Share on Facebook

Main News Page

ਇੱਕ ਸਿੱਖ ਕਿਤਨੇ ਵਿਆਹ ਕਰਵਾ ਸਕਦਾ ਹੈ ?
-: ਤਰਲੋਕ ਸਿੰਘ ਹੁੰਦਲ
Email: hundaltarlok@hotmail.com

ਕੈਨੇਡਾ ਵਿੱਚ ਮੇਰੇ ਗੁਰਸਿੱਖ ਜਾਣੂ ਦੀ ਪੋਤਰੀ ਕੈਥੋਲਿਕ ਹਾਈ ਸਕੂਲ ਦੀ ਵਿਦਿਆਰਥਣ ਹੈ। ਪਿੱਛਲੇ ਦਿਨ੍ਹੀਂ, ਸਕੂਲ ਵਿੱਚ ਧਾਰਮਿਕ ਕਲਾਸ ਦੇ ਪੀਰੀਅਡ ਦੌਰਾਨ, ਵੱਖ ਵੱਖ ਧਰਮਾਂ ਦੇ ਤੁਲਨਾਤਮਿਕ ਅਧਿਐਨ ਪੜ੍ਹਾਉਂਦੇ ਹੋਏ ਅਧਿਆਪਕ ਨੇ ਕਿਹਾ ‘ਕਿ ਸਿੱਖ ਧਰਮ ਵਿੱਚ ਹਰ ਸਿੱਖ ਤਿੰਨ ਵਿਆਹ ਕਰਵਾ ਸਕਦਾ ਹੈ ਤੇ ਇਸਲਾਮ ਧਰਮ ਵਿੱਚ ਚਾਰ’। ਗੁਰਸਿੱਖ ਪਰਿਵਾਰ ਦੀ ਬੱਚੀ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਆਖਿਆ ‘ਕਿ ਸਿੱਖ ਧਰਮ ਵਿੱਚ ਇੱਕ ਪਤਨੀ ਦੇ ਜੀਉਂਦੇ-ਜੀਅ, ਸਿੱਖ ਦੂਸਰਾ ਵਿਆਹ ਬਿਲਕੁਲ ਨਹੀਂ ਕਰਵਾ ਸਕਦਾ’।

ਲੰਮੀ ਬਹਿਸ ਸ਼ੁਰੂ ਹੋ ਗਈ। ਇਸਾਈ ਮੱਤ ਦੇ ਅਧਿਆਪਕ ਦੀ ਦਲੀਲ ਸੀ ਕਿ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ, ਜਿਸ ਨੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ, ਸਿੱਖਾਂ ਦੀ ਰਹਿਤ ਮਰਯਾਦਾ ਤੇ ਅਸੂਲ ਕੇਵਲ ਬਣਾਏ ਹੀ ਨਹੀਂ, ਸਗੋਂ ਪਹਿਲਾਂ ਆਪ ਅਪਣਾਏ ਤੇ ਫਿਰ ਸਿੱਖ ਕੌਮ ਨੂੰ, ਉਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਸੀ, ਜਿਵੇਂ ਕਿ ਪਤਿਤ ਕੌਣ ਹੁੰਦਾ ਹੈ? ਪਰ-ਇਸਤ੍ਰੀ/ਪੁਰਸ਼ ਨਾਲ ਸੰਗ ਦਾ ਨਤੀਜਾ ਕੀ ਹੋਵੇ? ਇਤਿਆਦਿ। ਕਿਤੇ ਵੀ ਅਜੇਹਾ ਲਿਖਿਆ ਨਹੀਂ ਮਿਲਦਾ ਕਿ ਗੁਰੂ ਦੇ ਅਸੂਲਾਂ ਦਾ ਧਾਰਨੀ ਸਿੱਖ, ਤਿੰਨ ਵਿਆਹ ਨਹੀਂ ਕਰਵਾ ਸਕਦਾ।

ਸਿੱਖ ਬੱਚੀ ਬਜਿੱਦ ਸੀ ਕਿ ਸਿੱਖ ਧਰਮ ਵਿੱਚ,ਪਤਨੀ ਦੇ ਹੁੰਦੇ ਹੋਏ ਦੂਸਰਾ ਵਿਆਹ ਕਰਵਾਉਂਣ ਦੀ ਇਜ਼ਾਜਤ ਨਹੀਂ ਹੈ। ਇਸ ਦੇ ਜੁਆਬ ਵਿੱਚ ਅਧਿਆਪਕ ਨੇ ਕਿਹਾ ਕਿ ਉਸ ਨੇ ਸਿੱਖ ਧਰਮ ਪੜ੍ਹਿਆ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਿੰਨ ਵਿਆਹ ਕਰਵਾਏ ਸਨ। ਉਸ ਦਾ ਇਸ਼ਾਰਾ ਮਾਤਾ ਜੀਤੋ, ਮਾਤਾ ਸੁੰਦਰੀ ਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਵੱਲ ਸੀ। ਜੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਤਿੰਨ ਵਿਆਹ ਕਰਵਾ ਸਕਦੇ ਹਨ, ਸਤਵੇਂ ਗੁਰੂ ਹਰਿ ਰਾਇ ਛੇ/ਸੱਤ ਵਿਆਹ ਰਚਾ ਸਕਦੇ ਹਨ ਤਾਂ ਫਿਰ ਸਿੱਖ ਤਿੰਨ ਵਿਆਹ ਕਿਉਂ ਨਹੀਂ ਕਰਵਾ ਸਕਦਾ? ਕੁੜੀ ਲਾ-ਜੁਵਾਬ ਹੋ ਗਈ

ਮਸਲਾ ਬੱਚੀ ਦਾ ਨਹੀਂ, ਇਹ ਗੰਭੀਰ ਮਸਲਾ ਸਿੱਖ ਪੰਥ ਦਾ ਹੈ। ਸਿੱਖ ਇਤਿਹਾਸਕਾਰ ਪੁਰਾਤਨ ਲਿਖਤਾਂ ਦੀ ਨਕਲ ਮਾਰੀ ਜਾ ਰਹੇ ਹਨ ਅਤੇ ਅਜੇ ਤੱਕ ਕਿਸੇ ਨੇ ਵੀ ਇਹ ਸੁਨਿਸ਼ਚਿਤ ਕਰਨ ਦਾ ਯਤਨ ਹੀ ਨਹੀਂ ਕੀਤਾ ਕਿ ‘ਛੇਵੇਂ, ਸਤਵੇਂ ਤੇ ਦਸਵੇਂ ਗੁਰੂ ਜੀ ਨੇ ਇੱਕ ਤੋਂ ਵੱਧ ਵਿਆਹ ਕਿਉਂ ਕਰਵਾਏ? ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋ ਕੇ ‘ਗੁਰਤਾ-ਗੱਦੀ’ ਦੇ ਅਗਲੇ ਚਾਰ ਗੁਰੂਆਂ ਨੇ ਕੇਵਲ ਇੱਕ-ਇੱਕ ਵਿਆਹ ਹੀ ਕਰਵਾਇਆ ਸੀ। ਗੁਰ-ਨਾਨਕ ਫਿਲਸਫੇ ਵਿੱਚ ਬਹੁ-ਪਤਨੀ ਵਿਆਹ ਦੀ ਪਰਪਾਟੀ ਕਿਉਂ ਤੇ ਕਿਵੇਂ ਆ ਵੜ੍ਹੀ? ਕਿਸੇ ਵਿਦਵਾਨ ਨੇ ਵੀ ਉਨ੍ਹਾਂ ਕਾਰਨਾਂ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ? ਸਿੱਖ ਧਰਮ ਦੇ ਮਹਾਨ ਲੇਖਕ, ਪੰਥ ਪ੍ਰਚਾਰਕ ਤੇ ਰਾਗੀ, ਢਾਡੀ ਤੇ ਕਵੀਸ਼ਰ ਸਟੇਜਾਂ ਤੋਂ ਚਸਕੇ ਲੈ ਲੈ ਕੇ ਗੁਰੂ ਸਾਹਿਬਾਨ ਦੀਆਂ ਬਹੁ-ਪਤਨੀ ਸਾਖੀਆਂ ਸੁਣਾਉਂਦੇ ਆ ਰਹੇ ਹਨ।

ਭਾਈ ਗੁਰਦਾਸ ਜੀ ‘ਭੱਲਾ’ ਵਾਰ 6ਵੀਂ ਪਉੜੀ 8 ਵਿੱਚ ਗੁਰਸਿੱਖ ਦੀ ਰਹਿਣੀ ਬਿਆਨ ਕਰਦੇ ਲਿਖਦੇ ਹਨ ਕਿ ‘ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ’। ਹੋਰ ਕਿਧਰੇ ਵੀ ‘ਸਿੱਖ ਦੀ ਇਕ ਵੇਲੇ-ਇੱਕ ਪਤਨੀ’ ਹੋਣ ਪ੍ਰਮਾਣ ਨਹੀਂ ਮਿਲਦਾ। ਹਾਂ! ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਵਿੱਚ ਵਿਧਵਾ ਔਰਤ/ਮਰਦ ਦੇ ਪੁਨਰ-ਵਿਆਹ ਦੀ ਖੁਲ੍ਹ ਬਖ਼ਸਿਸ ਕੀਤੀ ਹੈ।

ਅਜਕਲ ਬਹੁ-ਚਰਚਿਤ ਆਨੰਦ ਵਿਆਹ ਕਾਨੂੰਨ-1909 {The Anand Marriage Act-1909 (VII of 1909)} ਵਿਚ ਵੀ ਅਜਿਹੀ ਕੋਈ ਵਿਵਸਥਾ ਨਹੀਂ ਕਿ ਸਿੱਖ ਇੱਕ ਪਤਨੀ ਦੇ ਹੁੰਦਿਆਂ ਦੂਸਰਾ ਵਿਆਹ ਨਹੀਂ ਕਰਵਾ ਸਕਦਾ। ਕੇਵਲ ਤੇ ਕੇਵਲ ਸਾਡੇ ਸਾਹਮਣੇ ਹਿੰਦੂ ਮੈਰੇਜ ਐਕਟ-1955 (The Hindu Marriage Act-1955) ਹੀ ਹੈ, ਜਿਸ ਦੀਆਂ ਧਾਰਾਵਾਂ ਅਧੀਨ ਇੱਕ ਪਤਨੀ ਦੇ ਹੁੰਦੇ ਹੋਏ, ਕਾਨੂੰਨੀ ਤਲਾਕ ਲਏ ਬਿਨ੍ਹਾਂ ਕੋਈ ਵੀ ਵਿਅਕਤੀ ਦੂਸਰਾ ਵਿਆਹ ਨਹੀਂ ਰਚਾ ਸਕਦਾ, ਜਿਹੜਾ ਇਸ ਕਾਨੂੰਨ ਦੇ ਦਾਇਰੇ ਵਿੱਚ ਆਉਂਦਾ ਹੋਵੇ। ਸਿੱਖਾਂ ਦੇ ਵਿਆਹ ਉਪਰੋਤਕ ਕਾਨੂੰਨ ਅਧੀਨ ਹੀ ਪ੍ਰਮਾਣਿਤ ਹੁੰਦੇ ਹਨ। ਇਸੇ ਲਈ ਕਈ ਸ਼ਾਤਰ ਲੋਕ ਧਰਮ ਬਦਲ ਕੇ ਇਸਲਾਮ ਨੀਤੀ ਅਨੁਸਾਰ ਦੂਸਰਾ-ਤੀਸਰਾ ਵਿਆਹ ਕਰਵਾ ਲੈਂਦੇ ਹਨ। ਮੰਨੀਏ ਭਾਵੇ ਨਾ, ਪਰ ਹੈ ਸੱਚ ਕਿ ਮੈਕਸ ਆਰਥਰ ਮੈਕਾਲਿਫ਼ ਦੇ ਯਾਰ ਸਿੱਖ ਸਲਾਹੂਆਂ ਨੇ ਹਿੰਦੂ ਰੀਤੀ ਅਨੁਸਾਰ ਬ੍ਰਾਹਮਣਾਂ ਤੇ ਮੰਦਰਾਂ ਦੀਆਂ ਮੂਰਤੀਆਂ ਨੂੰ ਕੁੜੀਆਂ (ਕੰਜਕਾਂ) ਚੜ੍ਹਾਉਂਣ ਦੀ ਤਰਜ਼ ਉੱਤੇ ‘ਗੁਰੂ ਸਾਹਿਬਾਂਨ’ ਨੂੰ ਵੀ ਕਿਸ਼ੋਰ ਤੇ ਅਲੜ੍ਹ ਬੱਚੀਆਂ ਨੂੰ ਵਿਆਹ ਦੇ ਬਹਾਨੇ ਭੇਂਟ ਕਰਨ ਦੀ ਭੈੜੀ ਰੀਤੀ ਲਿਖਵਾ ਰੱਖੀ ਹੈ।

ਹੁਣ ਛੇਵੇਂ, ਸਤਵੇਂ ਤੇ ਦਸਵੇਂ ਗੁਰੂ ਸਾਹਿਬਾਨ ਦੀ ਬਹੁ-ਪਤਨੀ ਵਿਵਸਥਾ ਦੇ ਕਾਰਨ ਖੋਜਣ ਦੀ ਜਿੰਮੇਵਾਰੀ ਸਿੱਖ ਪੰਥ ਦੇ ਸੁਹਿਰਦ ਖੋਜਾਰਥੀਆਂ ਦੀ ਹੈ। ਕੀ ਇਹ ਸੱਚ ਹੈ ਜਾਂ ਫਿਰ ਸਿੱਖ ਇਤਿਹਾਸ ਦੇ ਕੱਚ-ਘੜੱਚ ਲੇਖਕਾਂ, ਸਾਖੀਕਾਰਾਂ ਤੇ ਪੱਟ-ਕਥਾ ਲਿਖਣ ਵਾਲਿਆਂ ਨੇ ਗੁਰੂ-ਸਾਹਿਬ ਦੀ ਉੱਚਤਮ ਸ਼ਖ਼ਸ਼ੀਅਤ ਨੂੰ ਬਦਨਾਮ ਕਰਨ ਲਈ ਇਹ ਬਦਸ਼ਕਲ ਧਾਰਨਾ ਸਾਡੇ ਗਲ ਮੜ ਦਿੱਤੀ ਹੈ ਤੇ ਸਾਡੇ ਐਂਵੀ-ਮੁੱਚੀ ਦੇ ਪ੍ਰਚਾਰਕ ਗੰਦੇ ਸੋਹਲੇ ਗਾਈ ਜਾ ਰਹੇ ਹਨ। ਸਭ ਤੋਂ ਪਹਿਲਾ ਫ਼ਰਜ਼ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਬਣਦਾ ਹੈ, ਕਿ ਗੁਰੂ ਸਾਹਿਬਾਨ ਦੀ ਸਚਿਆਰ ਜੀਵਨ-ਲੀਲਾ ਵਿਚੋਂ ਇਹ ਰੋਲ-ਘਚੋਲਾ ਦੂਰ ਕਰੇ।

ਉਕਤ ਸਿੱਖ ਵਿਦਿਆਰਥਣ ਦੇ ਮਨੋਬਲ ਨੂੰ ਕਾਇਮ ਰਖਣ ਲਈ ਅਤੇ ਸਬੰਧਤ ਅਧਿਆਪਕ ਦੇ ਮਨ ਦਾ ਭਰਮ ਕਿ ‘ਸਿੱਖ ਤਿੰਨ ਵਿਆਹ ਕਰਵਾ ਸਕਦਾ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਸਨ’-ਦੂਰ ਕਰਨ ਹਿਤ "ਖ਼ਾਲਸਾ ਨਿਊਜ਼ ਡਾਟ ਔਰਗ" ਦੇ ਜਰੀਏ ਸਿੱਖ ਜਗਤ ਦੇ ਸਾਰੇ ਬੁੱਧੀਜੀਵੀ, ਸਿੱਖ ਵਿਦਵਾਨ, ਸਿੱਖ ਸਕਾਲਰ, ਪੰਥਕ ਪ੍ਰਚਾਰ ਤੇ ਸੁਹਿਰਦ ਰਾਗੀ, ਢਾਡੀ ਆਦਿ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪੰਥਕ ਸਮਸਿਆ ਦਾ ਸਮਾਧਾਨ ਲੱਭਿਆ ਜਾਏ।

ਆਪਣੇ-ਆਪਣੇ ਸੁਝਾਅ ਖ਼ਾਲਸਾ ਨਿਊਜ਼ ਰਾਹੀਂ ਭੇਜ ਕੇ, ਮੈਂਨੂੰ ਵੀ hundaltarlok@hotmail.com 'ਤੇ ਈ-ਮੇਲ ਕਰ ਸਕਦੇ ਹੋ, ਤਾਂ ਜੁ ਅਸੀਂ ਉਸ ਅਧਿਆਪਕ ਨਾਲ ਦਲੀਲ ਨਾਲ ਵਿਚਾਰ-ਵਟਾਂਦਰਾ ਕਰਨਯੋਗ ਹੋ ਸਕੀਏ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top