Share on Facebook

Main News Page

ਬਾਦਲਾਂ ਨੇ ਜੇ ਸਿੱਖਾਂ ਦੀਆਂ ਵੋਟਾਂ ਦੀ ਝਾਕ ਰੱਖਣੀ ਹੈ, ਤਾਂ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਬਹਾਲ ਕਰਨ
-: ਭਾਈ ਪੰਥਪ੍ਰੀਤ ਸਿੰਘ

* ਹੁਣ ਤਾਂ ਬਾਦਲਾਂ ਦੇ ਪਾਸੰਦ ਦਾ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਹੈ ਇਸ ਲਈ ਪੰਜਾਬ ਅਤੇ ਸਿੱਖਾਂ ਦੇ ਚਿਰਾਂ ਤੋਂ ਲਟਕ ਰਹੇ ਮਸਲੇ ਤੁਰੰਤ ਹੱਲ ਕਰਵਾਏ ਜਾਣ: ਭਾਈ ਪੰਥਪ੍ਰੀਤ ਸਿੰਘ
* ਪਾਕਿਸਤਾਨ ਦੇ ਸਿੱਖਾਂ ਤੇ ਨਨਕਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਮੱਕੜ ਨੂੰ ਸਾਫ ਲਫਜਾਂ ਵਿੱਚ ਕਹਿ ਦਿੱਤਾ ਕਿ ਆਰ.ਐੱਸ.ਐੱਸ. ਦਾ ਕੈਲੰਡਰ ਭਾਰਤ ਵਿੱਚ ਤਾਂ ਲਾਗੂ ਹੋ ਸਕਦਾ ਹੈ ਪਰ ਪਾਕਿਸਤਾਨ ਸਮੇਤ ਦੁਨੀਆਂ ਦੇ ਹੋਰ ਕਿਸੇ ਹਿੱਸੇ ਵਿੱਚ ਕਦਾਚਿਤ ਲਾਗੂ ਨਹੀਂ ਹੋਵੇਗਾ: ਭਾਈ ਮਾਂਝੀ

ਬਠਿੰਡਾ, ੨੬ ਮਈ (ਕਿਰਪਾਲ ਸਿੰਘ): ਬਾਦਲਾਂ ਨੇ ਜੇ ਸਿੱਖਾਂ ਦੀਆਂ ਵੋਟਾਂ ਦੀ ਝਾਕ ਰੱਖਣੀ ਹੈ ਤਾਂ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕੀਤਾ ਜਾਵੇ। ਇਹ ਸ਼ਬਦ ਬੀਤੇ ਦਿਨ ਗੁਰਮਤਿ ਸੇਵਾ ਲਹਿਰ ਦੀ ਸੰਗਤ ਕੈਂਚੀਆਂ ਵਿਖੇ ਹੋਈ ਛਿਮਾਹੀ ਮੀਟਿੰਗ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਭਾਗ ਲੈਣ ਲਈ ਪਹੁੰਚੇ ਮੈਂਬਰਾਂ ਦੀ ਵਿਸ਼ਾਲ ਇਕੱਤ੍ਰਤਾ ਨੂੰ ਸੰਬੋਧਨ ਕਰਦੇ ਹੋਏ ਗੁਰਮਤਿ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ।

ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਇਹ ਲੰਬੇ ਸਮੇਂ ਤੋਂ ਲੋੜ ਸੀ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਜਿਹੜਾ ਕਿ ਭੁਗੋਲ, ਖ਼ੁਗੋਲ ਅਤੇ ਕੈਲੰਡਰ ਵਿਗਿਆਨ 'ਤੇ ਪੂਰਾ ਉਤਰਦਾ ਹੋਵੇ; ਗੁਰਬਾਣੀ ਵਿੱਚ ਦਰਸਾਏ ਮਹੀਨਿਆਂ ਦੀਆਂ ਰੁੱਤਾਂ ਨਾਲ ਮੇਲ ਖਾਂਦਾ ਹੋਵੇ ਅਤੇ ਜਿਸ ਅਨੁਸਾਰ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਣ ਕਰਕੇ ਦੇਸ਼ ਵਿਦੇਸ਼ ਵਿੱਚ ਸਭ ਨੂੰ ਯਾਦ ਰੱਖਣੇ ਅਸਾਨ ਹੋ ਜਾਣ। ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਦੀ ੧੫ ਸਾਲ ਦੀ ਸਖਤ ਮਿਹਨਤ ਨਾਲ ਤਿਆਰ ਕੀਤੇ ਅਤੇ ਪੰਥਕ ਵਿਦਵਾਨਾਂ ਦੇ ਡੂੰਘੇ ਅਧਿਐਨ ਤੇ ਵੀਚਾਰ ਵਟਾਂਦਰੇ ਦੌਰਾਨ ਇੱਕਮੱਤ ਹੋਣ ਉਪ੍ਰੰਤ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਵੈਸਾਖੀ ਵਾਲੇ ਦਿਨ ੧੪ ਅਪ੍ਰੈਲ ੨੦੦੩ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਖ਼ੁਦ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਰੀਲੀਜ਼ ਕੀਤਾ ਸੀ।

੨੦੦੩ ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ ਇਸ ਕਰਕੇ ਆਰ.ਐੱਸ.ਐੱਸ. ਦੇ ਏਜੰਟਾਂ ਵਜੋਂ ਪੰਥ ਵਿੱਚ ਘੁਸਪੈਠ ਕਰ ਚੁੱਕੇ ਸੰਤ ਸਮਾਜ ਅਤੇ ਦੋ ਤਖਤਾਂ ਦੇ ਪ੍ਰਬੰਧਕਾਂ ਨੂੰ ਛੱਡ ਕੇ ਬਾਕੀ ਦੇ ਸਮੁੱਚੇ ਪੰਥ, ਭਾਰਤ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸਰਕਾਰਾਂ ਨੇ ਮਾਣਤਾ ਦੇ ਦਿੱਤੀ ਸੀ। ਪਰ ਇਸ ਕੈਲੰਡਰ ਨੂੰ ਰੀਲੀਜ਼ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸਿੱਖ ਪੰਥ ਦੀ ਵੱਖਰੀ ਹੋਂਦ ਤੋਂ ਇਨਕਾਰੀ ਆਰ.ਐੱਸ.ਐੱਸ. ਦੇ ਇਸ਼ਾਰੇ 'ਤੇ ਬਿਨਾ ਪੰਥਕ ਵਿਦਵਾਨਾਂ ਤੇ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਦੀ ਰਾਇ ਲਿਆਂ ੨੦੧੦ ਵਿੱਚ ਉਸ ਕੈਲੰਡਰ ਦਾ ਬਿਕ੍ਰਮੀ ਕੈਲੰਡਰ ਨਾਲ ਮਿਲਗੋਭਾ ਕਰਕੇ ਕਤਲ ਕਰ ਦਿੱਤਾ ਜਿਸ ਨੂੰ ਡੇਰਾਵਾਦੀ ਸੋਚ ਵਾਲੇ ਸਿੱਖਾਂ ਤੋਂ ਇਲਾਵਾ ਕੋਈ ਵੀ ਸੂਝਵਾਨ ਸਿੱਖ ਮੰਨਣ ਲਈ ਤਿਆਰ ਨਹੀਂ ਹੈ।

ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਪਿੱਛਲੇ ਸਾਲ ਜਦੋਂ ਸ਼ੇਰੇ ਪੰਜਾਬ ਰੇਡੀਓ ਕੈਨੇਡਾ 'ਤੇ ਨਾਨਕਸ਼ਾਹੀ ਕੈਲੰਡਰ ਸਬੰਧੀ ਲਾਈਵ ਵੀਚਾਰ ਚਰਚਾ ਹੋ ਰਹੀ ਸੀ, ਤਾਂ ਉਹ ਖ਼ੁਦ (ਭਾਈ ਪੰਥਪ੍ਰੀਤ ਸਿੰਘ) ਰੇਡੀਓ 'ਤੇ ਔਨ ਲਾਈਨ ਮੌਜੂਦ ਸਨ, ਜਿਸ ਸਮੇਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਪੀਏ ਸ: ਪ੍ਰਿਤਪਾਲ ਸਿੰਘ ਸੰਧੂ ਜੋ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਨ; ਨੇ ਰੇਡੀਓ 'ਤੇ ਔਨ ਲਾਈਨ ਦੱਸਿਆ ਕਿ ਜਿਸ ਸਮੇਂ ੨੦੦੩ ਵਿੱਚ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਤਾਂ ਉਸੇ ਸਮੇਂ ਤੋਂ ਆਰ.ਐੱਸ.ਐੱਸ. ਦੇ ਆਗੂਆਂ ਨੇ ਇਸ ਨੂੰ ਰੱਦ ਕਰਵਾਉਣ ਲਈ ਅਕਾਲ ਤਖ਼ਤ 'ਤੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਇਹ ਉਸ ਸਮੇਂ ਤੱਕ ਜਾਰੀ ਰਹੇ ਜਦ ਤੱਕ ਕਿ ਇਸ ਨੂੰ ਰੱਦ ਨਹੀਂ ਕਰਵਾ ਦਿੱਤਾ ਗਿਆ। ਭਾਈ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਗੱਲਬਾਤ ਰੀਕਾਰਡ ਹੈ ਜਿਹੜੀ ਕਿ ਹੁਣ ਵੀ ਸੁਣੀ ਜਾ ਸਕਦੀ ਹੈ। ਉਸ ਗੱਲਬਾਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਰ.ਐੱਸ.ਐੱਸ. ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕਿਤਨੀ ਦਖ਼ਲਅੰਦਾਜ਼ੀ ਹੈ। ਸਿੱਖ ਹੁਣ ਆਰ.ਐੱਸ.ਐੱਸ. ਦੀ ਹੋਰ ਦਖ਼ਲਅੰਦਾਜ਼ੀ ਬ੍ਰਦਾਸ਼ਤ ਨਹੀਂ ਕਰਨਗੇ ਜਿਸ ਦਾ ਅੰਦਾਜ਼ਾ ਹੁਣੇ ਹੋਈਆਂ ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਭਲੀਭਾਂਤ ਲਾਇਆ ਜਾ ਸਕਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਬਾਦਲ ਪਿਉ ਪੁੱਤਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਿੱਖਾਂ ਦੀਆਂ ਵੋਟਾਂ ਦੀ ਝਾਕ ਰੱਖਣੀ ਹੈ ਤਾਂ ੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕੀਤਾ ਜਾਵੇ।

ਭਾਈ ਪੰਥਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਹੁਣ ਤੱਕ ਤਾਂ ਸ: ਬਾਦਲ ਪੰਜਾਬ ਤੇ ਪੰਥਕ ਮਾਮਲੇ ਹੱਲ ਨਾ ਹੋਣ ਦਾ ਸਾਰਾ ਦੋਸ਼ ਕਾਂਗਰਸ ਦੀ ਕੇਂਦਰ ਸਰਕਾਰ ਸਿਰ ਮੜ੍ਹ ਕੇ ਆਪ ਸੁਰਖੁਰੂ ਹੋਣ ਦਾ ਯਤਨ ਕਰਦੇ ਰਹੇ ਸਨ ਅਤੇ ਇਨ੍ਹਾਂ ਸਾਰੀਆਂ ਸੱਸਿਆਵਾਂ ਦਾ ਇੱਕੋ ਇੱਕ ਹੱਲ ਮੋਦੀ ਦਾ ਪ੍ਰਧਾਨ ਮੰਤਰੀ ਬਣ ਜਾਣਾ ਦੱਸਦੇ ਸਨ। ਹੁਣ ਬਾਦਲਾਂ ਦੀ ਇਹ ਰੀਝ ਵੀ ਪੂਰੀ ਹੋ ਗਈ ਹੈ ਤੇ ਉਨ੍ਹਾਂ ਦੇ ਪਾਸੰਦ ਦਾ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਹੈ ਇਸ ਲਈ ਪੰਜਾਬ ਅਤੇ ਸਿੱਖਾਂ ਦੇ ਚਿਰਾਂ ਤੋਂ ਲਟਕ ਰਹੇ ਮਸਲੇ ਤੁਰੰਤ ਹੱਲ ਕਰਵਾਏ ਜਾਣ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਿੱਖਾਂ ਦੀ ਪਹਿਲੀ ਮੰਗ ਹੈ ਕਿ ਪੰਥ ਦਾ ਆਪਣਾ ਨਾਨਕਸ਼ਾਹੀ ਕੈਲੰਡਰ ਬਹਾਲ ਕੀਤਾ ਜਾਵੇ, ਦੂਸਰੀ ਮੰਗ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਜਿਸ ਦੀ ਫਾਂਸੀ ਦੀ ਸਜਾ ਭਾਰਤ ਦੀ ਸਰਬਉਚ ਅਦਾਲਤ ਨੇ ਵੀ ਰੱਦ ਕਰ ਦਿੱਤੀ ਹੈ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਤੀਸਰੀ ਮੰਗ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀ ਜਿਨ੍ਹਾਂ ਦੀਆਂ ਅਦਾਲਤ ਵੱਲੋਂ ਸੁਣਾਈਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਨ੍ਹਾਂ ਤੋਂ ਇਲਾਵਾ ਪੰਜਾਬ ਨੂੰ ਇਸ ਦੇ ਦਰਿਆਈ ਪਾਣੀਆਂ ਦਾ ਹੱਕ ਮਿਲਣਾ, ਪੰਜਾਬ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ਼ ਅਤੇ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਆਦਿਕ ਹੋਰ ਮਸਲੇ ਹਨ ਜਿਹੜੇ ਕਿ ਹੱਲ ਤੁਰੰਤ ਹੱਲ ਕਰਨੇ ਬਣਦੇ ਹਨ। ਹੁਣ ਤੱਕ ਤਾਂ ਸ: ਬਾਦਲ ਇਹ ਮੰਗਾਂ ਪੂਰੀਆਂ ਨਾ ਕਰਵਾ ਸਕਣ ਲਈ ਕਾਂਗਰਸ ਦੀ ਕੇਂਦਰ ਸਰਕਾਰ ਨੂੰ ਦੋਸ਼ੀ ਦਸਦਾ ਰਿਹਾ ਹੈ ਪਰ ਹੁਣ ਜਦੋਂ ਕਿ ਇਨ੍ਹਾਂ ਦਾ ਮਨਪਸੰਦ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਹੈ ਤਾਂ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਸਿੱਖਾਂ ਨੂੰ ਦੱਸਿਆ ਜਾਵੇ ਕਿ ਸਿੱਖਾਂ ਲਈ ਉਮਰ ਕੈਦ ਦੇ ਅਰਥ ਹੋਰ ਹਨ ਤੇ ਬਹੁਗਿਣਤੀਆਂ ਲਈ ਹੋਰ ਹਨ।

ਇਸ ਤੋਂ ਪਹਿਲਾਂ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ 'ਤੇ ਵਿਅੰਗ ਕਸਦਿਆਂ ਕਿਹਾ ਕਿ ਉਹ ਦੱਸੇ ਕਿ ਕੀ ਉਸ ਲਈ ਆਰ.ਐੱਸ.ਐੱਸ. ਦੇ ਏਜੰਡੇ ਵਾਲਾ ਕੈਲੰਡਰ ਲਾਗੂ ਕਰਵਾਉਣਾ ਹੀ ਇੱਕੋ ਇੱਕ ਮਸਲਾ ਹੈ ਜਿਸ ਨਾਲ ਪੰਥ ਵਿੱਚ ਏਕਤਾ ਤੇ ਚੜ੍ਹਦੀਕਲਾ ਹੋ ਸਕਦੀ ਹੈ? ਕੀ ਉਸ ਨੇ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ ਲਈ ਜਾਂ ਪੰਥਕ ਹਿੱਤਾਂ ਵਿੱਚ ਅਕਾਲ ਤਖ਼ਤ ਤੋਂ ਜਾਰੀ ਹੋਏ ਹੋਰ ਅਨੇਕਾਂ ਹੁਕਨਾਮੇ ਲਾਗੂ ਕਰਵਾਉਣ ਲਈ ਇਤਨੇ ਯਤਨ ਕੀਤੇ ਹਨ ਜਿੰਨੇ ਕਿ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸਿੱਖਾਂ ਤੇ ਨਨਕਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਮੱਕੜ ਨੂੰ ਸਾਫ ਲਫਜਾਂ ਵਿੱਚ ਕਹਿ ਦਿੱਤਾ ਕਿ ਆਰ.ਐੱਸ.ਐੱਸ. ਦਾ ਕੈਲੰਡਰ ਭਾਰਤ ਵਿੱਚ ਲਾਗੂ ਹੋ ਸਕਦਾ ਹੈ ਪਰ ਪਾਕਿਸਤਾਨ ਸਮੇਤ ਦੁਨੀਆਂ ਦੇ ਹੋਰ ਕਿਸੇ ਹਿੱਸੇ ਵਿੱਚ ਕਦਾਚਿਤ ਲਾਗੂ ਨਹੀਂ ਹੋ ਸਕਦਾ ਇਸ ਲਈ ਉਹ ੨੦੦੩ ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਹੀ ਮਾਣਤਾ ਦਿੰਦੇ ਰਹਿਣਗੇ। ਭਾਈ ਮਾਂਝੀ ਨੇ ਕਿਹਾ ਕਿ ਇਤਨਾ ਸਪਸ਼ਟ ਜਵਾਬ ਸੁਣ ਕੇ ਵੀ ਮੱਕੜ ਇੱਥੇ ਆ ਕੇ ਮੀਡੀਏ ਰਾਹੀ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਪਾਕਿਸਤਾਨ ਦੇ ਸਿੱਖਾਂ ਨੇ ਵਿਗਾੜੇ ਕੈਲੰਡਰ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੀਟਿੰਗ ਦੌਰਾਨ ਹਰ ਵਾਰ ਦੀ ਤਰ੍ਹਾਂ ਬੱਚਿਆਂ ਦੇ ਕਲਾਸਾਂ ਵਾਈਜ਼ ਤਿੰਨ-ਤਿੰਨ ਗਰੁੱਪ ਬਣਾ ਕੇ ਗੁਰਬਾਣੀ ਕੰਠ ਮੁਕਾਬਲੇ, ਸੁੰਦਰ ਦਸਤਾਰ ਅਤੇ ਕੇਸਕੀ ਸਜਾਉਣ ਦੇ ਮੁਕਾਬਲੇ, ਕਵੀਸ਼ਰੀ, ਸ਼ਬਦ ਗਾਇਨ ਅਤੇ ਗਤਕੇ ਦੇ ਮੁਕਾਬਲੇ ਕਰਵਾ ਕੇ ਹਰ ਦਰਜੇ ਵਿੱਚੋਂ ਪਹਿਲੇ ਪੰਜ ਸਥਾਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਤੇ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਗੁਰਮਤਿ ਸੇਵਾ ਲਹਿਰ ਦੇ ਪੱਕੇ ਮੈਂਬਰਾਂ ਵੱਲੋਂ ਆਪਣੇ ਮੈਂਬਰਸ਼ਿੱਪ ਛਿਮਾਹੀ ਚੰਦੇ ਦੇਣ ਤੋਂ ਇਲਾਵਾ ਚਾਹਵਾਨ ਸੱਜਣਾਂ ਨੇ ਦਸਵੰਧ ਦੀ ਮਾਇਆ ਜਮ੍ਹਾ ਕਰਵਾਈ। ਅਖੀਰ ਵਿੱਚ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਪਿਛਲੀ ਮੀਟਿੰਗ ਤੋਂ ਲੈ ਕੇ ਹੁਣ ਤੱਕ ਦੇ ੬ ਮਹੀਨਿਆਂ ਸੰਸਥਾ ਦਾ ਛੇ ਮਹੀਨਿਆਂ ਦੀ ਆਮਦਨ ਤੇ ਖਰਚਿਆਂ ਦਾ ਹਿਸਾਬ ਦੱਸ ਕੇ ਬੈਲੈਂਸ ਸ਼ੀਟ ਤਿਆਰ ਕਰਕੇ ਸੰਗਤ ਵਿੱਚ ਪੇਸ਼ ਕੀਤੀ ਅਤੇ ਦੱਸਿਆ ਕਿ ਸੰਸਥਾ ਦੀ ਅਗਲੀ ਮੀਟਿੰਗ ਇਸੇ ਹੀ ਸਥਾਨ 'ਤੇ ੩੦ ਨਵੰਬਰ ਨੂੰ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top