Share on Facebook

Main News Page

‘ਆਪ’ ਨੇ ਅਕਾਲੀ ਦਲ ਨੂੰ ਪਛਾੜਿਆ

* ਕਾਂਗਰਸ 37, ਆਪ 33 ਤੇ ਅਕਾਲੀ ਦਲ 29 ਵਿਧਾਨ ਸਭਾ ਹਲਕਿਆਂ ’ਚ ਅੱਗੇ

ਦਵਿੰਦਰ ਪਾਲ/ਟ.ਨ.ਸ.
ਚੰਡੀਗੜ੍ਹ, 17 ਮਈ
ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਵਿਧਾਨ ਸਭਾ ਹਲਕਾ ਪੱਧਰ ’ਤੇ ਕੀਤੇ ਅਧਿਐਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਸੂਬੇ ਦੇ ਸਿਆਸੀ ਦ੍ਰਿਸ਼ ’ਤੇ ਮਜ਼ਬੂਤ ਤੀਜੀ ਧਿਰ ਵਜੋਂ ਉਭਰੀ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 37 ’ਤੇ ਕਾਂਗਰਸ, 33 ’ਤੇ ‘ਆਪ’, 29 ’ਤੇ ਸ਼੍ਰੋਮਣੀ ਅਕਾਲੀ ਦਲ, 16 ’ਤੇ ਭਾਰਤੀ ਜਨਤਾ ਪਾਰਟੀ ਅਤੇ ਦੋ ’ਤੇ ਆਜ਼ਾਦ ਉਮੀਦਵਾਰ ਨੂੰ ਪਹਿਲਾ ਸਥਾਨ ਮਿਲਿਆ ਹੈ।

ਵੋਟ ਪ੍ਰਤੀਸ਼ਤਤਾ ਵਿੱਚ ਵੀ ‘ਆਪ’ ਦੀ ਕਾਰਗੁਜ਼ਾਰੀ ਸਥਾਪਤ ਪਾਰਟੀਆਂ ਲਈ ਵੱਡੀ ਚੁਣੌਤੀ ਹੈ। ਕਾਂਗਰਸ ਨੂੰ 4575879 (33.1 ਫੀਸਦੀ), ਸ਼੍ਰੋਮਣੀ ਅਕਾਲੀ ਦਲ ਨੂੰ 3636148 (26.3 ਫੀਸਦੀ), ‘ਆਪ’ ਨੂੰ 3373062 (24.4 ਫੀਸਦੀ), ਭਾਜਪਾ ਨੂੰ 1209004 (8.7 ਫੀਸਦੀ), ਆਜ਼ਾਦ ਨੂੰ 498039 (3.6 ਫੀਸਦੀ), ਬਸਪਾ ਨੂੰ 263227 (1.9 ਫੀਸਦੀ), ਨੋਟਾ 58754 (0.4 ਫੀਸਦੀ), ਭਾਰਤੀ ਕਮਿਊਨਿਸਟ ਪਾਰਟੀ ਨੂੰ 54785 (0.4 ਫੀਸਦੀ)ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ 35516 (0.3 ਫੀਸਦੀ) ਵੋਟ ਮਿਲੇ ਹਨ। ਦਿਲਚਸਪ ਤੱਥ ਇਹ ਹੈ ਕਿ ਅਕਾਲੀ-ਭਾਜਪਾ ਮੰਤਰੀਆਂ ਅਤੇ ਮੁੱਖ ਸੰਸਦੀ ਸਕੱਤਰਾਂ ਦੇ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਤੋਂ ਅਕਾਲੀ ਦਲ ਜਾਂ ‘ਆਪ’ ਦੇ ਉਮੀਦਵਾਰ ਮੋਹਰੀ ਰਹੇ।

ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਸਥਿਤੀ ਬੜੀ ਰੋਚਕ ਹੈ। ਇਸ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਹਲਕੇ ਤੋਂ ਅਰੁਣ ਜੇਤਲੀ ਜੇਤੂ ਰਹੇ ਜਦਕਿ ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਡਾ. ਨਵਜੋਤ ਕੌਰ ਸਿੱਧੂ ਅਤੇ ਬੁਲਾਰੀਆ ਦੇ ਵਿਧਾਨ ਸਭਾ ਹਲਕਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਲੀਡ ਹਾਸਲ ਕੀਤੀ।

ਦੂਸਰਾ ਚਰਚਿਤ ਹਲਕਾ ਬਠਿੰਡਾ ਹੈ। ਇਸ ਹਲਕੇ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤਿੰਨ ਹਲਕਿਆਂ ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ ਅਤੇ ਮਾਨਸਾ, ਜੋ ਕਿ ਅਕਾਲੀ ਦਲ ਦੇ ਕਬਜ਼ੇ ਹੇਠ ਹਨ, ਤੋਂ ਭਾਰੀ ਵੋਟਾਂ ਨਾਲ ਪਛੜ ਗਈ। ਬੀਬੀ ਬਾਦਲ ਨੂੰ ਕਾਂਗਰਸ ਦੇ ਕਬਜ਼ੇ ਵਾਲੇ ਸਰਦੂਲਗੜ੍ਹ ਹਲਕੇ ਤੋਂ ਵੱਡੀ ਲੀਡ ਮਿਲੀ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੇ ਹਲਕੇ ਲਹਿਰਾ ਤੋਂ ਲੀਡ ਹਾਸਲ ਕੀਤੀ ਜਦਕਿ ਉਹ ਆਪਣੇ ਪੁੱਤਰ ਦੇ ਹਲਕੇ ਸੁਨਾਮ ਸਮੇਤ 8 ਵਿਧਾਨ ਸਭਾ ਹਲਕਿਆਂ ਤੋਂ ਬੁਰੀ ਤਰ੍ਹਾਂ ਪਛੜ ਗਏ। ਵਿਨੋਦ ਖੰਨਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਅਜਿਹੇ ਸੰਸਦ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਨੇ ਆਪਣੇ ਹਲਕੇ ਵਿਚਲੇ ਸਮੁੱਚੇ ਵਿਧਾਨ ਸਭਾ ਹਲਕਿਆਂ ਤੋਂ ਲੀਡ ਹਾਸਲ ਕੀਤੀ ਹੈ।

ਜਲੰਧਰ ਲੋਕ ਸਭਾ ਹਲਕੇ ਵਿਚਲੇ ਵਿਧਾਨ ਸਭਾ ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਹਾਰ ਹੈਰਾਨੀਜਨਕ ਹੈ। ਇਸ ਜ਼ਿਲ੍ਹੇ ਦੇ ਸਾਰੇ ਹਲਕਿਆਂ ਤੋਂ ਅਕਾਲੀ-ਭਾਜਪਾ ਦੇ ਵਿਧਾਇਕ ਹਨ। ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਮੰਤਰੀ ਸਰਵਨ ਸਿੰਘ ਫਿਲੌਰ ਦੇ ਹਲਕੇ ਕਰਤਾਰਪੁਰ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਦੇ ਹਲਕੇ ਫਿਲੌਰ ਅਤੇ ਪਵਨ ਕੁਮਾਰ ਟੀਨੂੰ ਦੇ ਹਲਕੇ ਆਦਮਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ।

ਹੁਸ਼ਿਆਰਪੁਰ ਤੋਂ ਭਾਵੇਂ ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਜੇਤੂ ਰਹੇ ਪਰ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਮੁੱਖ ਸੰਸਦੀ ਸਕੱਤਰਾਂ ਬੀਬੀ ਮਹਿੰਦਰ ਕੌਰ ਜੋਸ਼ ਅਤੇ ਸੋਮ ਪ੍ਰਕਾਸ਼ ਦੇ ਹਲਕਿਆਂ ਤੋਂ ਲੀਡ ਹਾਸਲ ਕਰ ਲਈ। ਆਨੰਦਪੁਰ ਸਾਹਿਬ ਹਲਕੇ ਤੋਂ ਵੀ ਜਿੱਤ ਦਾ ਦ੍ਰਿਸ਼ ਹੈਰਾਨੀਜਨਕ ਹੈ। ਇਸ ਹਲਕੇ ਵਿਚਲੇ ਸਿਰਫ਼ ਦੋ ਵਿਧਾਨ ਸਭਾ ਹਲਕਿਆਂ ਖਰੜ ਅਤੇ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਮੋਹਰੀ ਰਹਿ ਕੇ ਲੋਕ ਸਭਾ ਵਿੱਚ ਪਹੁੰਚ ਗਏ। ਅੰਬਿਕਾ ਸੋਨੀ ਅਕਾਲੀਆਂ ਦੇ ਕਬਜ਼ੇ ਵਾਲੇ ਗੜ੍ਹਸ਼ੰਕਰ, ਬਲਾਚੌਰ ਅਤੇ ਰੋਪੜ ਤੋਂ ਅੱਗੇ ਰਹੇ ਜਦਕਿ ‘ਆਪ’ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਭਾਵੇਂ ਤੀਜੇ ਨੰਬਰ ’ਤੇ ਰਹੇ ਪਰ ਕਾਂਗਰਸ ਦੇ ਕਬਜ਼ੇ ਵਾਲੇ ਮੁਹਾਲੀ, ਬੰਗਾ, ਨਵਾਂਸ਼ਹਿਰ ਅਤੇ ਚਮਕੌਰ ਸਾਹਿਬ ਹਲਕਿਆਂ ਤੋਂ ਪਹਿਲੀ ਥਾਂ ’ਤੇ ਰਹੇ।

ਲੁਧਿਆਣਾ ਤੋਂ ਵੀ ਕੁਝ ਇਸੇ ਤਰ੍ਹਾਂ ਦੀ ਸਥਿਤੀ ਹੈ। ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਜੋ ਕਿ ਸੰਸਦ ਮੈਂਬਰ ਚੁਣੇ ਗਏ ਸਿਰਫ਼ ਸ਼ਹਿਰੀ ਹਲਕਿਆਂ ਤੋਂ ਹੀ ਲੀਡ ਹਾਸਲ ਕਰ ਸਕੇ। ‘ਆਪ’ ਦੇ ਐਚ.ਐਸ. ਫੂਲਕਾ ਨੇ ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਜਗਰਾਉਂ, ਗਿੱਲ ਅਤੇ ਦਾਖਾ ਤੋਂ ਲੀਡ ਲਈ। ਦਾਖਾ ਹਲਕੇ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਖੁਦ ਕਰਦੇ ਹਨ। ਸ੍ਰੀ ਇਯਾਲੀ ਨੂੰ ਸਮੁੱਚੇ 9 ਵਿਧਾਨ ਸਭਾ ਹਲਕਿਆਂ ਤੋਂ ਨਮੋਸ਼ੀ ਭਰੀ ਹਾਰ ਮਿਲੀ ਜਦਕਿ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੋ ਹਲਕਿਆਂ ਤੋਂ ਅੱਗੇ ਰਹੇ। ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਸਿਰਫ਼ ਸਾਹਨੇਵਾਲ ਤੋਂ ਮੋਹਰੀ ਰਹੇ। ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਕਬਜ਼ੇ ਵਾਲੀਆਂ ਸੀਟਾਂ ਅਮਲੋਹ ਅਤੇ ਖੰਨਾ ਤੋਂ ਲੀਡ ਹਾਸਲ ਕੀਤੀ ਜਦਕਿ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਨੇ ਕਾਂਗਰਸ ਤੇ ਅਕਾਲੀਆਂ ਦੇ ਕਬਜ਼ੇ ਵਾਲੇ 3-3 ਕੁੱਲ ਛੇ ਹਲਕਿਆਂ ਤੋਂ ਭਾਰੀ ਵੋਟਾਂ ਲੈ ਕੇ ਬਾਜ਼ੀ ਮਾਰ ਲਈ। ਫਰੀਦਕੋਟ ਦੀ ਸਥਿਤੀ ਵੀ ਕੁੱਝ ਇਸੇ ਤਰ੍ਹਾਂ ਦੀ ਹੈ। ਕਾਂਗਰਸ ਦੇ ਉਮੀਦਵਾਰ ਨੂੰ ਕੇਵਲ ਗਿੱਦੜਬਾਹਾ ਅਤੇ ਅਕਾਲੀ ਦਲ ਦੇ ਉਮੀਦਾਰ ਨੂੰ ਰਾਮਪੁਰਾ ਫੂਲ ਤੋਂ ਜਿੱਤ ਹਾਸਲ ਹੋਈ। ਬਾਕੀ ਸੀਟਾਂ ’ਤੇ ‘ਆਪ’ ਦੀ ਝੰਡੀ ਰਹੀ।

ਫਿਰੋਜ਼ਪੁਰ ’ਚ ਵੀ ਅਕਾਲੀ ਦਲ ਦਾ ਉਮੀਦਵਾਰ ਕਾਂਗਰਸ ਦੀਆਂ ਸੀਟਾਂ ਤੋਂ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ। ਪਟਿਆਲਾ ਸੀਟ ਵਿਚਲੇ ਵਿਧਾਨ ਸਭਾ ਹਲਕਿਆਂ ਦੀ ਸਥਿਤੀ ਵੀ ਰੌਚਕ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੀਪਇੰਦਰ ਸਿੰਘ ਢਿੱਲੋਂ ਸਿਰਫ਼ ਅਕਾਲੀ ਦਲ ਦੇ ਕਬਜ਼ੇ ਵਾਲੇ ਹਲਕਿਆਂ ਡੇਰਾ ਬਸੀ ਅਤੇ ਘਨੌਰ ਤੋਂ ਅੱਗੇ। ਕਾਂਗਰਸੀ ਉਮੀਦਵਾਰ ਪਰਨੀਤ ਕੌਰ ਰਾਜਪੁਰਾ, ਪਟਿਆਲਾ ਸ਼ਹਿਰ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਵਿਧਾਨ ਸਭਾ ਹਲਕੇ ਸਮਾਣਾ ਤੋਂ ਮੋਹਰੀ ਰਹੇ। ‘ਆਪ’ ਦੇ ਉਮੀਦਵਾਰ ਨੇ 4 ਹਲਕਿਆਂ ਤੋਂ ਜਿੱਤ ਪ੍ਰਾਪਤ ਕਰਕੇ ਦੋਹਾਂ ਨੂੰ ਚਿੱਤ ਕਰ ਦਿੱਤਾ। ਵਿਧਾਨ ਸਭਾ ਹਲਕਿਆਂ ਦੀ ਇਸ ਸਥਿਤੀ ਤੋਂ ਪੰਜਾਬ ਦੇ ਮੌਜੂਦਾ ਸਿਆਸੀ ਦ੍ਰਿਸ਼ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਖ਼ਤਰੇ ਦੀ ਘੰਟੀ ਮੰਨਣ ਲੱਗੇ ਹਨ। ਜੇਕਰ ਇਹ ਸਥਿਤੀ ਬਰਕਰਾਰ ਰਹਿੰਦੀ ਹੈ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਦਿਲਚਸਪ ਹੋਣਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top