Share on Facebook

Main News Page

ਬਾਦਲ ਸਰਕਾਰ ਖ਼ਿਲਾਫ਼ ਰੋਸ ਦਾ ਖਮਿਆਜ਼ਾ ਜੇਤਲੀ ਨੇ ਭੁਗਤਿਆ

ਅੰਮ੍ਰਿਤਸਰ, 16 ਮਈ - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਹਾਰ ਲਈ ਸਰਕਾਰ ਪ੍ਰਤੀ ਲੋਕਾਂ ਦਾ ਰੋਸ ਮੁੱਖ ਕਾਰਨ ਹੋ ਨਿਬੜਿਆ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਬਿਕਰਮ ਸਿੰਘ ਮਜੀਠੀਆ ਪ੍ਰਤੀ ਨਾਰਾਜ਼ਗੀ ਅਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਵੀ ਭਾਰੂ ਰਿਹਾ।

ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਲੱਖ ਦੋ ਹਜ਼ਾਰ 770 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ, ਜਿਸ ਵਿੱਚ ਵਧੇਰੇ ਬੜ੍ਹਤ ਸ਼ਹਿਰੀ ਹਲਕਿਆਂ ਵਿੱਚੋਂ ਮਿਲੀ ਹੈ ਅਤੇ ਦਿਹਾਤੀ ਹਲਕਿਆਂ ਵਿੱਚੋਂ ਮਜੀਠਾ ਅਤੇ ਰਾਜਾਸਾਂਸੀ ਨੂੰ ਛੱਡ ਕੇ ਬਾਕੀ ਦੋ ਹਲਕਿਆਂ ਅਜਨਾਲਾ ਅਤੇ ਅਟਾਰੀ ਵਿੱਚੋਂ ਵੀ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਨੂੰ ਕੁਲ 9 ਵਿਧਾਨ ਸਭਾ ਹਲਕਿਆਂ ਵਿੱਚੋਂ 7 ਹਲਕਿਆਂ ਵਿੱਚ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਨੂੰ 50 ਹਜ਼ਾਰ ਵੋਟਾਂ ਦੀ ਬੜ੍ਹਤ ਤਾਂ ਸਿਰਫ ਕੈਬਨਿਟ ਮੰਤਰੀ ਅਨਿਲ ਜੋਸ਼ੀ ਅਤੇ ਡਾ. ਨਵਜੋਤ ਕੌਰ ਸਿੱਧੂ ਦੇ ਸਿਰਫ ਦੋ ਹਲਕਿਆਂ ਵਿੱਚੋਂ ਹੀ ਪ੍ਰਾਪਤ ਹੋਈ ਹੈ। ਸ੍ਰੀ ਜੇਤਲੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਨਾਲ ਸਬੰਧਤ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਵਿਚੋਂ ਉਹ ਲਗਭਗ 18726 ਵੋਟਾਂ ਅਤੇ ਡਾ. ਨਵਜੋਤ ਕੌਰ ਸਿੱਧੂ ਨਾਲ ਸਬੰਧਤ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚੋਂ ਲਗਪਗ 32 ਹਜ਼ਾਰ 198 ਵੋਟਾਂ ਦੇ ਫਰਕ ਨਾਲ ਹਾਰੇ ਹਨ। ਇਨ੍ਹਾਂ ਚੋਣਾਂ ਵਿੱਚ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗੈਰ ਹਾਜ਼ਰ ਰਹੇ ਹਨ। ਇਸ ਵਾਰ ਉਨ੍ਹਾਂ ਨੂੰ ਭਾਜਪਾ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ, ਜਿਸ ਦਾ ਵੱਡਾ ਕਾਰਨ ਉਸ ਦੀ ਸ਼ੋ੍ਰਮਣੀ ਅਕਾਲੀ ਦਲ ਨਾਲ ਚਲ ਰਹੀ ਨਾਰਾਜ਼ਗੀ ਸੀ। ਇਸ ਲੋਕ ਸਭਾ ਹਲਕੇ ਤੋਂ ਸ੍ਰੀ ਜੇਤਲੀ ਦੇ ਨਾਂ ਦੀ ਤਜਵੀਜ਼ ਸ਼ੋ੍ਰਮਣੀ ਅਕਾਲੀ ਦਲ ਨੇ ਕੀਤੀ ਸੀ ਜਿਸ ਕਾਰਨ ਇਹ ਚੋਣ ਸ਼ੋ੍ਰਮਣੀ ਅਕਾਲੀ ਦਲ ਲਈ ਵਕਾਰ ਦਾ ਮੁੱਦਾ ਬਣ ਗਈ ਸੀ।

ਇਸ ਵਾਰ ਮਜੀਠਾ ਵਿਧਾਨ ਸਭਾ ਹਲਕੇ ਵਿਚ ਵੀ ਪਾਰਟੀ ਦੀ ਸਾਖ਼ ਨੂੰ ਢਾਹ ਲੱਗੀ ਹੈ। ਇਸ ਹਲਕੇ ਵਿੱਚੋਂ ਭਾਜਪਾ ਉਮੀਦਵਾਰ ਸਿਰਫ਼ 20 ਹਜ਼ਾਰ 651 ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ ਜਦੋਂਕਿ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਵਿਧਾਇਕ ਵਜੋਂ ਸ੍ਰੀ ਮਜੀਠੀਆ 47 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ। 2009 ਵਿਚ ਲੋਕ ਸਭਾ ਚੋਣਾਂ ਸਮੇਂ ਵੀ ਇਸ ਹਲਕੇ ਵਿੱਚੋਂ ਭਾਜਪਾ ਉਮੀਦਵਾਰ ਸ੍ਰੀ ਸਿੱਧੂ ਨੂੰ ਸਭ ਤੋਂ ਵੱਧ ਬੜ੍ਹਤ ਪ੍ਰਾਪਤ ਹੋਈ ਸੀ। ਇਸ ਵਾਰ ਬੜ੍ਹਤ ਦੇ ਘਟਣ ਨਾਲ ਸ੍ਰੀ ਮਜੀਠੀਆ ਦੀ ਘਟਦੀ ਸਾਖ ਵੀ ਸਾਹਮਣੇ ਆਈ ਹੈ।

ਸ਼ਹਿਰੀ ਹਲਕਿਆਂ ਵਿੱਚੋਂ ਭਾਜਪਾ ਉਮੀਦਵਾਰ ਦੀ ਵੱਡੀ ਹਾਰ ਹੋਈ ਹੈ। 2009 ਵਿਚ ਸ਼ਹਿਰੀ ਹਲਕਿਆਂ ਵਿੱਚੋਂ ਕਾਂਗਰਸੀ ਉਮੀਦਵਾਰ ਦੀ ਬੜ੍ਹਤ ਲਗਪਗ 40 ਹਜ਼ਾਰ ਸੀ, ਜੋ ਇਸ ਵਾਰ ਲਗਪਗ ਤਿੰਨ ਗੁਣਾ ਇਕ ਲੱਖ 25 ਹਜ਼ਾਰ ਹੋ ਗਈ ਹੈ।

ਅੰਮ੍ਰਿਤਸਰ ਪੱਛਮੀ, ਜਿੱਥੋਂ ਪਹਿਲਾਂ ਹੀ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਵਿਧਾਇਕ ਹਨ, ਉਥੋਂ ਕਾਂਗਰਸੀ ਉਮੀਦਵਾਰ ਨੂੰ ਲਗਪਗ 36,957, ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕਾ, ਜਿੱਥੋਂ ਕਾਂਗਰਸ ਦੇ ਓ.ਪੀ. ਸੋਨੀ ਵਿਧਾਇਕ ਹਨ, ਤੋਂ ਲਗਪਗ 18,996 ਵੋਟਾਂ ਤੋਂ ਜਿੱਤ ਪ੍ਰਾਪਤ ਹੋਈ ਹੈ। ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਜਿੱਥੋਂ ਅਕਾਲੀ ਆਗੂ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਹਨ, ਤੋਂ ਵੀ ਕੈਪਟਨ ਅਮਰਿੰਦਰ ਸਿੰਘ 21,897 ਵੋਟਾਂ ਤੋਂ ਜਿੱਤੇ ਹਨ। ਦਿਹਾਤੀ ਖੇਤਰ ਵਿੱਚੋਂ ਚਾਰ ਵਿਧਾਨ ਸਭਾ ਹਲਕੇ ਅਟਾਰੀ, ਅਜਨਾਲਾ, ਮਜੀਠਾ ਅਤੇ ਰਾਜਾਸਾਂਸੀ ਜਿੱਥੋਂ 2009 ਵਿੱਚ ਭਾਜਪਾ ਉਮੀਦਵਾਰ ਨੂੰ 50 ਹਜ਼ਾਰ ਤੋਂ ਵਧੇਰੇ ਬੜ੍ਹਤ ਪ੍ਰਾਪਤ ਹੋਈ ਸੀ, ਜੋ ਹੁਣ ਘਟ ਕੇ ਅੱਧੀ ਰਹਿ ਗਈ ਹੈ। ਅਟਾਰੀ ਅਤੇ ਅਜਨਾਲਾ ਹਲਕਿਆਂ ਵਿਚ ਭਾਜਪਾ ਉਮੀਦਵਾਰ ਨੂੰ ਕ੍ਰਮਵਾਰ 9940 ਅਤੇ 356 ਵੋਟਾਂ ਦੇ ਫਰਕ ਨਾਲ ਹਾਰ ਪ੍ਰਾਪਤ ਹੋਈ ਹੈ। ਮਜੀਠਾ ਵਿੱਚੋਂ 20 ਹਜ਼ਾਰ 651 ਅਤੇ ਰਾਜਾਸਾਂਸੀ ਹਲਕੇ ਵਿੱਚੋਂ 15578 ਵੋਟਾਂ ਦੀ ਬੜ੍ਹਤ ਨਾਲ ਜਿੱਤ ਪ੍ਰਾਪਤ ਹੋਈ ਹੈ। ਰਾਜਾਸਾਂਸੀ ਹਲਕੇ ਵਿੱਚ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਕਾਬਜ਼ ਹਨ, ਪਰ ਇਸ ਹਲਕੇ ਵਿੱਚੋਂ ਕਾਂਗਰਸੀ ਉਮੀਦਵਾਰ ਹਾਰ ਗਏ ਹਨ। ਅਟਾਰੀ ਤੋਂ ਅਕਾਲੀ ਆਗੂ ਗੁਲਜਾਰ ਸਿੰਘ ਰਣੀਕੇ 1997 ਤੋਂ ਲਗਾਤਾਰ ਜਿੱਤ ਪ੍ਰਾਪਤ ਕਰ ਰਹੇ ਹਨ। ਅਜਨਾਲਾ ਵਿਧਾਨ ਸਭਾ ਹਲਕੇ ਵਿਚ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦਾ ਬੇਟਾ ਅਮਰਪਾਲ ਸਿੰਘ ਬੋਨੀ ਵਿਧਾਇਕ ਹਨ।

ਮੱਕੜ ਦੀ ਸਪੀਚ ਦੀ ਆਡੀਓ 

31 ਮਾਰਚ 2014 ਨੂੰ ਮੱਕੜ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜੇਤਲੀ ਨੂੰ ਜਿਤਾਉਣ ਲਈ ਕਿਹਾ ਸੀ, ਪਰ ਲਗਦੈ, ਉਸਦੀ ਕਿਸੇ ਨੇ ਮੰਨੀ ਨਹੀਂ...

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top