Share on Facebook

Main News Page

ਪੰਥ-ਦਰਦੀਓ, ਸੰਭਲੋ! ਪੰਥਕ ਸਿਆਸਤ ਨੂੰ ਰਾਹੇ ਪਾਓ...?
-: ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
93161-76519

ਸਤਿਗੁਰ ਨੇ ਜਿਸ ਦਿਨ ਤੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਭੀੜਾਂ ਤਾਂ ਉਸ ਦਿਨ ਤੋਂ ਹੀ ਇਸਦੀਆਂ ਸਮਕਾਲੀ ਰਹੀਆਂ ਹਨ। ਸਮੇਂ-ਸਮੇਂ ਸਿੱਖਾਂ ਨੇ ਕਈ ਵਾਰ ਗੁਰੂ ਤੋਂ ਬੇ-ਵਾਗੇ ਹੋ ਕੇ ਭੀੜ ਦੇ ਮਗਰ ਉਡਦੀ ਧੂੜ ਵਿਚ ਭੱਜਣ ਦਾ ਯਤਨ ਕੀਤਾ ਹੈ। ਲੇਕਿਨ ਸਿਰ 'ਚ ਸੁਆਹ ਪਵਾ ਕੇ ਮੁੜ੍ਹ ਫਿਰ ਗੁਰੂ ਦੀ ਸ਼ਰਨ ਵਿਚ ਹੀ ਆਉਣਾ ਪਿਆ। ਪਰ ਇਸ ਭੱਜ-ਦੌੜ ਵਿਚ ਜੋ ਪੰਥ ਦਾ ਨੁਕਸਾਨ ਹੁੰਦਾ ਹੈ। ਫਿਰ ਉਸਦੀ ਭਰਪਾਈ ਕਰਨ ਲਈ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਕਈ ਵਾਰ ਇਹ ਕੀਮਤ ਸ਼ਹਾਦਤਾਂ ਦੇ ਪੱਲੜੇ ਵਿਚ ਤੁਲ ਕੇ ਅਦਾ ਕਰਨੀ ਪੈਂਦੀ ਹੈ।

ਗੁਰੂ ਸਾਹਿਬ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ, ਜਿਸ ਸਮੇਂ ਗੜ੍ਹੀ ਗੁਰਦਾਸ ਨੰਗਲ ਨੂੰ ਘੇਰਾ ਪਿਆ ਹੋਇਆ ਸੀ, ਸਿੱਖ ਦੁਚਿੱਤੀ ਵਿਚ ਸਨ। ਬਾਬਾ ਬੰਦਾ ਸਿੰਘ ਬਹਾਦਰ ਚਾਹੁੰਦੇ ਸਨ ਕਿ ਹੁਣ ਆਰ-ਪਾਰ ਦੀ ਲੜਾਈ ਲੜ ਕੇ ਮੁਗਲ ਰਾਜ ਦਾ ਸਦਾ ਲਈ ਫ਼ਸਤਾ ਵੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਬੜੇ ਮਜ਼ਬੂਤ ਅਕੀਦੇ ਨਾਲ ਸਿੱਖ ਭਰਾਵਾਂ ਨੂੰ ਸੱਦਾ ਵੀ ਦਿੱਤਾ ਤੇ ਉਨ੍ਹਾਂ ਨਾਲ ਮਿਲਣੀ ਕਰਕੇ ਉਨ੍ਹਾਂ ਨੂੰ ਵੰਗਾਰ ਕੇ ਪੰਥ ਦਾ ਵਾਸਤਾ ਵੀ ਪਾਇਆ ਕਿ ਆਹ ਇਕ ਲੜਾਈ ਲੜ ਲਵੋ, ਫਿਰ ਕਦੇ ਮੇਰੀ ਕੌਮ ਨੂੰ ਲੜਾਈ ਨਹੀਂ ਲੜਨੀ ਪਵੇਗੀ। ਪਰ ਕੁਝ ਕਮਜ਼ੋਰ ਜੁੱਸੇ ਵਾਲੇ ਅਤੇ ਐਸ਼-ਪ੍ਰਸਤੀ ਦਾ ਜੀਵਨ ਜਿਉਣ ਕਰਕੇ ਮਾਨਸਿਕ ਪੱਖੋਂ ਪਤਲੇ ਪੈ ਚੁੱਕੇ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਦਲੀਲ ਨੂੰ ਰੱਦ ਹੀ ਨਾ ਕੀਤਾ ਸਗੋਂ ਬਾਬਾ ਜੀ ਨੂੰ ਸੁਝਾਅ ਦਿੱਤੇ ਕਿ ਤੁਸੀਂ ਇਹ ਧਰਮ ਯੁੱਧ ਛੱਡ ਕੇ ਸਰਕਾਰ ਨਾਲ ਸਮਝੌਤਾ ਕਰ ਲਵੋ ਅਤੇ ਬੇ-ਆਰਾਮੀ ਦੀ ਜ਼ਿੰਦਗੀ ਨਾਲੋਂ ਬਾਦਸ਼ਾਹਾਂ ਵਰਗੀ ਜ਼ਿੰਦਗੀ ਜਿਉਣ ਦੀ ਆਦਤ ਪਾਓ।

ਇਤਿਹਾਸਕਾਰਾਂ ਨੇ ਇਥੋਂ ਤੱਕ ਵੀ ਜ਼ਿਕਰ ਕੀਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਅਕੀਦੇ ਨੂੰ ਤੋੜਨ ਲਈ, ਜਿੱਥੇ ਉਨ੍ਹਾਂ 'ਤੇ ਵਿਆਹ ਕਰਵਾਉਣ, ਬੰਦਈ ਖਾਲਸਾ ਬਣਾਉਣ ਅਤੇ ਗੁਰੂ ਬਣ ਬੈਠਣ ਵਰਗੇ ਦੋਸ਼ ਲਾਏ, ਉਥੇ ਮਾਤਾ ਸੁੰਦਰੀ ਜੀ ਤੋਂ ਇਕ ਪੱਤਰ ਵੀ ਲਿਖਵਾ ਦਿੱਤਾ ਕਿ ਤੁਸੀਂ ਲੜਾਈਆਂ-ਭਿੜਾਈਆਂ ਬੰਦ ਕਰਕੇ ਹਕੂਮਤ ਦੀ ਸ਼ਰਨ ਵਿਚ ਆ ਕੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰੋ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਆਖ਼ਰੀ ਸਵਾਸ ਤੱਕ ਗੁਰੂ ਨਾਲ ਨਿਭਾ ਗਿਆ ਅਤੇ ਮਰਦਾਂ ਵਾਲੀ ਮੌਤ, ਜਿਸਨੂੰ ਇਤਿਹਾਸ ਇਕ ਲਾਸਾਨੀ ਸ਼ਹਾਦਤ ਵਜੋਂ ਯਾਦ ਕਰਦਾ ਹੈ, ਨੂੰ ਪ੍ਰਣਾ ਗਿਆ।

ਇਸਤੋਂ ਬਾਅਦ ਵੀ ਅਨੇਕਾਂ ਵਾਰ ਜਿਥੇ ਸਿੱਖ ਦ੍ਰਿੜ੍ਹ ਇਰਾਦਿਆਂ ਨਾਲ ਪੰਥ ਦੀਆਂ ਦੁਸ਼ਵਾਰੀਆਂ ਨੂੰ ਵੰਗਾਰਦੇ ਰਹੇ, ਉਥੇ ਕਈ ਵਾਰ ਦੁਚਿੱਤੀ-ਵੱਸ ਨੁਕਸਾਨ ਵੀ ਕਰਵਾਉਂਦੇ ਰਹੇ। ਲੇਕਿਨ ਥੋੜ•ੇ ਸਮੇਂ ਬਾਅਦ ਫਿਰ ਸੰਭਲ ਕੇ ਗੁਰੂ ਦੇ ਸਨਮੁਖ ਹੋ ਕੇ ਮਜ਼ਬੂਤ ਇਰਾਦੇ ਨਾਲ ਇਤਿਹਾਸ ਨੂੰ ਆਪਣੇ ਖ਼ੂਨ ਦਾ ਸੂਹਾ ਰੰਗ ਦੇ ਕੇ ਇਕ ਵਾਰ ਫਿਰ ਸੁਰਖੀਆਂ ਵਿਚ ਲਿਆ ਦਿੰਦੇ ਰਹੇ। ਹਿੰਦੁਸਤਾਨ ਦੀ ਆਜ਼ਾਦੀ ਸਮੇਂ ਵੀ ਸਿੱਖ ਦੁਬਿਧਾ ਵਿਚ ਹੀ ਰਹੇ ਕਿ ਸਾਨੂੰ ਆਪਣਾ ਵੱਖਰਾ ਮੁਲਕ ਲੈਣਾ ਚਾਹੀਦਾ ਹੈ ਜਾਂ ਹਿੰਦ-ਪਾਕਿ ਵਿਚੋਂ ਕਿਸੇ ਇਕ ਨਾਲ ਰਲ ਕੇ ਰਹਿਣਾ ਚਾਹੀਦਾ ਹੈ। ਇਸ ਦੁਬਿਧਾ ਨੂੰ ਸਮਝਦਿਆਂ ਸਮੇਂ ਦੀ ਸ਼ਾਤਰ ਲੀਡਰਸ਼ਿਪ ਨੇ ਸਿੱਖ ਆਗੂਆਂ ਦੀ ਕਮਜ਼ੋਰ ਮਾਨਸਿਕਤਾ ਨੂੰ ਕਾਬੂ ਕਰਕੇ ਆਜ਼ਾਦ ਮੁਲਕ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਪਰ ਜਦੋਂ ਸਿੱਖ ਆਜ਼ਾਦੀ ਨੂੰ ਆਪਣੇ ਪੈਰਾਂ ਦੀਆਂ ਬੇੜੀਆਂ ਵਜੋਂ ਮਹਿਸੂਸ ਕਰਨ ਲੱਗੇ ਤਾਂ ਫਿਰ ਕਈ ਤਰ੍ਹਾਂ ਦੇ ਸੰਘਰਸ਼ ਲੜੇ। ਬੇਸ਼ੱਕ ਪੰਜਾਬੀ ਸੂਬੇ ਦਾ ਮੋਰਚਾ ਸੀ ਜਾਂ ਆਨੰਦਪੁਰ ਦੇ ਮਤੇ ਨੂੰ ਲੈ ਕੇ ਧਰਮ ਯੁੱਧ ਮੋਰਚਾ ਸੀ। ਸਿੱਖਾਂ ਨੇ ਭਾਵੇਂ ਮੋਰਚਾ ਆਪਣੀ ਬਿਹਤਰੀ ਲਈ ਲਾਇਆ ਪਰ ਸਰਬੱਤ ਦੇ ਭਲੇ ਨੂੰ ਤਿਲਾਂਜਲੀ ਨਹੀਂ ਦਿੱਤੀ। ਆਨੰਦਪੁਰ ਸਾਹਿਬ ਦੇ ਮਤੇ ਵਿਚ ਵੀ ਸਿਰਫ਼ ਆਪਣੇ ਲਈ ਵੱਧ ਅਧਿਕਾਰ ਨਹੀਂ ਮੰਗੇ, ਸਗੋਂ ਸਾਰੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਮੰਗ ਕੀਤੀ। ਸਮੇਂ ਦੀ ਹਕੂਮਤ ਨੇ ਸਾਨੂੰ ਬਦਨਾਮ ਕਰਨ ਲਈ ਬੜੇ ਨਾਮ ਦਿੱਤੇ, ਕਦੇ ਅੱਤਵਾਦੀ, ਵੱਖਵਾਦੀ, ਉਗਰਵਾਦੀ ਜਾਂ ਦੇਸ਼-ਧ੍ਰੋਹੀ ਵਰਗੇ ਅਲੰਕਾਰਾਂ ਨਾਲ ਸੰਬੋਧਨ ਕਰਕੇ ਸਾਨੂੰ ਦੁਨੀਆਂ ਸਾਹਮਣੇ ਇਕ ਜੰਗਲੀ ਕੌਮ ਵਜੋਂ ਪੇਸ਼ ਕਰਦਿਆਂ ਫਿਰ ਸਾਡੇ 'ਤੇ ਫੌਜੀ ਹਮਲਾ ਕਰ ਦਿੱਤਾ। ਇਥੇ ਇਹ ਗੱਲ ਬੜੀ ਸਪੱਸ਼ਟ ਹੈ ਕਿ ਸ੍ਰੀ ਦਰਬਾਰ ਸਾਹਿਬ ਦਾ ਫੌਜੀ ਹਮਲਾ ਜਿਥੇ ਹਕੂਮਤ ਦੀ ਬਦਨੀਤੀ ਸੀ, ਉਥੇ ਸਿੱਖ ਲੀਡਰਾਂ ਦੀ ਦੁਬਿਧਾ, ਦੁਚਿੱਤੀ ਅਤੇ ਆਪਸੀ ਫੁੱਟ ਵੀ ਜ਼ਿੰਮੇਵਾਰ ਬਣਦੀ ਹੈ।

ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਸੰਤ ਬਾਬਾ ਜਰਨੈਲ ਸਿੰਘ ਜੀ ਵਰਗੇ ਮਹਾਨ ਆਗੂਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਨੌਜਵਾਨ ਪੁੱਤਾਂ ਦੀਆਂ ਸ਼ਹਾਦਤਾਂ ਦੇ ਕੇ ਅਸੀਂ ਉਨ੍ਹਾਂ ਦੇ ਖ਼ੂਨ ਦਾ ਮੁੱਲ ਵੀ ਨਹੀਂ ਪਵਾ ਸਕੇ। ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਅਜੋਕੀਆਂ ਰਾਜਨੀਤਕ ਪਾਰਟੀਆਂ ਭਾਵੇਂ ਉਹ ਅਕਾਲੀ ਦਲ ਜਾਂ ਕੋਈ ਹੋਰ ਦੇਸ਼-ਵਿਆਪੀ ਪਾਰਟੀ ਹੋਵੇ ਪਰ ਸਿੱਖਾਂ ਦੇ ਮੁੱਦੇ ਜਾਂ ਪੰਜਾਬ ਦੇ ਮਸਲੇ ਕਿਤੇ ਨੇੜੇ ਵੀ ਨਹੀਂ ਹਨ।

ਅੱਜ ਪੰਜਾਬ ਵਿਚ ਹਕੂਮਤੀ ਅਕਾਲੀ ਦਲ ਬਾਦਲ ਦਲੀਆਂ ਨੂੰ ਬੜੀ ਨਮੋਸ਼ੀ ਵਾਲੀ ਹਾਰ ਅਤੇ ਜੇ ਕਿਤੇ ਜਿੱਤ ਵੀ ਹੋਈ ਤਾਂ ਨਿਗੂਣੀ ਜਿੱਤ ਨੇ ਆਪਣੀ ਅਸਲੀ ਥਾਂ ਦੇ ਦਰਸ਼ਨ ਕਰਵਾ ਦਿੱਤੇ ਹਨ। ਕਾਂਗਰਸ ਵੀ ਆਪਣੀ ਫੁੱਟ ਕਰਕੇ ਤੀਲਾ-ਤੀਲਾ ਹੋ ਚੁੱਕੀ ਹੈ। ਇਸ ਵਿਚੋਂ 'ਆਮ ਆਦਮੀ ਪਾਰਟੀ' ਪਹਿਲੀ ਵਾਰ ਪੰਜਾਬ ਦੀਆਂ ਚਾਰ ਸੀਟਾਂ ਜਿੱਤ ਕੇ ਇਕ ਨਵਾਂ ਇਤਿਹਾਸ ਬਣਾ ਗਈ ਹੈ। ਜਿਹੜੇ ਵੀਰ 'ਆਮ ਆਦਮੀ ਪਾਰਟੀ' ਤੋਂ ਜਿੱਤੇ ਹਨ, ਉਨ੍ਹਾਂ ਨੂੰ ਜਿੱਤ ਮੁਬਾਰਕ ਹੋਵੇ । ਪਰ ਅਸੀਂ ਕਿਸ ਗੱਲ 'ਤੇ ਛਾਲਾਂ ਮਾਰ ਰਹੇ ਹਾਂ? ਇਹ ਸਾਡੀ ਬਦਕਿਸਮਤੀ ਹੈ ਕਿ ਅੱਜ ਇਕ ਬਹੁ-ਗਿਣਤੀ ਨੇ ਆਪਣਾ ਅਸਲੀ ਰੂਪ ਵਿਖਾ ਦਿੱਤਾ ਹੈ। ਹਿੰਦੁਸਤਾਨ ਦੇ ਤਖ਼ਤ 'ਤੇ ਪੂਰੇ ਜ਼ੋਰ ਨਾਲ ਆਪਣੀ ਸੱਤਾ ਚਲਾਉਣ ਲਈ ਰਾਹ ਪੱਧਰਾ ਕਰ ਲਿਆ। ਭਵਿੱਖ ਵਿਚ ਘੱਟ ਗਿਣਤੀਆਂ ਨੂੰ ਕੁੱਟਣ ਦੇ ਮਨਸੂਬੇ ਘੜੇ ਜਾਣੇ ਹਨ। ਪਰ ਇਥੇ ਸਾਨੂੰ ਗਿਣਤੀਆਂ-ਮਿਣਤੀਆਂ ਤੋਂ ਜਾਂ ਹਕੂਮਤ ਦੇ ਤੇਵਰਾਂ ਤੋਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਸਤੋਂ ਵੀ ਵੱਡੀਆਂ ਹਕੂਮਤਾਂ ਬਾਬਰ, ਜਹਾਂਗੀਰ, ਔਰੰਗਜ਼ੇਬ, ਅਬਦਾਲੀ ਆਦਿ ਦੀਆਂ ਸਨ ਅਤੇ ਸੁਲਹੀ ਖ਼ਾਂ, ਮੀਰ ਮਨੂੰ, ਫ਼ਰਖ਼ਸ਼ੀਅਰ, ਜ਼ਕਰੀਆ ਖਾਂ, ਮੱਸਾ ਰੰਗੜ, ਵਜ਼ੀਦਾ ਖਾਂ, ਇਥੋਂ ਤੱਕ ਕਿ ਇੰਦਰਾ ਗਾਂਧੀ ਵਰਗੇ ਜ਼ਾਲਮ ਵੀ ਸਿੱਖਾਂ ਦੇ ਸਬਰ ਨੂੰ ਕਿੰਨੀ ਵਾਰ ਅਜ਼ਮਾ ਚੁੱਕੇ ਹਨ। ਜਸਪਤ, ਲਖਪਤ ਵਰਗਿਆਂ ਤੋਂ ਕਮੀਨੇ ਫੌਜਦਾਰ ਅੱਜ ਦੇ ਸਮੇਂ ਨਹੀਂ ਹੋ ਸਕਦੇ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਅਕਾਲੀ ਫੂਲਾ ਸਿੰਘ, ਸ. ਸ਼ਾਮ ਸਿੰਘ ਅਟਾਰੀ, ਸ. ਹਰੀ ਸਿੰਘ ਨਲੂਆ, ਭਾਈ ਲਛਮਣ ਸਿੰਘ ਧਾਰੋਕੀ ਅਤੇ ਅਜੋਕੇ ਸਮੇਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅਸੀਂ ਵਾਰਿਸ ਹਾਂ। ਸਾਨੂੰ ਹਕੂਮਤ ਦੇ ਜਬਰ ਤੋਂ ਭੈਅ-ਭੀਤ ਹੋ ਕੇ ਆਪਣੇ ਘਰੋਂ ਭੱਜਣ ਦੀ ਲੋੜ ਨਹੀਂ।

ਪੰਜਾਬ ਵਿਚ ਚਾਰ ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਜਿਸ ਜਵਾਨੀ ਨੇ ਪੂਰਾ ਤਾਣ ਲਾਇਆ ਹੈ ਅਤੇ ਉਹ ਲੋਕ ਜਿਹੜੇ ਸਰਕਾਰ ਦੀਆਂ ਨੀਤੀਆਂ ਨੂੰ ਸਮਝਦੇ ਹੋਏ ਦੁਖੀ ਸਨ, ਉਨ੍ਹਾਂ ਨੇ ਪਲਟਾ ਦਿੱਤਾ ਹੈ। ਪਰ ਇਕ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕਦੇ ਵੀ ਸ਼ਰੀਕ ਨੂੰ ਮਾਰਨ ਲੱਗਿਆਂ ਆਪਣੇ ਘਰ ਦੀ ਛੱਤ ਉਹਦੇ ਉੱਤੇ ਨਹੀਂ ਸੁੱਟੀਦੀ। ਸਾਡੇ ਸਾਹਮਣੇ ਇਕ ਸਵਾਲ ਮੂੰਹ ਅੱਡੀ ਖੜ੍ਹਾ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਜਿੱਤ ਸਾਡੇ ਮੁੱਦਿਆਂ ਦੀ ਜਿੱਤ ਹੈ ਜਾਂ ਸਾਡੇ ਮੁਫ਼ਾਦਾਂ 'ਤੇ ਫ਼ਤਹਿ ਆਖੀ ਜਾ ਸਕੇਗੀ?...ਕਦੇ ਵੀ ਨਹੀਂ।

ਅਸੀਂ ਕਿੱਧਰ ਨੂੰ ਹੋ ਤੁਰੇ ਹਾਂ? ਪੰਥਕ ਸਿਆਸਤ ਤਾਂ ਪਹਿਲਾਂ ਹੀ ਲੀਹੋਂ ਲੱਥੀ ਪਈ ਹੈ। ਸਿਰਫ਼ ਬਾਦਲੀਏ ਨਹੀਂ, ਬਾਕੀਆਂ ਦੀ ਹੈਂਕੜ ਵੀ ਇਸ ਵਿਚ ਬਰਾਬਰ ਜ਼ਿੰਮੇਵਾਰ ਹੈ। ਕਿਸੇ ਨੇ ਤਾਂ ਸਾਡੇ ਪੰਥਕ ਸਿਆਸੀ ਘਰ ਨੂੰ ਅੱਗ ਲਾਉਣ ਲਈ ਸਹਿਮਤੀ ਭਰੀ ਏ? ਕੋਈ ਬੈਠਾ ਸੜਦੇ ਘਰ ਨੂੰ ਤਮਾਸ਼ਬੀਨ ਬਣ ਕੇ ਵੇਖੀ ਜਾ ਰਿਹਾ ਹੈ। ਕਿਸੇ ਨੇ ਸੜਦੇ ਘਰ ਨੂੰ ਪਿੱਠ ਦੇ ਕੇ ਘਰ ਛੱਡਣ ਦਾ ਮਨ ਬਣਾ ਲਿਆ ਹੈ, ਕਿ ਇਕ ਨਵਾਂ ਘਰ ਬਣਾਵਾਂਗੇ। ਜਿਵੇਂ ਅੱਜ ਪੰਥਕ ਪਾਰਟੀ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਦੇ ਕਿਰਾਏ ਦੇ ਘਰ ਵਿਚ ਬੈਠਣ ਨੂੰ ਕਾਹਲੇ ਹੋਏ ਪਏ ਹਾਂ। ਸਾਨੂੰ ਅਹਿਸਾਸ ਹੀ ਨਹੀਂ ਕਿ ਸਾਡੇ ਪੰਥਕ ਘਰ ਦੀ ਹਰ ਇੱਟ 'ਤੇ ਸਾਡੇ ਵਡੇਰਿਆਂ ਦੇ ਆਪਣੇ ਖ਼ੂਨ ਅਤੇ ਮਿੰਝ ਦਾ ਗਾਰਾ ਲਾ ਕੇ ਚਿਣਾਈ ਕੀਤੀ ਹੋਈ ਹੈ। ਇਸ ਘਰ ਦੀਆਂ ਚੁਗਾਠਾਂ ਸਾਡੇ ਵਡੇਰਿਆਂ ਦੇ ਤਨ ਚੀਰ ਕੇ ਉਨ੍ਹਾਂ ਦੇ ਹੱਡਾਂ ਤੋਂ ਬਣੀਆਂ ਹੋਈਆਂ ਹਨ, ਲੇਕਿਨ ਅਸੀਂ ਝੱਟਪਟ ਫੈਸਲਾ ਕਰ ਲਿਆ ਹੈ ਕਿ ਇਹ ਘਰ ਸੜਦਾ ਹੈ ਤਾਂ ਸੜ ਜਾਣ ਦਿਓ, ਅਸੀਂ ਬਿਗਾਨੀ ਛੱਤ ਥੱਲੇ ਰਫ਼ਿਊਜ਼ੀ ਬਣ ਕੇ ਪਨਾਹ ਲੈਣ ਨੂੰ ਕਾਹਲੇ ਹੋਏ ਫਿਰਦੇ ਹਾਂ। ਕਿਉਂ ਹੌਸਲਾ ਹਾਰ ਗਏ ਹਾਂ? ਸਾਡਾ ਖ਼ੂਨ ਏਨਾ ਸਰਦ ਕਿਉਂ ਹੋ ਗਿਆ ਹੈ? ਕੀ ਸਾਡੇ ਅੰਦਰ ਕਲਗੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਦਲੇਰੀ ਅੱਜ ਗਾਇਬ ਹੋ ਚੁੱਕੀ ਹੈ? ਕਿਉਂ ਨਹੀਂ ਅਸੀਂ ਬੇ-ਗਰਜੇ ਅਤੇ ਬੇ-ਅਣਖੇ ਸ਼ਰੀਕਾਂ ਨੂੰ ਆਪਣੇ ਘਰੋਂ ਕੱਢ ਕੇ ਆਪਣੇ ਬਾਪੂ ਵੱਲੋਂ ਬਣਾਏ ਵਿਰਾਸਤੀ ਘਰ ਦੀ ਸੰਭਾਲ ਲਈ ਉਪਰਾਲਾ ਕਰਦੇ? ਜਿਸ ਘਰ ਨੂੰ ਬਾਦਲਾਂ ਨੇ ਕਈ ਚੋਰ-ਮੋਰੀਆਂ ਬਣਾ ਕੇ ਵੈਰਾਨ ਕਰ ਰੱਖਿਆ ਹੈ।

ਸਾਡੇ ਕੋਲ ਅੱਜ ਵੀ ਪੰਥਕ ਹਸਤੀਆਂ ਦੀ ਘਾਟ ਨਹੀਂ। ਬਹੁਤ ਸਾਰੇ ਬੇਦਾਗ ਆਗੂ ਜਿਵੇਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਜਿਨ੍ਹਾਂ ਦੀ ਮਹਾਨ ਕੁਰਬਾਨੀ ਹੈ। ਇਸੇ ਤਰ੍ਹਾਂ ਜੋ ਲੜਾਈ ਲੜਨ ਦੀ ਸਮਰੱਥਾ ਰਖਦੇ ਹਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਸਰਬਜੋਤ ਸਿੰਘ ਬੇਦੀ, ਭਾਈ ਪੰਥਪ੍ਰੀਤ ਸਿੰਘ ਸਮੇਤ ਅਨੇਕਾਂ ਹੋਰ ਐਸੀਆਂ ਸਖ਼ਸ਼ੀਅਤਾਂ ਹਨ, ਜਿਹੜੀਆਂ ਅੱਜ ਵੀ ਕੌਮ ਦੀ ਵਿਗੜੀ ਸੰਵਾਰ ਸਕਦੀਆਂ ਹਨ।

ਨੋਟ: ਖ਼ਾਲਸਾ ਨਿਊਜ਼ ਸ. ਗੁਰਿੰਦਰਪਾਲ ਸਿੰਘ ਧਨੌਲਾ ਦੇ ਇਸ ਕਥਨ ਨਾਲ ਸਹਿਮਤ ਨਹੀਂ, ਜਿਸ ਵਿੱਚ ਉਨ੍ਹਾਂ ਨੇ ਬਲਜੀਤ ਸਿੰਘ ਦਾਦੂਵਾਲ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਦਾ ਨਾਮ ਪੰਥਕ ਹਸਤੀਆਂ ਵਿਚ ਲਿਖਿਆ ਹੈਬਾਕੀ ਵੀ ਆਪ ਜੀ ਦੇ ਲਿਖੇ ਨਾਵਾਂ 'ਚੋਂ, ਸਿਵਾਏ ਭਾਈ ਪੰਥਪ੍ਰੀਤ ਸਿੰਘ ਦੇ, ਕੋਈ ਵੀ ਇਹ ਸਮਰਥਾ ਨਹੀਂ ਰੱਖਦਾ, ਕਿ ਉਹ ਪੰਥ ਦੀ ਵਿਗੜੀ ਸੰਵਾਰ ਸਕਣ।

ਬਹੁਤ ਸਾਰੇ ਪੰਥਕ ਜਰਨੈਲ ਸਮੇਂ ਦੇ ਹਾਲਾਤਾਂ ਅਤੇ ਪੰਥਕ ਘਰ ਵਿਚ ਪੈਦਾ ਹੋਏ ਗੰਧਲੇ ਮਾਹੌਲ ਤੋਂ ਉਚਾਟ ਹੋ ਕੇ ਸ. ਸ਼ਾਮ ਸਿੰਘ ਅਟਾਰੀ ਵਾਲੇ ਵਾਂਗੂੰ ਘਰ ਬੈਠੇ ਹਨ। ਅੱਜ ਉਨ੍ਹਾਂ ਨੂੰ ਉਠਣਾ ਚਾਹੀਦਾ ਹੈ। ਜਿਸ ਏਕੇ ਨਾਲ ਸਾਰੇ ਹਿੰਦੁਸਤਾਨ ਵਿਚੋਂ ਹਾਰ ਦਾ ਮੂੰਹ ਵੇਖਣ ਵਾਲੀ ਆਮ ਆਦਮੀ ਪਾਰਟੀ ਨੂੰ ਸਿੱਖਾਂ ਅਤੇ ਪੰਜਾਬੀਆਂ ਨੇ ਪੰਜਾਬ 'ਚੋਂ ਚਾਰ ਸੀਟਾਂ 'ਤੇ ਜਿੱਤ ਦਿਵਾ ਦਿੱਤੀ ਹੈ, ਕੀ ਅਸੀਂ ਉਸੇ ਜੁੱਸੇ ਨਾਲ ਅੱਜ ਆਪਣੀ ਬਾਲ਼ ਕੇ ਨਹੀਂ ਸੇਕ ਸਕਦੇ? ਬੱਸ ਥੋੜ੍ਹੀ ਜਿਹੀ ਹਿੰਮਤ, ਦਲੇਰੀ ਅਤੇ ਇਮਾਨਦਾਰੀ ਦੀ ਲੋੜ ਹੈ। ਇਕ ਗੱਲ ਯਾਦ ਰੱਖਿਓ ਕਿ ਅੱਜ ਹਿੰਦੁਸਤਾਨ ਦਾ ਤਖ਼ਤ ਬੜਾ ਤਾਕਤਵਰ ਅਤੇ ਸ਼ਕਤੀਸ਼ਾਲੀ ਹੋ ਕੇ ਸਾਹਮਣੇ ਆਇਆ ਹੈ।

ਜਦੋਂ ਵੀ ਕੇਂਦਰੀ ਹਕੂਮਤ ਤਾਕਤਵਰ ਹੋਵੇਗੀ, ਉਦੋਂ ਘੱਟ ਗਿਣਤੀਆਂ ਅਤੇ ਸੂਬਿਆਂ ਦੀ ਸਿਆਸਤ ਨੂੰ ਮਾਰ ਹੀ ਪਵੇਗੀ। ਜਦੋਂ ਕੇਂਦਰ ਕਮਜ਼ੋਰ ਹੋਵੇਗਾ, ਉਦੋਂ ਘੱਟ ਗਿਣਤੀਆਂ ਅਤੇ ਸੂਬੇ ਉਸ ਕਮਜ਼ੋਰੀ ਦਾ ਲਾਭ ਲੈਂਦਿਆਂ ਆਪਣੀ ਗੱਲ ਮੰਨਵਾਉਣ ਵਿਚ ਕਾਮਯਾਬ ਹੋ ਸਕਦੇ ਹਨ ਅਤੇ ਇਸਦੇ ਨਾਲ ਹੀ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਅੱਜ ਜੇ ਅਸੀਂ ਆਪਣੇ ਬੱਚਿਆਂ ਨੂੰ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਰੰਗ ਦੀ ਗੁੜ੍ਹਤੀ ਦੇਵਾਂਗੇ ਤਾਂ ਫਿਰ ਉਨ੍ਹਾਂ ਤੋਂ ਪੰਥਕਪੁਣੇ ਦੀ ਆਸ ਨਾ ਰੱਖਿਓ? ਬਹੁਤ ਸਾਰੇ ਵੀਰ ਇਹ ਸਵਾਲ ਕਰਨਗੇ ਕਿ ਆਮ ਆਦਮੀ ਪਾਰਟੀ ਤੋਂ ਸਿੱਖ ਭਰਾ ਚੋਣ ਜਿੱਤੇ ਹਨ ? ਪਰ ਮੇਰਾ ਪਲਟ ਸਵਾਲ ਹੈ ਕਿ ਸ. ਮਨਮੋਹਨ ਸਿੰਘ ਤੋਂ ਲੈ ਕੇ ਰਵਨੀਤ ਬਿੱਟੂ ਤੱਕ ਵੇਖਣ ਨੂੰ ਸਾਰੇ ਹੀ ਸਿੱਖ ਹਨ। ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸ਼ੇਰ ਸਿੰਘ ਘੁਬਾਇਆ ਤੱਕ ਸਾਰੇ ਹੀ ਸਿੱਖ ਹਨ। ਨਵਜੋਤ ਸਿੱਧੂ ਤੋਂ ਲੈ ਕੇ ਅਨੇਕਾਂ ਸਿੱਖ ਬੀ.ਜੇ.ਪੀ. ਵਿਚ ਵੀ ਬੈਠੇ ਹਨ, ਪਰ ਕੀ ਇਨ੍ਹਾਂ ਵਿਚੋਂ ਕਿਸੇ ਇਕ ਨੇ ਕਦੇ ਸਿੱਖਾਂ ਦੇ ਮੁੱਦਿਆਂ ਜਾਂ ਪੰਜਾਬ ਦੇ ਮਸਲਿਆਂ ਦਾ ਮਲਵੀਂ ਜੀਭ ਨਾਲ ਵੀ ਜ਼ਿਕਰ ਕੀਤਾ ਹੈ? ਕੋਈ ਜਿੱਤੇ, ਉਸਨੂੰ ਉਸਦੀ ਜਿੱਤ ਮੁਬਾਰਕ ਹੈ।

ਪਰ ਅੱਜ ਸਮੇਂ ਦੀ ਮੁੱਖ ਲੋੜ ਪੰਥਕ ਸਿਆਸਤ ਨੂੰ ਲੀਹ 'ਤੇ ਪਾਉਣ ਦੀ ਹੈ। ਮੱਤ ਭੁਲੇਖਾ ਰੱਖੋ ਕਿ ਅਸੀਂ ਪੰਥਕ ਹੁੰਦੇ ਹੋਏ ਕਿਸੇ ਹੋਰ ਦਾ ਭਲਾ ਨਹੀਂ ਕਰ ਸਕਦੇ। ਸਾਨੂੰ ਤਾਂ ਬਾਬੇ ਨਾਨਕ ਨੇ ਗੁੜ੍ਹਤੀ ਵਜੋਂ ਹੀ ਸਰਬੱਤ ਦੇ ਭਲੇ ਦੀ ਦਾਤ ਦਿੱਤੀ ਹੈ। ਸਾਨੂੰ ਆਪਣੀ ਪਹਿਚਾਣ, ਆਪਣੀ ਪੰਥਕ ਸਿਆਸਤ ਨੂੰ ਮਜ਼ਬੂਤ ਕਰਕੇ ਲੋਕਾਂ ਵਿਚ ਪ੍ਰਕਾਸ਼ ਸਿੰਘ ਬਾਦਲ ਵਰਗੇ ਭ੍ਰਿਸ਼ਟ ਅਤੇ ਕੁਨਬਾ-ਪ੍ਰਵਰ ਆਗੂਆਂ ਵੱਲੋਂ ਬੀਤੇ ਵਿਚ ਕਈ ਖੁਨਾਮੀਆਂ ਕਰਕੇ ਖੱਟੀ ਬਦਨਾਮੀ ਅਤੇ ਕੁਝ ਪੰਥਕ ਕਹਾਉਣ ਵਾਲਿਆਂ ਵੱਲੋਂ ਸਿਆਸਤ ਵਿਚ ਅਪਣਾਏ ਅੱਖੜ ਰੁਖ਼ ਕਰਕੇ ਸਾਥੋਂ ਦੂਰ ਜਾ ਚੁੱਕੇ ਸਾਡੇ ਭਰਾਵਾਂ ਨੂੰ ਮੋੜ ਕੇ ਲਿਆਉਣ ਲਈ ਪੰਥਕ ਸਿਆਸਤ ਨੂੰ ਰਾਹ 'ਤੇ ਪਾਉਣਾ ਚਾਹੀਦਾ ਹੈ, ਜਿਸ ਨਾਲ ਅਸੀਂ ਖ਼ੁਸ਼ਹਾਲ ਹੋਵਾਂਗੇ ਤੇ ਸਾਨੂੰ ਮਾਣ ਹੋਵੇਗਾ ਕਿ ਅਸੀਂ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਤੁਰ ਰਹੇ ਹਾਂ।

ਗੁਰੂ ਰਾਖਾ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top