Share on Facebook

Main News Page

ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਦੇ ਸਖ਼ਤ ਰੁਖ਼ ਕਾਰਨ, ਅਕਾਲੀ ਦਲ ਬਚਾਅ ਦੀ ਮੁਦਰਾ ’ਚ

ਚੰਡੀਗੜ੍ਹ, 25 ਮਈ - ਭਾਰਤੀ ਜਨਤਾ ਪਾਰਟੀ ਦੇ ਹਮਲਾਵਰ ਰੁਖ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਚਾਅ ਦੀ ਮੁਦਰਾ ਵਿੱਚ ਆ ਗਿਆ ਹੈ। ਪੰਜਾਬ ਵਿੱਚ ਤਕਰੀਬਨ ਪੌਣੇ ਦੋ ਦਹਾਕਿਆਂ ਤੋਂ ਚੱਲੇ ਆ ਰਹੇ ਗਠਜੋੜ ਦਰਮਿਆਨ ਮੁੱਖ ਹਾਕਮ ਪਾਰਟੀ ਪਹਿਲੀ ਵਾਰ ਭਾਜਪਾ ਦੇ ਦਬਾਅ ਅਧੀਨ ਆਈ ਹੋਈ ਦਿਖਾਈ ਦੇ ਰਹੀ ਹੈ। ਇਹ ਵਰਤਾਰਾ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਮੁਕੰਮਲ ਬਹੁਮਤ ਮਿਲਣ, ਪੰਜਾਬ ਵਿੱਚ ਗਠਜੋੜ ਨੂੰ ਘੱਟ ਸੀਟਾਂ ਮਿਲਣ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਸਾਹਮਣੇ ਆਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭਾਜਪਾ ਆਗੂਆਂ ਦੀਆਂ ਅਕਾਲੀਆਂ ਪ੍ਰਤੀ ਤਿੱਖੀਆਂ ਟਿੱਪਣੀਆਂ ’ਤੇ ਮੁੰਹ ਖੋਲ੍ਹਣ ਲਈ ਤਿਆਰ ਨਹੀਂ ਹਨ। ਇਸ ਦੇ ਉਲਟ ਭਾਜਪਾ ਆਗੂਆਂ ਵੱਲੋਂ ਆਪਣੀ ਭਾਈਵਾਲ ਪਾਰਟੀ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਰਾਜਸੀ ਘਟਨ੍ਹਾਮ ਦੌਰਾਨ ਦਿਲਚਸਪ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਆਗੂਆਂ ਵਿਰੁਧ ਖੁੱਲ੍ਹੇਆਮ ਬੋਲਣ ਵਾਲੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ (ਮੁੱਖ ਸੰਸਦੀ ਸਕੱਤਰ) ਨੇ ਇਕ ਤਰ੍ਹਾਂ ਨਾਲ ਮੁੜ ਤੋਂ ਭਾਈਵਾਲ ਅਤੇ ਆਪਣੀ ਪਾਰਟੀ ਦੇ ਆਗੂਆਂ ਵਿਰੁਧ ਮੋਰਚਾ ਖੋਲ੍ਹ ਦਿੱਤਾ ਹੈ।

ਭਾਜਪਾ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਸ਼ਾਂਤਾ ਕੁਮਾਰ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਅਤੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਵੀ ਅਕਾਲੀ ਦਲ ਵਿਰੁਧ ਬੋਲਣਾ ਸ਼ੁਰੂ ਕਰ ਦਿੱਤਾ ਹੈ। ਭਾਜਪਾ ਆਗੂਆਂ ਦੇ ਇਕ ਦਮ ਹਰਕਤ ਵਿੱਚ ਆਉਣ ਨਾਲ ਭਾਵੇਂ ਗਠਜੋੜ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਪਰ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਪਿਛਲੇ ਸੱਤਾਂ ਸਾਲਾਂ ਤੋਂ ਨੁਕਰੇ ਲੱਗੀ ਭਾਜਪਾ ਸੂਬੇ ਦੀ ਸੱਤਾ ਵਿੱਚ ਹੁਣ ਬਰਾਬਰ ਦੀ ਹਿੱਸੇਦਾਰ ਬਣੇਗੀ। ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਣਿਆ ਸੀ ਤੇ ਉਦੋਂ ਤੋਂ ਹੀ ਚਲਦਾ ਆ ਰਿਹਾ ਹੈ। ਇਸ ਰਾਜਸੀ ਗਠਜੋੜ ਨੇ ਹੁਣ ਤੱਕ 5 ਲੋਕ ਸਭਾ ਚੋਣਾਂ ਇਕੱਠਿਆਂ ਹੀ ਲੜੀਆਂ ਹਨ। ਇਸ ਰਾਜਸੀ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿੱਚ 1997 ਤੇ 2007 ਵਿੱਚ ਸਰਕਾਰਾਂ ਬਣਾਉਣ ਤੋਂ ਬਾਅਦ ਤੀਜੀ ਵਾਰੀ 2012 ਵਿੱਚ ਸਰਕਾਰ ਬਣਾਈ ਹੈ। ਸਾਲ 2007 ਤੋਂ 2012 ਦੇ ਦੌਰ ਦੌਰਾਨ ਅਕਾਲੀ-ਭਾਜਪਾ ਦੇ ਰਿਸ਼ਤੇ ‘ਕਭੀ ਖ਼ੁਸ਼ੀ ਕਭੀ ਗਮ’ ਵਾਲੇ ਹੀ ਰਹੇ ਹਨ। ਸਾਲ 2007 ਵਿੱਚ ਭਾਜਪਾ ਦੇ 23 ਉਮੀਦਵਾਰਾਂ ਵਿੱਚੋਂ 19 ਵਿਧਾਇਕ ਜਿੱਤ ਗਏ ਸਨ।

ਸਾਲ 2012 ਦੀਆਂ ਚੋਣਾਂ ਨੇ ਰਾਜਸੀ ਦ੍ਰਿਸ਼ ਅਜਿਹਾ ਬਦਲਿਆ ਕਿ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ 56 ਹੋ ਗਈ ਤੇ ਭਾਜਪਾ ਦੇ ਵਿਧਾਇਕਾਂ ਦੀ ਘੱਟ ਕੇ 12 ਹੀ ਰਹਿ ਗਈ ਸੀ। ਸਾਲ 2012 ਤੋਂ ਬਾਅਦ ਅਕਾਲੀ ਦਲ ਦਾ ਹੱਥ ਉਪਰ ਹੀ ਰਿਹਾ ਹੈ ਪਰ ਤਾਜ਼ਾ ਚੋਣਾਂ ਨੇ ਸਥਿਤੀ ਬਦਲ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਸ਼ਾਂਤਾ ਕੁਮਾਰ, ਕਮਲ ਸ਼ਰਮਾ ਅਤੇ ਬਲਰਾਮਜੀ ਦਾਸ ਟੰਡਨ ਵੱਲੋਂ ਕੀਤੀਆਂ ਟਿੱਪਣੀਆਂ ਬਾਰੇ ਬੋਲਦਿਆਂ ਕਿਹਾ ਕਿ ਭਾਜਪਾ ਆਗੂਆਂ ਨੂੰ ਅਕਾਲੀ-ਭਾਜਪਾ ਦੀ ਤਾਲਮੇਲ ਕਮੇਟੀ ਵਿੱਚ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਗਠਜੋੜ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਰ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਬਾਰੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਡਾ. ਚੀਮਾ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਆਗੂ ਨੂੰ ਕੋਈ ਵੀ ਗੱਲ ਮੀਡੀਆ ਵਿੱਚ ਕਰਨ ਦੀ ਥਾਂ ਪਹਿਲਾਂ ਤਾਲਮੇਲ ਕਮੇਟੀ ਵਿੱਚ ਵਿਚਾਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦਰਮਿਆਨ ਗਠਜੋੜ ਬਹੁਤ ਪੁਰਾਣਾ ਹੈ ਤੇ ਇਸ ਉਪਰ ਕੋਈ ਅਸਰ ਨਹੀਂ ਪੈਣ ਵਾਲਾ। ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਤੇ ਨਵੇਂ ਚੁਣੇ ਐਮਪੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਅਕਾਲੀਆਂ ਤੇ ਭਾਜਪਾਈਆਂ ਦਰਮਿਆਨ ਅਕਸਰ ਤਿੱਖੀਆਂ ਗੱਲਾਂ ਚਲਦੀਆਂ ਰਹਿੰਦੀਆਂ ਹਨ ਪਰ ਇਸ ਦੇ ਅਰਥ ਇਹ ਨਹੀਂ ਕੱਢਣੇ ਚਾਹੀਦੇ ਕਿ ਗਠਜੋੜ ਨੂੰ ਕੋਈ ਖ਼ਤਰਾ ਹੈ।

ਅਕਾਲੀ ਦਲ ਦੇ ਸੰਸਦ ਮੈਂਬਰ ਨੇ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸਦਿਆਂ ਕਿਹਾ ਕਿ ਇਸ ਬਾਰੇ ਉਹ ਕੁਝ ਵੀ ਨਹੀਂ ਕਹਿਣਗੇ। ਸ੍ਰੀ ਬ੍ਰਹਮਪੁਰਾ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨਸ਼ਿਆਂ ਦੀ ਸਮਗਲਿੰਗ ਅਤੇ ਰੇਤ ਬਜਰੀ ਦੇ ਮੁੱਦੇ ਹਾਵੀ ਰਹੇ। ਇਨ੍ਹਾਂ ਲਈ ਕਿਸੇ ਖਾਸ ਵਿਅਕਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜ਼ਿਕਰਯੋਗ ਹੈ ਕਿ ਸ਼ਾਂਤਾ ਕੁਮਾਰ ਨੇ ਨਸ਼ਿਆਂ ਦੀ ਸਮਗਲਿੰਗ ਅਤੇ ਰੇਤ ਬਜਰੀ ਦੇ ਮੁੱਦੇ ’ਤੇ ਅਕਾਲੀ ਆਗੂਆਂ ਵਿਰੁਧ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਬਲਰਾਮਜੀ ਦਾਸ ਟੰਡਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਖ਼ਤਿਆਰ ਕੀਤੀ ‘ਹਲਕਾ ਇੰਚਾਰਜਾਂ’ ਦੀ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸੇ ਤਰ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਆਖ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਹੁਣ ਦੱਬੂ ਪਾਰਟੀ ਨਹੀਂ ਰਹੇਗੀ। ਭਾਜਪਾ ਆਗੂਆਂ ਦੀਆਂ ਇਨ੍ਹ੍ਹਾਂ ਟਿੱਪਣੀਆਂ ਨੇ ਅਕਾਲੀ ਦਲ ਦੇ ਆਗੂਆਂ ਦੇ ਮੁੰਹ ਬੰਦ ਕਰ ਦਿੱਤੇ ਹਨ। ਅਕਾਲੀ ਆਗੂ ਭਾਜਪਾ ਵਿਰੁਧ ਕੁਝ ਵੀ ਕਹਿਣ ਨੂੰ ਤਿਆਰ ਨਹੀਂ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ਭਾਜਪਾ ਦੇ ਕੁਝ ਨੇਤਾਵਾਂ ਵੱਲੋਂ ਲੋਕ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਸਬੰਧੀ ਅਕਾਲੀਆਂ ਦੀ ਕਾਰਗੁਜ਼ਾਰੀ ਬਾਰੇ ਕੀਤੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲਿਆ ਹੈ। ਇਥੇ ਜਾਰੀ ਬਿਆਨ ਵਿੱਚ ਇਨ੍ਹਾਂ ਆਗੂਆਂ ਨੇ ਬਿਆਨਾਂ ਨੂੰ ਗਠਜੋੜ ਦੀ ਉਲੰਘਣਾ ਅਤੇ ਬੇਲੋੜੇ ਕਰਾਰ ਦਿੱਤੇ ਹਨ। ‘ਇਹ ਦੋਸ਼ ਗਠਜੋੜ ਦੀ ਭਾਵਨਾ ਵਿਰੁਧ ਹਨ। ਦੋਵੇਂ ਪਾਰਟੀਆਂ ਦਾ ਰਿਸ਼ਤਾ ਸਿਰਫ਼ ਸਿਆਸੀ ਮਿਲਾਪ ਨਾ ਹੋ ਕੇ, ਦਿਲਾਂ ਦੀ ਸਾਂਝ ਹੈ ਜਿਸ ਦੀਆਂ ਜੜ੍ਹਾਂ ਪੰਜਾਬ ਦੇ ਇਤਿਹਾਸ ਵਿੱਚ ਹਨ। ਇਹ ਗਠਜੋੜ ਰਾਜ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪੰਜਾਬ ਦੀ ਜਨਤਾ ਵੱਲੋਂ ਸਾਂਝੇ ਰੂਪ ਵਿੱਚ ਕਾਇਮ ਕੀਤਾ ਗਿਆ ਹੈ। ਇਸ ਰਿਸ਼ਤੇ ਨੇ ਪੰਜਾਬ ਅਤੇ ਦੇਸ਼ ਦੀ ਜਨਤਾ ਨੂੰ ਮਾੜੇ ਦੌਰ ਵਿੱਚੋਂ ਉਭਾਰਿਆ ਹੈ।

ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਪ੍ਰਾਪਰਟੀ ਟੈਕਸ ਅਤੇ ਰੇਤੇ ਦੀ ਮਾਈਨਿੰਗ ਦਾ ਜ਼ਿਕਰ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਦੋਵੇਂ ਵ੍ਯਿਭਾਗ ਭਾਜਪਾ ਦੇ ਮੰਤਰੀਆਂ ਅਧੀਨ ਆਉਂਦੇ ਹਨ। ‘ਇਹ ਮੰਤਰੀ ਆਪਣੇ ਆਪਣੇ ਵਿਭਾਗਾਂ ਵਿੱਚ ਆਜ਼ਾਦੀ ਨਾਲ ਕੰਮ ਕਰ ਰਹੇ ਹਨ। ਅਜਿਹੇ ਵਿੱਚ ਇਨ੍ਹਾਂ ਫ਼ੈਸਲਿਆਂ ਅਤੇ ਨੀਤੀਆਂ ਬਾਰੇ ਅਕਾਲੀ ਦਲ ’ਤੇ ਦੋਸ਼ ਲਾਉਣਾ ਗਲਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top