Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ 'ਤੇ ਨਿਸ਼ਾਨ ਸਾਹਿਬ ਜ਼ਰੂਰੀ ਹੋਵੇ
-: ਜਸਵਿੰਦਰ ਸਿੰਘ ‘ਰੁਪਾਲ’ 98147 15796
rupaljs@gmail.com

ਮਨੁੱਖਤਾ ਦੇ ਰਹਿਬਰ, ਸਰਬ-ਸਾਂਝੀਵਾਲਤਾ ਦੇ ਪ੍ਰਤੀਕ, ਅਤੇ ਪੂਰਨ ਆਜ਼ਾਦੀ ਦੇ ਅਲੰਬਰਦਾਰ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਨੇ ਪੂਰਨ ਸਤਿਕਾਰ ਦਿੱਤਾ ਹੈ ਅਤੇ ਦੇਸ਼ ਵਿਦੇਸ਼ ਵਿੱਚ “ਪਾਤਿਸ਼ਾਹਾਂ ਦੇ ਪਾਤਿਸ਼ਾਹ” ਦੇ ਅਦਬ ਸਤਿਕਾਰ, ਸ਼ਾਨ ਲਈ ਸਿਰ ਧੜ ਦੀ ਬਾਜ਼ੀ ਲਗਾਉਣ ਤੋਂ ਵੀ ਸੰਕੋਚ ਨਹੀਂ ਕੀਤਾ। ਇਸੇ ਅਦਬ ਸਤਿਕਾਰ ਲਈ ਇੱਕ ਖਿਆਲ ਮਨ 'ਚ ਆਇਆ ਹੈ, ਜੋ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ।

ਸਾਡਾ ਵਿਚਾਰ ਹੈ ਕਿ ਜਿੱਥੇ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਹੋਵੇ ਅਤੇ ਜਿੱਥੇ ਵੀ ਗੁਰੁ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਉਥੇ ਨਿਸ਼ਾਨ ਸਾਹਿਬ ਦਾ ਝੂਲਣਾ ਜ਼ਰੂਰੀ ਹੋਵੇ। ਗੁਰਦੁਆਰਾ ਸਾਹਿਬਾਨਾਂ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਲਾਗੂ ਹੈ ਹੀ। ਬਾਕੀ ਸਾਰੀਆਂ ਬੱਚ ਗਈਆਂ ਥਾਵਾਂ, ਜਿੱਥੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਦਾਹਰਣ ਲਈ ਘਰ, ਦਫ਼ਤਰ, ਦੁਕਾਨਾਂ, ਖੁਲ੍ਹੇ ਪੰਡਾਲਾ ਆਦਿ ਜਿੱਥੇ ਕਿਸੇ ਸਮਾਗਮ ਕਾਰਨ ਸਰੂਪ ਲਿਆਂਦਾ ਜਾਂਦਾ ਹੈ, ਉਥੇ ਵੀ ਨਿਸ਼ਾਨ ਸਾਹਿਬ ਜਰੂਰ ਹੋਵੇ।

ਮੇਰੇ ਆਧੁਨਿਕ ਅਤੇ ਵਿਗਿਆਨਕ ਸੋਚ ਰੱਖਣ ਵਾਲੇ ਦੋਸਤ ਅਤੇ ਵਿਦਵਾਨ ਸ਼ਾਇਦ ਇਸ ਨੂੰ ਇੱਕ ਨਵਾਂ ਕਰਮ-ਕਾਂਡ ਆਖ ਦੇਣ, ਪਰ ਜੇ ਉਹ ਧੀਰਜ ਨਾਲ, ਦੂਰ ਅੰਦੇਸ਼ੀ ਰੱਖਦੇ ਹੋਏ, ਕੌਮੀ ਨਿਸ਼ਾਨੇ ਬਾਰੇ ਸੋਚਦੇ ਹੋਏ, ਇਕਾਗਰਤਾ ਨਾਲ ਸੋਚਣਗੇ, ਤਾਂ ਮੇਰਾ ਵਿਸ਼ਵਾਸ਼ ਹੈ ਕਿ ਉਹ ਵੀ ਮੇਰੇ ਨਾਲ ਸਹਿਮਤ ਹੋ ਸਕਦੇ ਹਨ। ਮੇਰੀ ਅਲਪ ਬੁੱਧੀ ਵਿੱਚ ਆੲ ਵਿਚਾਰ ਹੇਠਾਂ ਲਿਖ ਰਿਹਾ ਹਾਂ :-

• ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦਾ ਦੂਰੋਂ ਹੀ ਪਤਾ ਲੱਗ ਜਾਇਆ ਕਰੇਗਾ। ਉਚਾਈ ਭਾਵੇਂ ਜਿਆਦਾ ਨਾ ਹੋਵੇ, ਪਰ ਬਾਕੀ ਇਮਾਰਤਾਂ ਅਤੇ ਆਲੇ ਦੁਆਲੇ ਤੋਂ ਉਚਾ ਅਤੇ ਨਿਰਾਲਾ ਜਰੂਰ ਨਜ਼ਰ ਆਵੇਗਾ। ਜਿਨ੍ਹਾਂ ਘਰਾਂ ਵਿੱਚ ਵੱਖਰਾ ਕਮਰਾ ਦੇ ਕੇ ਪੱਕੇ ਤੌਰ 'ਤੇ ਪ੍ਰਕਾਸ਼ ਕੀਤਾ ਗਿਆ ਹੈ, ਉਥੇ ਲੱਗਿਆ ਨਿਸਾਨ ਸਾਹਿਬ, ਨੇੜੇ ਦੇ ਸਿੱਖਾਂ ਲਈ ਲਾਭਦਾਇਕ ਹੋਵੇਗਾ। ਜਿੱਥੇ ਹਰ ਦੇਖਣ ਵਾਲੇ ਲਈ ਸੰਕੇਤ ਹੋਵੇਗਾ ਕਿ ਇੱਥੇ ਜਿੱਥੇ ਗੁਰਬਾਣੀ ਦਾ ਜੀਵਨ ਸੰਦੇਸ਼ ਸੁਣਨ ਨੂੰ ਮਿਲੇਗਾ, ਉਥੇ ਇਸ ਜਗ੍ਹਾ ਤੋਂ ਲੰਗਰ ਅਤੇ ਹੋਰ ਲੋੜਾਂ ਵੀ ਪੂਰੀਆਂ ਹੋ ਸਕਦੀਆਂ ਹਨ।

• ਜਿਹੜੇ ਡੇਰੇ ਜਾਂ ਵਿਅਕਤੀ ਤੇ ਸੰਸਥਾਵਾਂ ਨਿਸ਼ਾਨ ਸਾਹਿਬ ਨੂੰ ਪ੍ਰਵਾਨ ਨਾ ਕਰਨ, ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਮਨਾਹੀ ਹੋਵੇ। ਇਸ ਨਾਲ ਪੀਰਾਂ ਦੀਆਂ ਸਮਾਧਾਂ, ਮੰਦਰਾਂ, ਡੇਰਿਆਂ ਆਦਿ ਵਲੋਂ ਆਪਣੇ ਆਪ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ 'ਤੇ ਰੋਕ ਲੱਗ ਜਾਵੇਗੀ।

• ਨਿਸ਼ਾਨ ਸਾਹਿਬ ਕਿਉਂਕਿ “ਫ਼ਤਹਿ” ਦਾ ਪ੍ਰਤੀਕ ਹੈ, “ਸ਼ਾਨ”, “ਬਾਦਸ਼ਾਹਤ” ਅਤੇ “ਪ੍ਰਭੂਸਤਾ” ਦਾ ਚਿੰਨ੍ਹ ਹੈ, ਗੁਰਬਾਣੀ ਦੇ ਸੱਚ ਦੀ ਹਮੇਸ਼ਾ ਹੀ ਜਿੱਤ ਹੋਈ ਹੈ, ਅੱਜ ਵੀ ਹੋ ਰਹੀ ਹੈ ਅਤੇ ਭਵਿੱਖ ਵਿੱਚ ਵੀ ਹੋਵੇਗੀ। ਇਸ ਲਈ ਇਸ ਵਿਸ਼ਵਾਸ਼ ਨੂੰ “ਜਿੱਤ ਦੇ ਝੰਡੇ” ਨਾਲ ਪ੍ਰਗਟ ਕਰਨਾ ਸ਼ੋਭਦਾ ਵੀ ਹੈ ਅਤੇ ਜ਼ਰੂਰੀ ਵੀ ਬਣ ਜਾਂਦਾ ਹੈ। ਨਿਆਰੇ ਪੰਥ ਅਤੇ ਕੌਮੀਅਤ ਦੇ ਸੰਕਲਪ ਦਾ ਸੰਦੇਸ਼ ਜਾਵੇਗਾ ਅਤੇ ਸਿੱਖ ਕੌਮ ਸਦਾ ਹੀ ਗ੍ਰੰਥ ਅਤੇ ਪੰਥ (ਨਿਸ਼ਾਨ ਸਾਹਿਬ ਦੀ ਅਗਵਾਈ 'ਚ) ਨੂੰ ਮੰਨਦੀ ਹੋਈ ਏਕਤਾ ਵੱਲ ਵਧਦੀ ਜਾਵੇਗੀ।

ਜਿੱਥੋਂ ਇਹ ਫ਼ੁਰਨਾ ਫੁਰਿਆ-ਪਿੱਛੇ ਜਿਹੇ ਦਿੱਲੀ ਵਿੱਚ “ਦਿੱਲੀ ਫਤਹਿ ਦਿਵਸ” ਲਾਲ-ਕਿਲੇ ਵਿੱਚ ਮਨਾਇਆ ਗਿਆ ਸੀ ਅਤੇ ਸਾਰੇ ਜੱਗ ਨੇ ਇਸ ਦਾ ਸਿੱਧਾ ਪ੍ਰਸਾਰਨ ਵੀ ਦੇਖਿਆ ਸੀ। ਇਸ ਸਮੇਂ ਕੁਝ ਕੇਸਰੀ ਝੰਡੇ ਗੁਰੂ ਮਾਹਾਰਾਜ ਦੀ ਹਜੂਰੀ ਵਿੱਚ ਲਗਾਏ ਗਏ ਸਨ। ਕਿੰਨਾ ਵਧੀਆ ਨਜ਼ਾਰਾ ਹੁੰਦਾ, ਜੇ ਇੱਕ ਕੇਸਰੀ ਨਿਸ਼ਾਨ ਸਾਹਿਬ ਉਸ ਸਮੇਂ ਲਾਲ-ਕਿਲੇ 'ਤੇ ਝੁਲ ਰਿਹਾ ਹੁੰਦਾ। ਨਿਸ਼ਾਨ ਸਾਹਿਬ, ਗੁਰੂ ਗ੍ਰੰਥ ਨਾਲ ਜ਼ਰੂਰੀ ਹੋਣ 'ਤੇ ਭਾਵੇਂ ਸਮਾਗਮ ਭਾਰਤੀ ਪਾਰਲੀਮੈਂਟ ਵਿੱਚ ਹੋਵੇ ਜਾਂ ਅਮਰੀਕਾ ਦੇ ਵਾਈਟ ਹਾਊਸ ਵਿੱਚ, ਉਥੇ ਕੋਈ ਵੀ ਸਰਕਾਰ ਨਿਸ਼ਾਨ ਝੂਲਣ 'ਤੇ ਇਨਕਾਰ ਨਹੀਂ ਕਰ ਸਕੇਗੀ। ਇਹ ਅਚੇਤ ਹੀ ਭਾਈ ਗੁਰਦਾਸ ਜੀ ਦੇ ਕਥਨ “ਸਤਿਗੁਰ ਸੱਚਾ ਪਾਤਿਸ਼ਾਹ, ਹੋਰ ਬਾਦਸਾਹ ਦੁਨੀਆਵੇ” ਅਨੁਸਾਰ ਦੁਨੀਆਵੀ ਤਖਤਾਂ ਅਤੇ ਬਾਦਸ਼ਾਹੀਆਂ ਤੋਂ ਸਤਿਗੁਰ-ਪ੍ਰਭੂ ਦੇ ਤਖਤ ਉਚੇ ਹੋਣ ਦਾ ਅਹਿਸਾਸ ਕਰਵਾਵੇਗਾ।

• ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖੀ ਵੱਲ ਪ੍ਰਭਾਵਿਤ ਹੋਣਗੀਆਂ। ਰਾਜ-ਸ਼ਕਤੀ ਦਾ ਜੋ ਸੰਕਲਪ ਅੱਜ ਵਿੱਸਰਦਾ ਜਾ ਰਿਹਾ ਹੈ, ਉਹ ਸੁਰਜੀਤ ਹੋਵੇਗਾ ਅਤੇ ਖਾਲਸਾ-ਰਾਜ, ਹਲੇਮੀ-ਰਾਜ ਅਤੇ ਬੇਗ਼ਮਪੁਰੇ ਦੇ ਗੁਰੂ ਦਰਸਾਏ ਸਿਧਾਂਤ ਨੂੰ ਬਲ ਮਿਲੇਗਾ। ਰਾਜ-ਸ਼ਕਤੀ ਤੋਂ ਸਾਡਾ ਭਾਵ ਅਜੋਕੀ ਗੰਦੀ ਸਿਆਸਤ ਬਿਲਕੁਲ ਨਹੀਂ ਹੈ, ਸਗੋਂ ਨਿਮਰਤਾ, ਪਰਉਪਕਾਰ, ਸਰਬ-ਸਾਂਝੀਵਾਲਤਾ, ਕਲਿਆਣਕਾਰੀ, ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਵਾਲਾ ਹੈ, ਜੋ ਗੁਰੂ ਬਾਣੀ ਦੇ ਅਟੱਲ ਸਿਧਾਤਾਂ ਅਨੁਸਾਰ ਹੋਵੇਗਾ।

• ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਥਾਂ ਤੋਂ ਦੂਜੇ ਥਾਂ ਲਿਜਾਂਦੇ ਹੋਏ ਵੀ ਨਿਸ਼ਾਨ-ਸਾਹਿਬ ਨਾਲ ਲਿਆ ਜਾਣਾ ਚਾਹੀਦਾ ਹੈ। ਜਿਵੇਂ ਪ੍ਰਭਾਤ ਫੇਰੀਆਂ ਸਮੇਂ ਸੰਗਤ ਨਿਸ਼ਾਨ ਸਾਹਿਬ ਦੀ ਅਗਵਾਈ ਕਬੂਲ ਕਰਦੀ ਹੈ, ਉਸੇ ਤਰਾਂ ਪਾਤਿਸ਼ਾਹ ਦੇ ਨਾਲ ਹੋਣ ਸਮੇਂ ਤਾਂ ਇਸ ਦਾ ਹੋਣਾ ਬਹੁਤ ਜਰੂਰੀ ਹੈ। ਜਿਨ੍ਹਾਂ ਗੱਡੀਆਂ (ਉਚੇਚੇ ਤੌਰ 'ਤੇ ਬਣਾਈਆਂ) ਜਾਂ ਕਾਰਾਂ ਵਿੱਚ ਮਾਹਾਰਾਜ ਦਾ ਸਰੂਪ ਲਿਜਾਇਆ ਜਾਵੇ, ਉਸ ਗੱਡੀ ਜਾਂ ਕਾਰ ਉਪਰ ਵੀ ਕੇਸਰੀ ਨਿਸ਼ਾਨ ਝੁਲੇ। ਮੰਤਰੀਆਂ ਦੀਆਂ ਗੱਡੀਆਂ ਤੇ ਝੰਡੀਆਂ 'ਤੇ ਹੂਟਰ ਹੋ ਸਕਦੇ ਹਨ, ਸਾਧਾਰਣ ਵਿਅਕਤੀ ਜਦੋਂ ਲਾੜਾ ਬਣਨ ਲੱਗਦਾ ਹੈ, ਉਸ ਦੀ ਗੱਡੀ ਨੂੰ ਸਜਾ ਕੇ ਬਾਕੀ ਗੱਡੀਆਂ ਤੋਂ ਵੱਖਰੀ ਦਿਖਾਇਆ ਜਾਂਦਾ ਹੈ, ਤਾਂ ਸਾਡੇ ਸਰਬ-ਉਚ ਪਾਤਿਸ਼ਾਹ, ਸਾਡੇ ਗੁਰੂ ਸਾਹਿਬ ਲਈ ਅਜਿਹਾ ਕਰਨਾ ਜਰੂਰੀ ਕਿਉਂ ਨਾ ਹੋਵੇ। ਸਾਇਰਨ ਦਾ ਹੋਣਾ ਜਾਂ ਟਰੈਫਿਕ ਵਿੱਚੋਂ ਵੀ.ਵੀ.ਆਈ.ਪੀ. ਗੱਡੀਆਂ ਵਾਂਗ ਕੱਢਿਆ ਜਾਣਾ ਵੀ ਸੰਭਵ ਹੋ ਸਕੇਗਾ ਬਾਅਦ ਵਿੱਚ। ਸਿਰਫ਼ ਬਿਰਤੀ ਬਦਲਣ ਦੀ ਲੋੜ ਹੈ, ਪਹਿਲਾਂ ਸਾਡਾ ਆਪਣਾ ਮਨ ਗੁਰੂ ਸਾਹਿਬ ਨੂੰ ਸਭ ਕੁਝ ਤੋਂ ਉਚਾ ਅਤੇ ਮਹਾਨ ਮੰਨੇ। ਕੁਝ ਵੀ ਅਸੰਭਵ ਨਹੀਂ।

ਮੇਰੀ ਸਾਰੇ ਸਿੱਖ ਚਿੰਤਕਾਂ, ਵਿਦਵਾਨਾਂ, ਲੀਡਰਾਂ, ਜੱਥੇਦਾਰਾਂ, ਸਿੰਘ ਸਭਾਵਾਂ, ਸੰਤਾਂ, ਸਿੱਖ ਜਥੇਬੰਦੀਆਂ ਅਤੇ ਹਰ ਗੁਰਸਿੱਖ ਵੀਰ ਅਤੇ ਭੈਣ ਨੂੰ ਬੇਨਤੀ ਹੈ ਕਿ ਇਸ ਵਿਸ਼ੇ 'ਤੇ ਇੱਕ ਵਾਰੀ ਠੰਡੇ ਦਿਮਾਗ ਨਾਲ ਵਿਚਾਰ ਕਰੋ। ਸੰਭਾਵਨਾ ਨੂੰ ਕਿਵੇਂ ਅਮਲ ਵਿੱਚ ਲਿਆਇਆ ਜਾਵੇ ?? ਇਸ ਨੂੰ ਲਾਗੂ ਕਰਨ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਆ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਇਹ ਸਭ ਕੁਝ ਵਿਚਾਰਿਆ ਜਾਵੇ।

ਠੀਕ ਲੱਗਣ 'ਤੇ ਸਾਰੇ ਇੱਕ ਜੁੱਟ ਹੋ ਕੇ ਅਕਾਲ ਤਖਤ ਤੋਂ ਫੁਰਮਾਨ ਜਾਰੀ ਕਰਵਾਉਣ ਲਈ ਜ਼ੋਰ ਪਾਉਣ। ਗਲਤੀਆਂ ਲਈ ਖਿਮਾ ਦਾ ਜਾਚਕ ਹਾਂ। ਪਾਠਕਾਂ ਤੋਂ ਟਿੱਪਣੀ ਦੀ ਆਸ ਰੱਖਦਾ ਹਾਂ। ਈਮੇਲ ਐਡਰੈਸ ਹੈ : rupaljs@gmail.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top