Share on Facebook

Main News Page

ਨਾਨਕਸ਼ਾਹੀ ਕੈਲੰਡਰ ਸਬੰਧੀ ਸ: ਮੱਕੜ ਕਰ ਰਹੇ ਹਨ ਸੰਗਤਾਂ ਨੂੰ ਗੁੰਮਰਾਹ
-: ਭਾਈ ਪੰਥਪ੍ਰੀਤ ਸਿੰਘ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਗਰਾਨ ਪ੍ਰਧਾਨ ਸ: ਬਿਸ਼ਨ ਸਿੰਘ ਅਤੇ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਇਆ ਸਿੰਘ ਵੱਲੋਂ ਸੋਧੇ ਹੋਏ ਕੈਲੰਡਰ ਨੂੰ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ ਕਰਨ ਅਤੇ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਉਣ ਦਾ ਫੈਸਲਾ ਸ਼ਾਲਾਘਾਯੋਗ

ਬਠਿੰਡਾ, 19 ਮਈ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਆਰ.ਐੱਸ.ਐੱਸ ਦੇ ਇਸ਼ਾਰੇ ਅਤੇ ਕੈਲੰਡਰ ਵਿਗਿਆਨ ਤੋਂ ਬਿਲਕੁਲ ਅਣਜਾਣ ਡੇਰਾਵਾਦੀ ਸੋਚ ਵਾਲੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਵਿਗਾੜੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਅਕਾਲ ਤਖ਼ਤ ਵੱਲੋਂ ਸੋਧਿਆ ਹੋਇਆ ਦੱਸਣਾ ਅਤੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਇਸ ਵਿਗਾੜੇ ਗਏ ਕੈਲੰਡਰ ਨੂੰ ਪ੍ਰਵਾਨਗੀ ਦੇਣ ਦਾ ਦਿੱਤਾ ਗਿਆਨ ਬਿਆਨ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਹੈ।

ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸਨਮਾਨਯੋਗ ਅਹੁੱਦੇ ’ਤੇ ਸ਼ੁਸ਼ੋਭਤ ਵਿਅਕਤੀ ਵੱਲੋਂ ਇਸ ਤਰ੍ਹਾਂ ਦੇ ਗੁੰਮਰਾਹਕੁੰਨ ਬਿਆਨ ਦੇਣੇ ਕਤਈ ਤੌਰ ’ਤੇ ਸ਼ੋਭਾ ਨਹੀਂ ਦਿੰਦੇ, ਇਸ ਲਈ ਅਸੀਂ ਸ: ਮੱਕੜ ਦੇ ਇਸ ਬਿਆਨ ਦੀ ਪੁਰਜੋਰ ਨਿਖੇਧੀ ਕਰਦੇ ਹਾਂ

ਇਹ ਸ਼ਬਦ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ (ਬਠਿੰਡਾ) ਦੇ ਮੁੱਖ ਸੇਵਾਦਾਰ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਕਨਵੀਨਰ ਕਿਰਪਾਲ ਸਿੰਘ, ਏਕਸ ਕੇ ਬਾਰਕ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ ਅਤੇ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਸਾਬਕਾ ਸਕੱਤਰ ਜਥੇਦਾਰ ਰਣਜੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਹੇ।

ਉਨ੍ਹਾਂ ਕਿਹਾ ਵਿਗਾੜੇ ਗਏ ਕੈਲੰਡਰ ਨੂੰ ਸੋਧਿਆ ਹੋਇਆ ਦੱਸਣ ਵਾਲੇ ਸ: ਮੱਕੜ ਦੱਸਣ ਕਿ ਇਹ ਸੋਧਾਂ ਲਈ ਉਨ੍ਹਾਂ ਕਿਹੜੇ ਫਾਰਮੂਲੇ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਵੱਲੋਂ ਸੋਧਿਆ ਗਿਆ ਕੈਲੰਡਰ ਸੂਰਜੀ ਸਾਲ (Solar year) ’ਤੇ ਅਧਾਰਤ ਹੈ ਜਾਂ ਚੰਦਰ ਸਾਲ ’ਤੇ ਅਧਾਰਤ ਹੈ? ਉਨ੍ਹਾਂ ਵੱਲੋਂ ਸੋਧੇ ਗਏ ਕੈਲੰਡਰ ਦੇ ਸਾਲ ਦੀ ਲੰਬਾਈ ਕਿਤਨੀ ਹੈ? ਮੌਸਮੀ ਸਾਲ ਦੀ ਲੰਬਾਈ ਕਿਤਨੀ ਹੈ ਅਤੇ 2003 ਵਿੱਚ ਲਾਗੂ ਹੋਏ ਸਾਲ ਦੀ ਲੰਬਾਈ ਕਿਤਨੀ ਹੈ? ਕਿਉਂਕਿ ਸਭ ਤੋਂ ਵਧੀਆ ਕੈਲੰਡਰ ਉਸੇ ਨੂੰ ਆਖਿਆ ਜਾ ਸਕਦਾ ਹੈ, ਜਿਸ ਦੇ ਸਾਲ ਦੀ ਲੰਬਾਈ ਮੌਸਮੀ ਸਾਲ ਦੇ ਵੱਧ ਤੋਂ ਵੱਧ ਨੇੜੇ ਹੋਵੇ ਜਿਸ ਕਾਰਣ ਉਹ ਕੈਲੰਡਰ ਹਮੇਸ਼ਾਂ ਲਈ ਮੌਸਮਾਂ ਨਾਲ ਜੁੜਿਆ ਰਹੇ।

ਉਕਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਨਾਲ ਜੋੜਨ ਕਰਕੇ ਇਸ ਦਾ ਸਬੰਧ ਮੌਸਮਾਂ ਨਾਲੋਂ ਟੁੱਟ ਰਿਹਾ ਹੈ ਜਿਸ ਦਾ ਅੰਦਾਜ਼ਾ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ 3000 ਈਸਵੀ ਦੇ ਕੈਲੰਡਰ ਤੋਂ ਲਾਇਆ ਜਾ ਸਕਦਾ ਹੈ। 3000 ਈਸਵੀ ਵਿੱਚ ਸੋਧੇ ਹੋਏ ਕੈਲੰਡਰ ਅਨੁਸਰ ਮਾਘ ਮਹੀਨੇ ਦੀ ਸੰਗ੍ਰਾਂਦ 28 ਜਨਵਰੀ ਨੂੰ, ਫ਼ੱਗਣ ਦੀ 26 ਫ਼ਰਵਰੀ ਨੂੰ, ਚੇਤ ਦੀ 28 ਮਾਰਚ ਨੂੰ ਵੈਸਾਖ ਦੀ 27 ਅਪ੍ਰੈਲ ਨੂੰ, ਜੇਠ ਦੀ 28 ਮਈ ਨੂੰ, ਹਾੜ ਦੀ 28 ਜੂਨ ਨੂੰ, ਸਾਵਣ ਦੀ 30 ਜੁਲਾਈ ਨੂੰ, ਭਾਦੋਂ ਦੀ 30 ਅਗਸਤ ਨੂੰ, ਅੱਸੂ ਦੀ 30 ਸਤੰਬਰ ਨੂੰ, ਕੱਤਕ ਦੀ 31 ਅਕਤੂਬਰ ਨੂੰ, ਮੱਘਰ ਦੀ 30 ਨਵੰਬਰ ਅਤੇ ਪੋਹ ਦੀ ਸੰਗ੍ਰਾਂਦ 29 ਦਸੰਬਰ ਨੂੰ ਆਵੇਗੀ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗ੍ਰਾਂਦਾਂ ਹਮੇਸ਼ਾਂ ਲਈ ਮਾਘ 13 ਜਨਵਰੀ, ਫ਼ੱਗਣ 12 ਫ਼ਰਵਰੀ, ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ ਅਤੇ ਪੋਹ 14 ਦਸੰਬਰ ਨੂੰ ਹੀ ਆਵੇਗੀ। ਇਸ ਤੋਂ ਇਲਾਵਾ ਗੁਰਪੁਰਬਾਂ ਦੀਆਂ ਤਰੀਖਾਂ ਵੀ ਬਿਲਕੁਲ ਕਲਪਿਤ ਰੱਖੀਆਂ ਗਈਆਂ ਹਨ। ਮਿਸਾਲ ਦੇ ਤੌਰ ’ਤੇ ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਅੱਸੂ ਵਦੀ 10, 8 ਅੱਸੂ ਸੰਮਤ 1596 ਬਿਕ੍ਰਮੀ, ਮੁਤਾਬਿਕ 7 ਸਤੰਬਰ 1539 ਈਸਵੀ (ਜੂਲੀਅਨ) ਹੈ। ਸੋਧੇ ਹੋਏ ਕੈਲੰਡਰ ਵਿੱਚ ਇਹ ਦਿਹਾੜਾ 22 ਸਤੰਬਰ ਨੂੰ ਨਿਸਚਿਤ ਕਰ ਦਿੱਤਾ ਜੋ ਕਿ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਤਾਂ 22 ਸਤੰਬਰ ਨੂੰ ਹਮੇਸ਼ਾਂ ਹੀ 8 ਅੱਸੂ ਆਉਣਾ ਸੀ ਜੋ ਕਿ ਇਤਿਹਾਸਕ ਤੌਰ ’ਤੇ ਸਹੀ ਹੈ। ਪਰ ਸੋਧੇ ਹੋਏ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਨਾਲ ਹੁਣ ਕਦੀ ਵੀ 22 ਸਤੰਬਰ ਨੂੰ ਇਤਿਹਾਸਕ ਮਿਤੀ 8 ਅੱਸੂ ਜਾਂ ਅੱਸੂ ਵਦੀ 10 ਜਾਂ 7 ਸਤੰਬਰ ਵਿੱਚੋਂ ਕੋਈ ਵੀ ਨਹੀਂ ਆਉਂਦੀ। ਜਿਵੇਂ ਕਿ 2011 ਵਿੱਚ 6 ਅੱਸੂ, 2012 ’ਚ 7 ਅੱਸੂ, 2013 ’ਚ 7 ਅੱਸੂ ਸੀ, 2014 ਵਿੱਚ ਇਹ 6 ਅੱਸੂ ਨੂੰ ਆਵੇਗਾ ਅਤੇ 3000 ਈਸਵੀ ਵਿੱਚ 22 ਸਤੰਬਰ, ਭਾਦੋਂ ਸੁਦੀ 3, 24 ਭਾਦੋਂ ਨੂੰ ਹੋਵੇਗਾ। ਇਸ ਤਰ੍ਹਾਂ ਸੋਧੇ ਹੋਏ ਕੈਲੰਡਰ ਦੀ 22 ਸਤੰਬਰ ਬਿਲਕੁਲ ਕਲਪਿਤ ਮਿਤੀ ਹੈ ਜੋ ਕਿ ਕਿਸੇ ਵੀ ਇਤਿਹਾਸਕ ਤਿਥ/ਤਰੀਖ ਨਾਲ ਮੇਲ ਨਹੀਂ ਖਾਂਦੀ।

ਸੋਧੇ ਕੈਲੰਡਰ ਵਿੱਚ ਇਤਿਹਾਸਕ ਤਰੀਖਾਂ ਵਿੱਚ ਵੱਡੇ ਪੱਧਰ ’ਤੇ ਪਾਏ ਗਏ ਵਿਗਾੜ ਤੋਂ ਇਲਾਵਾ ਇਸ ਅਖੌਤੀ ਸੋਧ ਲਈ ਅਕਾਲ ਤਖ਼ਤ ਦੇ ਨਾਮ ਦੀ ਕਿਸ ਤਰ੍ਹਾਂ ਦੁਰਵਰਤੋਂ ਕੀਤੀ ਗਈ ਹੈ, ਉਸ ਦਾ ਨਮੂਨਾ ਇਨ੍ਹਾਂ ਦੀ ਇਸ ਤਥਾ ਕਥਿਤ ਸੋਧਾਂ ਦੀ ਕਾਰਵਾਈ ਵਿੱਚੋਂ ਹੀ ਵੇਖਿਆ ਜਾ ਸਕਦਾ ਹੈ। ਅਕਤੂਬਰ 2009 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾਉਣ ਲਈ ਅਕਾਲ ਤਖ਼ਤ ਵੱਲੋਂ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ’ਤੇ ਅਧਾਰਤ ਦੋ ਮੈਂਬਰੀ ਕਮੇਟੀ ਦੀ ਨਿਯੁਕਤੀ ਕੀਤੀ ਗਈ। ਇਸ ਕਮੇਟੀ ਨੇ ਸੋਧ ਲਈ ਕਿਸੇ ਸਿਧਾਂਤ ਅਤੇ ਫਾਰਮੂਲੇ ਅਨੁਸਾਰ ਕੈਲਕੂਲੇਸ਼ਨਾਂ ਕਰਨ ਦੀ ਵਜਾਏ ਇਹ ਸੁਝਾਉ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਪੋਹ ਸੁਦੀ ਸੱਤਮੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਬਿਰਾਜਮਾਨ ਹੋਣ ਦਾ ਗੁਰਪੁਰਬ ਕੱਤਕ ਸੁਦੀ ਦੂਜ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਪੁਰਾਤਨ ਮਰਯਾਦਾ ਅਨੁਸਾਰ ਕੱਤਕ ਸੁਦੀ ਪੰਚਮੀ ਨੂੰ ਮਨਾਇਆ ਜਾਵੇ। ਇਸ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਸੀ।

ਹਾਲਾਂ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਨਾਨਕਸ਼ਾਹੀ ਕੈਲੰਡਰ ਦੀਆਂ ਸੰਗ੍ਰਾਂਦਾਂ ਨੂੰ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦਾ ਉਸ ਸਮੇਂ ਤੋਂ ਹੁਣ ਤੱਕ ਆਪਣੀ ਜੋਰਦਾਰ ਤੇ ਬੁਲੰਦ ਆਵਾਜ਼ ਨਾਲ ਸਖਤ ਵਿਰੋਧ ਕਰ ਰਹੇ ਹਨ। ਇਸ ਦੇ ਬਾਵਯੂਦ ਦੋ ਮੈਂਬਰੀ ਕਮੇਟੀ ਦੀਆਂ ਇਨ੍ਹਾਂ ਸਿਫਾਰਸ਼ਾਂ ਨੂੰ ਪੰਜ ਸਿੰਘ ਸਾਹਿਬਾਨ ਨੇ ਅਗਲੀ ਕਾਰਵਾਈ ਲਈ ਮਤਾ ਨੰਬਰ 1 (ਮੀਮੋ ਨੰ: ਅ:3/09/3570, ਮਿਤੀ 30.12.2009) ਰਾਹੀਂ ਹੂਬਹੂ ਕਾਰਜਕਾਰੀ ਕਮੇਟੀ ਨੂੰ ਭੇਜ ਦਿੱਤਾ। ਇਸ ਮਤੇ ਦੀ ਆਖਰੀ ਲਾਈਨ ਵਿੱਚ ਇਹ ਵੀ ਲਿਖਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਇਸ ਦੀ ਰੀਪੋਰਟ ਅਕਾਲ ਤਖ਼ਤ ਵਿਖੇ ਭੇਜੀ ਜਾਵੇ। ਇਸ ਮਤੇ ਮੁਤਾਬਕ ਨਾ ਤਾਂ ਦੋ ਮੈਂਬਰੀ ਕਮੇਟੀ ਨੇ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਪੁਰਾਤਨਤਾ ਅਨੁਸਾਰ ਜੇਠ ਸੁਦੀ 4 ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਆਪਣੀ 30 ਦਸੰਬਰ 2009 ਦੀ ਮੀਟਿੰਗ ’ਚ ਪ੍ਰਵਾਨ ਕੀਤੀ ਹੈ। ਪਰ ਮਾਰਚ 2010 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬਾਕੀ ਦੇ ਜਥੇਦਾਰ ਸਾਹਿਬਾਨ ਨੂੰ ਨਾਲ ਲੈਣ ਦੀ ਬਜਾਏ ਚਾਰ ਗ੍ਰੰਥੀਆਂ ਨੂੰ ਨਾਲ ਲੈ ਕੇ ਸੋਧਿਆ ਹੋਇਆ ਕੈਲੰਡਰ ਜਾਰੀ ਕਰ ਦਿੱਤਾ ਜਿਸ ਵਿੱਚ ਜਿਥੇ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰ ਦਿੱਤੀਆਂ ਉਥੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਰ ਦਿੱਤੀ ਗਈ।

ਸੋਧਿਆ ਹੋਇਆ ਕੈਲੰਡਰ ਜਾਰੀ ਕਰਨ ਸਮੇਂ 4 ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਨਾਲ ਲੈਣ ਦੀ ਬਜਾਏ 4 ਗ੍ਰੰਥੀ ਇਸ ਕਾਰਣ ਲੈ ਲਏ ਗਏ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਥੇਦਾਰ ਇਸ ਅਖੌਤੀ ਅਤੇ ਗੈਰ ਸਿਧਾਂਤਕ ਸੋਧ ਨਾਲ ਕਦਾਚਿਤ ਸਹਿਮਤ ਨਹੀਂ ਹੋਣੇ ਸਨ। ਸੰਗਤਾਂ ਨੂੰ ਗੁੰਮਰਾਹ ਕਰਨ ਵਾਲੇ ਸ: ਮੱਕੜ ਦੱਸਣ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ ਤੋਂ ਬਦਲ ਕੇ ਜੇਠ ਸੁਦੀ 4 ਕਰਨ ਦਾ ਫੈਸਲਾ ਅਕਾਲ ਤਖ਼ਤ ਦੀ ਕਿਹੜੀ ਮੀਟਿੰਗ ਵਿੱਚ ਹੋਇਆ ਸੀ? ਅਤੇ ਜੇ ਗਿਆਨੀ ਗੁਰਬਚਨ ਸਿੰਘ ਵੱਲੋਂ 4 ਗ੍ਰੰਥੀਆਂ ਨੂੰ ਨਾਲ ਲੈ ਕੇ ਜਾਰੀ ਕੀਤੇ ਕੈਲੰਡਰ ਨੂੰ ਅਕਾਲ ਤਖ਼ਤ ਵੱਲੋਂ ਸੋਧਿਆ ਹੋਇਆ ਕੈਲੰਡਰ ਕਿਹਾ ਜਾ ਸਕਦਾ ਹੈ, ਤਾਂ ਗਿਆਨੀ ਪੂਰਨ ਸਿੰਘ ਵੱਲੋਂ ਆਪਣੇ 4 ਸਹਿਯੋਗੀਆਂ ਨੂੰ ਨਾਲ ਲੈ ਕੇ ਨਾਗਪੁਰ ਤੋਂ ਜਾਰੀ ਕੀਤਾ ਹੁਕਮਨਾਮੇ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਕਿਉਂ ਨਹੀਂ ਕਿਹਾ ਸਕਦਾ, ਜਿਸ ਰਾਹੀਂ ਉਨ੍ਹਾਂ ਨੇ ਉਸ ਸਮੇਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ।

ਉਕਤ ਉਦਾਹਰਣਾਂ ਤੋਂ ਸਿੱਧ ਹੁੰਦਾ ਹੈ ਕਿ ਆਰ.ਐੱਸ.ਐੱਸ ਦੇ ਪ੍ਰਭਾਵ ਹੇਠ ਡੇਰੇਦਾਰਾਂ ਅਤੇ ਬ੍ਰਾਹਮਣਵਾਦੀ ਸਿੱਖਾਂ ਦੀਆਂ ਵੋਟਾਂ ਲੈਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ ਹੇਠ ਇਸ ਦਾ ਬਿਕ੍ਰਮੀ ਕੈਲੰਡਰ ਨਾਲ ਮਿਲਗੋਭਾ ਕਰਕੇ ਕਤਲ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਵਿਗਾੜੇ ਗਏ ਕੈਲੰਡਰ ਨੂੰ ‘ਸੋਧਿਆ ਹੋਇਆ ਕੈਲੰਡਰ’ ਦੱਸ ਕੇ ਸੋਧ ਸ਼ਬਦ ਦੀ ਤੌਹੀਨ ਕਰ ਰਹੇ ਹਨ ਅਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ

ਭਾਈ ਪੰਥਪ੍ਰੀਤ ਸਿੰਘ ਅਤੇ ਉਨ੍ਹਾਂ ਨਾਲ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਗਰਾਨ ਪ੍ਰਧਾਨ ਸ: ਬਿਸ਼ਨ ਸਿੰਘ ਅਤੇ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਇਆ ਸਿੰਘ ਦਾ ਵੀ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸ: ਮੱਕੜ ਦੇ ਗੁੰਮਰਾਹਕੁੰਨ ਯਤਨਾ ਨੂੰ ਅਸਫਲ ਬਣਾਉਂਦਿਆਂ ਵਿਗੜਿਆ ਹੋਏ ਕੈਲੰਡਰ ਨੂੰ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ ਕਰਕੇ, 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਉਣ ਦਾ ਫੈਸਲਾ ਲਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top