ਇਉਂ
ਲੱਗਦਾ ਹੈ ਕਿ ਐਤਕੀਂ ਭਾਰਤ ਵਿੱਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਕੁਝ ਦਿਨ
ਪਹਿਲਾਂ ਰੱਬ ਜੀ ਅਤੇ ਉਸ ਦੇ ਸਹਾਇਕ ਸ਼ਿਵ ਭੋਲੇ ਨਾਥ ਵਿਚਕਾਰ ਜ਼ਰੂਰ ਖੜਕ ਪਈ ਹੋਣੀ ਐਂ।
ਰੱਬ ਕਹਿੰਦਾ ਹੋਣੈ ਕਿ ਹਮੇਸ਼ਾ ਵਾਂਗ ਨਤੀਜੇ ਬਣਾਉਣ ਮੈਂ ਹੀ ਜਾਣਾ ਹੈ। ਉੱਧਰ ਭੋਲੇ ਨਾਥ
ਜੀ ਅੜ ਗਏ ਹੋਣੇ ਨੇ ਕਿ ‘ਪਲੀਜ਼’, ਇੱਕ ਮੌਕਾ ਮੈਨੂੰ ਵੀ ਦਿਉ। ਦੋਹਾਂ ਪਰਮ ਸ਼ਕਤੀਆਂ ਦੇ
ਆਪਸੀ ਝਗੜੇ ਵਾਲੀ ਇਹ ਵਾਰਤਾਲਾਪ ਭਾਵੇਂ ਬਹੁਤੇ ਪਾਠਕਾਂ ਨੂੰ ਕਲਪਿਤ ਹੀ ਜਾਪੇ, ਪਰ
ਇਸਲਾਮੀ ਤਵਾਰੀਖ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਖ਼ੁਦਾ ਦੇ ਦਰਬਾਰ ਵਿੱਚ ਐਸਾ ਕਦੇ-ਕਦਾਈਂ
ਹੋ ਈ ਜਾਂਦਾ ਹੈ। ਖੁਦਾਵੰਦ ਕਰੀਮ ਦੇ ਸਲਾਹੂ ਅਤੇ ਸਹਾਇਕ ਅਕਸਰ ‘ਵੱਧ ਅਧਿਕਾਰਾਂ’ ਦੀ
ਮੰਗ ਕਰਨ ਲੱਗ ਪੈਂਦੇ ਹਨ। ਐਸੀ ਹੀ ਇੱਕ ਮਿਸਾਲ ਅਨੁਸਾਰ ਕਿਹਾ ਜਾਂਦਾ ਹੈ ਕਿ ਕਿਤੇ ਸ਼ਾਮ
ਪੈਂਦਿਆਂ ਹੀ ਹਜ਼ਰਤ ਮੂਸਾ ਜੀ ਖੁਦਾ ਨੂੰ ਕਹਿਣ ਲੱਗੇ ਕਿ ਮਹਾਰਾਜ, ਤੁਸੀਂ ਅੱਜ ਦੀ ਰਾਤ
ਆਰਾਮ ਫ਼ਰਮਾਉ, ਅੱਜ ਦੁਨੀਆਂ ਲਈ ‘ਡਿਨਰ’ ਦਾ ਬੰਦੋਬਸਤ ਮੈਂ ਕਰਦਾ ਹਾਂ।
ਖ਼ੁਦਾ ਜੀ ਨੇ ਬੜਾ ਜ਼ੋਰ ਲਾਇਆ ਕਿ ਭਰਾ ਮੂਸੇ, ਜਿਸ ਕਾ ਕਾਮ ਉਸੀ ਕੋ
ਸਾਜੇ, ਦੁਨੀਆ ਨੂੰ ਰਿਜ਼ਕ ਰੋਟੀ ਦੇਣ ਦਾ ਕੰਮ ਬੜਾ ਔਖਾ ਹੈ, ਮੈਨੂੰ ਹੀ ਇਹ ਜ਼ਿੰਮੇਵਾਰੀ
ਨਿਭਾਉਣ ਦੇਹ। ਮੂਸਾ ਜੀ ਬੱਚਿਆਂ ਵਾਂਗ ਖਹਿੜੇ ਪੈ ਗਏ। ਆਖਰ ਖ਼ੁਦਾ ਮੰਨ ਗਿਆ। ਮੂਸੇ ਨੇ
ਖਲਕਤ ਨੂੰ ਰਾਤ ਦਾ ਖਾਣਾ-ਦਾਣਾ ਵੰਡਣਾ ਸ਼ੁਰੂ ਕਰ ਦਿੱਤਾ। ਜਦੋਂ ਰਾਤ ਦੇ ਗਿਆਰਾਂ ਕੁ ਵਜੇ,
ਖ਼ੁਦਾ ਨੇ ਮੂਸੇ ਕਰ ਲਈ ਐ? ਕੋਈ ਜੀਵ ਭੁੱਖਣ ਭਾਣਾ ਤਾਂ ਨਹੀਂ ਰਹਿ ਗਿਆ? ਕੁਝ ਸ਼ਸ਼ੋ ਪੰਜ
’ਚ ਪਿਆ ਮੂਸਾ ਹੱਥ ਜੋੜ ਕੇ ਬੋਲਿਆ ਕਿ ਹੇ ਅਲਾਹ ਤਾਅਲਾ, ਮੈਂ ਸਭ ਨੂੰ ਰਿਜ਼ਕ ਦੇ ਦਿੱਤਾ
ਹੈ, ਪਰ ਇੱਕ ਬੰਦਾ ਐਸਾ ਕੁਕਰਮ ਕਰ ਰਿਹਾ ਸੀ ਕਿ ਮੇਰਾ ਦਿਲ ਨਹੀਂ ਮੰਨਿਆ, ਉਸ ਨੂੰ ਰੋਟੀ
ਦੇਣ ਲਈ। ਮੈਂ ਸੋਚਿਆ ਕਿ ਇਹਨੂੰ ਭੁੱਖਾ ਰਾੜਨਾ ਹੀ ਠੀਕ ਹੈ। ਬੱਸ, ਓਸ ਇੱਕ ਨੂੰ ਛੱਡ ਕੇ
ਸਭ ਕਾਇਨਾਤ ਪ੍ਰਸੰਨ ਹੋ ਕੇ ਸੌਂ ਗਈ ਹੈ। ਖ਼ੁਦਾ ਹੱਸਦਾ ਹੋਇਆ ਬੋਲਿਆ:
‘ਮੂਸੇ, ਜੇ ਮੈਂ ਦੁਨੀਆ ਵਾਲਿਆਂ ਦੇ ਕਰਮਾਂ-ਕੁਕਰਮਾਂ ਵੱਲ ਦੇਖ ਕੇ
ਉਨ੍ਹਾਂ ਨੂੰ ਰਿਜ਼ਕ ਦੇਣ ਜਾਂ ਨਾ ਦੇਣ ਦਾ ਫ਼ੈਸਲਾ ਕਰਾਂ, ਤਦ ਅੱਧੀ ਦੁਨੀਆਂ ਭੁੱਖੀ ਮਰ
ਜਾਏ। ਰਿਜ਼ਕ-ਰੋਟੀ ਦੇਣ ਲੱਗਿਆਂ ਮੈਂ ਅਜਿਹਾ ਨਹੀਂ ਦੇਖਦਾ। ਬਿਨਾਂ ਵਿਤਕਰੇ ਤੋਂ ਸਭ ਨੂੰ
ਅੰਨ-ਦਾਣਾ ਦੇ ਦੇਣਾ ਮੇਰਾ ਫ਼ਰਜ਼ ਹੈ।’
ਬੱਸ ਐਨ ਇਸੇ ਤਰ੍ਹਾਂ ਸ਼ਿਵ ਜੀ ਮਹਾਰਾਜ ਵੀ ਪ੍ਰਭੂ ਦੇ ਖਹਿੜੇ ਪਏ
ਹੋਣੇ ਨੇ ਤਾਂ ਰੱਬ ਨੇ ਬਾਕੀ ਭਾਰਤ ਦੇ ਚੋਣ ਨਤੀਜੇ ਬਣਾਉਣ ਦੀ ਡਿਊਟੀ ਸ਼ਿਵ ਭੋਲੇ ਨੂੰ
ਸੌਂਪ ਕੇ ਖ਼ੁਦ ਪੰਜਾਬ ਦਾ ਕਾਰਜ ਭਾਰ ਸੰਭਾਲ ਲਿਆ ਹੋਵੇਗ। ਉੱਧਰ ਸ਼ਿਵ ਭੰਡਾਰੀ ਜੀ ਨੇ ਦਸਾਂ
ਸਾਲਾਂ ਤੋਂ ਦਿੱਲੀ ਤਖ਼ਤ ਵੱਲ ਟਿਕਟਿਕੀ ਲਾ ਕੇ ਬੈਠੇ ਆਪਣਿਆਂ ਭਗਤਾਂ ’ਤੇ ਤਰਸ ਕਰ ਕੇ
ਖੁੱਲ•ੇ ਗੱਫ਼ੇ ਹੀ ਬਖ਼ਸ਼ ਦਿੱਤੇ, ਪਰ ਇੱਧਰ ਪੰਜਾਬ ਵਿੱਚ ਰੱਬ ਜੀ ਨੇ ਸਾਰਿਆਂ ਨੂੰ ਹੀ ਐਸਾ
ਪ੍ਰਸ਼ਾਦਿ ਵੰਡਿਆ ਕਿ ਨਾ ਕੋਈ ਖੁਸ਼ੀ ਵਿੱਚ ਫੁੱਲ-ਫੁੱਲ ਕੇ ਕੁੱਪਾ ਹੋਣ ਦਿੱਤਾ ਅਤੇ ਨਾ ਹੀ
ਕੋਈ ਰੋਣ ਜੋਗਾ ਰਹਿਣ ਦਿੱਤਾ। ਪੰਜਾਬ ਵਿੱਚ ਹੋਈਆਂ ਚੋਣਾਂ ਦੇ ਨਤੀਜਾ-ਕਾਰਡ ਬਣਾਉਣ
ਲੱਗਿਆਂ ਰੱਬ ਨੇ ਕਿਸੇ ‘ਘਾਗ’ ਸਿਆਸਤਦਾਨ ਵਾਂਗ ਬੜੇ ਫੂਕ-ਫੂਕ ਕੇ ਕਦਮ ਰੱਖੇ ਹੋਣਗੇ।
ਪਹਿਲਾਂ ਗੁਰੂ ਕੀ ਨਗਰੀ ਅੰਮ੍ਰਿਤਸਰ
ਵੱਲ ਦੇਖ ਲਉ। ਪੰਜਾਬ ਵਿੱਚ ਪੱਚੀ ਸਾਲ ਰਾਜ ਕਰਨ ਦੇ ਦਾਅਵੇਦਾਰ ਸ੍ਰੀ ਜੇਤਲੀ
ਨੂੰ ਇਹ ਕਹਿ ਕੇ ਚੋਣ-ਪਿੜ ਵਿੱਚ ਲਿਆਏ ਸਨ ਕਿ ਨਾਮਜ਼ਦਗੀ ਕਰ ਕੇ ਤੁਸੀਂ ਦਿੱਲੀ ਅਰਾਮ
ਕਰਿਉ। ‘ਸ਼ਾਨਦਾਰ ਜਿੱਤ’ ਦਾ ਸਰਟੀਫਿਕੇਟ ਸੁਨਹਿਰੀ ਫ੍ਰੇਮ ਵਿੱਚ ਜੜਵਾ ਕੇ ਉੱਥੇ ਹੀ
ਪਹੁੰਚਾ ਦੇਵਾਂਗੇ। ਜੇਤਲੀ ਦੇ ਸਿਰ ਜਿੱਤ ਦਾ ਮੁਕਟ ਸਜਾਉਣ ਲਈ ਕੀ-ਕੀ ਨਹੀਂ ਕੀਤਾ ਗਿਆ?
ਲੋੜਵੰਦਾਂ ਨੂੰ ‘ਸਭ ਕੁਝ’ ਵੰਡਿਆ ਗਿਆ। ਦਸਮ ਗ੍ਰੰਥ ਦੇ ਇੱਕ ਸਵੱਈਏ ਵਿੱਚ ਸ੍ਰੀ ਜੇਤਲੀ
ਦਾ ਨਾਂਅ ਫਿੱਟ ਕੀਤਾ ਗਿਆ, ਪਰ ਨਤੀਜਾ ਬਣਾਉਣ ਵੇਲੇ ‘ਰੱਬ ਜੀ’ ਨੇ ਇਹ ਭੋਰਾ ਪ੍ਰਵਾਹ ਨਹੀਂ
ਕੀਤੀ ਕਿ ਜੇਤਲੀ ਜੀ, ਬਣਨ ਵਾਲੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਸੱਜੀ-ਖੱਬੀ ਬਾਂਹ ਹਨ।
ਇਸ ਮਹਾਨ ਸ਼ਖਸੀਅਤ ਬਾਰੇ ਮੈਂ ‘ਮਾੜਾ’ ਨਾ ਸੋਚਾਂ! ਬੱਸ ਜੀ, ਇੱਕੋ ਝਟਕੇ ਹਰਾ ਕੇ ਅਹੁ
ਮਾਰਿਆ!
ਫੇਰ ਰੱਬ ਜੀ ਨੂੰ ਉਥੋਂ ਜਿਤਾਏ ਮਹਾਰਾਜੇ
ਦੀ ਚਿੰਤਾ ਲੱਗ ਗਈ ਹੋਵੇਗੀ ਕਿ ਮਤਾਂ ਇਹ ਜਿੱਤ ਦੇ ਨਸ਼ੇ ਵਿੱਚ ਹੀ ਨਾ ਆਫ਼ਰਿਆ
ਫਿਰੇ। ਦੇਖਦੇ ਹੀ ਦੇਖਦੇ ਉਸ ਦੇ ਅਫ਼ਾਰੇ ਦਾ ਇਲਾਜ ਪਟਿਆਲਾ ਹਲਕੇ ਦਾ ਨਤੀਜਾ ਬਣਾ ਕੇ ਕਰ
ਦਿੱਤਾ। ਜਦੋਂ ਭਲਾ ਘਰ ਵਾਲੀ ਹੀ ਹਾਰ ਜਾਵੇ, ਤਦ ਘਰ ਵਾਲਾ ਆਪਣੀ ਜਿੱਤ ਦੀ ਖੁਸ਼ੀ ਮਨਾਉਣ
ਦਾ ਹੀਆ ਕਰ ਸਕਦੈ?
ਸ੍ਰੀ ਆਨੰਦਪੁਰ ਸਾਹਿਬ ਦਾ ਹਾਲ ਦੇਖ ਲਉ।
ਪਹਿਲਾਂ ਤਾਂ ਰੱਬ ਜੀ ਨੂੰ ਜਥੇਦਾਰ ਚੰਦੂ ਮਾਜਰੇ ’ਤੇ ਚੜਿਆ ਹੋਣੈ ਗੁੱਸਾ! ਵਿਧਾਨ ਸਭਾ
ਦੇ ਸੱਤਾ ਹਲਕਿਆਂ ਤੋਂ ਉਹਨੂੰ ਮਾਂਜਾ ਫੇਰਦਾ ਲੈ ਆਇਆ। ਫੇਰ ਸ਼ਾਇਦ ਰੱਬ ਨੇ ਉਸ ਦਾ ਪੁਰਾਣਾ
ਵਹੀ-ਖਾਤਾ ਖੋਲ ਕੇ ਦੇਖ ਲਿਆ ਹੋਣੈ ਕਿ ਇਹ ਤਾਂ ਲਗਾਤਾਰ ਸੱਤ ਇਲੈਕਸ਼ਨਾਂ ਹਾਰ ਚੁੱਕੈ!
ਤਰਸ ਕਰ ਕੇ ਉਹ ਦੀ ਦੋ ਵਿਧਾਨ ਸਭਾਈ ਹਲਕਿਆਂ ’ਚ ਕਸਰ ਪੂਰੀ ਕਰਦਿਆਂ ਉਸ ਨੂੰ ਜੇਤੂ ਬਣਾ
ਧਰਿਆ।
ਬਠਿੰਡੇ ਦਾ ਰਿਜ਼ਲਟ ਬਣਾਉਂਦੇ
ਵਕਤ ਥਾਲੀ ਦੇ ਪਾਣੀ ਵਾਂਗ ਰੱਬ ਦਾ ਦਿਲ ਡੋਲਦਾ ਰਿਹਾ ਹੋਣੈ। ‘ਰੱਬ ਨੇੜੇ ਕਿ ਘਸੁੰਨ’
ਵਾਲਾ ਅਖਾਣ ਚੇਤੇ ਕਰ ਕੇ ਉਹ ਡਾਹਢਿਆਂ ਤੋਂ ਜ਼ਰੂਰ ਡਰ ਗਿਆ ਹੋਣਾ। ਸੋਚਿਆ ਹੋਣੈ ਕਿ ਜੇ
ਇੱਥੇ ਹਬੀ-ਨਬੀ ਹੋ ਗਈ ਤਾਂ ‘ਰਾਜ ਨਹੀਂ, ਸੇਵਾ’ ਕਰਨ ਵਾਲ਼ਿਆਂ ਨੇ ਮੈਨੂੰ ਸੁੱਕਾ ਨਹੀਂ
ਜਾਣ ਦੇਣਾ ਮੁੜਕੇ ਆਪਣੇ ‘ਸਕੱਤਰੇਤ’ ਵਿੱਚ। ਹੋਰ ਨਾ ਭੁੱਕੀ ਦੇ ਕੇਸ ਵਿੱਚ ਫਸ ਕੇ ਇੱਥੇ
ਜੋਗਾ ਹੀ ਰਹਿ ਜਾਵਾਂ। ਇੰਜ ਸੋਚਦਿਆਂ ਉਸ ਨੇ ‘ਰਿਜ਼ਲਟ ਆਊਟ’ ਕਰਨ ਮੌਕੇ ਏਨੀ ਕੁ ਗੁੱਝੀ
ਛੁਰੀ ਚਲਾ ਦਿੱਤੀ ਕਿ ਜੇਤੂ ਧਿਰ ਨੂੰ ਭੰਗੜੇ ਪਾਉਣ ਜੋਗੀ ਨਹੀਂ ਛੱਡਿਆ, ਸਗੋਂ ਹਾਰੇ ਹੋਏ
ਨੂੰ ਜੇਤੂਆਂ ਵਰਗਾ ਬਣਾ ਕੇ ਤੋਰਿਆ। ਮਹਿਸੂਸ ਹੁੰਦਾ ਹੈ ਕਿ ਸੰਗਰੂਰ ਬਾਰੇ ਨਹੀਂ ਰੱਬ
ਨੂੰ ਬਹੁਤਾ ਦਿਮਾਗ ਲੜਾਉਣਾ ਪਿਆ ਹੋਣੈ। ਉਹ ਨੂੰ ਪਤਾ ਹੀ ਸੀ ਕਿ ਭਾਈ ਢੀਂਡਸੇ ਨੂੰ ਜੇ
ਹਾਰ ਦਾ ਮੂੰਹ ਦਿਖਾ ਵੀ ਦਿੱਤਾ ਤਾਂ ‘ਐਮ ਪੀ’, ਦਾ ਲੇਬਲ ਇਹ ਦੇ ਨਾ ਪਿੱਛੋਂ ਤਦ ਵੀ ਨਹੀਂ
ਲੱਥਣਾ। ਰਾਜ ਸਭਾ ਦੀ ਮੈਂਬਰੀ ਇਹ ਦੀ ਜੇਬ ’ਚ ਹੀ ਪਈ ਹੁੰਦੀ ਹੈ। ਇਸ ਲਈ ਉਥੋਂ
ਹਾਸੇ-ਹਾਸੇ ਵਿੱਚ ਲੋਕਾਂ ਦੇ ਜ਼ਮੀਰ ਜਗਾਉਣ ਵਾਲੇ ਟੀਕੇ ਲਾਉਣ ਵਾਲੇ ਆਪਣੇ ਭਗਵੰਤ ਬਾਈ ਦੀ
ਝੋਲੀ ਜਿੱਤ ਨਾਲ ਮਾਲਾ-ਮਾਲ ਕਰ ਦਿੱਤੀ।
ਬੜੇ ਹੀ ‘ਬੈਲੈਂਸ’ ਵਿੱਚ ਰਹਿੰਦਿਆਂ ਕਮਲ ਫੁੱਲ, ਪੰਜੇ ਅਤੇ ਤੱਕੜੀ
ਵਿੱਚੋਂ ਕਿਸੇ ਨੂੰ ਕਿਤਿਉਂ ਗੱਫਾ ਕਿਸੇ ਨੂੰ ਧੱਫਾ ਦਿੰਦਿਆਂ ਜਦ ਰੱਬ ਨੂੰ ਬਾਕੀ ਦੇ
ਭਾਰਤ ਵਿੱਚੋਂ ਕਨਸੋਆਂ ਮਿਲੀਆਂ ਕਿ ਉਥੇ ਸ਼ਿਵ ਭਗਵਾਨ ਜੀ ‘ਆਪਣਿਆਂ’ ਨੂੰ ਹੀ ‘ਰਿਉੜੀਆਂ’
ਵੰਡ ਵੰਡ ਕੇ ਨਿਹਾਲੋ ਨਿਹਾਲ ਕਰੀ ਜਾ ਰਿਹਾ ਹੈ, ਤਦ ਉਸੇ ਵਕਤ ਪੰਜਾਬ ਦੀ ਗਿਣਤੀ-ਮਿਣਤੀ
ਰੋਕ ਕੇ ਰੱਬ ਸੋਚੀਂ ਪੈ ਗਿਆ। ਉਹ ਨੂੰ ਅਚਾਨਕ ਯਾਦ ਆਇਆ ਕਿ ਜਿਸ ਖਿੱਤੇ ਵਿੱਚ ਮੈਂ ਬੈਠਾ
ਹਾਂ, ਇਹ ਤਾਂ ਕ੍ਰਾਂਤੀਕਾਰੀਆਂ ਦੀ ਜ਼ਰਖੇਜ਼ ਧਰਤੀ ਹੈ, ਜਿੱਥੋਂ ਦੇ ਜਾਇਆਂ ਬਾਰੇ ਲਿਖਿਆ
ਮਿਲਦੈ ਕਿ ‘ਇਹ ਟੈਂ ਨਾ ਮੰਨਣ’ ਕਿਸੇ ਦੀ! ...ਉਸੇ ਵੇਲੇ ਉਸ ਨੇ ਝਾੜੂ ਨਾਲ ਚਾਰ ਸੀਟਾਂ
ਇਕੱਠੀਆਂ ਕਰੀਆਂ ਤੇ ਕੇਜਰੀਵਾਲ ਦੇ ਪੱਲੇ ਪਾ ਦਿੱਤੀਆਂ। ਧੁਰ ਦੱਖਣ ਤੋਂ ਮਸੋਸਿਆ ਜਿਹਾ
ਚਿਹਰਾ ਲੈ ਕੇ ਉੱਤਰ ਵੰਨੀ ਤੁਰੇ ਆਉਂਦੇ ਸ੍ਰੀ ਕੇਜਰੀਵਾਲ ਨੂੰ ਹੌਂਸਲਾ ਹੋ ਗਿਆ।
ਪੰਜਾਬ ਦੇ ਚੋਣ ਨਤੀਜਿਆਂ ਦੀ ਸਮੀਖਿਆ ਵਾਲੀ ਇਸ ਲਿਖਤ ਦੀ ਸਮਾਪਤੀ ਵੀ ਪੰਜਾਬ ਦੇ ਪੇਂਡੂ
ਇਲਾਕਿਆਂ ਵਿੱਚ ਪ੍ਰਚੱਲਤ ਇੱਕ ਲੋਕ-ਰੁਚੀ ਕਥਾ ਨਾਲ ਹੀ ਕਰਦੇ ਹਾਂ। ਕਹਿੰਦੇ ਇੱਕ ਬੰਦਾ
ਦੂਰ-ਦੂਰਾਡੇ ਵਿਆਹੀਆਂ-ਵਰੀਆਂ ਆਪਣੀਆਂ ਦੋ ਧੀਆਂ ਨੂੰ ਮਿਲਣ ਗਿਲਣ ਗਿਆ। ਪਹਿਲੀ ਕੁੜੀ ਦੇ
ਘੇਰ ਗਿਆ, ਜਿਸ ਦਾ ਘਰ ਵਾਲਾ ਖੇਤੀਬਾੜੀ ਕਰਦਾ ਸੀ। ਬੰਦੇ ਨੇ ਉਸ ਨੂੰ ਹਾਲ-ਹਵਾਲ ਪੁੱਛਿਆ।
ਮਾਰੂ ਖੇਤੀ ਦਾ ਫ਼ਿਕਰ ਕਰਦਿਆਂ ਕੁੜੀ ਕਹਿੰਦੀ ਕਿ ਭਾਈਆ ਜੀ ਮੱਕੀ ਦੇ ਚਾਰ ਟਾਂਡੇ ਬੀਜੇ
ਹੋਏ ਨੇ, ਜੇ ਮੀਂਹ ਦੀਆਂ ਚਾਰ ਕਣੀਆਂ ਪੈ ਗਈਆਂ ਤਾਂ ਦੋ ਮਣ ਦਾਣੇ ਹੋ ਜਾਣਗੇ, ਨਹੀਂ ਤਾਂ
ਭੁੱਖੇ ਮਰਾਂਗੇ। ਨਾਲ ਹੀ ਉਸ ਨੇ ਬਾਪੂ ਨੂੰ ਕਿਹਾ ਕਿ ਉਹ ਰੱਬ ਅੱਗੇ ਵਰਖਾ ਲਈ ਅਰਦਾਸ ਕਰੇ।
ਫਿਰ ਬੰਦਾ ਆਪਣੀ ਦੂਸਰੀ ਧੀ ਦੇ ਘਰੇ ਗਿਆ। ਉਸ ਦਾ ਪਤੀ ਮਿੱਟੀ ਦੇ
ਭਾਂਡੇ ਆਵੇ ਵਿੱਚ ਪਕਾ ਕੇ ਵੇਚਣ ਦਾ ਕੰਮ-ਧੰਦਾ ਕਰਦਾ ਸੀ। ਬੰਦੇ ਨੇ ਆਪਣੀ ਉਸ ਧੀ ਦੇ
ਕਾਰੋਬਾਰ ਸੰਬੰਧੀ ਪੁੱਛਿਆ। ਉਹ ਬੋਲੀ ਕਿ ਪਿਤਾ ਜੀ ਆਵੇ ਨੂੰ ਅੱਗ ਦਿੱਤੀ ਹੋਈ ਹੈ। ਭਾਂਡੇ
ਪੱਕ ਗਏ ਤਾਂ ਘਰ ਦਾ ਗੁਜ਼ਾਰਾ ਚੱਲਦਾ ਰਹੇਗਾ। ਜੇ ਨਿਖਸਮਾ ਮੀਂਹ ਪੈ ਗਿਆ, ਫਿਰ ਸਾਡਾ
ਕੂੰਡਾ ਹੋ ਜਾਣਾ। ਤਰਲਾ ਮਾਰਦਿਆਂ ਉਸ ਕੁੜੀ ਨੇ ਬਾਪੂ ਨੂੰ ਕਿਹਾ ਕਿ ਉਹ ਰੱਬ ਅੱਗੇ
ਸੁੱਕ-ਪਕਾ ਰਹਿਣ ਦੀ ਅਰਦਾਸ ਕਰੇ। ਘਰੇ ਪਹੁੰਚੇ ਉਸ ਬੰਦੇ ਨੂੰ ਘਰ ਵਾਲੀ ਧੀਆਂ ਦੇ
ਰਾਜ਼ੀ-ਬਾਜ਼ੀ ਹੋਣ ਦੀ ਖ਼ਬਰ-ਸਾਰ ਪੁੱਛਦੀ ਹੈ। ਬੰਦੇ ਨੇ ਬੜਾ ਤਨਜ਼ੀਆ ਜਵਾਬ ਦਿੱਤਾ:
‘ਭਗਵਾਨੇ, ਦੋਵੇਂ ਨਹੀਂ, ਇੱਕੋ ਰਾਜ਼ੀ
ਰਹੇਗੀ; ਜਾਂ ਟਾਂਡੇ ਵਾਲੀ ਜਾਂ ਭਾਂਡੇ ਵਾਲੀ!’
ਬਲਿਹਾਰੇ ਜਾਈਏ ਪੰਜਾਬ ਦੀ ਮਖ਼ਲੂਕਾਤ ਦੇ, ਜਿਸ ਨੇ ਐਸੇ ਢੰਗ ਨਾਲ
ਵੋਟਿੰਗ ਕੀਤੀ ਕਿ ਟਾਂਡੇ ਵਾਲੀ ਤੇ ਭਾਂਡੇ ਵਾਲੀ ਦੋਵੇਂ ਰਾਜ਼ ਤਾਂ ਰੱਖੀਆਂ ਹੀ ਰੱਖੀਆਂ,
ਬਲਕਿ ਟਾਂਡੇ ਵਾਲੀ ਤੇ ਭਾਂਡੇ ਵਾਲੀ ਦੋਹਾਂ ਦੇ ਮੂੰਹ ’ਤੇ ਕਰਾਰੇ-ਕਰਾਰੇ ਚਾਂਡੇ ਮਾਰਨ
ਵਾਲੀ ‘ਆਪ’ ਦੇ ਸਿਰ ਵੀ ਜਿੱਤ ਦਾ ਤਾਜ਼ ਰੱਖਿਆ। ਚੜ•ੀ ਆਉਂਦੀ ਭਗਵੀਂ ਕਾਂਗ ਮੋਹਰੇ ਛਾਤੀ
ਤਾਣ ਕੇ ਨਾਬਰ ਬਣਨ ਵਾਲੇ ਪੰਜਾਬ ਨੂੰ ਸੌ-ਸੌ ਨਮਸਕਾਰ!