Share on Facebook

Main News Page

ਨਿਊਜ਼ੀਲੈਂਡ 'ਚ ਪੰਥ ਪ੍ਰਸਿੱਧ ਕਥਾਕਾਰ ਗਿਆਨੀ ਰਣਜੋਧ ਸਿੰਘ ਨੇ ਮੇਜ਼ਬਾਨਾਂ ਪ੍ਰਬੰਧਕਾਂ ਉਤੇ ਲਾਏ ਦੁਰਵਿਵਹਾਰ ਦੇ ਦੋਸ਼

- ਗੁਰਦੁਆਰਾ ਸਿੰਘ ਸਭਾ ਸ਼ਰਲੀ ਰੋਡ ਪਾਪਾਟੋਏਟੋਏ ਵਿਖੇ 20 ਅਪ੍ਰੈਲ ਤੋਂ ਕਰ ਰਹੇ ਸਨ ਕਥਾ
- ਪ੍ਰੈਸ ਅਤੇ ਇਕ ਸਿੱਖ ਸੰਸਥਾਂ ਦੇ ਆਗੂਆਂ ਨਾਲ ਹੋਈ ਮਿਲਣੀ ਦੌਰਾਨ ਕਈ ਹੋਰ ਪਰਦੇ ਖੋਲ੍ਹੇ
- ਕਬੱਡੀ ਮੈਚ ਵੇਖਣ ਅਤੇ ਆਪਣੇ ਜਾਣਕਾਰਾਂ ਨੂੰ ਮਿਲਣ ਦਾ ਖਮਿਆਜ਼ਾ ਭੁਗਤਣਾ ਪਿਆ
- ਸਿੰਘ ਸਾਹਿਬ ਨੂੰ ਸੰਗਤ ਚੋਂ ਕਿਸੇ ਨੇ ਫੋਨ ਕਰਕੇ ਕਿਹਾ ਜੇਕਰ ਪ੍ਰਬੰਧਕ ਇਕ ਪ੍ਰਚਾਰਕ ਦਾ ਆਹ ਹਾਲ ਕਰਦੇ ਹਨ, ਤਾਂ ਉਹ ਕਦੀ ਉਨ੍ਹਾਂ ਨੂੰ ਤੇ ਬੱਚਿਆਂ ਨੂੰ ਸਿੱਖ ਬਨਣ ਵਾਸਤੇ ਨਾ ਕਹਿਣ।


ਇਹ ਕਹਾਣੀ ਦਾ ਇੱਕ ਪਾਸਾ ਹੈ, ਜੇ ਸ. ਹਰਨੇਕ ਸਿੰਘ ਜੀ ਚਾਹੁਣ, ਤਾਂ ਉਹ ਆਪਣਾ ਪੱਖ ਪੇਸ਼ ਕਰ ਸਕਦੇ ਨੇ, ਖ਼ਾਲਸਾ ਨਿਊਜ਼ ਉਨ੍ਹਾਂ ਦੇ ਪੱਖ ਨੂੰ ਵੀ ਪੋਸਟ ਕਰੇਗਾਗਿਆਨੀ ਰਣਜੋਧ ਸਿੰਘ ਜੀ ਸੂਝਵਾਨ ਪ੍ਰਚਾਰਕ ਨੇ, ਉਨ੍ਹਾਂ ਨਾਲ ਇਹੋ ਜਿਹਾ ਸਲੂਕ ਵਾਜਿਬ ਨਹੀਂ। ਗਿਆਨੀ ਰਣਜੋਧ ਸਿੰਘ ਜੀ ਨੂੰ ਇਹ ਗੱਲ ਸਾਫ ਕਰ ਦਈਏ ਕਿ ਆਪ ਜੀ ਸਾਹਮਣੇ ਜਿਹੜੇ ਬੰਦੇ ਇੱਕਠੇ ਹੋਏ ਨੇ, ਉਹ ਵੀ ਕੋਈ ਸੁਹਿਰਦ ਨਹੀਂ, ਇਹ ਤਮਾਸ਼ਾ ਦੇਖ ਰਹੇ ਨੇ। ਇਹ ਸਭ ਅਖੌਤੀ ਜਥੇਦਾਰਾਂ, ਡੇਰੇਦਾਰਾਂ, ਸਾਧ ਬਾਬਿਆਂ ਦੇ ਚੇਲੇ ਹੀ ਹਨ।- ਸੰਪਾਦਕ ਖ਼ਾਲਸਾ ਨਿਊਜ਼


ਔਕਲੈਂਡ- 14 ਮਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਪਾਪਾਟੋਏਟੋਏ ਵਿਖੇ ਬੀਤੀ 20 ਅਪ੍ਰੈਲ 2014 ਤੋਂ ਗਿਆਨੀ ਰਣਜੋਧ ਸਿੰਘ (ਸਾਬਕਾ ਹੈਡ ਗ੍ਰੰਥੀ ਸ੍ਰੀ ਕੇਸ ਗੜ੍ਹ ਸਾਹਿਬ) ਕਥਾ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਆਪਣੇ ਮੇਜ਼ਬਾਨ ਪ੍ਰੰਬਧਕਾਂ ਉਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਹਨ।

ਕਹਾਣੀ ਇਉਂ ਹੈ ਕਿ ਇਸ ਕਥਾ ਦੌਰਾਨ ਹੀ ਉਨ੍ਹਾਂ ਦੀ ਪ੍ਰਬੰਧਕਾਂ ਨਾਲ ਕੁਝ ਵਿਚਾਰਾਂ ਨੂੰ ਲੈ ਕੇ ਆਪਸੀ ਸਾਂਝ ਵਿਚ ਤਰੇੜ ਪਹਿਲਾਂ ਹੀ ਆ ਚੁੱਕੀ ਸੀ। ਬੀਤੀ 11 ਮਈ ਨੂੰ ਐਤਵਾਰ ਦੇ ਦੀਵਾਨ ਬਾਅਦ ਉਹ ਆਪਣੇ ਹੀ ਪਿੰਡ ਦੇ ਵਿਅਕਤੀ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਚਲੇ ਗਏ। ਉਸ ਵਿਅਕਤੀ ਨੇ ਕਬੱਡੀ ਮੈਚਾਂ ਦੀ ਗੱਲ ਦੱਸੀ ਕਿ ਅੱਜ ਮੈਚ ਵੀ ਹਨ ਤਾਂ ਗਿਆਨੀ ਜੀ ਦੀ ਉਤਸੁਕਤਾ ਮੈਚ ਵੇਖਣ ਦੀ ਬਣ ਗਈ। ਉਹ ਉਨ੍ਹਾਂ ਦੇ ਗ੍ਰਹਿ ਵਿਖੇ ਜਲ ਪਾਣੀ ਛੱਕ ਕੇ ਮੁੰਡਿਆਂ ਅਤੇ ਕੁੜੀਆਂ ਦੇ ਹੋ ਰਹੇ ਕਬੱਡੀ ਮੈਚ ਵੇਖਣ ਚਲੇ ਗਏ।

 ਇਸ ਵੀਡੀਓ ਵਿੱਚ 36 min : 38 sec  'ਤੇ ਜਿਹੜਾ ਬੰਦਾ ਬੋਲ ਰਿਹਾ ਹੈ, ਉਸਦਾ ਨਾਮ ਹੈ ਦਲਜੀਤ ਸਿੰਘ, ਜਿਸਨੂੰ ਨਿਊਜ਼ੀਲੈਂਡ ਸਰਕਾਰ ਨੇ ਇਲੈਕਸ਼ਨਾਂ ਦੇ ਜਾਅਲੀ ਦਸਤਾਵੇਜ਼ ਕੇਸ 'ਚ  19 Feb 2014 ਨੂੰ ਪੰਜ ਮਹੀਨੇ ਦੀ ਸਜ਼ਾ ਸੁਣਾਈ ਹੈ... ਪੂਰੀ ਖਬਰ ਇਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ...

ਮੈਚਾਂ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਹੋਰ ਜਾਣਕਾਰ ਵੀ ਮਿਲੇ ਜਿਨ੍ਹਾਂ ਨੂੰ ਉਹ ਚਾਚਾ ਜੀ ਕਹਿੰਦੇ ਸਨ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਮਿਲ ਪਏ। ਉਨ੍ਹਾਂ ਦੇ ਚਾਚਾ ਜੀ ਦੇ ਖੇਤ ਅਤੇ ਗਿਆਨੀ ਜੀ ਦੇ ਜੱਦੀ ਖੇਤ ਨਾਲੋ-ਨਾਲ ਹਨ ਤੇ ਪੁਰਾਣੀ ਪਰਿਵਾਰਕ ਸਾਂਝ ਹੈ। ਉਥੇ ਮੌਜੂਦ ਪ੍ਰੰਬਧਕਾਂ ਨੇ ਗਿਆਨੀ ਰਣਜੋਧ ਸਿੰਘ ਹੋਰਾਂ ਦਾ ਸਤਿਕਾਰ ਕੀਤਾ ਅਤੇ ਕਬੱਡੀ ਦੀ ਟੀਮ ਦੇ ਨਾਲ ਜਾਣ-ਪਹਿਚਾਣ ਕਰਵਾਈ ਅਤੇ ਤਸਵੀਰਾਂ ਖਿਚਵਾਈਆਂ।

ਗਿਆਨੀ ਰਣਜੋਧ ਸਿੰਘ ਕਬੱਡੀ ਖੇਡ ਦੇ ਕਾਫੀ ਪ੍ਰੇਮੀ ਰਹੇ ਹਨ ਅਤੇ ਕਿਸੇ ਵੇਲੇ ਕਬੱਡੀ ਖੇਡਦੇ ਵੀ ਰਹੇ ਹਨ। ਗਿਆਨੀ ਜੀ ਅਨੁਸਾਰ ਇਹ ਸਾਰੀਆਂ ਗੱਲਾਂ ਗਿਆਨੀ ਰਣਜੋਧ ਸਿੰਘ ਦੇ ਮੇਜ਼ਬਾਨ ਪ੍ਰਬੰਧਕਾਂ ਨੂੰ ਚੰਗੀਆਂ ਨਾ ਲੱਗੀਆਂ, ਉਨ੍ਹਾਂ ਵਾਪਿਸੀ ਉਤੇ ਉਨ੍ਹਾਂ ਨਾਲ ਸਵਾਲ-ਜਵਾਬ ਅਤੇ ਦੁਰਵਿਵਹਾਰ ਤੱਕ ਕਰਨਾ ਸ਼ੁਰੂ ਕਰ ਦਿੱਤਾ। ਗਿਆਨੀ ਜੀ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਅਜਿਹੇ ਸਵਾਲ ਵੀ ਕੀਤੇ ਜਿਹੜਾ ਕਿ ਇਕ ਸਭਿਅਕ ਮਨੁੱਖ ਅਤੇ ਬਾਲ ਬੱਚੇਦਾਰ ਨੂੰ ਪੁੱਛਣ ਦਾ ਸੋਚ ਵੀ ਨਹੀਂ ਸਕਦਾ, ਪਰ ਉਨ੍ਹਾਂ ਇਕ ਸਿੱਖ ਪ੍ਰਚਾਰਕ ਤੋਂ ਹੀ ਅਜਿਹੇ ਸਵਾਲ ਪੁੱਛੇ। ਇਹ ਸਵਾਲ ਵਿਸ਼ਵ ਮਹਿਲਾ ਕਬੱਡੀ ਕੱਪ ਦੀਆਂ ਜੇਤੂ ਖਿਡਾਰਨਾਂ ਦੇ ਪਹਿਨੇ ਕੱਪੜਿਆਂ ਬਾਰੇ ਸਨ ਜੋ ਕਿ ਨਿਊਜ਼ੀਲੈਂਡ ਖੇਡਣ ਆਈਆਂ ਸਨ

ਜਦੋਂ ਗਿਆਨੀ ਜੀ ਨੇ ਆਪਣੀ ਸਫਾਈ ਪੂਰੀ ਨਿਧੜਕਤਾ ਦੇ ਨਾਲ ਦੇ ਦਿੱਤੀ, ਤਾਂ ਪ੍ਰਬੰਧਕਾਂ ਦੇ ਬਣਾਏ ਗਏ ਪੋਸਟਰਾਂ ਅਨੁਸਾਰ ਇਹ ਨਿਧੜਕ ਪ੍ਰਚਾਰਕ ਉਨ੍ਹਾਂ ਨੂੰ ਹੀ ਸਹਿਣਾ ਔਖਾ ਹੋ ਗਿਆ। ਗਿਆਨੀ ਜੀ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਕਮਰੇ ਵਿਚ ਚਲੇ ਜਾਓ ਅਸੀਂ ਤੁਹਾਨੂੰ ਆਪਣਾ ਫੈਸਲਾ ਦਸਦੇ ਹਾਂ। ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਫੈਸਲਾ ਸੁਣਾ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਤੁਹਾਡੀ ਕਥਾ ਬੰਦ। ਗਿਆਨੀ ਜੀ ਨੇ ਆਪਣਾ ਪੱਖ ਰੱਖ ਕੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਸੱਦਿਆ ਸੀ, ਹੁਣ ਤੁਸੀਂ ਨਹੀਂ ਕਥਾ ਕਰਵਾਉਣੀ, ਤਾਂ ਵੀ ਕੋਈ ਗੱਲ ਨਹੀਂ। ਗਿਆਨੀ ਜੀ ਨੂੰ ਕਬੱਡੀ ਮੈਚ ਵੇਖਣ ਅਤੇ ਆਪਣੇ ਜਾਣਕਾਰਾਂ ਨੂੰ ਮਿਲਣ ਦਾ ਖਮਿਆਜ਼ਾ ਗੁਰਦੁਆਰਾ ਸਾਹਿਬ ਛੱਡ ਕੇ ਚੁਕਾਉਣਾ ਪਿਆ

ਗਿਆਨੀ ਰਣਜੋਧ ਸਿੰਘ ਨੇ ਬੜੇ ਭਰੇ ਮਨ ਨਾਲ ਇਹ ਗੱਲ ਵੀ ਸਾਂਝੀ ਕੀਤੀ ਕਿ ਇਸ ਘਟਨਾ ਬਾਅਦ ਉਨ੍ਹਾਂ ਨੂੰ ਇਕ ਫੋਨ ਆਇਆ ਕਿ ਜੇਕਰ ਅੱਜ ਦੇ ਗੁਰਦੁਆਰਾ ਪ੍ਰਬੰਧਕ ਹੀ ਸਿੱਖ ਪ੍ਰਚਾਰਕ ਨਾਲ ਅਜਿਹਾ ਕਰਦੇ ਹਨ, ਤਾਂ ਉਹ ਅੱਗੇ ਤੋਂ ਉਨ੍ਹਾਂ ਨੂੰ ਅਤੇ ਬੱਚਿਆਂ ਨੂੰ ਸਿੱਖ ਬਨਣ ਵਾਸਤੇ ਨਾ ਕਹਿਣ। ਇਸ ਤੋਂ ਇਲਾਵਾ ਗਿਆਨੀ ਜੀ ਨੇ ਹੋਰ ਵੀ ਬਹੁਤ ਸਾਰੀਆਂ ਪਰਤਾਂ ਖੋਲ੍ਹੀਆਂ ਜਿਨ੍ਹਾਂ ਦੀ ਵੀਡੀਓ ਬਣਾਈ ਗਈ ਹੈ ਜੋ ਕਿ ਜਲਦੀ ਇੰਟਰਨੈਟ ਉਤੇ ਵੇਖਣ ਨੂੰ ਮਿਲੇਗੀ

ਇਸ ਮੌਕੇ ਗਿਆਨੀ ਰਣਜੋਧ ਸਿੰਘ ਦੀ ਹਮਾਇਤ ਦੇ ਵਿਚ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਇਕ ਸਿੱਖ ਪ੍ਰਚਾਰਕ ਦਾ ਸਤਿਕਾਰ ਤੇ ਹਮਾਇਤ ਕਰਦਿਆਂ ਆਪਣੇ-ਆਪਣੇ ਵਿਚਾਰ ਰੱਖੇ। ਸੁਸਾਇਟੀ ਵੱਲੋਂ ਗਿਆਨੀ ਜੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਪੰਜਾਬੀ ਮੀਡੀਆ ਵੱਲੋਂ ਕੀਤੇ ਜਾਂਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ 1991 ਤੋਂ ਨਿਊਜ਼ੀਲੈਂਡ ਆ ਰਹੇ ਹਨ ਅਤੇ ਆਪ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ, ਸਿੱਖ ਧਰਮ ਵਿਚ ਪੂਰਨ ਵਿਸ਼ਵਾਸ਼ ਰੱਖਦੇ ਹਨ।

ਗਿਆਨੀ ਜੀ ਨੇ ਭੇਦ ਖੋਲ੍ਹਦਿਆਂ ਕਿਹਾ ਕਿ ਇਸ ਵਾਰ ਜੋ ਵੀ ਮੈਂ ਕਥਾ ਕੀਤੀ ਉਸ ਉਤੇ ਪ੍ਰਬੰਧਕਾਂ ਨੇ ਪ੍ਰਤੀਕਰਮ ਕਰਦਿਆਂ ਕਈ ਵਾਰ ਕਿਹਾ ਸੀ ਕਿ ਉਹ ਪ੍ਰਬੰਧਕਾਂ ਨੂੰ ਲਾ ਲਾ ਕੇ ਸੁਣਾਂਦੇ ਹਨ। ਇਸ ਤਰ੍ਹਾਂ ਗਿਆਨੀ ਜੀ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਕਿ ਸੰਗਤ ਉਨ੍ਹਾਂ ਦੇ ਮੂੰਹੋ ਵੀਡੀਓ ਰਾਹੀਂ ਸੁਣ ਸਕਦੀ ਹੈ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੈਨੇਜਮੈਂਟ ਤੋਂ ਪ੍ਰਤੀਕਰਮ: ਇਸ ਸਬੰਧੀ ਸ. ਕੇਵਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਇਸ ਬਾਰੇ ਉਥੇ ਮੌਜੂਦ ਸ. ਹਰਨੇਕ ਸਿੰਘ ਨਾਲ ਹੀ ਗੱਲ ਕਰਨ ਬਾਰੇ ਕਿਹਾ। ਗਲਬਾਤ ਦੌਰਾਨ ਉਨ੍ਹਾਂ ਦਾ ਲਿਖਤੀ ਪ੍ਰਤੀਕਰਮ ਮੰਗਿਆ ਗਿਆ ਜੋ ਕਿ ਹੇਠਾਂ ਦਿੱਤਾ ਜਾ ਰਿਹਾ ਹੈ

''ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ, ਗਿਆਨੀ ਰਣਜੋਧ ਸਿੰਘ ਜੀ ਵਲੋਂ, 13 ਮਈ ਦਿਨ ਮੰਗਲਵਾਰ, Planet 6M , ੧੦੪.੬ 'ਤੇ, “ਨੱਚਦਾ ਪੰਜਾਬ'' ਪ੍ਰੋਗ੍ਰਾਮ ਵਿਚ, ਦਿੱਤੀ ਗਈ ਇੰਟਰਵਿਊ ਸੁਣੀ ਹੈ ਅਤੇ "ਮੀਡੀਆ ਪੰਜਾਬ'' 'ਤੇ ਲੱਗੀ ਖਬਰ ਪੜ੍ਹੀ ਹੈ, ਉਸ ਵਿਚ ਕੁਝ ਵੀ ਸਚਾਈ ਨਹੀਂ ਹੈ। ਇਸ ਸਭ ਕੁਝ ਦਾ ਜਵਾਬ, ਰੇਡੀਓ ਵਿਰਸਾ ਦੇ ਪ੍ਰੋਗ੍ਰਾਮ 'ਭਖਦੇ ਮਸਲੇ' ਵਿਚ, 18 ਮਈ, ਦਿਨ ਐਤਵਾਰ, ਸ਼ਾਮ 5.30 ਤੋਂ 8.30 ਵਜੇ ਤੱਕ ਦਿੱਤਾ ਜਾਵੇਗਾ।''


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top