ਪੁਰਖਾਲੀ,
18 ਮਈ (ਬੰਟੀ) – ਕਿਸੇ ਸਮੇਂ ਨਸ਼ਿਆਂ ਤੋਂ ਬਿਲਕੁੱਲ ਅਣਜਾਣ, ਘਾੜ ਇਲਾਕੇ ਦੀ ਨੌਜਵਾਨੀ
ਹੁਣ ਮਹਿੰਗੇ ਨਸ਼ਿਆਂ ਦੀ ਸ਼ੌਕੀਨ ਹੋਣ ਲੱਗੀ ਹੈ। ਇਲਾਕੇ ਦੇ ਨੌਜਵਾਨ ਹੌਲੀ-ਹੌਲੀ ਕਰਕੇ
‘ਚਿੱਟੇ’ ਵਰਗੇ ਮਹਿੰਗੇ ਨਸ਼ੇ ਦੇ ਆਦੀ ਬਣਦੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਇਲਾਕੇ ‘ਚ ਪਹਿਲਾਂ ਅਫੀਮ, ਭੁੱਕੀ ਵਰਗੇ ਨਸ਼ੇ ਨੇ
ਹੀ ਪੈਰ ਪਸਾਰੇ ਸਨ। ਜਵਾਨੀ ‘ਚ ਪੈਰ ਧਰਨ ਵਾਲੇ 14-15 ਸਾਲ ਉਮਰ ਦੇ ਨੌਜਵਾਨ ਅਫੀਮ,
ਭੁੱਕੀ ਦੇ ਨਸ਼ੇ ਨੂੰ ਆਮ ਨਸ਼ਾ ਸਮਝ ਇਸ ਨਸ਼ੇ ਦਾ ਸੇਵਨ ਕਰਦੇ ਹਨ। ਇਥੋਂ ਤੱਕ ਕਿ ਸਰਕਾਰੀ
ਤੇ ਗੈਰ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਨੌਜਵਾਨ ਵੀ ਅਫੀਮ, ਭੁੱਕੀ ਤੇ ਹੋਰ ਮੈਡੀਕਲ
ਨਸ਼ਿਆਂ ‘ਚ ਪੈਂਦੇ ਜਾ ਰਹੇ ਹਨ।
ਇਹ ਵੀ ਜਾਣਕਾਰੀ ਹੈ ਕਿ ਇਹ ਨੌਜਵਾਨ ਨਸ਼ਾ ਕਰਕੇ ਹੀ ਸਕੂਲਾਂ/ਕਾਲਜਾਂ
ਨੂੰ ਜਾਂਦੇ ਹਨ। ਪਰ ਇਸ ਤੋਂ ਵੀ ਵੱਧ ਇਲਾਕੇ ਦੇ ਨੌਜਵਾਨ ਅਫੀਮ, ਭੁੱਕੀ ਵਰਗੇ ਨਸ਼ਿਆਂ ਦਾ
ਸਵਾਦ ਵੇਖ ਕੇ ਅਤੀ ਮਹਿੰਗੇ ‘ਚਿੱਟੇ’ ਵਰਗੇ ਨਸ਼ੇ ‘ਚ ਪੈਣ ਲੱਗ ਪਏ ਹਨ।
ਜਾਣਕਾਰੀ ਅਨੁਸਾਰ ਪੁਰਖਾਲੀ ਤੇ ਮੀਆਂਪੁਰ ਖੇਤਰ ‘ਚ ‘ਚਿੱਟੇ’ ਦਾ
ਸੇਵਨ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਹੌਲੀ-ਹੌਲੀ ਕਰਕੇ ਵੱਧਦੀ ਜਾ ਰਹੀ ਹੈ। ਲੋਕਾਂ
ਅਨੁਸਾਰ ਪਰ ਪਿਛਲੇ ਸਮੇਂ ਤੋਂ ਇਲਾਕੇ ‘ਚ ‘ਚਿੱਟੇ’ ਵਰਗੇ ਨਸ਼ੇ ਨੇ ਦਿੱਤੀ ਦਸਤਕ ਨੂੰ ਲੈ
ਕੇ ਪੁਲਿਸ ਬਿਲਕੁੱਲ ਅਣਜਾਣ ਹੈ।
ਇਲਾਕਾ ਨਿਵਾਸੀਆਂ ਨੇ ਇਸ ਸਬੰਧ ‘ਚ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ
ਕੀਤੀ ਕਿ ਇਸ ਭਿਆਨਕ ਨਸ਼ੇ ਨੂੰ ਇਲਾਕੇ ‘ਚ ਆਉਣ ਤੇ ਰੋਕਥਾਮ ਲਾਈ ਜਾਵੇ ਤੇ ਸਾਡੇ ਨੌਜਵਾਨਾਂ
ਨੂੰ ਇਨ੍ਹਾਂ ਨਸ਼ਿਆਂ ਤੋਂ ਬਚਾਇਆ ਜਾਵੇ।