Share on Facebook

Main News Page

ਕੀ ਹੁਣ ਬਾਦਲਾਂ ਦੀ ਭਾਜਪਾ ਨੂੰ ਲੋੜ ਨਹੀਂ ਰਹੀ…?
-: ਜਸਪਾਲ ਸਿੰਘ ਹੇਰਾਂ

ਪੰਜਾਬ ‘ਚ ਬਾਦਲ ਦਲ ਦੀ ਪੰਜਾਬ ‘ਚ ਹਾਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਦੇ ਨੀਤੀਵੇਤਾ ਮੰਨੇ ਜਾਂਦੇ ਅਰੁਣ ਜੇਤਲੀ ਦੀ, ਜਿਹਨੂੰ ਬਾਦਲ ਧੱਕੇ ਨਾਲ ਪੰਜਾਬ ਲੈ ਕੇ ਆਏ ਸੀ, ਦੀ ਕਰਾਰੀ ਹਾਰ ਅਤੇ ਕੇਂਦਰ ‘ਚ ਭਾਜਪਾ ਵੱਲੋਂ ਇਕੱਲੇ ਆਪਣੇ ਦਮ ‘ਤੇ ਸਪਸ਼ਟ ਬਹੁਮਤ ਪ੍ਰਾਪਤ ਕਰ ਲੈਣ ਤੋਂ ਬਾਅਦ, ਰਾਜਸੀ ਪਿੜਾਂ ‘ਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਹੁਣ ਬਾਦਲਾਂ ਦੀ ਦਿੱਲੀ ‘ਚ ਕੋਈ ਪੁੱਛ-ਗਿੱਛ ਨਹੀਂ ਰਹੇਗੀ, ਭਾਜਪਾ ਇਨ੍ਹਾਂ ਨੂੰ ਡੰਡਾ ਵਿਖਾਊਗੀ। ਆਮ ਲੋਕਾਂ ‘ਚ ਇਹ ਚਰਚਾ ਹੈ ਕਿ ਹੁਣ ਭਾਜਪਾ ਨੂੰ ਬਾਦਲਕਿਆਂ ਦੀ ਕੋਈ ਲੋੜ ਨਹੀਂ ਰਹੀ, ਦੂਸਰਾ ਬਾਦਲਕਿਆਂ ਨੇ ‘ਆਪ ਤਾਂ ਡੁੱਬੇ ਬਾਹਮਣਾਂ, ਨਾਲ ਜਜਮਾਨ ਵੀ ਡੋਬੇ’ ਵਾਲੀ ਕਹਾਵਤ ਜੇਤਲੀ ਦੀ ਹਾਰ ਨਾਲ ਸੱਚੀ ਸਿੱਧ ਕਰ ਵਿਖਾਈ ਹੈ, ਇਸ ਲਈ ਭਾਜਪਾ ਹੁਣ ਬਾਦਲਕਿਆਂ ਨੂੰ ਮੂੰਹ ਨਹੀਂ ਲਾਵੇਗੀ

ਪ੍ਰੰਤੂ ਅਸੀਂ ਸਮਝਦੇ ਹਾਂ ਕਿ ਭਾਜਪਾ ਨੂੰ ਅਤੇ ਉਸਦੀ ਮਾਂ ਸੰਘ ਨੂੰ, ਬਾਦਲਾਂ ਦੀ ਹਮੇਸ਼ਾ ਵੱਡੀ ਲੋੜ ਰਹੇਗੀ ਅਤੇ ਲੋੜ ਉਦੋਂ ਤੱਕ ਰਹੇਗੀ, ਜਦੋਂ ਉਹ ਸਿੱਖੀ ਨੂੰ ਹੜੱਪਣ ਦੇ ਆਪਣੇ ਮਨਸੂਬੇ ਦੀ ਪੂਰਤੀ ਨਹੀਂ ਕਰ ਲੈਂਦੇ। ਸਿੱਖੀ ਸਿਧਾਂਤਾਂ ਨੂੰ ਖੋਰਾ, ਸਿੱਖ ਭਾਵਨਾਵਾਂ ਦਾ ਨੰਗਾ-ਚਿੱਟਾ ਕਤਲ, ਬਾਦਲਾਂ ਤੋਂ ਵੱਧ ਹੋਰ ਕੋਈ ਨਹੀਂ ਕਰ ਸਕਦਾ, ਇਸ ਲਈ ਸਿੱਖ ਦੁਸ਼ਮਣ ਤਾਕਤਾਂ ਜਿਹੜੀਆਂ ਸਿੱਖੀ ਨੂੰ ਨਿਗਲਣ ਲਈ ਕਾਹਲੀਆਂ ਹਨ, ਉਨ੍ਹਾਂ ਦੇ ਜਾਬਰ ਕੁਹਾੜੇ ਨੂੰ ਬਾਦਲਕਿਆਂ ਤੋਂ ਕਾਰਗਰ ਦਸਤਾ ਹੋਰ ਕੋਈ ਨਹੀਂ ਮਿਲ ਸਕਦਾ। ਇਸ ਲਈ ਦਿੱਲੀ ਦਰਬਾਰ ‘ਚ ਜਿਹੜਾ ਹੁਣ ਹਿੰਦੂਤਵ ਦਾ ਦਰਬਾਰ ਬਣ ਗਿਆ ਹੈ, ਉੱਥੇ ਬਾਦਲਾਂ ਦੀ ਪੂਰੀ ਤੂਤੀ ਬੋਲੇਗੀ, ਇਸ ‘ਚ ਕੋਈ ਸ਼ੱਕ-ਸ਼ੁਭਾ ਨਹੀਂ ਹੋਣਾ ਚਾਹੀਦਾ

ਪੰਜਾਬ, ਸਰਹੱਦੀ ਸੂਬਾ ਹੈ, ਇਸ ਸੂਬੇ ਨੇ ਦੇਸ਼ ਦੀ ਆਜ਼ਾਦੀ ਲਈ, ਦੇਸ਼ ਦੇ ਅੰਨ ਭੰਡਾਰ ‘ਚ ਵਾਧੇ ਲਈ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ, ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਇਨ੍ਹਾਂ ਕਾਰਨਾਂ ਕਰਕੇ ਪੰਜਾਬ ਦਾ ਸਿੱਖ ਦੁਸ਼ਮਣ ਤਾਕਤਾਂ ਦੀਆਂ ਨਜ਼ਰਾਂ ‘ਚ ਕੋਈ ਮੁੱਲ ਨਹੀਂ। ਜੇ ਮੁੱਲ ਹੈ ਤਾਂ ਉਹ ਇਸ ਕਾਰਨ ਕਿ ਇਸ ਸੂਬੇ ਦੀ ਵਾਰਿਸ ਦੁਨੀਆ ਦੀ ਨਿਆਰੀ, ਨਿਰਾਲੀ ਕੌਮ ਹੈ ਅਤੇ ਇਸ ਕੌਮ ਦੇ ਨਿਆਰੇ, ਨਿਰਾਲੇਪਣ ਨੂੰ ਇਹ ਸਿੱਖ ਦੁਸ਼ਮਣ ਤਾਕਤਾਂ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ। ਇਨ੍ਹਾਂ ਤਾਕਤਾਂ ਨੇ ਆਪਣੇ ਜਬਰ ਦੇ ਕੁਹਾੜੇ, ਜਿਸ ਨਾਲ ਉਨ੍ਹਾਂ ਦੇਸ਼ ਦੀਆਂ ਘੱਟ ਗਿਣਤੀਆਂ ਦਾ ਭਵਿੱਖ ‘ਚ ਘਾਣ ਕਰਨਾ ਹੈ, ਉਸਦੇ ਦਸਤਿਆਂ ਨੂੰ ਵੀ ਮਜ਼ਬੂਤ ਬਣਾ ਕੇ ਰੱਖਣਾ ਹੈ, ਇਸ ਲਈ ਭਾਜਪਾ, ਬਾਦਲਾਂ ਨੂੰ ਰਾਜਸੀ ਰੂਪ ‘ਚ ਕਮਜ਼ੋਰ ਕਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰੇਗੀ। ਹਾਂ, ਪੰਜਾਬ ਨੂੰ ਆਰਥਿਕ ਰੂਪ ‘ਚ, ਸਿੱਖਾਂ ਨੂੰ ਧਾਰਮਿਕ ਰੂਪ ‘ਚ ਹਰ ਹੀਲੇ ‘ਦੀਵਾਲੀਆ’ ਕਰਨ ਦੀ ਹਰ ਕੋਸ਼ਿਸ਼ ਹੋਵੇਗੀ, ਇਹ ਪੱਕਾ ਹੈ। ਬਾਦਲ ਪਰਿਵਾਰ ਨੂੰ ਕੇਂਦਰ ‘ਚ ਬੱਤੀ ਵਾਲੀ ਕਾਰ, ਬਾਦਲਾਂ ਨੂੰ ਹੱਸ-ਹੱਸ ਕੇ ਗਲਵੱਕੜੀਆਂ ਪਾ ਕੇ ਮਿਲਣਾ, ਬਦਸਤੂਰ ਜਾਰੀ ਰਹੇਗਾ।

ਬਾਦਲ-ਭਾਜਪਾ ਗੱਠਜੋੜ, ਦੋਵਾਂ ਧਿਰਾਂ ਦੀ ਸਿੱਖਾਂ ਪ੍ਰਤੀ ਬਦਨੀਤੀ ਚੋਂ ਪੈਦਾ ਹੋਇਆ ਹੈ ਅਤੇ ਦੋਵਾਂ ਧਿਰਾਂ ਦੇ ਅੰਦਰੂਨੀ ਮਨਸੂਬੇ ਇਸ ਗੱਠਜੋੜ ਨਾਲ ਪੂਰੇ ਹੋ ਰਹੇ ਹਨ ਅਤੇ ਜਦੋਂ ਤੱਕ ਹੁੰਦੇ ਰਹਿਣਗੇ, ਇਹ ਗੱਠਜੋੜ ਬਰਕਰਾਰ ਰਹੇਗਾ। ਬਾਦਲਾਂ ਨੂੰ ਪੰਜਾਬ ਦੀ ਸੱਤਾ ਤੇ ਖੁੱਲ੍ਹੀ ਲੁੱਟ ਦੀ ਛੁੱਟੀ ਚਾਹੀਦੀ ਹੈ, ਭਗਵਾਂ ਬ੍ਰਿਗੇਡ ਨੂੰ ਪੰਜਾਬ ‘ਚੋਂ ਸਿੱਖੀ ਦੀ ਮਰ ਰਹੀ ਜ਼ਮੀਰ ਦੀ ਨਿਰੰਤਰ ਖ਼ਬਰ ਆਉਂਦੀ ਰਹਿਣੀ ਚਾਹੀਦੀ ਹੈ, ਅੱਜ ਦੀ ਤਾਰੀਖ਼ ‘ਚ ਇਹ ਦੋਵੇਂ ਵਰਤਾਰੇ ਬਾਖ਼ੂਬੀ ਵਰਤ ਰਹੇ ਹਨ, ਇਸ ਕਾਰਨ ਇਹ ਗੱਠਜੋੜ ਹੋਰ ਪਕੇਰਾ ਹੋ ਗਿਆ ਹੈ। ਪ੍ਰੰਤੂ ਅਸੀਂ ਬਾਦਲਕਿਆਂ ਨੂੰ ਇਸ ਸਮੇਂ ਇਹ ਚਿਤਾਵਨੀ ਜ਼ਰੂਰ ਦੇਣੀ ਚਾਹੁੰਦੇ ਹਾਂ ਕਿ ਤੁਹਾਡੀ ਹੋਂਦ ਉਦੋਂ ਤੱਕ ਹੀ ਭਗਵਾਂ ਬ੍ਰਿਗੇਡ ਬਰਦਾਸ਼ਤ ਕਰੇਗਾ, ਜਦੋਂ ਤੱਕ ਤੁਸੀਂ ਸਿੱਖਾਂ ਦੇ ਨੁਮਾਇੰਦੇ ਵਜੋਂ ਜਾਣੇ ਜਾਂਦੇ ਰਹੋਗੇ, ਜਿਸ ਦਿਨ ਇਹ ਸਾਫ਼ ਹੋ ਗਿਆ ਕਿ ਸਿੱਖਾਂ ਨੇ ਤੁਹਾਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ, ਉਸ ਦਿਨ ਇਹ ਭਗਵਾਂ ਬ੍ਰਿਗੇਡ ਤੁਹਾਨੂੰ ‘ਦੁੱਧ ‘ਚੋਂ ਮੱਖੀ’ ਵਾਂਗੂੰ ਬਾਹਰ ਕੱਢ ਕੇ ਸੁੱਟ ਦੇਵੇਗੀ, ਇਸ ਬਾਰੇ ਵੀ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ। ਭਗਵਾਂ ਬ੍ਰਿਗੇਡ ਦਾ ਤੁਹਾਡੇ ਨਾਲ ਪਿਆਰ, ਸਿਰਫ਼ ਸਿੱਖੀ ਦੀ ਹੋਂਦ ਦੇ ਖ਼ਾਤਮੇ ਲਈ ਤੁਹਾਡੀ ਵਰਤੋਂ ਕਰਨਾ ਹੈ ਅਤੇ ਜਿਸ ਦਿਨ ਤੁਹਾਡੀ ਵਰਤੋਂ ਦਾ ਕੋਈ ਅਰਥ ਨਾ ਰਹਿ ਗਿਆ, ਕੌਮ ਨੇ ਤੁਹਾਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਉਸ ਦਿਨ ਤੁਹਾਡੀ ਭਗਵਾਂ ਬ੍ਰਿਗੇਡ ਨੇ ਬਾਂਹ ਨਹੀਂ ਫੜਨੀ

ਇਸ ਲਈ ਚੰਗਾ ਹੋਵੇ ਜੇ ਭਵਿੱਖ ਦੀ ਚਿਤਾਵਨੀ ਨੂੰ ਤੁਸੀਂ ਅੱਜ ਸਮਝਣ ਦਾ ਯਤਨ ਕਰੇ ਅਤੇ ਕੌਮ ਨੂੰ ਦਿੱਤਾ ‘ਬੇਦਾਵਾ’ ਪੜਵਾਉਣ ਲਈ ਸੱਚੇ ਅਰਥਾਂ ‘ਚ ਕੌਮ ਦੇ ਸੇਵਾਦਾਰ ਬਣ ਕੇ, ਗੁਰੂ ਆਸ਼ੇ ਅਨੁਸਾਰ ਸਿੱਖੀ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਸਮਰਪਿਤ ਹੋ ਜਾਵੋ, ਫਿਰ ਤੁਹਾਨੂੰ ਇਤਿਹਾਸ ‘ਚ ਅਮਰ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਨਹੀਂ ਤਾਂ ਫਿਰ ਕੌਮ ਦੇ ਗ਼ੱਦਾਰਾਂ ਨੂੰ ਜਿਵੇਂ ਯਾਦ ਕੀਤਾ ਜਾਂਦਾ ਹੈ ਅਤੇ ਜੋ ਹਸ਼ਰ ਹੁੰਦਾ ਹੈ, ਉਹ ਇਤਿਹਾਸ ਦੇ ਪੰਨਿਆਂ 'ਤੇ ਭਲੀ-ਭਾਂਤ ਅੰਕਿਤ ਹੈ, ਪੜ੍ਹ ਲੈਣਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top