Share on Facebook

Main News Page

ਪੰਜਾਬ ਅੰਦਰ ਚੋਣਾਂ ਦੌਰਾਨ ਸੋਸ਼ਲ ਮੀਡੀਆ ਰਿਹਾ ਭਾਰੂ – ਪੰਜਾਬੀਆਂ ਨੇ ਨਕਾਰੀਆਂ ਮੁੱਲ ਦੀਆਂ ਖ਼ਬਰਾਂ

ਜਲੰਧਰ, 18 ਮਈ - ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਲੋਕਾਂ ਦੇ ਸਾਹਮਣੇ ਹਨ। ਇਨ੍ਹਾਂ ਚੋਣ ਨਤਜਿਆਂ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੂਜੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਸੋਚਣ ਵਿੱਚ ਲੱਗੀਆਂ ਹੋਈਆਂ ਹਨ ਕਿ ਆਖਰ ਉਨ੍ਹਾਂ ਨਾਲ ਹੋਇਆ ਕੀ ਹੈ।

ਸਥਾਪਤ ਰਾਜਸੀ ਪਾਰਟੀਆਂ ਨੂੰ ਹੁਣ ਉਹ ਖਰਚਾ ਜ਼ਿਆਦਾ ਚੁੱਭਣ ਲੱਗ ਪਿਆ ਹੈ ਜਿਹੜਾ ਉਨ੍ਹਾਂ ਨੇ ਮੁੱਲ ਦੀਆਂ ਖ਼ਬਰਾਂ ਲਗਾਉਣ ਲਈ ਕੀਤਾ ਸੀ ਕਿਉਂਕਿ ਮੁੱਲ ਦੀਆਂ ਖ਼ਬਰਾਂ ਨਤੀਜਿਆਂ ਨੂੰ ਕਿਸੇ ਵੀ ਪੱਖ ਤੋਂ ਪ੍ਰਭਾਵਤ ਕਰਨ ‘ਚ ਸਹਾਈ ਨਹੀਂ ਹੋਈਆਂ ਜਦ ਕਿ ‘ਆਪ’ ਸਿਰਫ਼ ਸੋਸ਼ਲ ਮੀਡੀਆ ‘ਤੇ ਹੀ ਟੇਕ ਰੱਖੀ ਤੇ ਪਾਰਟੀ ਦੀ ਕਾਰਗੁਜ਼ਾਰੀ ਦੀ ਸੂਬੇ ਭਰ ਵਿੱਚ ਚਰਚਾ ਹੋ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਆਗੂ ਇਹ ਮੰਨ ਕੇ ਚੱਲ ਰਹੇ ਹਨ ਕਿ ਉਨ੍ਹਾਂ ਕੋਲ ਸਾਧਨਾਂ ਦੀ ਕਮੀ ਨਹੀਂ ਸੀ ਫਿਰ ਵੀ ਨਤੀਜੇ ਆਸ ਤੋਂ ਉਲਟ ਆਏ ਹਨ ਜਦ ਕਿ ‘ਆਪ’ ਕੋਲ ਮਾਲੀ ਸਾਧਨਾਂ ਸਮੇਤ ਹਰ ਤਰ੍ਹਾਂ ਦੀ ਤੋਟ ਉਨ੍ਹਾਂ ਦੇ ਅੱਗੇ ਅੜਿੱਕੇ ਪਾ ਰਹੀ ਸੀ। ਪੰਜਾਬ ‘ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਸ ਗੱਲ ਨੂੰ ਵੀ ਸਾਬਿਤ ਕਰ ਦਿੱਤਾ ਹੈ ਕਿ ਮੁੱਲ ਦੀਆਂ ਖ਼ਬਰਾਂ ਕਿਸੇ ਵੀ ਪੱਧਰ ‘ਤੇ ਲੋਕ ਰਾਏ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ। ਕਈ ਉਮੀਦਵਾਰਾਂ ਨੇ ਖ਼ਬਰਾਂ ਲਈ ਕਰੋੜਾਂ ਰੁਪਏ ਤੱਕ ਦਾ ਭੁਗਤਾਨ ਕੀਤਾ ਸੀ। ਯਾਦ ਰਹੇ ਕਿ ਚੋਣ ਕਮਿਸ਼ਨ ਵੱਲੋਂ ਚੋਣ ਖਰਚੇ ਦੀ ਹੱਦ 70 ਲੱਖ ਰੁਪਏ ਮਿੱਥੀ ਹੋਈ ਹੈ।

ਦੁਆਬੇ ਦੀਆਂ ਦੋ ਲੋਕ ਸਭਾ ਸੀਟਾਂ ‘ਤੇ ਕਈ ਉਮੀਦਵਾਰਾਂ ਨੇ ਮੁੱਲ ਦੀਆਂ ਖ਼ਬਰਾਂ ਲਗਵਾਈਆਂ ਤੇ ਉਨ੍ਹਾਂ ਨੂੰ ਜ਼ਬਰਦਸਤ ਹਾਰ ਦਾ ਮੂੰਹ ਦੇਖਣਾ ਪਿਆ। ਕਈ ਉਮੀਦਵਾਰ ਜਿੱਤੇ ਵੀ ਹਨ ਜਿਨ੍ਹਾਂ ਨੇ ਮੁੱਲ ਦੀਆਂ ਖ਼ਬਰਾਂ ਲਗਵਾਈਆਂ ਸਨ ਪਰ ਦੱਬੀ ਜ਼ੁਬਾਨ ਨਾਲ ਉਹ ਵੀ ਮੰਨਦੇ ਹਨ ਕਿ ਮੁੱਲ ਦੀਆਂ ਖ਼ਬਰਾਂ ਕਿਸੇ ਵੀ ਪੱਧਰ ‘ਤੇ ਉਨ੍ਹਾਂ ਲਈ ਸਹਾਈ ਨਹੀਂ ਹੋਈਆਂ। ਜਿੱਤਣ ਤੇ ਹਾਰਨ ਵਾਲੇ ਕਈ ਆਗੂਆਂ ਨੇ ਮੰਨਿਆ ਕਿ ਆਮ ਆਦਮੀ ਪਾਰਟੀ ਨੇ ਮੁੱਲ ਦੀਆਂ ਖ਼ਬਰਾਂ ਲਈ ਧੇਲਾ ਵੀ ਨਹੀਂ ਖਰਚਿਆ, ਫਿਰ ਉਨ੍ਹਾਂ ਦੀਆਂ ਇੰਨੀਆਂ ਵੋਟਾਂ ਕਿਵੇਂ ਵੱਧ ਗਈਆਂ। ‘ਆਪ’ ਨੇ ਆਪਣੀ ਚੋਣ ਮੁਹਿੰਮ ਚਲਾਉਣ ਲਈ ਸਭ ਤੋਂ ਵੱਧ ਸੋਸ਼ਲ ਮੀਡੀਆ ਦਾ ਹੀ ਸਹਾਰਾ ਲਿਆ ਤੇ ਵੋਟਾਂ ਲੈਣ ਦੇ ਮਾਮਲੇ ‘ਚ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ।

ਚੋਣ ਅਬਜ਼ਰਬਰਾਂ ਨੇ ਮੁੱਲ ਦੀਆਂ ਖ਼ਬਰਾਂ ਦੇ ਮਾਮਲੇ ‘ਚ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਤੇ ਪਵਨ ਕੁਮਾਰ ਟੀਨੂੰ ਨੂੰ ਨੋਟਿਸ ਵੀ ਕੱਢੇ ਸਨ। ਉਧਰ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਤੇ ਪੰਜਾਬ ‘ਚ ਪਾਰਟੀ ਦੇ ਆਈਟੀ ਇੰਚਾਰਜ ਹਿਮਾਂਸ਼ੂ ਪਾਠਕ ਨੇ ਦੱਸਿਆ ਕਿ ‘ਆਪ’ ਨੇ ਮੁੱਲ ਦੀਆਂ ਖ਼ਬਰਾਂ ਤਾਂ ਕੀ ਲਗਵਾਉਣੀਆਂ ਸੀ, ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਕੋਲ ਤਾਂ ਪੋਸਟਰ ਛਪਵਾਉਣ ਜੋਗੇ ਪੈਸੇ ਤੱਕ ਨਹੀਂ ਸੀ। ਉਨ੍ਹਾਂ ਦੀ ਚੋਣ ਮੁਹਿੰਮ ਸਿਰਫ਼ ਸੋਸ਼ਲ ਮੀਡੀਆ ਰਾਹੀਂ ਚਲਾਈ ਗਈ ਤੇ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੁੱਲ ਦੀਆਂ ਖ਼ਬਰਾਂ ਲਗਵਾ ਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰਨ ਵਾਲੇ ਉਮੀਦਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top