Share on Facebook

Main News Page

ਏਹੋ ਹਮਾਰਾ ਜੀਵਣਾਂ
ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲਗਦਾ ਹੈ, ਏਥੋਂ ਦੇ ਲੋਕਾਂ ਨੂੰ ਪਹਿਰੇਦਾਰਾਂ ਤੋਂ ਡਰ ਲਗਦਾ ਹੈ
ਭਾਰਤੀ ਬਹੁਮੱਤ ਨੇ ਆਪਣੇ ਹੀ ਮੱਤ ਨੂੰ ਰਾਜ ਸਿੰਘਾਸਨ 'ਤੇ ਬਿਠਾ ਦਿੱਤਾ, ਹੁਣ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਵਿਚ ਦਿੱਤਾ ਜਾਵੇਗਾ, ਭਾਰਤੀ ਘੱਟ ਗਿਣਤੀਆਂ ਦਾ ਵੀ ਹੁਣ ਤਾਂ ਰੱਬ ਹੀ ਰਾਖਾ
-: ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ
kulwantsinghdhesi@hotmail.com

ਦੁਨੀਆਂ ਦੇ ਸਭ ਤੋਂ ਵੱਡੇ ਲੋਕ ਰਾਜ (ਇੱਕ ਅਰਬ ਬਾਈ ਕਰੋੜ) ਵਿਚ ਹੁਣੇ ਹੁਣੇ ਹੋਏ ਜਨ ਮਤ ਨਾਲ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦਾ ਰਾਜ ਸਿੰਘਾਸਨ ਪ੍ਰਾਪਤ ਹੋਇਆ ਹੈ। ਭਾਰਤੀ ਜਨਤਾ ਪਾਰਟੀ ਅਸਲ ਵਿਚ ਹਿੰਦੂ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਗ (ਆਰ.ਐਸ.ਐਸ) ਦਾ ਸਿਆਸੀ ਵਿੰਗ ਹੈ। ਆਰ.ਐਸ.ਐਸ ਦਾ ਸੁਫਨਾ ਭਾਰਤ ਨੂੰ ਇੱਕ ਮੁਕੰਮਲ ਹਿੰਦੂ ਰਾਜ ਦੇਖਣ ਦਾ ਹੈ। ਅਸਲ ਵਿਚ ਭਾਜਪਾ ਦੀ ਜਿੱਤ ਮਗਰ ਕਾਂਗਰਸ ਦੀ ਗਰਾਵਟ ਹੀ ਮੁਖ ਕਾਰਨ ਹੈ। ਪਿਛਲੇ ਦਸਾਂ ਸਾਲਾਂ ਤੋਂ ਰਾਜ ਕਰ ਰਹੀ ਕਾਂਗਰਸ ਦਾ ਚਿਹਰਾ ਜਦੋਂ ਭ੍ਰਿਸ਼ਟਾਚਾਰ ਦੇ ਸਕੈਂਡਲਾਂ ਕਾਰਨ ਕਰੂਪ ਤੋਂ ਕਰੂਪ ਹੁੰਦਾ ਚਲਾ ਗਿਆ ਤਾਂ ਇਹ ਕਿਆਸ ਅਰਾਈਆਂ ਲੱਗ ਹੀ ਰਹੀਆਂ ਸਨ ਕਿ ਹੰਗਾਮੀ ਚੋਣਾਂ ਵਿਚ ਕਾਂਗਰਸ ਮੂਧੇ ਮੂੰਹ ਡਿੱਗੇਗੀ ਜੋ ਕਿ ਸਚ ਸਾਬਤ ਹੋਇਆ। ਭਾਰਤੀ ਪਾਰਲੀਮਾਨੀ ਕੁਲ ੫੪੩ ਸੀਟਾਂ ਵਿਚੋਂ ਕਾਂਗਰਸ ਦੇ ਹੱਥ ਸਿਰਫ ੪੪ ਸੀਟਾਂ ਲੱਗੀਆ ਜਦ ਕਿ ਉਸ ਦੀ ਹਿਮਾਇਤ ਵਾਲੀ ਯੂ ਪੀ ਏ ਨੂੰ ਵੀ ਕੇਵਲ ੧੫ ਸੀਟਾਂ ਮਿਲੀਆਂ। ਇਹਨਾਂ ਚੋਣਾਂ ਵਿਚ ਬੀ ਜੇ ਪੀ ਨੂੰ ੨੮੨ ਅਤੇ ਉਸ ਦੇ ਹਿਮਾਇਤੀ ਐਨ ਡੀ ਏ ਨੂੰ ੫੫ ਸੀਟਾਂ ਮਿਲੀਆਂ। ਖੇਤਰੀ, ਅਜ਼ਾਦ ਅਤੇ ਬਾਕੀ ਸੀਟਾਂ ਦੀ ਕੁਲ ਗਿਣਤੀ ੧੪੭ ਦੱਸੀ ਜਾਂਦੀ ਹੈ। ਅਸਲ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿਚ ਬੀ ਜੇ ਪੀ ਹੁਣ ਕਿਸੇ ਹੋਰ ਦੀਆਂ ਵੈਸਾਖੀਆਂ ਵਗੈਰ ਸਰਕਾਰ ਬਨਾਉਣ ਜਾ ਰਹੀ ਹੈ। ਇਸ ਸਬੰਧੀ ਨਰਿੰਦਰ ਮੋਦੀ ਦੀ ਸਹੁੰ ਚੁਕੱ ਰਸਮ ੨੬ ਮਈ ਨੂੰ ਤਹਿ ਹੋਈ ਹੈ। ਵੱਡੀ ਸੰਭਾਵਨਾਂ ਵਾਲੀ ਆਮ ਆਦਮੀ ਪਾਰਟੀ ਭਾਵੇਂ ਪੰਜਾਬ ਵਿਚ ਚਾਰ ਸੀਟਾਂ ਲੈ ਗਈ ਹੈ ਪਰ ਬਾਕੀ ਦੇਸ਼ ਵਿਚ ਇਸ ਦੀ ਗੱਲ ਨਹੀਂ ਬਣੀ।

ਅਜੇ ਭਾਵੇਂ ਮੋਦੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਸਮ ਹੋਣੀ ਹੈ ਪਰ ਉਹ ਕੁਝ ਵਧੇਰੇ ਹੀ ਜਜ਼ਬਾਤੀ ਹੋ ਕੇ ਆਪਣੇ ਦੇਸ਼ ਨੂੰ ਜਿਥੇ ਮਾਂ ਵਾਂਗ ਸੰਭਾਲਣ ਦੀਆਂ ਗੱਲਾਂ ਕਰ ਰਿਹਾ ਹੈ ਉਥੇ ਡੁਬਡੁਬਾਉਂਦੀਆਂ ਅੱਖਾਂ ਨਾਲ ਭਾਰਤ ਦੇ ਕਿਸਾਨਾਂ, ਗਰੀਬਾਂ, ਦਲਿਤਾਂ, ਨੌਜਵਾਨਾਂ ਅਤੇ ਪੀੜਤ ਲੋਕਾਂ ਦੀ ਕਾਇਆ ਕਲਪ ਕਰਨ ਦੀਆਂ ਗੱਲਾਂ ਵੀ ਕਰਦਾ ਹੈ। ਆਪਣੇ ਪਾਰਟੀ ਵਰਕਰਾਂ ਅਤੇ ਹਿਮਾਇਤੀਆਂ ਨੂੰ ਮਿਲਣ ਲਈ ਉਹ ਪਾਰਲੀਮੈਂਟ ਦੀਆਂ ਪਾਉੜੀਆਂ ਨੂੰ ਚੁੰਮ ਕੇ ਉਪਰ ਚੜ੍ਹਦਾ ਹੈ। ਦੁਨੀਆਂ ਭਰ ਦੀਆਂ ਅੱਖਾਂ ਇਸ ਵਿਅਕਤੀ ਵਲ ਲੱਗੀਆਂ ਹੋਈਆਂ ਹਨ। ਭਾਰਤ ਦੇ ਗੈਰ ਕਾਨੂੰਨੀ, ਆਪੋਧਾਪੀ ਵਾਲੇ ਅਤੇ ਭ੍ਰਿਸ਼ਟ ਤੰਤਰ ਨੂੰ ਮੁੱਦਤ ਤੋਂ ਕਿਸੇ ਨੈਤਕ ਅਸੂਲੀ ਵਿਅਕਤੀ ਦੀ ਉਡੀਕ ਸੀ ਅਤੇ ਹੁਣ ਭਾਰਤ ਦੇ ਲੋਕ ਨਰਿੰਦਰ ਮੋਦੀ ਵਿਚੋਂ ਇੱਕ ਐਸੇ ਹੀ ਵਿਅਕਤੀ ਦੀ ਤਸਵੀਰ ਦੇਖ ਰਹੇ ਹਨ ਅਤੇ ਉਹ ਖੁਦ ਵੀ ਇੱਕ ਤੋਂ ਬਾਅਦ ਇੱਕ ਵੱਡੇ ਵੱਡੇ ਦਾਅਵੇ ਕਰਦਾ ਚਲਾ ਜਾ ਰਿਹਾ ਹੈ। ਪਿਛਲੇ ਦੋ ਦਹਾਕੇ ਤੋਂ ਭਾਰਤ ਦੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਅਰਥਚਾਰੇ ਸਬੰਧੀ ਮੋਦੀ ਕੀ ਕਰਦਾ ਹੈ ਇਹ ਸਵਾਲ ਜਿਥੇ ਮੂੰਹ ਅੱਡੀ ਖੜ੍ਹਾ ਹੈ ਉਥੇ ਸੰਨ ੨੦੦੨ ਵਿਚ ਗੁਜਰਾਤ ਵਿਚ ਕਤਲ ਕੀਤੇ ਗਏ ਇੱਕ ਹਜ਼ਾਰ ਮੁਸਲਮਾਨਾਂ ਦੇ ਕਤਲੇਆਮ ਤੇ ਮੂਕ ਦਰਸ਼ਕ ਬਣੇ ਰਹਿਣ ਵਾਲਾ ਮੋਦੀ ਆਉਣ ਵਾਲੇ ਦਿਨਾਂ ਵਿਚ ਭਾਰਤੀ ਘੱਟਗਿਣਤੀਆਂ ਨਾਲ ਕਿਵੇਂ ਪੇਸ਼ ਆਉਂਦਾ ਹੈ ਇਹ ਤੌਖਲਾ ਦੁਨੀਆਂ ਭਰ ਦੇ ਉਹਨਾਂ ਲੋਕਾਂ ਦੇ ਦਿਲਾਂ ਵਿਚ ਹੈ ਜੋ ਮਨੁੱਖੀ ਬਰਾਬਰੀ ਅਤੇ ਮਨੁੱਖੀ ਹੱਕਾਂ ਦੀ ਬਹਾਲੀ ਵਿਚ ਵਿਸ਼ਵਾਸ ਕਰਦੇ ਹਨ।

ਭਾਰਤੀ ਪ੍ਰਧਾਨ ਮੰਤ੍ਰੀ ਦੇ ਪਦ ਤੇ ਬੈਠਣ ਵਾਲਾ ਭਾਜਪਾ ਦਾ ਨਰਿੰਦਰ ਮੋਦੀ ਜਿਥੇ ਦੇਸ਼ ਸੇਵਾ ਪ੍ਰਤੀ ਕੁਝ ਵਧੇਰੇ ਹੀ ਸੰਵੇਦਨਸ਼ੀਲ ਸ਼ਬਦ ਕਹਿ ਕੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਰਿਹਾ ਹੈ ਉਥੇ ਭਾਜਪਾ ਦੇ ਸਾਬਕਾ ਆਗੂ ਅਤੇ ਮੁਹਰਲੀ ਕਤਾਰ ਦੇ ਆਗੂਆਂ ਵਿਚੋਂ ਨਿਤਿਨ ਗਡਕਰੀ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਵਿਚ ਦੇਣ ਸਬੰਧੀ ਸੁਰਖੀਆਂ ਵਿਚ ਹੈ। ਪਾਕਿਸਤਾਨ ਦੇ ਇਸਲਾਮਾਬਾਦ ਐਨਲਿਸਟ ਤਾਰਿਕ ਪੀਰਜ਼ਾਦਾ ਨਾਲ ਟੈਲੀ ਬਹਿੰਸ ਵਿਚ ਗਡਕਰੀ ਇੱਕੋ ਗੱਲ ਦੁਹਰਾਈ ਜਾ ਰਿਹਾ ਹੈ ਕਿ ਭਾਜਪਾ ਪਾਕਿਸਤਾਨ ਦੇ ਅੱਤਵਾਦ ਸਬੰਧੀ ਡਾ: ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵਾਂਗ ਅੱਖੋਂ ਪਰੋਖੇ ਵਾਲਾ ਰਵੱਈਆ ਛੱਡ ਕੇ ਕਰੜੇ ਤੋਂ ਕਰੜੇ ਤਰੀਕੇ ਨਾਲ ਦੇਵੇਗਾ। ਇਸ ਬਹਿਸ ਵਿਚ ਗਡਕਰੀ ਨੇ ਕਰੀਬ ਪੰਜ ਛੇ ਵਾਰ ਇੱਕੋ ਗੱਲ ਦੁਹਰਾਈ ਕਿ ਉਹਨਾਂ ਦੀ ਪਾਰਟੀ ਮਿਸਟਰ ਸਿੰਘ (ਮਨਮੋਹਨ ਸਿੰਘ ਸਰਕਾਰ) ਵਾਂਗ ਪਾਕਿਸਤਾਨੀ ਅੱਤਵਾਦ ਤੇ ਅੱਖਾਂ ਨਹੀਂ ਮੀਟੇਗੀ ਸਗੋਂ ਜਵਾਬੀ ਹਮਲਾ ਕੀਤਾ ਜਾਵੇਗਾ।

ਗੱਲ ਦੀ ਸ਼ੁਰੂਆਤ ਭਾਰਤੀ ਫੌਜ ਦੇ ਪੰਜ ਜਵਾਨਾਂ ਦੇ ਅਖੌਤੀ ਤੌਰ 'ਤੇ ਪਾਕਿਸਤਾਨੀਆਂ ਵਲੋਂ ਸਿਰ ਕਤਲ ਕੀਤੇ ਜਾਣ 'ਤੇ ਹੋਈ ਅਤੇ ਫਿਰ ਵਧਦੀ ਵਧਦੀ ਮਿਹਣੇ ਮਾਰਨ ਅਤੇ ਧਮਕੀਆਂ ਦੇਣ 'ਤੇ ਜਾ ਪਹੁੰਚੀ। ਗਡਕਰੀ ਦੀਆਂ ਧਮਕੀਆਂ ਦਾ ਜਵਾਬ ਪੀਰਜ਼ਾਦਾ ਨੇ ਇਹ ਕਹਿ ਕੇ ਦਿੱਤਾ ਕਿ ਜੇਕਰ ਭਾਰਤ ਨੇ ਹਮਲਾ ਕੀਤਾ ਤਾਂ ਪਾਕਿਸਤਾਨ ਤਤਕਾਲ ਹੀ ਦਿੱਲੀ ਦਾ ਖੁਰਾ ਖੋਜ ਮਿਟਾ ਦੇਵੇਗਾ ਅਤੇ ਇਹ ਵੀ ਚੇਤੇ ਕਰਾਇਆ ਕੀ ਪਾਕਿਸਤਾਨ ਹੁਣ ਨਿਊਕਲਿਆਈ ਤਾਕਤ ਹੈ ਅਤੇ ਭਾਰਤ ਦੀ ਕਿਸੇ ਵੀ ਧਮਕੀ ਤੋਂ ਡਰਨ ਵਾਲਾ ਨਹੀਂ। ਜਦੋਂ ਗਡਕਰੀ ਨੇ ਪਿਛਲੇ ਤਿੰਨ ਜੰਗਾਂ ਦਾ ਮਿਹਣਾਂ ਮਾਰਿਆ ਤਾਂ ਪੀਰਜ਼ਾਦਾ ਦਾ ਕਹਿਣਾਂ ਸਿ ਕਿ ਗਡਕਰੀ ਉਹਨਾਂ ਤੱਥਾਂ ਨੂੰ ਨਜ਼ਰ ਅੰਦਾਜ਼ ਨਾਂ ਕਰੇ ਜਿਹਨਾਂ ਮੁਤਾਬਕ ਸੰਤਾਲੀ ਦੀ ਜੰਗ ਅਜ਼ਾਦੀ ਤੋਂ ਮਗਰੋਂ ਸੰਭਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਜਦ ਕਿ ਪੈਂਹਠ ਦੀ ਜੰਗ ਵਿਚ ਪਾਕਿਸਤਾਨੀ ਮਿਲਟਰੀ ਨੇ ਭਾਰਤ ਹਿਲਾ ਦਿੱਤਾ ਸੀ ਭਾਵੇਂ ਕਿ ਸੰਨ ੧੯੭੧ ਦੀ ਜੰਗ ਪੂਰਬੀ ਪਾਕਿਸਤਾਨ (ਬੰਗਲਾ ਦੇਸ਼) ਦੇ ਬੰਗਾਲੀਆਂ ਦੇ ਸਵੈ ਨਿਰਣੈ ਦਾ ਮੁੱਦਾ ਸੀ। ਇਥੇ ਇੱਕ ਗੱਲ ਖਾਸ ਜ਼ਿਕਰ ਯੋਗ ਹੈ ਕਿ ਸੰਨ ਪੈਂਹਠ ਦੀ ਜੰਗ ਵਿਚ ਭਾਵੇਂ ਨਹਿਰੂ ਨੇ ਪੰਜਾਬ ਦੇ ਬਾਰਡਰ ਤੇ ਫੌਜ ਨੂੰ ਬਿਆਸ ਤਕ ਪਿੱਛੇ ਹਟਣ ਦੇ ਆਦੇਸ਼ ਦਿੱਤੇ ਸਨ ਪਰ ਜਨਰਲ ਹਰਬਖਸ਼ ਸਿੰਘ ਨੇ ਕੁਝ ਹੋਰ ਮੁਹਲਤ ਲੈ ਕੇ ਆਪਣੇ ਜਵਾਨਾਂ ਦੇ ਸ਼ਰੀਰਾਂ ਤੇ ਬੰਬ ਬੰਨ੍ਹ ਕੇ ਪਾਕਿਸਤਾਨੀ ਟੈਂਕਾਂ ਨੂੰ ਤੋੜਿਆ ਅਤੇ ਜੰਗ ਦਾ ਮੂੰਹ ਮੋੜਿਆ ਸੀ ਵਰਨਾਂ ਅੱਜ ਅੰਮ੍ਰਿਤਸਰ ਵੀ ਸਿੱਖਾ ਕੋਲੋਂ ਜਾ ਚੁੱਕਾ ਹੁੰਦਾ ਅਤੇ ਹੁਣ ਭਾਰਤੀ ਆਗੂਆਂ ਵਲੋਂ ਜੰਗ ਦੇ ਬਜਾਏ ਜਾ ਰਹੇ ਬਿਗਲ ਕਿਸ ਪਾਸੇ ਵਲ ਮੋੜਾ ਲੈ ਸਕਦੇ ਹਨ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ। ਜੋ ਪਾਰਟੀ ਭਾਰਤ ਵਿਚ ਬਾਬਰੀ ਮਸਜਿਦ ਤੋੜ ਕੇ ਅਤੇ ਰਾਮ ਮੰਦਰ ਦਾ ਮੁੱਦਾ ਉਠਾ ਕੇ ਹਿੰਦੂ ਵੋਟ ਨੂੰ ਵਰਗਲਾ ਸਕਦੀ ਹੈ ਉਹ ਕਿਸ ਅਦਰਸ਼ ਨੂੰ ਅਪਣਾਈ ਹੋਈ ਪਾਰਟੀ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਇਹਨਾ ਚੋਣਾਂ ਵਿਚ ਮੋਦੀ ਦੀ ਜਿੱਤ ਸਬੰਧੀ ਜਿਥੇ ਦੁਨੀਆਂ ਭਰ ਤੋਂ ਵਧਾਈਆਂ ਆਈਆਂ ਉਥੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀ ਆਪਣਾ ਫਰਜ਼ ਪੂਰਾ ਕੀਤਾ। ਬੜੀ ਤਲਖ ਟੈਲੀ ਬਹਿੰਸ ਵਿਚ ਤਾਰਿਕ ਪੀਰਜ਼ਾਦਾ ਨੇ ਇਹ ਗੱਲ ਵਾਰ ਵਾਰ ਦੁਹਰਾਈ ਕਿ ਪਾਕਿਸਤਾਨ ਭਾਰਤ ਨਾਲ ਸੁਖਾਵੇਂ ਸਬੰਧ ਚਾਹੁੰਦਾ ਹੈ ਪਰ ਉਸ ਦੇ ਥੱਲੇ ਲੱਗ ਕੇ ਨਹੀਂ। ਇਹ ਗੱਲ ਸਾਰੇ ਪਾਠਕ ਸਮਝ ਸਕਦੇ ਹਨ ਕਿ ਜਿਹੜੀ ਪਾਰਟੀ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਜੰਗੀ ਬਿਗਲ ਵਜਾਉਣ ਲੱਗ ਪਈ ਹੈ ਉਹ ਆਉਣ ਵਾਲੇ ਦਿਨਾਂ ਵਿਚ ਕੀ ਕਰ ਸਕਦੀ ਹੈ? ਜੰਗ ਭਾਵੇਂ ਕਿਸੇ ਪਾਸਿਓਂ ਵੀ ਹੋਵੇ ਉਸ ਨਾਲ ਜਿਥੇ ਦੇਸ਼ ਦੇ ਹੋਰ ਸਰਹੱਦੀ ਇਲਾਕਿਆਂ ਦਾ ਨੁਕਸਾਨ ਹੋਣਾਂ ਹੈ ਉਥੇ ਲਕੀਰ ਦੇ ਦੋਵੇਂ ਪਾਸੀਂ ਵਸੇ ਪੰਜਾਬੀਆਂ ਲਈ ਤਾਂ ਇਸ ਤੋਂ ਵੱਡੀ ਘਾਤਕ ਗੱਲ ਹੋਰ ਕੋਈ ਵੀ ਨਹੀਂ ਹੈ। ਦੋਵੇਂ ਦੇਸ਼ ਗਰੀਬ ਦੇਸ਼ ਹਨ ਜਿਥੇ ਕਰੋੜਾਂ ਲੋਕਾਂ ਨੂੰ ਪੇਟ ਭਰਨ ਲਈ ਖਾਣਾਂ ਨਹੀਂ ਮਿਲਦਾ ਇਹਨਾਂ ਦੋਵੇਂ ਦੇਸ਼ਾਂ ਦਾ ਆਪਸੀ ਰਵੱਈਆ ਮਿਤਰਤਾ ਅਤੇ ਸਦਭਾਵਨਾਂ ਵਾਲਾ ਹੋਣਾਂ ਚਾਹੀਦਾ ਹੈ ਨਾਂ ਕਿ ਨਫਰਤ ਅਤੇ ਦੁਸ਼ਮਣੀ ਵਾਲਾ। ਇਹ ਗੱਲ ਵੀ ਜੱਗ ਜਾਹਰ ਹੈ ਕਿ ਪਾਕਿਸਤਾਨੀ ਲਈ ਖੁਦ ਸਭ ਤੋਂ ਘਾਤਕ ਅੱਲਕਾਇਦਾ ਵਰਗੇ ਉਹ ਅੱਤਵਾਦੀ ਸੰਗਠਨ ਹਨ ਜਿਹਨਾਂ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵਲ ਖਿੱਚਿਆ ਹੋਇਆ ਹੈ ਅਤੇ ਉਹ ਪਾਕਿਸਤਾਨ ਵਿਚ ਵੀ ਆਏ ਦਿਨ ਕੋਈ ਨਾਂ ਕੋਈ ਵਿਸਫੋਟਕ ਕਾਰਵਾਈ ਕਰਦੇ ਹੀ ਰਹਿੰਦੇ ਹਨ। ਬਿਹਤਰ ਹੈ ਦੋਹਾਂ ਦੇਸ਼ਾਂ ਦੇ ਆਗੂ ਇੱਕ ਦੂਜੇ ਦੀਆਂ ਮਜ਼ਬੂਰੀਆਂ ਸਮਝ ਕੇ ਜਿੰਮੇਵਾਰੀ ਅਤੇ ਦਾਨਸ਼ਵਰੀ ਤੋਂ ਕੰਮ ਲੈਣ ਨਾਂ ਕਿ ਸਬੰਧਤ ਸੰਗੀਨ ਮਸਲਿਆਂ ਨੂੰ ਅਹਿਮਕਾਂ ਵਾਂਗ ਸੜਕ ਤੇ ਲੈ ਕੇ ਜਾਣ।

ਭਾਰਤ ਵਿਚ ਹੁਣ ਇੱਕ ਨਵੇਂ ਰਾਜਨੀਤਕ ਕਾਂਡ ਦਾ ਅਰੰਭ ਹੋ ਰਿਹਾ ਹੈ ਜਿਸ ਵਿਚ ਦੇਸ਼ ਦੀ ਵਾਗਡੋਰ ਕਿਸੇ ਨਿਰਪੱਖ ਦਲ ਦੇ ਕੋਲ ਹੋਣ ਦੀ ਬਜਾਏ ਇੱਕ ਹਿੰਦੂ ਨੈਸ਼ਨਲ ਸੰਗਠਨ ਦੇ ਹੱਥਾਂ ਵਿਚ ਹੈ ਜਿਸ ਦਾ ਆਰ ਐਸ ਐਸ ਨਾਮ ਦਾ ਮੂਲ ਸ੍ਰੋਤ ਆਪਣੇ ਉਲਾਰ ਅਤੇ ਪੱਖਪਾਤੀ ਕਿਰਦਾਰ ਕਾਰਨ ਮਨੁੱਖੀ ਕਦਰਾਂ ਕੀਮਤਾਂ ਦੇ ਪੈਮਾਨੇ ਤੇ ਇੱਕ ਦਾਗੀ ਸੰਗਠਨ ਮੰਨਿਆਂ ਜਾਂਦਾ ਹੈ। ਐਸੇ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੰਮ ਕਰਨ ਵਾਲੀ ਭਾਜਪਾ ਤੋਂ ਕੋਈ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ, ਪਰ ਭਾਰਤੀ ਲੋਕਾਂ ਨੂੰ ਭਾਜਪਾ ਤੋਂ ਵੱਡੀਆਂ ਉਮੀਦਾਂ ਹਨ। ਇਹ ਹੁਣ ਸਮਾਂ ਹੀ ਦੱਸੇਗਾ ਕਿ ਭਾਜਪਾ ਜਾਂ ਮੋਦੀ ਦਾ ਇਹ ਊਠ ਕਿਸ ਕਰਵਟ ਬੈਠਦਾ ਹੈ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top