ਮੋਦੀ
ਜੀ ਆ ਗਏ ਹਨ, ਚੰਗੇ ਦਿਨ ਆਉਣਗੇ ਜਾਂ ਨਹੀਂ? ਇਹ ਤਾਂ ਸਮਾਂ ਹੀ ਦੱਸੇਗਾ। ਪ੍ਰੰਤੂ ਜਿਸ
ਤਰ੍ਹਾਂ ਹਿੰਦੂਵਾਦ ਦੇ ਪ੍ਰਤੀਕ ਵਜੋਂ ਮੋਦੀ ਨੂੰ ਦੇਸ਼ ਦੀ ਹਿੰਦੂ ਬਹੁਗਿਣਤੀ ਨੇ ਸਵੀਕਾਰ
ਕੀਤਾ ਹੈ ਅਤੇ ਮੋਦੀ ਲਹਿਰ ਨੂੰ ਦੇਸ਼ ਦੀ ਸਾਰੀਆਂ ਘੱਟਗਿਣਤੀਆਂ ਨੇ ਅਸਵੀਕਾਰ ਕੀਤਾ ਹੈ, (ਮੋਦੀ
ਨੂੰ ਮੁਸਲਮਾਨਾਂ ਨੇ 9 ਫ਼ੀਸਦੀ, ਈਸਾਈਆਂ ਨੇ 8 ਫ਼ੀਸਦੀ ਤੇ ਸਿੱਖਾਂ ਨੇ 16 ਫ਼ੀਸਦੀ ਵੋਟਾਂ
ਪਾਈਆਂ ਹਨ) ਉਸ ਤੋਂ "ਸਬਕਾ ਸਾਥ, ਸਬਕਾ ਵਿਕਾਸ" ਵਾਲੇ
ਨਾਅਰੇ ਨੂੰ ਮੋਦੀ ਕਿਵੇਂ ਲੈਂਦਾ ਹੈ? ਇਹ ਹਾਲੇਂ ਵੇਖਣ ਵਾਲੀ ਗੱਲ ਹੈ, ਭਾਜਪਾ ਦੇ ਜੇਤੂ
ਸਾਰੇ 282 ਲੋਕ ਸਭਾ ਉਮੀਦਵਾਰਾਂ ‘ਚ ਕੋਈ ਵੀ ਮੁਸਸਮਾਨ ਨਹੀਂ, ਸਿੱਖ ਵੀ ਇੱਕੋ ਹੈ ਅਤੇ
ਇਹੋ ਹਾਲ ਈਸਾਈ ਭਾਈਚਾਰੇ ਦਾ ਹੈ। ਜਿਸ ਵਿਅਕਤੀ ਨੇ ਦੇਸ਼ ‘ਚ ਧਰਮ ਦੇ ਨਾਮ ਤੇ ਵੰਡੀਆਂ
ਨੂੰ ਗੂੜ੍ਹਾ ਕਰਕੇ, ਦੇਸ਼ ਦੀ ਵੱਡੀ ਗੱਦੀ ਹਾਸਲ ਕੀਤੀ ਹੋਵੇ, ਉਹ ”ਸਾਬਕਾ ਵਿਕਾਸ” ਕਰੇਗਾ?
ਇਹ ਸੁਆਲ ਸਭ ਤੋਂ ਵੱਡਾ ਤੇ ਗੰਭੀਰ ਹੈ। ਮੋਦੀ ਨੂੰ ਪੂਰਨ ਬਹੁਮੱਤ ਮਿਲਿਆ ਹੈ, ਉਸਨੂੰ
ਫੈਸਲੇ ਲੈਣ ਵਾਲਾ ਸਖ਼ਤ ਹਾਕਮ ਵੀ ਮੰਨਿਆ ਜਾਂਦਾ ਹੈ।
ਪ੍ਰੰਤੂ ਇਸਦੇ ਬਾਵਜੂਦ ਉਸਦੀ ਮੱਤ ਅਤੇ ਦੋਵੇਂ ਬਾਹਾਂ ਪੂਰੀ ਤਰ੍ਹਾਂ
ਦੂਜਿਆਂ ਦੇ ਕਬਜ਼ੇ ‘ਚ ਹਨ, ਇਸ ਲਈ ਉਸਨੂੰ ਅਜ਼ਾਦ, ਖੁੱਲ੍ਹੇ ਹੱਥਾਂ ਵਾਲਾ ਪ੍ਰਧਾਨ ਮੰਤਰੀ
ਸਮਝਣਾ ਵੱਡੀ ਭੁੱਲ ਹੋਵੇਗੀ। ਮੋਦੀ ਦੀ ਮੱਤ ਤੇ ਸੰਘ ਪਰਿਵਾਰ ਦਾ ਕਬਜ਼ਾ ਰਹੇਗਾ, ਦੂਸਰਾ
ਉਸਦੇ ਦਿਲੋ-ਦਿਮਾਗ ਤੇ ਪਹਿਲਾ ਹੀ 10 ਸਾਲ ਰਾਜ ਕਰਨ ਦਾ ਭੂਤ ਸਵਾਰ ਹੋ ਚੁੱਕਾ ਹੈ, ਇਸ
ਲਈ ਉਹ ਦੇਸ਼ ‘ਚ ਫ਼ਿਰਕੂ ਤਣਾਅ ਅਤੇ ਦੇਸ਼ ਦੀਆਂ ਘੱਟਗਿਣਤੀਆਂ ਨੂੰ ਖੌਫਜ਼ਦਾ ਕਰਕੇ ਰੱਖਣ ਦਾ
ਹਰ ਹੀਲਾ-ਵਸੀਲਾ ਜ਼ਰੂਰ ਵਰਤੇਗਾ। ਦੇਸ਼ ਦੀ ਆਰਥਿਕ ਸਥਿਤੀ, ਮਹਿੰਗਾਈ ਤੇ ਬੇਰੁਜ਼ਗਾਰੀ ਲਈ
ਮੋਦੀ ਆਪਣੀ ਮਰਜ਼ੀ ਦੀ ਕੋਈ ਨੀਤੀ ਨਹੀਂ ਘੜ੍ਹ ਸਕੇਗਾ। ਕਿਉਂਕਿ ਵੱਡੇ ਸੱਨਅਤੀ ਘਰਾਣਿਆਂ
ਨੇ ਹੀ ਉਸਨੂੰ ਦੇਸ਼ ਤੇ ਥੋਪਣ ਲਈ ਮਾਹੌਲ ਸਿਰਜਿਆ ਹੈ।
ਇਸ ਲਈ ਵੱਡੇ-ਵੱਡੇ ਘਰਾਣਿਆਂ ਦੀ
ਆਰਥਿਕ ਨੀਤੀ ‘ਚੋਂ ਬਾਹਰ ਨਿਕਲਣਾ ਮੋਦੀ ਲਈ ਸੰਭਵ ਨਹੀਂ ਹੋਵੇਗਾ। ਦੇਸ਼ ‘ਚ ਨਿੱਜੀਕਰਨ ਦੀ
ਹਵਾ, ਹੋਰ ਤੇਜ਼ ਹੋਵੇਗੀ, ਛੋਟਾ ਤੇ ਮੱਧ ਵਰਗੀ ਦੁਕਾਨਦਾਰ ਵਪਾਰੀ ਸੱਨਅਤਕਾਰ ਹੌਲੀ-ਹੌਲੀ
ਤਬਾਹ ਹੋਣੇ ਸ਼ੁਰੂ ਹੋਣਗੇ। ਦੇਸ਼ ‘ਚ ਇਕ ਪਾਸੇ ਸਿਖ਼ਰ ਦੀ ਚਕਾਚੌਂਧ ਅਤੇ ਦੂਜੇ ਪਾਸੇ ਅਤਿ
ਦੀ ਗਰੀਬੀ, ਬੇਰੁਜ਼ਗਾਰੀ ਤੇ ਕਰਜ਼ਾ ਸਿਖ਼ਰਾਂ ਤੇ ਪੁੱਜੇਗਾ। ਭੁੱਖੇ ਢਿੱਡਾਂ ਨੂੰ ਧਰਮ ਦੀ
ਗੋਲੀ ਨਾਲ ਗੁੰਮਰਾਹ ਕੀਤਾ ਜਾਵੇਗਾ।
ਸੰਘ ਪਰਿਵਾਰ ਮੋਦੀ ਨੂੰ ਕਦੇ ਆਗਿਆ ਨਹੀਂ ਦੇਵੇਗਾ ਕਿ ਜਿਨ੍ਹਾਂ
ਘੱਟਗਿਣਤੀਆਂ ਨੇ ਮੋਦੀ ਦੇ ਨਾਮ ਤੇ ਵੋਟ ਨਹੀਂ ਦਿੱਤਾ, ਮੋਦੀ ਉਨ੍ਹਾਂ ਦੇ ਸੁਧਾਰ ਜਾਂ
ਵਿਕਾਸ ਲਈ ਕੁਝ ਕਰੇ। ਹਿੰਦੂ ਬਹੁਗਿਣਤੀ ਨੇ ਜਿਸ ਭਾਵਨਾ ਨਾਲ ਮੋਦੀ ਦੀ ਜਿੱਤ ਦੀ ਖੁਸ਼ੀ
ਮਨਾਈ ਹੈ ਜਾਂ ਮਨਾਈ ਜਾ ਰਹੀ ਹੈ, ਉਸ ਤੋਂ ”ਹਿੰਦੂ, ਹਿੰਦੀ, ਹਿੰਦੁਸਤਾਨ” ਦੀ ਭਾਵਨਾ
ਡੁੱਲ੍ਹ-ਡੁੱਲ ਪੈਂਦੀ ਹੈ। ਆਖ਼ਰ ਮੋਦੀ ਹਿੰਦੂਤਵੀ ਭਾਵਨਾ ਨੂੰ ਭੜਕਾ, ਉਨ੍ਹਾਂ ਨੂੰ ਸ਼ਾਂਤ
ਕਿਵੇਂ ਕਰੇਗਾ? ਇਸ ਸੁਆਲ ਦੇ ਜਵਾਬ ਨਾਲ ਹੀ ਦੇਸ਼ ਦਾ ਭਵਿੱਖ ਤੈਅ ਕੀਤਾ ਜਾ ਸਕਦਾ ਹੈ।
ਖੈਰ! ਅੱਜ ਜਦੋਂ ਦੇਸ਼ ‘ਚ ”ਨਮੋ” ਦਾ ਰਾਜ ਕਾਲ ਸ਼ੁਰੂ ਹੋ ਚੁੱਕਾ ਹੈ
ਤਾਂ ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਆਪਣੇ ”ਸਬਕੋ” ਵਾਲੇ ਨਾਅਰੇ ਨੂੰ ਦਿਲੋ-ਦਿਮਾਗ
‘ਚੋਂ ਪੂਰੀ ਤਰ੍ਹਾਂ ਨਹੀਂ ਕੱਢਣਗੇ ਅਤੇ ਕਦੇ ਨਾ ਕਦੇ ਇਹ ਜ਼ਰੂਰ ਮਹਿਸੂਸ ਕਰਿਆ ਕਰਨਗੇ ਕਿ
ਉਹ ਸਮੁੱਚੇ ਦੇਸ਼ ਵਾਸੀਆਂ ਦਾ ਪ੍ਰਧਾਨ ਮੰਤਰੀ ਹੈ। ਜੇ ਉਨ੍ਹ੍ਵਾਂ ਦੇ ਮਨ ਮਸਤਕ ਤੇ ਅਜਿਹੀ
ਭਾਵਨਾ 5-10 ਫੀਸਦੀ ਵੀ ਪੈਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਨਮੋ ਰਾਜ ਕਾਲ ਸਫ਼ਲ ਰਾਜ
ਕਾਲ ਮੰਨਿਆ ਜਾਵੇਗਾ। ਮੋਦੀ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਹਨ, ਕਿਉਂਕਿ ਤਿੰਨ ਮਹੀਨੇ
ਦੀ ਚੋਣ ਮੁਹਿੰਮ ‘ਚ ਉਸਨੇ ਲੋਕਾਂ ਨੂੰ ਵੱਡੇ-ਵੱਡੇ ਸੁਫ਼ਨੇ ਵੰਡੇ ਹਨ। ਜਿਨ੍ਹਾਂ ‘ਚ ਕਿੰਨੇ
ਕੁ ਸਾਕਾਰ ਹੋਣਗੇ, ਉਸਤੇ ਹੀ ਦੇਸ਼ ‘ਚ ਮੋਦੀ ਪੱਖੀ ਜਾਂ ਮੋਦੀ ਵਿਰੋਧੀ ਲਹਿਰ ਬਣੇਗੀ।
ਮੋਦੀ
ਨੂੰ ਸਭ ਤੋਂ ਪਹਿਲਾ ਦੇਸ਼ ਦੀਆਂ ਘੱਟਗਿਣਤੀਆਂ ‘ਚੋਂ ਖ਼ੌਫ ਤੇ ਦਹਿਸ਼ਤ ਨੂੰ ਘੱਟ ਕਰਨ ਦਾ
ਯਤਨ, ਦੂਜਾ ਦੇਸ਼ ਦੀ ਆਰਥਿਕਤਾ ਨੂੰ ਪੈਰ-ਸਿਰ ਖੜ੍ਹ ਕਰਨਾ, ਕਾਲੇ ਧਨ ਦੀ ਵਾਪਸੀ,
ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ, ਬੇਰੁਜ਼ਗਾਰੀ ਦੂਰ ਕਰਨ ਦੇ ਉਪਰਾਲੇ ਕਰਨੇ ਅਤੇ ਦੇਸ਼ ‘ਚ
ਮੁੜ ਤੋਂ ਕਿਰਤ ਸਭਿਆਚਾਰ ਪੈਦਾ ਕਰਨਾ ਵੱਡੀਆਂ ਚੁਣੌਤੀਆਂ ਹਨ। ਉਸ ਲਈ ਉਸਦੇ ਹੱਥ-ਪੈਰ
ਖੁੱਲ੍ਹੇ ਹੋਣੇ ਜ਼ਰੂਰੀ ਹਨ।
ਸੰਘ ਪਰਿਵਾਰ ਤੇ ਵੱਡੇ-ਵੱਡੇ ਸੱਨਅਤੀ ਘਰਾਣੇ ਮੋਦੀ ਦੇ ਹੱਥ ਕਿੰਨੇ
ਕੁ ਖੋਲ੍ਹਦੇ ਹਨ। ਇਸ ਬਾਰੇ ਹਰ ਜਾਗਰੂਕ ਦੇਸ਼ ਵਾਸੀ ਬਾਖ਼ੂਬੀ ਜਾਣਦਾ ਹੈ, ਪ੍ਰੰਤੂ ਫ਼ਿਰ ਵੀ
ਅਸੀਂ ਘੱਟੋ-ਘੱਟ ਅੱਜ ਨਾਂਹ ਪੱਖੀ ਮੁੱਦਿਆਂ ਤੋਂ ਅੱਖਾਂ ਮੀਚ ਕੇ, ਇਹ ਉਮੀਦ ਕਰਦੇ ਹਾਂ
ਕਿ ਮੋਦੀ ਦੇਸ਼ ਦੀ ਬਹੁਗਿਣਤੀ ਦੀ ਥਾਂ ਦੇਸ਼ ਦੇ ਸਮੁੱਚੇ ਲੋਕਾਂ ਦੀਆਂ ਆਸਾਂ-ਉਮੀਦਾਂ ਤੇ
ਖਰੇ ਉਤਰਣ ਦੀ ਕੋਸ਼ਿਸ਼ ਕਰਨ।