16
ਵੀਂ ਲੋਕ ਸਭਾ ਲਈ ਚੋਣ ਨਤੀਜੇ ਪੂਰੀ ਤਰ੍ਹਾਂ ਭਗਵੇਂ ਬ੍ਰਿਗੇਡ ਦੇ ਹੱਕ ‘ਚ ਆਏ ਹਨ।
ਹਿੰਦੁਸਤਾਨ, ਹਿੰਦੂ, ਹਿੰਦੀ ਦੀ ਦੇਸ਼ ਦੇ ਬਹੁਗਿਣਤੀ ਹਿੰਦੂਆਂ ਦੇ ਮਨਾਂ ‘ਚ ਬੈਠੀ ਧਾਰਣਾ
ਇੱਕ ਵਾਰ ਖੁੱਲ੍ਹ ਕੇ ਬਾਹਰ ਆਈ ਹੈ। ਸੰਘ ਪਰਿਵਾਰ ਵਲੋਂ ਹਿੰਦੂਤਵ ਦਾ ਪ੍ਰਤੀਕ ਮੋਦੀ ਨੇ
ਜਿਹੜਾ ਪੱਤਾ ਖੇਡਿਆ ਗਿਆ ਸੀ, ਉਹ ਪੂਰੇ ਦੇ ਪੂਰੇ ਨੰਬਰ ਲੈ ਗਿਆ।
ਆਉਣ ਵਾਲੇ ਦਿਨਾਂ ‘ਚ ਇਹ ਹਿੰਦੂਤਵ ਦਾ
ਵੇਗ, ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਕਿਸ ਰੂਪ ‘ਚ ਨਜਿੱਠਦਾ ਹੈ, ਇਹ ਭਾਂਵੇਂ ਸਾਫ਼ ਹੈ,
ਪ੍ਰੰਤੂ ਇਸ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਜ਼ਿੰਮੇਵਾਰੀ ਸਿਰ ਆਉਣ ‘ਤੇ ਜੋਸ਼ ਅਤੇ ਹੋਸ਼
‘ਚ ਜਿਹੜਾ ਫਰਕ ਆ ਜਾਂਦਾ ਹੈ, ਉਹ ਭਗਵਾਂ ਬ੍ਰਿਗੇਡ ਵੀ ਜ਼ਰੂਰ ਸਮਝੇ। ਪੈਸੇ,
ਪ੍ਰਚਾਰ ਤੇ ਭਾਵਨਾਵਾਂ ਜਗਾਉਣ ਦੀ ਜੇਤੂ ਤਕਨੀਕ ਨਾਲ ਮੋਦੀ-ਮੋਦੀ ਹੋਈ ਅਤੇ ਆਖਰ ਬੇਹੱਦ
ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਸ਼ਾਨ ਨਾਲ
ਬੈਠਣ ਦੇ ਯੋਗ ਹੋਇਆ, ਹੁਣ ਉਹ ਇਸ ਕੁਰਸੀ ਦੀ ਮਹਾਨਤਾ ਤੇ ਸ਼ਾਨ ਨੂੰ ਕਿੰਨਾ ਕੁ ਬਰਕਰਾਰ
ਰੱਖਦਾ ਹੈ, ਇਹ ਸਮੇਂ ਦੇ ਗਰਭ ‘ਚ ਹੈ, ਪ੍ਰੰਤੂ ਮੋਦੀ ਦੀ ਇਸ ਲਹਿਰ ਦੇਸ਼ ਦੀਆਂ ਘੱਟ
ਗਿਣਤੀਆਂ ‘ਚ ਖੌਫ਼ ਜ਼ਰੂਰ ਪੈਦਾ ਕਰ ਦਿੱਤਾ ਹੈ। ਮੋਦੀ ਉਸ ਖੌਫ਼ ਨੂੰ ਹੋਰ ਗੂਹੜਾ ਕਰਦਾ ਹੈ
ਜਾਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆਂ ਕਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਵੀ ਅਜੇ ਸਮੇਂ
ਦੀ ਕੁੱਖ ‘ਚ ਹੈ।
ਖੈਰ! ਭਾਜਪਾ ਦੀ ਇਹ ਜਿੱਤ, ਜਿਥੇ ਕਾਂਗਰਸ ਸਰਕਾਰ ਵਲੋਂ ਮਹਿੰਗਾਈ,
ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੂੰ ਨੱਥ ਪਾਉਣ ‘ਚ ਬੁਰੀ ਤਰ੍ਹਾਂ ਫੇਲ੍ਹ ਹੋਣ ਕਾਰਣ ਹੋਈ
ਹੈ ਉਥੇ ਚੋਣਾਂ ‘ਚ ਧਨਾਢ ਧਿਰਾਂ ਦੀ ਪਕੜ ਨੂੰ ਹੋਰ ਮਜ਼ਬੂਤ ਕਰ ਗਈ ਅਤੇ ਮੀਡੀਏ ਨੂੰ ਜਿਸ
ਨੇ ਮੋਦੀ-ਮੋਦੀ ਦਾ ਰਾਗ ਅਲਾਪ ਉਸ ਨੂੰ ਅਸਮਾਨ ‘ਤੇ ਪਹੁੰਚਾਇਆ, ਉਸ ਨੂੰ ਹੋਰ ਵੀ ਸ਼ਕਤੀ
ਸ਼ਾਲੀ ਬਣਾ ਗਈ ਹੈ ਅਤੇ ਇੱਕ ਕਹਾਵਤ ਕਿ ਇੱਕ ਝੂਠ ਨੂੰ ਜੇਕਰ ਸੌ ਵਾਰ ਦੁਹਰਾਇਆ ਜਾਵੇ ਤਾਂ
ਉਹ ਸੱਚ ਵੀ ਬਣ ਸਕਦਾ ਹੈ, ਉਸ ਕਹਾਵਤ ਦੀ ਪੁਸ਼ਟੀ ਕਰ ਦਿੱਤੀ ਹੈ।
ਸਿਆਸੀ ਪੰਡਿਤਾਂ ਵਲੋਂ ਇਸ ਨੂੰ ਦੇਸ਼ ‘ਚ ਤਬਦੀਲੀ ਦੀ ਲਹਿਰ
ਦੱਸਿਆ ਜਾ ਰਿਹਾ ਹੈ, ਪ੍ਰੰਤੂ ਅਸੀਂ ਇਸ ਨੂੰ ਹਿੰਦੂਤਵ ਦੀ ਦੱਬੀ ਚਿੰਗਾਰੀ ਮੰਨ ਰਹੇ ਹਾਂ।
ਲੱਖ ਆਖਿਆ ਜਾਵੇ ਕਿ ਦੇਸ਼ ਦਾ ਵੋਟਰ ਜਾਗਰੂਕ ਹੈ, ਉਹ ਵਿਕਾਸ, ਖੁਸ਼ਹਾਲੀ ਤੇ ਅਮਨ ਚੈਨ ਤੇ
ਸਾਫ਼-ਸੁਥਰਾ ਪ੍ਰਸ਼ਾਸਨ ਚਾਹੁੰਦਾ ਹੈ, ਪ੍ਰੰਤੂ ਕੌੜਾ ਸੱਚ ਇਹ ਹੈ ਕਿ ਉਹ ਹਾਲੇ ਵੀ ਫਿਰਕੂ
ਸੋਚ ਦਾ ਸ਼ਿਕਾਰ ਹੈ ਅਤੇ ਫਿਰਕੂ ਭਾਵਨਾਵਾਂ ਦਾ ਗੁਲਾਮ ਹੈ।
ਜਿਥੋਂ ਤੱਕ ਪੰਜਾਬ ਦੇ ਚੋਣ ਨਤੀਜਿਆਂ ਦਾ ਲੇਖਾ- ਜੋਖਾ ਹੈ, ਪੰਜਾਬ
ਦੇ ਲੋਕ ਅਕਾਲੀ- ਭਾਜਪਾ ਦੇ ਰਾਜ ‘ਚ ਹੋ ਰਹੀ ਧੱਕੇਬਾਜ਼ੀ, ਬੇਇਨਸਾਫੀ, ਗੁੰਡਾਰਾਜ ਤੇ
ਮਾਫੀਏ ਦੀ ਪਕੜ ਤੋਂ ਬੁਰੀ ਤਰ੍ਹਾਂ ਦੁਖੀ ਹਨ। ਉਹ ਬਦਲ ਚਾਹੁੰਦੇ ਸਨ। ਇਸ ਕਾਰਣ ਬਿਨਾਂ
ਸਿਰ-ਪੈਰ ਵਾਲੀ ਆਪ ਪਾਰਟੀ ਨੂੰ ਡੱਟ ਕੇ ਸਾਥ ਦਿੱਤਾ, ਚਾਰ ਸੀਟਾਂ ਜਿਤਾਈਆਂ, ਕਾਂਗਰਸ
ਜਿਹੜੀ ਪੰਜਾਬ ‘ਚ ਪਹਿਲਾਂ ਹੀ ਆਕਸੀਜਨ ‘ਤੇ ਸੀ, ਉਸ ਦੇ ਕੁਝ ਵੱਡੇ ਆਗੂਆਂ ਨੂੰ ਚੋਣ
ਮੈਦਾਨ ‘ਚ ਉਤਾਰਨ ਨਾਲ, ਕੁਝ ਜਾਨ ਪਈ, ਪ੍ਰੰਤੂ ਕੁਝ ਕਾਂਗਰਸੀ ਆਗੂ ਉਸਦਾ ਲਾਹਾ ਲੈਣ ਲੈਣ
ਤੋਂ ਬੁਰੀ ਤਰ੍ਹਾਂ ਫੇਲ੍ਹ ਹੋ ਗਏ।
ਦੂਜਾ ਆਪ ਪਾਰਟੀ ਦੀ ਹਨੇਰੀ ਨੇ ਵੀ ਕਾਂਗਰਸ ਨੂੰ ਵੱਡੀ ਢਾਹ
ਮਾਰੀ, ਜਿਸ ਕਾਰਣ ਕੱਛਾਂ ਵਜਾ ਰਹੀ ਕਾਂਗਰਸ ਮਸਾਂ-ਮਸਾਂ ਤਿੰਨ ਸੀਟਾਂ ਹੀ ਜਿੱਤ
ਸਕੀ। ਪੰਜਾਬ ਦੇ ਚੋਣ ਨਤੀਜੇ ਜਿਥੇ ਬਾਦਲਾਂ ਲਈ ਵੱਡਾ ਸਬਕ ਦੇਣ ਵਾਲੇ ਹਨ, ਉਥੇ ਕਾਂਗਰਸ
ਨੂੰ ਬਹੁਤ ਕੁੱਝ ਸਿਖਾ ਗਏ ਹਨ, ਜੇ ਕਾਂਗਰਸ ਅਜੇ ਵੀ ਨਾ ਸੰਭਲੀ ਤਾਂ ਉਸਦਾ ਪੰਜਾਬ ‘ਚੋਂ
ਭੋਗ ਪੈਣਾ ਵੀ ਯਕੀਨੀ ਹੈ।
ਪੰਜਾਬ ਦੀ ਜਨਤਾ ਨੇ ਆਪਣਾ ਰੋਹ ਤੇ ਰੋਸ ਪ੍ਰਗਟਾ ਦਿੱਤਾ ਹੈ, ਜਿਹੜੀ ਪਾਰਟੀ ਸਵਾ ਕੁ ਦੋ
ਸਾਲ ਪਹਿਲਾਂ ਸ਼ਾਨਦਾਰ ਜਿੱਤ ਪ੍ਰਾਪਤ ਕਰਦੀ ਹੈ, ਉਸਦੇ ਉਸਦੇ ਉਮੀਦਵਾਰ ਕਈ ਹਲਕਿਆਂ ‘ਚ
ਤੀਜੇ ਥਾਂ ‘ਤੇ ਪਛੜ ਗਏ ਹਨ। ਬਾਦਲ ਦਲ ਇਸ ਰੋਹ ਤੇ ਰੋਸ ਨੂੰ ਕਿਵੇਂ ਲੈਦਾ ਹੈ?
ਅਰੁਣ ਜੇਤਲੀ ਦੀ ਅੰਮ੍ਰਿਤਸਰ ਤੋਂ ਕਰਾਰੀ ਹਾਰ ਅਤੇ
ਬਠਿੰਡਾ ਤੋਂ ਹਰਸਿਮਰਤ ਮਸਾਂ ਲਕੀਰਾਂ ਕੱਢ ਕੇ ਜਿੱਤਣ ਨੂੰ
ਕਿਵੇਂ ਲੈਂਦਾ ਹੈ? ਇਹ ਵੇਖਣ ਵਾਲੀ ਗੱਲ ਹੈ, ਪ੍ਰੰਤੂ ਪੰਜਾਬ ਵਾਸੀਆਂ ਨੇ ਉਸ
ਨੂੰ ਸਬਕ ਸਿੱਖ ਲੈਣ ਦੀ ਚੁਣੌਤੀ ਦਿੱਤੀ ਹੈ ਅਤੇ ਜੇ ਬਾਦਲ ਕੇ ਹਾਲੇ ਵੀ ਕੋਈ ਸਬਕ ਨਹੀਂ
ਲੈਂਦੇ ਤਾਂ 2017 ‘ਚ ਪੰਜਾਬ ਦੇ ਵਿਧਾਨ ਸਭਾ ਨਤੀਜਿਆਂ ਦੀ ਕਹਾਣੀ ਹਰ ਹੀਲੇ ਨਵੀਂ ਹੋਵੇਗੀ।
ਇਸ ਤੱਥ ਨੂੰ ਅੱਜ ਹੀ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ।
ਪੰਜਾਬ ਦੇ ਲੋਕ ਅਸਲ ਤਬਦੀਲੀ ਦਾ ਮੁੱਢ੍ਹ ਬੰਨ੍ਹ ਚੁੱਕੇ ਹਨ ਅਤੇ
ਉਹ ਤਬਦੀਲੀ ਹਰ ਹੀਲੇ ਸਿਰੇ ਚੜ੍ਹੇਗੀ। ਜਿਹੜੀਆਂ ਸਰਕਾਰਾਂ ਲੋਕਾਂ ਦੀਆਂ ਦੁੱਖ ਤਕਲੀਫਾਂ
ਦਾ ਅਹਿਸਾਸ ਕਰਨਾ ਭੁੱਲ ਜਾਂਦੀਆਂ ਹਨ ਉਹਨਾਂ ਨੂੰ ਲੋਕ ਕਿਵੇਂ ਮਾਂਜ ਦਿੰਦੇ ਹਨ, ਇਹ
ਕਾਂਗਰਸ ਦੇ ਹਸ਼ਰ ਤੋਂ ਭਲੀ-ਭਾਂਤ ਸਬਕ ਲੈਣਾ ਚਾਹੀਦਾ ਹੈ। ਇੱਕ ਪਾਸੇ ਆਮ ਆਦਮੀ ਜਾਗਿਆ,
ਉਸਨੂੰ ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਇਆ, ਉਹ ਭ੍ਰਿਸ਼ਟ ਢਾਂਚੇ ਨੂੰ ਢਾਹੁਣ ਲਈ
ਮੈਦਾਨ ‘ਚ ਨਿੱਤਰਿਆ, ਦੂਜੇ ਪਾਸੇ ਫਿਰਕੂ ਭਾਵਨਾ ਨੂੰ ਜਾਗ ਲਾ ਕੇ ਪੈਸੇ ਦੀ ਚਕਾਚੌਂਧ
ਨਾਲ ਆਮ ਆਦਮੀ ਦੀਆਂ ਅੱਖਾਂ ਖੁੱਲੀਆਂ ਅੱਖਾਂ ਚੁੰਧਿਆਈਆਂ ਗਈਆਂ ਹਨ। ਇਹ 16 ਵੀਂ ਲੋਕ ਸਭਾ
ਚੋਣਾਂ ਦੇ ਨਤੀਜਿਆਂ ਦੀ ਅਸਲ ਕਹਾਣੀ ਹੈ, ਇਸ ਕਹਾਣੀ ਦਾ ਅੰਤ ਕੀ ਹੋਵੇਗਾ …………? ਇਹ ਹਰ
ਵੋਟਰ ਆਪਣੇ ਮਨ ਨੂੰ ਇੱਕ ਵਾਰ ਜ਼ਰੂਰ ਪੁੱਛ ਲਵੇ।