ਨਾਨਕਸ਼ਾਹੀ
ਕੈਲੰਡਰ ਤੇ ਅਨੰਦ ਮੈਰਿਜ ਐਕਟ ਦਾ ਅੰਦਰਲਾ ਮਸੌਦਾ ਹਿੰਦੂ ਵਿਰਾਸਤ ਦਾ ਹਿਸਾ ਹੋਣ ਤੋਂ
ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਨ੍ਹਾਂ ਦੋਹਾਂ ਦੀ ਆਮ ਜਿਹੀ
ਵੀ ਘੋਖ ਕਰਨ ਉਪਰੰਤ ਪਤਾ ਚਲ ਜਾਂਦਾ ਹੈ, ਕਿ ਇਨ੍ਹਾਂ ਦੇ ਕੇਵਲ ਨਾਂ ਹੀ ਸਿੱਖ ਵਿਰਸੇ
ਨਾਲ ਸਬੰਧਿਤ ਰੱਖ ਕੇ ਸਿੱਖ ਜਗਤ ਨੂੰ ਗੁੰਮਰਾਹ ਕੀਤਾ ਗਿਆ ਹੈ, ਜਦਕਿ ਨਾਂ ਬਦਲ
ਦੇਣ ਨਾਲ ਇਨ੍ਹਾਂ ਦਸਤਾਵੇਜਾਂ ਦੀ ਅੰਦਰਲੀ ਅਸਲੀਅਤ ਨਹੀਂ ਬਦਲ ਜਾਂਦੀ।
ਇੱਥੇ ਇਹ ਦੱਸਣਾਂ ਜਰੂਰੀ ਹੈ ਕਿ ਨਾਨਕਸ਼ਾਹੀ ਕੈਲੰਡਰ ਅਕਾਲ ਤਖਤ ਦੀ
ਸਰਪਰੱਸਤੀ ਹੇਠ ਸ਼੍ਰੋਮਣੀ ਕਮੇਟੀ ਨੇ ਆਪ ਬਣਾਉਣਾਂ ਹੈ ਅਤੇ ਅਨੰਦ ਮੈਰਿਜ ਐਕਟ ਕੇਂਦਰ
ਸਰਕਾਰ ਕੋਲੋ ਬਣਵਾਉਣਾਂ ਹੈ। ਜੇਕਰ ਅਸੀਂ ਖੁਦ ਨਾਨਕਸ਼ਾਹੀ
ਕੈਲੰਡਰ ਦੀ ਸ਼ੁੱਧਤਾ ਨੂੰ ਹੀ ਕਾਇਮ ਨਹੀਂ ਰੱਖ ਸਕੇ, ਤਾਂ ਬਹੁ-ਗਿਣਤੀ ਦੀ ਕੇਂਦਰ ਸਰਕਾਰ
ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਅਨੰਦ ਮੈਰਿਜ ਐਕਟ ਬਣਾਂ ਦੇਵੇਗੀ, ਇਹ ਆਸ ਕਿਵੇਂ ਰੱਖੀ
ਜਾ ਸਕਦੀ ਹੈ?
ਸਾਡੇ ਸਿੱਖ ਆਗੂਆਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਤਾਂ ਹੈ, ਪਰ
ਉਹ ਫਿਰ ਵੀ ਘੇਸਲ ਵੱਟਕੇ ਸਾਰੀ ਸਚਾਈ ਨੂੰ ਸੰਗਤਾਂ ਕੋਲੋਂ ਛੁਪਾਈ ਰੱਖਦੇ ਹਨ। ਜਦ ਸਾਡੇ
ਆਗੂ ਹੀ ਸਿੱਖ ਸੰਗਤਾਂ ਨੂੰ ਆਪਣੀ ਨਾਕਾਮੀਆਂ ਨੂੰ ‘ਪ੍ਰਾਪਤੀ’ ਵਜੋਂ ਪੇਸ਼ ਕਰਨਗੇ, ਤਾਂ
ਸਿੱਖ ਸੰਗਤਾਂ ਨੂੰ ਅਸਲੀਅਤ ਦੀ ਜਾਣਕਾਰੀ ਕੌਣ ਦੇਵੇਗਾ? ਇਸ ਗਲ ਵਿਚ ਕੋਈ ਸ਼ੱਕ ਨਹੀਂ ਰਹਿ
ਗਿਆ ਕਿ ਭੋਲੀਆਂ ਭਾਲੀਆਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਕੇ ਆਪਣੇ ਮਗਰ ਲਗਾਈ ਰੱਖਣ ਦੀ
ਕਲ੍ਹਾ ਵਿਚ, ਸਾਡੇ ਰਾਜਸੀ ਤੇ ਧਾਰਮਿਕ ਸਿੱਖ ਆਗੁਆਂ ਨੂੰ ਖੂਭ ਮੁਹਾਰਤ ਹਾਸਲ ਹੈ।
ਸਿੱਖ ਆਗੂ ਆਜਾਦੀ ਪਿਛੋਂ ਸਿੱਖ ਕੌਂਮ ਦਾ ਉਹ ਰੁੱਤਬਾ ਕਾਇਮ ਰੱਖਣ
ਵਿਚ ਬੁਰੀ ਤਰ੍ਹਾਂ ਨਾਲ ਫੇਲ ਰਹੇ ਹਨ, ਜਿਹੜਾ ਰੁੱਤਬਾ ਦੇਸ਼ ਆਜਾਦੀ ਤੋਂ ਪਹਿਲਾਂ ਸਿੱਖਾਂ
ਦਾ ਹੋਇਆ ਕਰਦਾ ਸੀ। ਆਜਾਦੀ ਦੇ 66 ਸਾਲ ਬੀਤਣ ਪਿਛੋਂ ਵੀ ਆਗੂਆਂ ਦੇ ਦੋਹਰੇ ਕਿਰਦਾਰ ਕਰਕੇ
ਸਿੱਖ ਆਪਣੇ ਆਪ ਨੂੰ ਲੁੱਟੇ ਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਦਾਸ ਜੁੰਮੇਵਾਰ ਨੇਤਾਵਾਂ
ਨੂੰ ਅਪੀਲ ਕਰਦਾ ਹੈ, ਕਿ ਉਹ ਦੂਜੀਆਂ ਕੌਮਾਂ ਦੇ ਆਗੂਆਂ ਕੋਲੋਂ ਕੁਝ ਸੇਧ ਪ੍ਰਾਪਤ ਕਰਨ
ਤੇ ਘੱਟ ਤੋਂ ਘੱਟ ਇਨ੍ਹਾਂ ਦੋ ਦਸਤਾਵੇਜਾਂ ਦਾ ਹੀ ਸ਼ੁੱਧ ਸਰੂਪ ਕਾਇਮ ਕਰਨ ਕਰਾਉਣ ਲਈ
ਯਤਨਸ਼ੀਲ ਹੋਣ।