ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਐਸੇ ਨਵੇਕਲੇ
ਧਰਮ ਦੀ ਸਥਾਪਨਾ ਕਿਤੀ ਜੋ ਕਿ ਇਕ ਅਕਾਲਪੁਰੱਖ ਵਿਚ ਵਿਸ਼ਵਾਸ ਰਖਦਾ ਹੈ ਅਤੇ ਇਸ ਤੋਂ ਛੁੱਟ
ਕਿਸੇ ਵੀ ਹੋਰ ਦੇਵੀ ਦੇਵਤੇ ਨੂੰ ਨਹੀਂ ਮੰਨਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ
ਪਹਿਲਾ ਭਾਰਤ ਉੱਪ ਮਹਾਦਵੀਪ ਵਿਚ ਮੁੱਖ ਰੂਪ ਵਿੱਚ ਦੋ ਧਰਮ ਪ੍ਰਚਲਿਤ ਸਨ, ਹਿੰਦੂ ਅਤੇ
ਇਸਲਾਮ, ਪਰ ਦੋਨੋ ਹੀ ਧਰਮ ਇਕ ਅਕਾਲਪੁਰੱਖ ਦੀ ਬੰਦਗੀ ਕਰਨ ਦੀ ਥਾਵੇਂ ਕਈ ਤਰ੍ਹਾਂ ਦੇ
ਕਰਮ ਕਾਂਡਾਂ ਵਿਚ ਫਸੇ ਹੋਏ ਸਨ ਜਿਵੇਂ ਕਿ, ਪਥੱਰ ਪੂਜਾ, ਮੜੀ ਮਸਾਨੀ, ਥਾਗੇ ਤਵੀਤ,
ਜੰਤਰ ਮੰਤਰ, ਸ਼ਗਨ ਅਪਸ਼ਗਨ, ਤਿਥਾਂ ਵਾਰਾ ਦੀ ਵੀਚਾਰ, ਜਾਤ ਪਾਤ ਦਾ ਵਿਤਕਰਾ ਅਤੇ ਹੋਰ
ਅਨੇਕਾ ਤਰ੍ਹਾਂ ਦੇ ਵਹਿਮ ਭਰਮ। ਗੁਰੂ ਜੀ ਨੇ ਲੋਕਾਈ ਨੂੰ ਇਨ੍ਹਾ ਚੀਜਾਂ ਦੀ ਥਾਵੇਂ ਇਕ
ਅਕਾਲਪੁਰੱਖ ਦੇ ਲੜ ਲਾਇਆ ਅਤੇ ਉਸ ਅਕਾਲਪੁਰੱਖ ਦੀ ਇਲਾਹੀ ਬਾਣੀ ਬਖਸ਼ੀ ਜਿਸ ਬਾਰੇ ਗੁਰਬਾਣੀ
ਦਾ ਫੁਰਮਾਣ ਹੈ,
“ਸਤਿਗੁਰ
ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥” ਪੰਨਾ
308
ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਦੀਵੀਂ ਸੱਚ ਹੈ ਭਾਵ ਇਹ
ਉਹ ਗਿਆਨ ਹੈ ਜਿਹੜਾ ਕਿ ਆਉਣ ਵਾਲੀਆਂ ਕਈ ਹਜਾਰ ਜਾਂ ਕਈ ਲੱਖ ਸਦੀਆਂ ਤਕ ਹਰ ਕਿਸੇ ਤੇ ਉਸੇ
ਹੀ ਸਟੀਕਤਾ ਨਾਲ ਲਾਗੂ ਹੋਵੇਗਾ ਜਿਵੇ ਅੱਜ ਹਰ ਇਕ ਤੇ ਪੁਰੀ ਸਟੀਕਤਾ ਨਾਲ ਲਾਗੂ ਹੁੰਦਾ
ਹੈ, ਮਤਲਬ ਕਿ ਇਸ ਉਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ, ਸਮੇ ਦੇ ਬਦਲਨ ਨਾਲ ਇਸ ਦੀ
ਪ੍ਰਮਾਣਿਕਤਾ ਘੱਟ ਜਾ ਖਤਮ ਨਹੀਂ ਹਵੇਗੀ।
ਗੁਰਬਾਣੀ ਦਾ ਸਿੱਖ ਵਾਸਤੇ ਕੀ ਮਹਤੱਵ ਹੈ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ
ਸਿਧ ਗੋਸਟਿ ਵਿਚ ਦਸਿਆ ਹੈ,
“ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ
ਚੇਲਾ ॥” ਪੰਨਾ 943
ਸ਼੍ਰੀ ਗੁਰੁ ਰਾਮਦਾਸ ਜੀ ਦਾ ਫੁਰਮਾਣ ਹੈ,
“ਬਾਣੀ ਗੁਰੂ ਗੁਰੁ ਹੈ ਬਾਣੀ ਵਿਚਿ ਬਾਣੀ ਅਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥” ਪੰਨਾ 982
ਗੁਰਬਾਣੀ ਸਾਡਾ ਪਰਤੱਖ, ਹਾਜਰ ਨਾਜਰ ਗੁਰੁ ਹੈ, ਇਸ ਵਿਚ ਹੀ ਆਤਮਾ ਨੂੰ ਸੁੱਖ ਦੇਣ ਵਾਲੇ
ਸਾਰੇ ਅਮ੍ਰਿਤ ਹਨ। ਜੇ ਕੋਈ ਇਸ ਨੂੰ ਤੋਤਾ ਰਟਨ ਜਾ ਪੈਸੇ ਦੇ ਕੇ ਪਾਠ ਕਰਾਉਣ ਦੀ ਥਾਵੇਂ,
ਪ੍ਰੇਮ ਨਾਲ ਵੀਚਾਰ ਕੇ ਪੜੇ ਅਤੇ ਇਹ ਸਮਝਨ ਦੀ ਕੋਸ਼ਿਸ਼ ਕਰੇ ਕਿ ਇਸ ਵਿਚ ਕੀ ਲਿਖਿਆ ਹੋਇਆ
ਹੈ ਅਤੇ ਇਹ ਮੇਰੇ ਜਿਵਨ ਤੇ ਕਿਵੇਂ ਢੁਕਦੀ ਹੈ ਅਤੇ ਫਿਰ ਉਸ ਮੁਤਾਬਿਕ ਆਪਣਾ ਜੀਵਣ ਢਾਲੇ,
ਤਾਂ ਗੁਰਬਾਣੀ ਦਾ ਆਨੰਦ ਆਉਂਦਾ ਹੈ, ਅਤੇ ਆਤਮੱਕ ਸੁੱਖ ਪ੍ਰਾਪਤ ਹੁੰਦਾ ਹੈ, ਫੇਰ ਦੁਨਿਆਵੀ
ਸੁੱਖ ਦੁੱਖ ਕੋਈ ਮਾਇਨੇ ਨਹੀਂ ਰਖਦੇ, ਫੇਰ ਸਾਨੂੰ ਜੇ ਕੋਈ ਦੁਨਿਆਵੀ ਦੁੱਖ ਮਿਲਦਾ ਹੈ,
ਤਾਂ ਅਸੀਂ ਉਸ ਨੂੰ ਦੂਰ ਕਰਨ ਵਾਸਤੇ ਚਲੀਏ ਜਾਂ ਸੁਖਨਾ ਨਹੀਂ ਸੁਖਦੇ ਜਾਂ ਕੋਈ ਧਾਗਾ
ਤਵੀਤ ਨਹੀਂ ਕਰਵਾਉਂਦੇ ਜਾਂ ਕਿਸੇ ਅਖੌਤੀ ਬਾਬੇ ਜਾਂ ਸੰਤ ਕੋਲ ਨਹੀਂ ਜਾਂਦੇ, ਕਿਉਂਕਿ
ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਤਾ ਸੱਭ ਉਸ ਅਕਾਲਪੁਰਖ ਪਰਮਾਤਮਾਂ ਦੀ ਰਜ਼ਾ ਹੈ, ਅਤੇ ਉਸ
ਦੀ ਰਜ਼ਾ ਵਿਚ ਰਹਿਣਾ ਹੀ ਉਸ ਦਾ ਹੁਕਮ ਮਨਣਾ ਹੈ ਅਤੇ ਜਦੋਂ ਅਸੀਂ ਅਕਾਲਪੁਰੱਖ ਦਾ ਹੁਕਮ
ਮਨਦੇ ਹਾਂ, ਤਾਂ ਸਾਡੀ ਕੂੜ ਦੀ ਕੰਧ ਟੁੱਟ ਜਾਂਦੀ ਹੈ ਅਤੇ ਸਾਡੇ ਅੰਦਰ ਸਚਿਆਰ (ਗੁਰੂ,
ਗੁਰਬਾਣੀ) ਦਾ ਪ੍ਰਗਾਸ ਹੋ ਜਾਂਦਾ ਹੈ,
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥” ਪੰਨਾ 1
“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥”
ਪੰਨਾ 471
ਸੁੱਖ ਦੁੱਖ ਦੁਨਿਆਵੀ ਹਨ ਅਤੇ ਜਦੋਂ ਤੱਕ ਅਸੀਂ ਦੁਨਿਆਵੀ ਪੱਧਰ 'ਤੇ ਵਿਚਰਦੇ ਹਾਂ ਇਨ੍ਹਾ
ਦਾ ਸਾਡੇ ਤੇ ਅਸਰ ਹੁੰਦਾ ਹੈ, ਜਦੋਂ ਸਾਡੇ ਅੰਦਰ ਗੁਰਬਾਣੀ ਦੀ ਸਮੱਝ ਪੈਦਾ ਹੁੰਦੀ ਹੈ,
ਤਾਂ ਸਾਡੀ ਆਤਮਕ ਤੋਂਰ ਤੇ ਉਨਤੀ ਹੁੰਦੀ ਹੈ ਅਤੇ ਅਸੀਂ ਗੁਰੂ ਦੇ ਨੇੜੇ ਪਹੁਚਦੇ ਹਾਂ,
ਤਾਂ ਫੇਰ ਦੁਨਿਆਵੀ ਸੁੱਖ ਦੁੱਖ ਸਾਡੇ 'ਤੇ ਅਸਰ ਨਹੀਂ ਕਰਦੇ ਅਤੇ ਸਾਨੂੰ ਸਮਝ ਆ ਜਾਂਦੀ
ਹੈ ਕਿ,
“ਸੁਖੁ ਦੁਖੁ ਦੋਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥”
ਪੰਨਾ 149
“ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥”
ਪੰਨਾ 432
ਇਹ ਸਮਝ ਆ ਜਾਂਦੀ ਹੈ ਕਿ ਸੁੱਖ ਦੁੱਖ ਤਾਂ ਸਾਡੇ ਪਾਏ ਹੋਏ ਕਪੜਿਆਂ ਵਾਂਗ ਹਨ, ਜਿਵੇਂ ਅਸੀਂ
ਕਪੜੇ ਲਾਅ ਅਤੇ ਪਾਅ ਲੇਂਦੇ ਹਾਂ ਉਸੇ ਤਰ੍ਹਾਂ ਸੁੱਖ ਦੁੱਖ ਆ ਅਤੇ ਚਲੇ ਜਾਂਦੇ ਹਨ ।
ਇਨ੍ਹਾ ਨੂੰ ਅਸੀਂ ਅਕਾਲਪੁਰੱਖ ਦੀ ਆਗਿਆ, ਹੁਕਮ, ਰਜ਼ਾ ਮਨੰਦੇ ਹਾਂ ਅਤੇ ਫੇਰ ਸਾਨੂੰ ਕੋਈ
ਦੁਨਿਆਵੀ ਦੁੱਖ ਆਉਂਦਾ ਹੈ, ਤਾਂ ਅਸੀਂ ਇਨ੍ਹਾ ਦੇ ਨਿਵਾਰਨ ਵਾਸਤੇ ਕਿਸੇ ਦੂਜੀ ਜਗ੍ਹਾ ਨਹੀਂ
ਜਾਂਦੇ ਹਾਂ ।
ਗੁਰਬਾਣੀ ਵਿਚ ਜਿੱਥੇ ਵੀ ਸੁੱਖ ਦੁੱਖ ਦੀ ਗੱਲ ਕਿਤੀ ਹੈ ਉਹ ਆਤਮਕ ਸੁੱਖ ਦੁੱਖ ਦੀ ਗੱਲ
ਕਿਤੀ ਹੈ, ਅਤੇ ਜਿੱਥੇ ਦੁਨਿਆਵੀ ਸੁੱਖ ਦੁੱਖ ਦੀ ਗੱਲ ਕਿਤੀ ਹੈ ਉਥੇ ਫੁਰਮਾਨ ਹੈ,
“ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥ ਜੇ
ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥ ਪਖਾ ਫੇਰੀ ਪਾਣੀ ਢੋਵਾ ਜੋ
ਦੇਵਹਿ ਸੋ ਖਾਈ ॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥” ਪੰਨਾ 757
ਆਤਮਕ ਸੁੱਖ ਤੋਂ ਭਾਵ ਇਨਸਾਨ ਦੀ ਉਹ ਅਵਸਥਾ, ਜਦੋਂ ਉਸ ਦੇ ਮਨ ਵਿਚ ਨਾਮ, ਗੁਰਬਾਣੀ ਵੱਸ
ਜਾਂਦੀ ਹੈ, ਭਾਵ ਜਦੋਂ ਉਸ ਦੀ ਜੀਵਨ ਜਾਂਚ ਗੁਰਬਾਣੀ ਅਨੁਸਾਰ ਹੋ ਜਾਂਦੀ ਹੈ।
“ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥” ਪੰਨਾ 46
ਅਤੇ ਜਦੋਂ ਉਸ ਮਨ ਵਿਚ ਗੁਰਬਾਣੀ ਵੱਸ ਜਾਂਦੀ ਹੈ ਉਸ ਦੀਆਂ ਤ੍ਰਿਸਨਾਵਾਂ ਖਤਮ ਹੋ ਜਾਦੀਆਂ
ਹਨ, ਉਹ ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਵੀਕਾਰਾਂ ਦੇ ਵੱਸ ਵਿਚ ਨਹੀਂ
ਰਹਿੰਦਾ, ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਸੱਚ ਦੇ ਨਾਮ, ਸਤਿਨਾਮ, ਦਾ ਉਸ ਦੇ ਮਨ ਵਿਚ
ਪ੍ਰਗਾਸ਼ ਹੋ ਜਾਣ ਕਰਕੇ ਉਸ ਦਾ ਜੀਵਨ ਵੀ ਸਤਸਰੂਪ ਹੋ ਜਾਂਦਾ ਹੈ ਅਤੇ ਗੁਰਬਾਣੀ ਦੀਆਂ ਇਹ
ਪੰਕਤੀਆਂ ਉਸ ਉਪਰ ਢੁਕਦੀਆਂ ਹਨ,
“ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥” ਪੰਨਾ 468
ਆਤਮਕ ਦੁੱਖ ਤੋਂ ਭਾਵ ਇਨਸਾਨ ਦੀ ਉਹ ਅਵਸਥਾ, ਜਦੋਂ ਉਸ ਦੇ ਮਨ ਵਿਚੋਂ ਨਾਮ, ਗੁਰਬਾਣੀ
ਵਿਸਰ ਜਾਂਦੀ ਹੈ, ਭਾਵ ਜਦੋਂ ਉਸ ਦੀ ਜੀਵਨ ਜਾਚ ਗੁਰਬਾਣੀ ਅਨੁਸਾਰ ਨਹੀਂ ਰਹਿਂਦੀ ।
“ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥” ਪੰਨਾ 29
ਅਤੇ ਜਦੋਂ ਉਸ ਦੇ ਮਨ ਵਿਚੋਂ ਗੁਰਬਾਣੀ ਵਿਸਰ ਜਾਂਦੀ ਹੈ, ਉਹ ਵੀਕਾਰਾਂ ਦੇ ਵੱਸ ਵਿਚ
ਹੁੰਦਾ ਹੈ, ਉਹ ਵਹਿਮਾਂ ਭਰਮਾਂ ਵਿਚ ਫੱਸੇ ਹੋਣ ਕਰਕੇ ਡਰਪੋਕ ਮਾਨਸਿਕਤਾ ਦਾ ਹੁੰਦਾ ਹੈ,
ਉਹ ਮਾਇਆ ਵਿਚ ਗ੍ਰਸਿਆ ਹੁੰਦਾ ਹੈ, ਅਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਉਸ ਉਪਰ ਢੁਕਦੀਆਂ
ਹਨ,
“ਬਿਰਥਾ ਕਹਉ ਕਉਨ ਸਿਉ ਮਨ ਕੀ ॥ ਲੋਭਿ ਗ੍ਰਸਿਓ ਦਸ ਹੂ ਦਿਸ
ਧਾਵਤ ਆਸਾ ਲਾਗਿੳ ਧਨ ਕੀ ॥
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ ਦੁਆਰਹਿ ਦੁਆਰਿ ਸੁਆਨ ਜਿਉ
ਡੋਲਤ ਨਹ ਸੁਧ ਰਾਮ ਭਜਨ ਕੀ ॥” ਪੰਨਾ 411
ਜੇ ਅਸੀਂ ਗੁਰਬਾਣੀ ਨੂੰ ਵੀਚਾਰੀਏ ਤਾਂ ਸਮੱਝ ਅਉਂਦੀ ਹੈ ਕਿ ਇਹ ਧਾਗੇ ਤਵੀਤ, ਮੜੀ ਮਸਾਨੀ,
ਵਹਿਮ ਭਰਮ, ਦੇਵੀ ਦੇਵਤੇ, ਅਖੌਤੀ ਸੰਤ,ਬਾਬੇ ਅਦਿ ਇਹ ਸੱਭ ਸਿੱਖਾਂ ਵਾਸਤੇ ਨਹੀਂ ਹਨ ।
ਸਿੱਖ ਨੂੰ ਭਾਵੇ ਸੁੱਖ ਆਵੇ ਭਾਵੇਂ ਦੁੱਖ, ਉਹ ਅਕਾਲਪੁਰੱਖ ਦੀ ਰਜ਼ਾ ਵਿਚ
ਰਹਿੰਦਾ ਹੋਇਆ,
ਉਸ ਦਾ ਸ਼ੁਕਰਾਨਾ ਕਰਦਾ ਹੈ, ਕਿਉਂਕਿ:
“ਸੋਗ ਹਰਖ ਮਹਿ ਆਵਣ ਜਾਣਾ ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ
॥” ਪੰਨਾ 192