Share on Facebook

Main News Page

ਨਾਨਕਸ਼ਾਹੀ ਕੈਲੰਡਰ ਸਬੰਧੀ ਗਿਆਨੀ ਨੰਦਗੜ੍ਹ ਵੱਲੋਂ ਲਿਆ ਸਟੈਂਡ ਸ਼ਾਲਾਘਾਯੋਗ
-:
ਭਾਈ ਪੰਥਪ੍ਰੀਤ ਸਿੰਘ

* ਸਿੱਖ ਵਿਰੋਧੀ ਸੰਸਥਾ ਆਰ.ਐੱਸ.ਐੱਸ ਦੇ ਇਸ਼ਾਰੇ 'ਤੇ ਵਿਗਾੜੇ ਗਏ ਕੈਲੰਡਰ ਨੂੰ ਅਕਾਲ ਤਖ਼ਤ ਵੱਲੋਂ ਕੀਤੀਆਂ ਸੋਧਾਂ ਦੱਸਣਾ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਤੁਲ ਹੈ 


ਬਠਿੰਡਾ, ੧੯ ਮਈ (ਕਿਰਪਾਲ ਸਿੰਘ ਬਠਿੰਡਾ): ਨਾਨਕਸ਼ਾਹੀ ਕੈਲੰਡਰ ਸਬੰਧੀ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਲਿਆ ਗਿਆ ਸਖਤ ਸਟੈਂਡ ਅਤੇ ਵਿਗਾੜੇ ਗਏ ਕੈਲੰਡਰ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾ ਦੀ ਜਥੇਦਾਰ ਨੰਦਗੜ੍ਹ ਵੱਲੋਂ ਕੀਤੀ ਗਈ ਅਲੋਚਨਾ ਅਤਿ ਸ਼ਲਾਘਾਯੋਗ ਹੈ।

ਇਹ ਸ਼ਬਦ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ (ਬਠਿੰਡਾ) ਦੇ ਮੁੱਖ ਸੇਵਾਦਾਰ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ (ਪੰਚ ਪ੍ਰਧਾਨੀ) ਦੇ ਕੌਮੀ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਕਨਵੀਨਰ ਕਿਰਪਾਲ ਸਿੰਘ, ਏਕਸ ਕੇ ਬਾਰਕ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਖ਼ਾਲਸਾ ਅਤੇ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਸਾਬਕਾ ਸਕੱਤਰ ਜਥੇਦਾਰ ਰਣਜੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਹੇ।

ਉਨ੍ਹਾਂ ਕਿਹਾ ਕਿ ਇਤਿਹਾਸਿਕ ਵਸੀਲਿਆਂ ਮੁਤਾਬਕ ਗੁਰੂ ਅਰਜੁਨ ਸਾਹਿਬ ਜੀ ਨੇ ੨੮ ਜੇਠ, ਜੇਠ ਵਦੀ ੧੪, ਸੰਮਤ ੧੬੬੩ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਪੰਜ ਦਿਨ ਬਾਅਦ ੨ ਹਾੜ, ਜੇਠ ਸੁਦੀ ੪, ਬਿਕ੍ਰਮੀ ਸੰਮਤ ੧੬੬੩ ਨੂੰ ਸ਼ਹੀਦੀ ਪ੍ਰਾਪਤ ਕੀਤੀ; ਇਨ੍ਹਾਂ ਤਰੀਕਾਂ 'ਤੇ ਪੰਥ ਵਿੱਚ ਕੋਈ ਵੀ ਮੱਤ ਭੇਦ ਨਹੀਂ ਹਨ। ੨੦੦੩ ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਇਤਿਹਾਸਕ ਤੌਰ 'ਤੇ ਸਰਬ ਪ੍ਰਵਾਨਤ ਮਿਤੀ ੨੮ ਜੇਠ ਨਿਸਚਿਤ ਕਰ ਦਿੱਤੀ ਗਈ ਜੋ ਸਾਂਝੇ ਕੈਲੰਡਰ ਮੁਤਾਬਿਕ ਹਰ ਸਾਲ ਹੀ ੧੧ ਜੂਨ ਨੂੰ ਆਉਣ ਕਰਕੇ ਸਦਾ ਲਈ ਸਥਿਰ ਅਤੇ ਯਾਦ ਰੱਖਣ ਵਿੱਚ ਬਹੁਤ ਹੀ ਆਸਾਨ ਹੋ ਗਈ।

ਇਸੇ ਤਰ੍ਹਾਂ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੨ ਹਾੜ ਨੂੰ ਨਿਸਚਿਤ ਕਰ ਦਿੱਤਾ ਗਿਆ ਸੀ ਜੋ ਸਾਂਝੇ ਕੈਲੰਡਰ ਅਨੁਸਾਰ ਹਰ ਸਾਲ ੧੬ ਜੂਨ ਨੂੰ ਆਉਣ ਲੱਗ ਪਿਆ ਸੀ। ਪਰ ਸੋਧ ਦੇ ਨਾਮ 'ਤੇ ੧੪ ਮਾਰਚ ੨੦੧੦ ਨੂੰ ਲਾਗੂ ਕੀਤੇ ਮਿਲਗੋਭੇ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਤਾਂ ਹਰ ਸਾਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ੧੧ ਜੂਨ ਨੂੰ ਹੀ ਮਨਾਇਆ ਜਾਂਦਾ ਹੈ ਪਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬਿਕ੍ਰਮੀ ਸੰਮਤ ਦੇ ਚੰਦਰ ਸਾਲ ਮੁਤਾਬਕ ਜੇਠ ਸੁਦੀ ੪ ਨੂੰ ਮਨਾਇਆ ਜਾਣ ਲੱਗ ਪਿਆ। ਚੰਦਰ ਸਾਲ ਦੀ ਲੰਬਾਈ ੩੫੪ ਦਿਨ ਅਤੇ ਸੂਰਜੀ ਸਾਲ ਦੀ ਲੰਬਾਈ ੩੬੫ ਦਿਨ ਹੋਣ ਕਰਕੇ ੧੧ ਦਿਨ ਦਾ ਫਰਕ ਹੈ ਇਸ ਲਈ ਇਹ ਦਿਨ ਕਦੀ ਵੀ ਸਥਿਰ ਨਹੀਂ ਰਹਿੰਦੇ ਤੇ ਹਮੇਸ਼ਾਂ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਜਿਵੇਂ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ ੪, ੨੦੧੦ ਵਿਚ ੧੬ ਜੂਨ, ੨੦੧੧ ਵਿੱਚ ੫ ਜੂਨ, ੨੦੧੨ ਵਿਚ ੨੫ ਮਈ, ੨੦੧੩ ਵਿਚ ੧੨ ਜੂਨ ਨੂੰ ਆਇਆ ਅਤੇ ੨੦੧੪ ਵਿੱਚ ੦੧ ਜੂਨ, ੨੦੧੫ ਵਿੱਚ ੨੨ ਮਈ, ੨੦੧੬ ਵਿੱਚ ੦੮ ਜੂਨ ਅਤੇ ੨੦੧੭ ਵਿੱਚ ੨੯ ਮਈ ਨੂੰ ਆਵੇਗਾ।

ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਾਲ ਭਾਵ ੨੦੧੪ ਵਿੱਚ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ੧ ਜੂਨ ਦੀ ਹੋਈ ਤਾਂ ੧੧ ਜੂਨ ਤੱਕ ੧੦ ਦਿਨਾਂ ਤੱਕ ਸਿੱਖਾਂ ਦਾ ਗੁਰੂ ਕੌਣ ਸੀ ਤੇ ੧੧ ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਕਿਸ ਨੇ ਦਿੱਤੀ? ਇਹੀ ਸਵਾਲ ੨੦੧੫ ਇਸ ਤੋਂ ਵੀ ਗੰਭੀਰ ਰੂਪ ਵਿੱਚ ਸਾਡੇ ਸਾਹਮਣੇ ਹੋਵੇਗਾ ਕਿ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੨੨ ਮਈ ਨੂੰ ਮਨਾਇਆ ਜਾਵੇਗਾ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਗੱਦੀ ਪੁਰਬ ੧੧ ਜੂਨ ਨੂੰ ਤਾਂ ੨੦ ਦਿਨ ਲਈ ਸਿੱਖਾਂ ਦਾ ਗੁਰੂ ਕੌਣ ਸੀ ਤੇ ੨੦ ਦਿਨ ਬਾਅਦ ਗੁਰਗੱਦੀ ਕਿਸ ਨੇ ਸੌਂਪੀ?

ਆਰ.ਐੱਸ.ਐੱਸ ਦੇ ਪ੍ਰਭਾਵ ਹੇਠ ਡੇਰੇਦਾਰਾਂ ਅਤੇ ਬ੍ਰਾਹਮਣਵਾਦੀ ਸਿੱਖਾਂ ਦੀਆਂ ਵੋਟਾਂ ਲੈਣ ਲਈ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ ਹੇਠ ਇਸ ਦਾ ਮਿਲਗੋਭਾ ਕਰਕੇ ਕਤਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਇਸ ਵਿਗਾੜੇ ਗਏ ਕੈਲੰਡਰ ਨੂੰ 'ਸੋਧਿਆ ਹੋਇਆ ਕੈਲੰਡਰ' ਦੱਸ ਕੇ ਸੋਧ ਸ਼ਬਦ ਦੀ ਤੌਹੀਨ ਕਰ ਰਹੇ ਹਨ ਅਤੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕੋਲ ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਹੈ ਕਿ ਜੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ ੪, ਦੀ ਥਾਂ ੨ ਹਾੜ ਨੂੰ ਮਨਾ ਲਿਆ ਜਾਵੇ ਜਿਸ ਨਾਲ ੧੬ ਜੂਨ ਦੀ ਤਰੀਖ ਹਮੇਸ਼ਾਂ ਲਈ ਸਥਿਰ ਆਉਣ ਕਰਕੇ ਯਾਦ ਰੱਖਣੀ ਵੀ ਸੌਖੀ ਹੋ ਜਾਵੇਗੀ ਤੇ ਗੁਰਪੁਰਬ ਅੱਗੇ ਪਿੱਛੇ ਹੋਣ ਦਾ ਭੰਬਲਭੂਸਾ ਵੀ ਨਹੀਂ ਰਹੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਸੱਟ ਵੱਜੇਗੀ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top