Share on Facebook

Main News Page

ਸੁਮੇਧ ਸੈਣੀ ਨੇ ਮੁੜ ਸੰਭਾਲੀ ਪੰਜਾਬ ਪੁਲੀਸ ਦੀ ਕਮਾਨ – ਪੰਜਾਬ ਸਰਕਾਰ ਨੇ ਇੱਕ ਦਿਨ ਦੀ ਛੁੱਟੀ ਘਟਾ ਕੇ ਕਰਵਾਇਆ ਜੁਆਇਨ

ਚੰਡੀਗੜ੍ਹ, 20 ਮਈ - ਡਾਇਰੈਕਟਰ ਜਨਰਲ ਪੁਲੀਸ (ਡੀ.ਜੀ.ਪੀ.) ਸੁਮੇਧ ਸਿੰਘ ਸੈਣੀ ਨੇ ਅੱਜ ਮੁੜ ਪੰਜਾਬ ਪੁਲੀਸ ਦੀ ਕਮਾਂਡ ਸੰਭਾਲ ਲਈ ਹੈ। ਭਾਰਤ ਸਰਕਾਰ ਦੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਲੋਕ ਸਭਾ ਦੀ ਚੋਣ ਪ੍ਰਕਿਰਿਆ ਦੌਰਾਨ ਸ੍ਰੀ ਸੈਣੀ ਨੂੰ 36 ਦਿਨਾਂ ਦੀ ਛੁੱਟੀ ’ਤੇ ਜਾਣਾ ਪਿਆ ਸੀ। ਉਹ 4 ਅਪਰੈਲ ਤੋਂ ਛੁੱਟੀ ’ਤੇ ਸਨ। ਸ੍ਰੀ ਸੈਣੀ ਵੱਲੋਂ ਮੁੜ ਪੁਲੀਸ ਮੁਖੀ ਦਾ ਅਹੁਦਾ ਸੰਭਾਲਦਿਆਂ ਹੀ ਵਿਭਾਗ ਵਿੱਚ ਵਿਆਪਕ ਪੱਧਰ ’ਤੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਸਰਕਾਰ ਨੇ ਹੈਰਾਨੀ ਭਰੇ ਢੰਗ ਨਾਲ ਸ੍ਰੀ ਸੈਣੀ ਦੀ ਛੁੱਟੀ ਇੱਕ ਦਿਨ ਘਟਾ ਕੇ ਅੱਜ ਹੰਗਾਮੀ ਹਾਲਤ ਵਿੱਚ ਜੁਆਇਨ ਕਰਵਾਇਆ ਹੈ।

ਦੱਸਣਯੋਗ ਹੈ ਕਿ ਸ੍ਰੀ ਸੈਣੀ ਅੱਜ 20 ਮਈ ਤੱਕ ਛੁੱਟੀ ’ਤੇ ਸਨ। ਲੰਘੀ ਰਾਤ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਦੇ ਇੰਚਾਰਜ ਸੁਖਬੀਰ ਸਿੰਘ ਬਾਦਲ ਨੇ ਹੰਗਾਮੀ ਹਾਲਤ ਵਿੱਚ ਸ੍ਰੀ ਸੈਣੀ ਦੀ ਛੁੱਟੀ ਇੱਕ ਦਿਨ ਘਟਾ ਕੇ ਉਨ੍ਹਾਂ ਨੂੰ ਅੱਜ ਪੰਜਾਬ ਪੁਲੀਸ ਦੀ ਕਮਾਂਡ ਸੰਭਾਲਣ ਦੇ ਆਦੇਸ਼ ਜਾਰੀ ਕਰਵਾਏ ਸਨ। ਇਨ੍ਹਾਂ ਹੁਕਮਾਂ ਕਾਰਨ ਪੰਜਾਬ ਪੁਲੀਸ ਦੇ ਮੁਖੀ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ 1982 ਬੈਂਚ ਦੇ ਡੀ.ਜੀ.ਪੀ. ਰੈਂਕ ਦੇ ਆਈਪੀਐਸ ਅਧਿਕਾਰੀ ਸੁਰੇਸ਼ ਅਰੋੜਾ ਨੂੰ ਇੱਕ ਦਿਨ ਪਹਿਲਾਂ ਹੀ ਇਹ ਅਹੁਦਾ ਛੱਡਣਾ ਪਿਆ ਹੈੇ। ਸ੍ਰੀ ਅਰੋੜਾ ਕੋਲੋਂ ਅੱਜ ਪੰਜਾਬ ਪੁਲੀਸ ਦੇ ਡੀ.ਜੀ.ਪੀ. ਦਾ ਵਾਧੂ ਚਾਰਜ ਵਾਪਸ ਲੈ ਕੇ ਉਨ੍ਹਾਂ ਨੂੰ ਪਹਿਲਾਂ ਵਾਂਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦਾ ਕੰਮ ਦੇਖਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਭਾਵੇਂ ਅੱਜ ਸ੍ਰੀ ਸੈਣੀ ਮੁੜ ਪੰਜਾਬ ਪੁਲੀਸ ਦੇ ਮੁਖੀ ਦਾ ਚਾਰਜ ਸੰਭਾਲਣ ਲਈ ਇੱਥੇ ਸੈਕਟਰ-9 ਸਥਿਤ ਪੁਲੀਸ ਹੈੱਡਕੁਆਰਟਰ ਪੁੱਜ ਗਏ ਪਰ ਸ੍ਰੀ ਅਰੋੜਾ ਨੇ ਅੱਜ ਪੁਲੀਸ ਹੈਡਕੁਆਰਟਰ ਆਉਣ ਦੀ ਥਾਂ ਘਰੋਂ ਹੀ ਚਾਰਜ ਛੱਡਣ ਦੀ ਰਸਮੀ ਕਾਰਵਾਈ ਕੀਤੀ ਹੈ।

ਸ੍ਰੀ ਸੈਣੀ ਦੇ ਅੱਜ ਜੁਆਇਨ ਕਰਦਿਆਂ ਹੀ ਪੁਲੀਸ ਹੈੱਡਕੁਆਰਟਰ ਵਿੱਚ ਨਵੀਂ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ। ਸ੍ਰੀ ਸੈਣੀ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਜਿਹੜਾ ਅਮਲਾ-ਫੈਲਾ ਵੀ ਉਸੇ ਦਿਨ ਤੋਂ ਪੁਲੀਸ ਹੈੱਡਕੁਆਰਟਰ ਵਿੱਚੋਂ ਗਾਇਬ ਸੀ, ਅੱਜ ਆਪੋ-ਆਪਣੀਆਂ ਕੁਰਸੀਆਂ ਉਪਰ ਟਿਕਿਆ ਬੈਠਾ ਸੀ। ਇਸ ਤੋਂ ਇਲਾਵਾ ਅੱਜ ਪੁਲੀਸ ਹੈੱਡਕੁਆਰਟਰ ਵਿਖੇ ਸਕਿਓਰਿਟੀ ਦੇ ਰੰਗ-ਰੂਪ ਵੀ ਬਦਲੇ ਪਏ ਸਨ। ਜਿਸ ਦਿਨ ਤੋਂ ਸ੍ਰੀ ਅਰੋੜਾ ਨੇ ਪੁਲੀਸ ਮੁਖੀ ਦਾ ਚਾਰਜ ਹਾਸਲ ਕੀਤਾ ਸੀ, ਉਸ ਦਿਨ ਤੋਂ ਹੀ ਹੈੱਡਕੁਆਰਟਰ ਵਿਖੇ ਸੁਰੱਖਿਆ ਪ੍ਰਬੰਧ ਕੁਝ ਨਰਮ ਲੱਗ ਰਹੇ ਸਨ। ਅੱਜ ਸ੍ਰੀ ਸੈਣੀ ਦੇ ਜੁਆਇਨ ਕਰਦਿਆਂ ਹੀ ਜਿਥੇ ਅੰਦਰਲੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ ਉਥੇ ਹੈੱਡਕੁਆਰਟਰ ਦੇ ਚੁਫੇਰੇ ਵੀ ਜਿਪਸੀਆਂ ਰਾਹੀਂ ਗਸ਼ਤ ਤੇਜ਼ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਪੰਜਾਬ ਕਾਂਗਰਸ ਵੱਲੋਂ ਸ੍ਰੀ ਸੈਣੀ ’ਤੇ ਕਈ ਤਰ੍ਹਾਂ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਚੋਣਾਂ ਦੌਰਾਨ ਪੁਲੀਸ ਮੁਖੀ ਦੇ ਅਹੁਦੇ ਤੋਂ ਲਾਂਭੇ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਇਹ ਮੁੱਦਾ ਲੰਮਾ ਸਮਾਂ ਚਰਚਾ ਵਿੱਚ ਰਿਹਾ ਸੀ ਅਤੇ ਅਖੀਰ ਮੁੱਖ ਚੋਣ ਕਮਿਸ਼ਨਰ ਦਿੱਲੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਸ੍ਰੀ ਸੈਣੀ ਨੂੰ 4 ਅਪਰੈਲ ਤੋਂ ਛੁੱਟੀ ’ਤੇ ਜਾਣਾ ਪਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੁਲੀਸ ਮੁਖੀ ਦੇ ਅਹੁਦੇ ਲਈ ਚੋਣ ਕਮਿਸ਼ਨ ਨੂੰ ਸ੍ਰੀ ਅਰੋੜਾ ਸਮੇਤ 1981 ਬੈਂਚ ਦੇ ਆਈ.ਪੀ.ਐਸ. ਅਧਿਕਾਰੀ ਜੀ.ਡੀ. ਪਾਂਡੇ ਅਤੇ 1982 ਬੈਂਚ ਦੇ ਅਧਿਕਾਰੀ ਸੰਜੀਵ ਗੁਪਤਾ ’ਤੇ ਆਧਾਰਤ ਪੈਨਲ ਭੇਜਿਆ ਗਿਆ ਸੀ। ਮੁੱਖ ਚੋਣ ਕਮਿਸ਼ਨਰ ਨੇ ਪੰਜਾਬ ਪੁਲੀਸ ਦੇ ਮੁਖੀ ਲਈ ਸ੍ਰੀ ਅਰੋੜਾ ਦੀ ਚੋਣ ਕੀਤੀ ਸੀ।

ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੇ ਕਾਇਦੇ-ਕਾਨੂੰਨਾਂ ਤਹਿਤ ਵਿਆਪਕ ਪੱਧਰ ’ਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਸਨ। ਅੱਜ ਸ੍ਰੀ ਸੈਣੀ ਵੱਲੋਂ ਪੁਲੀਸ ਮੁਖੀ ਦਾ ਅਹੁਦਾ ਸੰਭਾਲਦਿਆਂ ਹੀ ਪੁਲੀਸ ਹੈੱਡਕੁਆਰਟਰ ਵਿਖੇ ਪੁਲੀਸ ਅਧਿਕਾਰੀਆਂ ਦੀਆਂ ਬਦਲੀਆਂ ਕਰਨ ਦੀਆਂ ਮੁੜ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਕੁਝ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼., ਐਸ.ਪੀਜ਼. ਅਤੇ ਡੀ.ਐਸ.ਪੀਜ਼. ਬਦਲੇ ਜਾਣਗੇ। ਇਨ੍ਹਾਂ ਤੋਂ ਇਲਾਵਾ ਏ.ਡੀ.ਜੀ.ਪੀ., ਡੀ.ਜੀ.ਪੀ, ਪੁਲੀਸ ਕਮਿਸ਼ਨਰ, ਡੀ.ਆਈ.ਜੀ. ਅਤੇ ਆਈ.ਜੀ. ਰੈਂਕ ਦੇ ਕੁਝ ਅਧਿਕਾਰੀਆਂ ਦੇ ਤਬਾਦਲੇ ਹੋਣ ਦੀ ਸੰਭਾਵਨਾ ਵੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top