੇ ਆਰ.ਐੱਸ.ਐੱਸ. ਦੇ ਸੂਤਰਾਂ ਤੋਂ ਮਿਲੀ ਹੈ। ਆਉਂਦੇ ਕੁੱਝ ਦਿਨਾਂ ਵਿੱਚ ਭਾਜਪਾ ਦੇ ਕੁੱਝ ਵਿੰਗਾਂ ਵੱਲੋਂ ਇਸ ਤਰ੍ਹਾਂ ਦੀ ਜਨਤਕ ਆਵਾਜ਼ ਵੀ ਉਠਾਈ ਜਾ ਸਕਦੀ ਹੈ। ਬਾਦਲ ਅਕਾਲੀ ਦਲ ਵੱਲੋਂ ਸ੍ਰੀ ਅਰੁਣ ਜੇਤਲੀ ਨੂੰ ਪੰਜਾਬ ਵਿੱਚ ਲਿਆ ਕੇ ਚੋਣ ਲੜਾਉਣ ਦਾ ਸਿਆਣਾ ਫੈਸਲਾ ਸੀ, ਪ੍ਰੰਤੂ ਇਹ ਫੈਸਲਾ ਕੁਦਰਤ ਵੱਲੋਂ ਉਲਟਾ ਪੈ ਗਿਆ। ਸ੍ਰੀ ਅਰੁਣ ਜੇਤਲੀ ਭਾਜਪਾ ਵਿੱਚ ਸ੍ਰੀ ਮੋਦੀ ਤੋਂ ਬਾਅਦ ਦੂਸਰੇ ਵੱਡੇ ਪ੍ਰਭਾਵਸ਼ਾਲੀ ਨੇਤਾ ਹਨ, ਜਿਨ੍ਹਾਂ ਨੂੰ ਹਾਰਣ ਦੇ ਬਾਵਜੂਦ ਵਿੱਤ ਮੰਤਰਾਲੇ ਦਾ ਅਹਿਮ ਵਿਭਾਗ ਦਿੱਤਾ ਜਾ ਸਕਦਾ ਹੈ। ਸ੍ਰੀ ਜੇਤਲੀ ਜਿਨ੍ਹਾਂ ਨੂੰ ਸ. ਬਾਦਲ ਕੇਂਦਰ ਸਰਕਾਰ ਵਿੱਚ ਆਪਣਾ ਵਕੀਲ ਬਣਾਉਣਾ ਚਾਹੁੰਦੇ ਸਨ। ਉਹ ਮਿਲੀ ਜਾਣਕਾਰੀ ਮੁਤਾਬਕ ਬਾਦਲ ਦਲ ਦਾ ਵਿਰੋਧੀ ਵਕੀਲ ਬਣ ਗਿਆ ਹੈ। ਸ੍ਰੀ ਜੇਤਲੀ ਕੇਂਦਰ ਵਿੱਚ ਬਾਦਲ ਸਰਕਾਰ ਅਤੇ ਬਾਦਲ ਦਲ ਦੀ ਮਾੜੀ ਤਸਵੀਰ ਪੇਸ਼ ਕਰ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਸ. ਬਿੱਕਰਮਜੀਤ ਸਿੰਘ ਮਜੀਠੀਆ ਦੀ ਕਾਰਗੁਜ਼ਾਰੀ, ਕੰਮ ਕਰਨ ਦੇ ਢੰਗ, ਵਿਵਾਦਾਂ ਵਿੱਚ ਉਲਝੇ ਅਤੇ ਉਸ ਦੇ ਅਕਸ ਉੱਤੇ ਗੰਭੀਰ ਕਿਸਮ ਦੇ ਲੱਗੇ ਧੱਬਿਆਂ ਤੋਂ ਉਹ ਜਾਣੂੰ ਹੋ ਗਿਆ ਹੈ ਅਤੇ ਦਿੱਲੀ ਵਿੱਚ ਇਹ ਸਭ ਕਾਸੇ ਦੀ ਜਾਣਕਾਰੀ ਦੇ ਰਿਹਾ ਹੈ। ਭਾਜਪਾ ਵਿੱਚ ਕੁੱਝ ਉਤਸ਼ਾਹੀ ਅਤੇ ਗਰਮ ਖਿਆਲਾਂ ਵਾਲੇ ਵਿਅਕਤੀ ਇਹ ਵੀ ਕਹਿ ਰਹੇ ਹਨ ਕਿ ਅਕਾਲੀ ਦਲ ਉਨ੍ਹਾਂ ਦੀ ਪੂੰਜੀ ਨਹੀਂ ਸਗੋਂ ਬੋਝ ਬਣ ਗਿਆ ਹੈ। ਭਾਜਪਾ ਵਿੱਚ

ਇਹ ਵਿਚਾਰ ਜੋਰ ਫੜ ਰਿਹਾ ਹੈ ਕਿ ਅਕਾਲੀ ਦਲ ਦੀ ਗੁਲਾਮੀ ਕਰਨ ਨਾਲੋਂ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ, ਸਿੱਖ ਆਗੂ ਨੂੰ ਪੰਜਾਬ ਯੂਨਿਟ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਅਤੇ ਵੱਡੀ ਗਿਣਤੀ ਵਿੱਚ ਰੁਸੇ ਅਕਾਲੀਆਂ, ਦੂਸਰੀਆਂ ਪੰਥਕ ਧਿਰਾਂ ਅਤੇ ਧਾਰਮਿਕ ਸਖਸ਼ੀਅਤਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਵੇ ਅਤੇ ਉਨ੍ਹਾਂ ਤੋਂ ਸਹਿਯੋਗ ਲਿਆ ਜਾਵੇ। ਪੰਜਾਬ ਦਾ ਮੁੱਖ ਮੰਤਰੀ ਇੱਕ ਨਾਮਵਰ ਸਿੱਖ ਨੂੰ ਉਭਾਰ ਕੇ ਭਾਰਤੀ ਜਨਤਾ ਪਾਰਟੀ ਦੇ ਝੰਡੇ ਅਧੀਨ ਪੰਜਾਬ ਵਿੱਚ 117 ਸੀਟਾਂ ਉੱਪਰ ਚੋਣ ਲੜੀ ਜਾ ਸਕੇ। ਬਣਨ ਵਾਲੀ ਮੋਦੀ ਸਰਕਾਰ ਵਿੱਚ ਅਕਾਲੀ ਦਲ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾ ਰਿਹਾ। ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਅਜਿਹੀ ਸਰਕਾਰ ਹੋਵੇਗੀ, ਜਿੱਥੇ ਸਿੱਖਾਂ ਨੂੰ ਸਭ ਤੋਂ ਵੱਧ ਅਣਗੌਲਿਆਂ ਕੀਤਾ ਜਾਵੇਗਾ? ਇਹ ਪਹਿਲੀ ਅਜਿਹੀ ਸਰਕਾਰ ਹੋਵੇਗੀ, ਜਿੱਥੇ ਮੁਸਲਮਾਨਾਂ ਦੀ ਪ੍ਰਤੀਨਿਧਤਾ ਨਹੀਂ ਹੋਵੇਗੀ ਜਾਂ ਕਿਸੇ ਨਾਮਾਤਰ ਵੱਡੇ ਚਮਚੇ ਨੂੰ ਪੂਰੀ ਵਜ਼ੀਰੀ ਜਾਂ ਅੱਧੀ ਵਜ਼ੀਰੀ ਦਿੱਤੀ ਜਾ ਸਕੇਗੀ। ਅਕਾਲੀ ਦਲ ਬਾਦਲ ਦਾ ਭਵਿੱਖ ਹਨ੍ਹੇਰੀ ਦਿਸ਼ਾ ਵੱਲ ਵੱਧ ਰਿਹਾ ਹੈ।

ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਰਾਜਸੀ ਅਤੇ ਪੰਥਕ ਮੁੱਦਿਆਂ ਤੋਂ ਭਟਕ ਕੇ ਕੇਵਲ ਮੈਨੇਜਮੈਂਟ ਰਾਹੀਂ ਜਾਂ ਪੈਸੇ ਰਾਹੀਂ ਸੱਤਾ ਦੀ ਪ੍ਰਾਪਤੀ ਵਿੱਚ ਵਿਸ਼ਵਾਸ ਰੱਖਣ ਬਾਰੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਸ਼ਾਇਦ ਪਿਓ ਪੁੱਤਰ ਦੀਆਂ ਅੱਖਾਂ ਤੋਂ ਇਹ ਸੋਚ ਦੀ ਪੱਟੀ ਉਤਰ ਗਈ ਹੋਵੇਗੀ ਕਿ ਕੇਵਲ ਪੈਸੇ ਨਾਲ ਹੀ ਸੱਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੇ ਬਿਨਾਂ ਪੈਸੇ ਤੋਂ ਅਤੇ ਬਿਨਾਂ ਭੱਜ ਨੱਠ ਤੋਂ ਅਕਾਲੀ ਦਲ ਦੀਆਂ ਵੱਡੀਆਂ ਤੋਪਾਂ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ। ਬਾਦਲ ਦੀ ਨੂੰਹ ਅਤੇ ਡਿਪਟੀ ਮੁੱਖ ਮੰਤਰੀ ਦੀ ਘਰਵਾਲੀ ਮਸਾਂ ਹਾਰਦੀ-ਹਾਰਦੀ ਬਚੀ ਹੈ ਅਤੇ ਜਿਵੇਂ ਇਸ ਬੀਬੀ ਦੀ ਜਿੱਤ ਹੋਈ ਹੈ, ਉਸ ਬਾਰੇ ਪਿਓ ਪੁੱਤਰ ਦੀ ਜੋੜੀ ਚੰਗੀ ਤਰ੍ਹਾਂ ਜਾਣਦੀ ਹੈ। ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਇਹ ਟਿੱਪਣੀ ਵਿਸ਼ੇਸ਼ ਤੌਰ ’ਤੇ ਮਹੱਤਵ ਰੱਖਦੀ ਹੈ ਕਿ ਜਦੋਂ ਉਸ ਨੇ ਇੱਕ ਟੀ.ਵੀ. ਚੈਨਲ ਉੱਤੇ ਚੱਲ ਰਹੀ ਬਹਿਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਓ ਪੁੱਤ ਦੀ ਜੋੜੀ ਦਾ ਕਾਂਗਰਸ ਦੀ ਮਾਂ-ਪੁੱਤ ਦੀ ਜੋੜੀ ਨਾਲੋਂ ਕੋਈ ਅੰਤਰ ਨਹੀਂ। ਭਾਜਪਾ ਨੇ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਰਾਜਸੀ ਟਿੱਪਣੀ ਵਿੱਚ ਕਿਹਾ ਸੀ ਕਿ ਵੰਸ਼ਵਾਦ ਦੀ ਹਾਰ ਹੋਈ ਹੈ।

ਸ. ਬਾਦਲ ਨੂੰ ਆਪਣੀ ਮਹਿਬੂਬ ਪਾਰਟੀ ਅਤੇ ਮਹਿਬੂਬ ਆਗੂਆਂ ਦੀ ਇਸ ਰਾਏ ਜਾਂ ਇਸ ਹੁਕਮਨਾਮੇ ਬਾਰੇ ਜ਼ਰੂਰ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਨੀ ਚਾਹੀਦੀ ਸੀ। ਟਕਸਾਲੀ ਅਕਾਲੀ ਵਰਕਰਾਂ ਨੇ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਪਿਓ ਪੁੱਤ ਵੱਲੋਂ ਅਕਾਲੀ ਦਲ ਵਿੱਚ ਕਾਂਗਰਸੀਆਂ ਅਤੇ ਪਤਿਤ ਸਿੱਖਾਂ ਨੂੰ ਦਿੱਤੀ ਜਾ ਰਹੀ ਮਹੱਤਤਾ ਬਾਰੇ ਚੁੱਪ ਤੌਰ ’ਤੇ ਆਪਣੀ ਰਾਏ ਤੋਂ ਜਾਣੂੰ ਕਰਵਾ ਦਿੱਤਾ, ਕਿਉਂਕਿ ਟਕਸਾਲੀ ਅਕਾਲੀ ਵਰਕਰ ਸਮਝਦੇ ਸਨ ਕਿ ਬਾਦਲ ਜੋੜੀ ਦੀ ਗਲਤ ਸੋਚ ਨੂੰ ਰੱਦ ਕਰਨ ਲਈ ਕੇਵਲ ਚੋਣਾਂ ਹੀ ਇੱਕ ਅਜਿਹਾ ਠੀਕ ਸਾਧਨ ਹਨ। ਪੰਜਾਬ ਭਰ ਦੇ ਅਕਾਲੀ ਵਰਕਰਾਂ ਦੀ ਵੱਡੀ ਭਾਰੀ ਬਹੁਗਿਣਤੀ ਬਠਿੰਡਾ ਸੀਟ ਤੋਂ ਵੱਡੇ ਬਾਦਲ ਦੀ ਨੂੰਹ ਨੂੰ ਹਰਾਉਣ ਦੀ ਇੱਛੁਕ ਸੀ ਅਤੇ ਵਰਕਰਾਂ ਵੱਲੋਂ ਆਮ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਕਿ ਬੀਬੀ ਦੀ ਹਾਰ ਨਾਲ ਹੀ ਪਿਓ ਪੁੱਤ ਨੂੰ ਅਕਲ ਆ ਸਕਦੀ ਹੈ, ਕਿਉਂਕਿ ਸੱਤਾ ਤੇ ਪੈਸੇ ਨੇ ਦੋਵਾਂ ਦੀ ਅਕਲ ਉੱਤੇ ਪਰਦਾ ਪਾ ਦਿੱਤਾ ਹੈ। ਇਹ ਟਿੱਪਣੀਆਂ ਅਕਾਲੀ ਵਰਕਰਾਂ ਵਿੱਚ ਆਮ ਵੇਖਣ ਨੂੰ ਮਿਲਦੀਆਂ ਹਨ। ਪੰਜਾਬ ਵਿੱਚ ਆਏ ਨਤੀਜਿਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਅਤੇ ਰਾਜਨੀਤਕ ਠੇਕੇਦਾਰਾਂ ਨੂੰ ਹਲੂਣਿਆ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਗੂੜ੍ਹੀ ਨੀਂਦ ਵਿੱਚ ਸੁੱਤੇ ਹੋਏ ਇਹ ਰਾਜਸੀ ਠੇਕੇਦਾਰਾਂ ਦੀ ਜਾਗ ਖੁੱਲ੍ਹਦੀ ਹੈ ਜਾਂ ਨਹੀਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top