Share on Facebook

Main News Page

ਪੰਜਾਬ ਵਿਚ ਸਿੱਖੀ ਦਾ ਇਨਕਲਾਬ ਕਿਵੇਂ ਆਏ ?
-: ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ
ਮੁੱਖ ਸੰਪਾਦਕ ਸ਼੍ਰੋਮਣੀ ਗੁਰਮਤਿ ਚੇਤਨਾ
ਮੋ: 98780-11670

ਗੁਰੂਆਂ ਦੀ ਧਰਤੀ, ਸਿੱਖਾਂ ਦਾ ਦੇਸ਼, ਪੰਜਾਬ ਦੀ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਆਰਥਿਕ ਹਾਲਤ ਨੂੰ ਵੇਖ ਕੇ ਸਿੱਖੀ ਪਿਆਰ ਵਾਲਿਆਂ ਅੰਦਰ ਨਿਰਾਸਤਾ ਵੱਧ ਰਹੀ ਹੈ। ਇਥੋ ਦੇ ਸਿੱਖ ਨੌਜਵਾਨਾਂ ਵਿਚੋਂ ਸਿੱਖੀ ਧਰਮ ਪ੍ਰਤੀ ਦ੍ਰਿੜ ਨਿਸ਼ਚਾ ਮੁੱਕਣ ਦੇ ਨੇੜ-ਤੇੜ ਪਹੁੰਚ ਚੁੱਕਾ ਹੈ।

ਸਿੱਖਾਂ ਦੀ ਜ਼ਮੀਨੀ ਹਕੀਕਤ ਨੂੰ ਨਜ਼ਰ-ਅੰਦਾਜ ਕਰਕੇ ‘‘ਰੇਤ ਦੇ ਮਹਿਲ’’ ਉਸਾਰਨ ਵਰਗੀਆਂ ਵੱਡੀਆਂ ਗੱਲ੍ਹਾਂ ਨਾਲ ਦੇਸ਼-ਵਿਦੇਸ਼ ਦੇ ਭੋਲੇ-ਭਾਲੇ ਸਿੱਖੀ ਨੂੰ ਸਮਰਪਿਤ ‘‘ਪੰਥ ਸੇਵਕਾਂ’’ ਦਾ ਆਰਥਿਕ ਤੌਰ ਤੇ ਸੋਕੀਤਾ ਜਾ ਰਿਹਾ ਹੈ। ਅਸਲੀ ਗੱਲ ਵੱਧ ਧਿਆਨ ਕੇਂਦਰਿਤ ਨਹੀਂ ਕੀਤਾ ਜਾ ਰਿਹਾ। ਹੁਣ ਸਿਆਣੇ ਸਿੱਖਾਂ ਨੂੰ ਬੇਵਸੀ ਛੱਡ ਕੇ ਕਿਸੇ ਯੋਜਨਾਬੱਧ ਤਰੀਕੇ ਨਾਲ ਹੱਲ ਲੱਭਣ ਦੀ ਲੋੜ ਹੈ। ਅੱਜ ਸਿੱਖਾਂ ਦੀ ਮੁੱਖ ਸਮੱਸਿਆ “ਬਾਬਾਵਾਦ” ਹੈ। ਇਹ ਦੋ ਤਰ੍ਹਾਂ ਦੇ ਹਨ। ਇਕ ਗੁਰਬਾਣੀ ਪ੍ਰਚਾਰਣ ਦੇ ਨਾਂ ਤੇ ਵਿਚਰ ਰਹੇ ਸਾਧ ਟੋਲੇ, ਜਿਸ ਨੂੰ “ਸਿੱਖ ਡੇਰਾਵਾਦ” ਅਤੇ ਦੂਜਾ “ਐਂਟੀ ਸਿੱਖ ਡੇਰਾਵਾਦ” ਜਿਵੇ ਸਿਰਸੇ ਵਾਲਾ, ਭਨਿਆਰਾ, ਆਸੂਤੋਸ਼, ਨਕਲੀ ਨਿਰੰਕਾਰੀ, ਨਾਮਧਾਰੀ ਅਤੇ ਰਾਧਾਸਵਾਮੀ ਆਦਿ। ਅੱਜ ਪੰਜਾਬ ਅਤੇ ਹੋਰ ਸੂਬਿਆਂ ਦੇਸ਼ ਵਿਦੇਸ਼ ਅੰਦਰ, ‘‘ਬਾਬਾਵਾਦ’’ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹਨ, ਕਿ ਹੁਣ ਸਿੱਖ ਪੰਥ ਦੀ ਹੋਣੀ ਇਨ੍ਹਾਂ ਤੇ ਨਿਰਭਰ ਹੁੰਦੀ ਜਾ ਰਹੀ ਹੈ। ਆਰਥਿਕ ਪੱਖੋ ਮਜ਼ਬੂਤ ਤੇ ਧਾਰਮਿਕ ਪੱਖੋ ਖੋਖਲਾਪਨ ਦਾ ਸ਼ਿਕਾਰ ਇਸ “ਬਾਬਾਵਾਦ” ਨੇ ਅਗਿਆਨੀ ਤੇ ਕਮਜ਼ੋਰ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਚੁੰਗਲ ਵਿਚ ਬੁਰੀ ਤਰ੍ਹਾਂ ਫਸਾ ਲਿਆ ਹੈ।

ਸਿੱਖ ਪਰਿਵਾਰਾਂ ਦਾ ਸਰੀਰਕ ਸੋ ’ਚ ਮੁਹਾਰਤ ਰੱਖਦੇ ਇਨ੍ਹਾਂ ਬਾਬਿਆਂ ਦੀਆਂ ਕਲਾਬਾਜੀਆਂ ਕਾਰਨ ਸਿੱਖ ਨੌਜਵਾਨ ਬੱਚੇ, ਬੱਚੀਆਂ ਧਰਮ ਤੋ ਦੂਰ ਹੁੰਦੇ ਜਾ ਰਹੇ ਹਨ, ਜਦੋ ਸਿੱਖਾਂ ਦੇ ਕੌਮੀ, ਰਾਜਨੀਤਿਕ ਤੇ ਧਾਰਮਿਕ ਆਗੂ ਇਨ੍ਹਾਂ ਬਾਬਿਆਂ ਦੇ ਚਰਨਾਂ ‘ਚ ਪਹੁੰਚ ਕਰਦੇ ਹਨ ਤਾਂ ਇਨ੍ਹਾਂ ਨੂੰ ਹੋਰ ਬੜਾਵਾ ਮਿਲਦਾ ਹੈ। ਇਨ੍ਹਾਂ ਚਿੱਟੇ, ਕਾਲੇ ਲੰਮੇ ਚੋਲਿਆਂ ਵਿਚ ਛਿਪੇ ਭੇੜੀਆਂ ਦੀ ਅਸਲੀਅਤ ਉਜਾਗਰ ਨਾ ਹੋਣ ਦਾ ਕਾਰਨ, ਇਨ੍ਹਾਂ ਦਾ ਰਾਜਨੀਤਕ ਨੇਤਾਵਾਂ ਨਾਲ ਗੂੜ੍ਹਾ ਸੰਗਮ ਹੋਣਾ ਮੰਨਿਆ ਜਾ ਸਕਦਾ ਹੈ। ਇਨ੍ਹਾਂ ਦੀ ਨਿਗ੍ਹਾਂ ਵਿਚ ਦਾੜ੍ਹੀ ਕੇਸ ਵਿਹੂਣਾ ਬੰਦਾ ਵੀ ਜੇ ਨੋਟਾਂ ਤੇ ਡਾਲਰਾਂ ਦੀ ਭੇਟਾ ਦੇਦਾ ਹੈ ਤਾਂ ਉਹ ਮਹਾਨ ਸਿੱਖ ਹੈ। ਇਹ ਉਸ ਨੂੰ ਸਾਬਤ ਸੂਰਤ ਬਣਨ ਦੀ ਪ੍ਰੇਰਨਾ ਸੇਣ ਤੋ ਝਿਜਕਦੇ ਹਨ। ਕਿਉਕਿ ਨਾਰਾਜਕੀ ਹੋਣ ਤੇ ਡਾਲਰਾ ਦੀ ਆਮਦ ਬੰਦ ਹੋ ਜਾਏਗੀ ਇਸ ਤਰ੍ਹਾਂ ਕੇਸ ਦਾੜ੍ਹੀ ਤੋ ਵਿਹੂਣੇ ਸਿੱਖਾਂ ਨੂੰ ਸਿੱਖ ਹੋਣ ਵਜੋਂ ਮਾਨਤਾ ਦੇਣੀ “ਬਾਬਾਵਾਦ” ਦਾ ਵੱਡਾ ਕਾਰੋਬਾਰ ਹੈ।

ਸਿੱਖਾਂ ਨੇ ਦੇਸ਼ ਪੰਜਾਬ ਦੀ ਧਰਤੀ ਅੰਦਰ ਦੋ ਢਾਈ ਦਹਾਕੇ ਪਹਿਲਾ ਦਿੱਲੀ, ਕਾਨਪੁਰ, ਬੰਬਈ ਤੋ ਉਠੀ ਇਕ ਧਰਮਪ੍ਰਚਾਰ ਲਹਿਰ ਨੇ ਕੁਝ ਕੁ ਯਤਨ ਸੁਰੂ ਕੀਤਾ ਸੀ। ਜਿਸ ਨੂੰ ‘‘ਮਿਸ਼ਨਰੀ ਲਹਿਰ’’ ਕਿਹਾ ਜਾਂਦਾ ਸੀ। ਉਨ੍ਹਾਂ ਦਾ ਸੀਮਤ ਜਿਹਾ ਯਤਨ ਸਮਾਂ ਪਾ ਕੇ ਵੱਡੀਆਂ ਦੁਕਾਨਾਂ ਬਣ ਗਈਆਂ। ਇਹ ਲਹਿਰ ਆਮ ਕਰਕੇ ਸਿੱਖਾਂ ਅੰਦਰ ਸਿਧਾਂਤਕ ਮਤਭੇਦ ਫੈਲਾਉਣ ਦਾ ਕਾਰਨ ਹੋ ਨਿਬੜੀ। ਅੱਜ ਇਹ ਮਿਸ਼ਨਰੀ ਲਹਿਰ ਨਿਪੁਸੰਕ ਜਥੇਬੰਦੀਆਂ ਦੇ ਰੂਪ ਵਿਚ ਟਾਂਵੀ-ਟਾਂਵੀ ਨਜ਼ਰ ਆਉਂਦੀ ਹੈ। ਪਰ ਇਸ ਦੇ ਸਮਾਂਨਤਰ, “ਬਾਬਾਵਾਦ” ਵੱਧ ਫੈਲਿਆ ਤੇ ਨਸ਼ਿਆਂ ਦਾ ਪ੍ਰਚਾਰ ਵੀ ਵਧਿਆ।

ਜਿਥੋ ਤੀਕ ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਵਰਗੀਆਂ ਵੱਡੀਆਂ ਪ੍ਰਬੰਧਕੀ ਸੰਸਥਾਵਾਂ ਦਾ ਸਵਾਲ ਹੈ, ਇਹ ਪੂਰੀ ਤਰ੍ਹਾਂ ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆ ਕਾਂਗਰਸ ਅਤੇ ਭਾਜਪਾ ਦੀ ਗੁਲਾਮੀ ਦਾ ਸ਼ਿਕਾਰ ਹੋ ਗਈਆਂ ਹਨ। ਜਿਸ ਕਰਕੇ ਧਰਮ ਪ੍ਰਚਾਰਨ ਦੀ ਆਪਣੀ ਜਿੰਮੇਵਾਰੀ ਪ੍ਰਤੀ ਕੌਮ ਨੂੰ ਜਵਾਬਦੇਹ ਨਹੀਂ ਸਮਝਦੀਆਂ।

ਸਿੱਖ ਧਰਮ ਦੇ ਨਿਘਾਰ ਵੱਲ ਵੱਧਦੇ ਕਦਮਾਂ ਨੂੰ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰਨ ਲਈ ਪਹਿਲਾਂ ਸਾਨੂੰ ਆਰ.ਐਸ.ਐਸ. (ਸੰਘ) ਵਰਗੀ ਜਥੇਬੰਦੀ ਦੇ ਕੰਮ-ਕਾਜ ਵੱਲ ਧਿਆਨ ਕੇਂਦਰਤ ਕਰਨਾ ਪਏਗਾ। ਭਾਵੇਂ ਕਿ ਫਿਰਕੂ ਹੋਣ ਕਰਕੇ ਇਹ ਜਥੇਬੰਦੀ ਭਾਰਤ ਅੰਦਰ ਬਦਨਾਮ ਹੈ। ਪਰ ਇਹ ਦੁਨੀਆਂ ਦਾ ਸਭ ਤੋ ਵੱਡਾ ਸੰਗਠਨ ਹੈ। ਜਿਸ ਦੇ ਮੈਂਬਰਾਂ ਦੀ ਗਿਣਤੀ ਕਈ ਕਰੋੜਾਂ ਤੱਕ ਪਹੁੰਚੀ ਹੋਈ ਹੈ। ਸੰਘ ਨੇ ਕਦੇ ਵੀ ਆਪਣੀ ਵਿਚਾਰਧਾਰਾ ਨਹੀਂ ਬਦਲੀ, ਇਸ ਜਥੇਬੰਦੀ ਦਾ ਅਨੁਸ਼ਾਸਨ ਵਿਚ ਵੀ ਕੋਈ ਜਵਾਬ ਨਹੀਂ, ਇਸ ਅੰਦਰੋ ਹਿੰਦੂ ਸੋਚ ਮਨਫੀ ਕਰਨਾ ਨਾ ਮੁਮਕਿਨ ਹੈ। ਸੱਚ ਇਹ ਹੈ ਕਿ ਇਹ ਇਕ ਤਾਨਾਸ਼ਾਹੀ ਤਰੀਕੇ ਨਾਲ ਚੱਲਣ ਵਾਲੀ ਇਹ ‘‘ਨਿਰੋਲ ਹਿੰਦੂ ਜਥੇਬੰਦੀ’’ ਹੈ। ਇਸ ਦਾ ਪਹਿਲਾ ਮੁਖੀ 1925 ਵਿਚ ਕੇ.ਬੀ. ਹੈਡਗੇਵਾਰ ਬਣਿਆ ਤੇ ਲਗਭਗ 15 ਸਾਲ ਇਸ ਅਹੁਦੇ ਤੇ ਰਿਹਾ। ਫਿਰ ਐਮ.ਐਸ. ਗੋਲਵਾਲਕਰ 23 ਸਾਲ, ਬਾਲਾ ਸਾਹਿਬ ਦਿਉਰਸ 11 ਸਾਲ, ਰਜਿੰਦਰ (ਰਾਜੂ ਭਈਆਂ) 16 ਸਾਲ, ਕੇ.ਐਸ. ਸੁਦਰਸ਼ਨ 9 ਸਾਲ ਤੇ ਹੁਣ ਮੋਹਨ ਮਧੂਕਰ ਭਾਗਵੰਤ, ਸੰਘ ਦੇ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਹਨ। ਇਨ੍ਹਾਂ ਲੰਮਾ ਸਮਾਂ ਇਕੋ ਵਿਅਕਤੀ ਦਾ ਆਗੂ ਦੇ ਤੌਰ ਤੇ ਕਾਇਮ ਰਹਿਣਾ ਵੀ ਇਕ ਮਿਸਾਲੀ ਗੱਲ ਹੈ।

ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਸਰਵ-ਉੱਚ ਧਾਰਮਿਕ ਸੰਸਥਾਂ ਨਾਲੋ ਸੰਘ ਦੀ ਆਯੂ 5 ਸਾਲ ਛੋਟੀ ਹੈ, ਪਰ ਉਪਲਬਧੀਆਂ ਕਿਤੇ ਵੱਧ ਹਨ। ਸੰਘ ਲੱਗਭਗ 89 ਸਾਲ ਦੀ ਉਮਰ ਭੋਗਣ ਤੋ ਬਾਅਦ ਦੇਸ਼ ਦੇ ਸਾਰਿਆਂ ਵੱਡਿਆਂ, ਛੋਟਿਆਂ ਅਹੁਦਿਆਂ ਤੇ ਆਪਣੇ ਮੈਂਬਰ ਨਿਯੁਕਤ ਕਰਨ ਵਿਚ ਕਾਮਯਾਬ ਹੋ ਚੁੱਕੀ ਹੈ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੇ ਅਹੁਦੇਦਾਰ ਦੀ ਚੋਣ ਦੀ ਸਮਰੱਥਾ ਰੱਖਣ ਦੀ ਕਾਬਲੀਅਤ ਦੇ ਨੇੜੇ, ਤੇੜੇ ਪਹੁੰਚ ਚੁੱਕੀ ਹੈ। ਰਾਜ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਉਚ-ਅਹੁਦਿਆਂ ਤੇ ‘ਸੰਘ’ ਦੇ ਤਿਆਰ ਕੀਤੇ ਵਾਲੰਟੀਅਰਜ਼ ਦੀ ਨਿਯੁਕਤੀ ਨਿਰੰਤਰ ਜਾਰੀ ਹੈ। ਹਿੰਦਸਤਾਨ ਵਰਗੇ ਬਹੁ-ਕੌਮੀ ਮੁਲਕ ਦੀ ਮਲਕੀਅਤ ਦੀ ਪੱਕੀ ਦਾਅਵੇਦਾਰੀ ਕਰਨ ਵਾਲੀ ਇਸ ਸੰਘ ਜਥੇਬੰਦੀ ਨੂੰ ਮਹਾਤਮਾਂ ਗਾਂਧੀ ਦੇ ਕਤਲ ਅਤੇ ਇੰਦਰਾਂ ਗਾਂਧੀ ਵੱਲੋ ਲਗਾਈ ਅਮਰਜੰਸੀ ਵੇਲੇ ਭਾਰਤ ਅੰਦਰ ਪਾਬੰਦੀ ਲੱਗ ਗਈ ਸੀ। ਹਿੰਦੋਸਤਾਨ ਚ ਹੋਏ ਬੰਬ ਧਮਾਕਿਆਂ ਜਿਨ੍ਹਾਂ ਵਿਚ ਮੁਸਲਮਾਨ ਤੇ ਸਿੱਖ ਘੱਟ ਗਿਣਤੀਆਂ ਨਾਲ ਸਬੰਧਤ ਨੌਜ਼ਵਾਨਾਂ ਦੀ ਫੜੋ-ਫੜੀ ਹੁੰਦੀ ਰਹੀ, ਲਈ ਜ਼ਿਮੇਵਾਰ ਹੋਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ’ਚ ਛਪਦੀਆਂ ਰਹੀਆਂ। ਅੱਤਵਾਦ ਦੇ ਨਾਂ ਤੇ ਘੱਟ ਗਿਣਤੀਆਂ ਮੁਸਲਮਾਨ ਤੇ ਸਿੱਖਾਂ ਦੀ ਤਾਕਤ ਨੂੰ ਮੁਕਾਉਣ ਦਾ ਯਤਨ ਵੀ ਸੰਘ ਦਾ ਗੁੱਪਤ ਏਜੰਡਾ ਹੈ।

ਸੰਘ ਦੇ ਅੰਦਰੂਨੀ ਖੇਤਰ ਚ ਸਾਬਕਾ ਫੌਜੀਆਂ ਦੀ ਪੂਰਵ ਸੈਨਿਕ ਸੇਵਾ ਪ੍ਰੀਸ਼ਦ ਰਾਹੀ ਹਿੰਦੂ ਵਲੰਟੀਅਰਾਂ ਨੂੰ ਯੁੱਧ ਵਿˆੱਦਿਆ ਦਿੱਤੀ ਜਾਂਦੀ ਹੈ। ਸੰਘ ਦੇ ਪ੍ਰਬੰਧ ਅਧੀਨ ਹਿੰਦੂ ਵਿਸ਼ਵ ਪ੍ਰੀਸ਼ਦ, ਭਾਰਤੀ ਮਜਦੂਰ ਸੰਘ, ਵਣਵਾਸੀ ਕਲਿਆਣ ਆਸ਼ਰਮ, ਅਖਿਲ ਭਾਰਤੀ ਵਿਦਆਰਥੀ ਪ੍ਰੀਸ਼ਦ, ਵਿਦਿਆ ਭਾਰਤੀ, ਜਨਸੰਘ (ਭਾਰਤੀ ਜਨਤਾ ਪਾਰਟੀ) ਅਦਿ ਅਨੇਕਾਂ ਸੰਗਠਨ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਚਲਾਏ ਜਾ ਰਹੇ ਹਨ।

ਮੈਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀ ਕਦੇ ਇਨ੍ਹਾਂ ਦੇ ਮੈਂਬਰਾਂ ਜਾਂ ਮੁਲਾਜਮਾਂ ਨੂੰ ਭੁੱਲ-ਭੁਲੇਖੇ ਵੀ ਆਪਸ ਵਿਚ ਲੜਦੇ-ਝੱਗੜਦੇ ਸੁਣਿਆ ਹੈ?

ਅਸੀਂ ਸੰਘ ਪ੍ਰੀਵਾਰ ਦੀ ਬੁਰਾਈ ਕਰਨ ਦੀ ਥਾਂ ਖੂਬੀਆਂ ਇਸ ਲਈ ਦਸ ਰਹੇ ਹਾਂ ਕਿ ਅਸੀ ਪੜਚੋਲ ਕਰ ਸਕੀਏ, ਸਾਡੇ ਕੋਲ ਐਸੀ ਕੋਈ ਸੰਸਥਾਂ ਮੌਜੂਦਾ ਸਮੇਂ ਵਿਚ ਹੈ ਜਾਂ ਹੋ ਸਕਦੀ ਹੈ। ਇਸ ਦਾ ਅੱਜ ਦੇ ਹਾਲਾਤ ਵਿਚ ਜਵਾਬ ਹੋਵੇਗਾ, ਨਹੀਂ। ਪਰ ਇਸ ਵਰਗੇ ਸੰਗਠਨ ਦੀ ਪੰਜਾਬ ਤੇ ਖਾਸ ਕਰਕੇ ਸਿੱਖਾਂ ਨੂੰ ਜ਼ਬਰਦਸਤ ਲੋੜ ਹੈ। ਇਹ “ਸਿੱਖ ਸੰਗਠਨ” ਕਿਵੇ ਬਣੇ, ਇਹ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਗੱਲ ਹੈ। ਕਿਉਂਕਿ ਸਾਡੀਆਂ ਵੱਡੀਆਂ ਛੋਟੀਆਂ ਸਿੱਖ ਜਥੇਬੰਦੀਆਂ ਵੱਡੇ ਉਦੇਸ਼ ਲੈ ਕੇ ਨਹੀਂ ਚੱਲ ਰਹੀਆਂ, ਬਹੁਤੀਆਂ ਸਿੱਖ ਜਥੇਬੰਦੀਆਂ ਵਨ-ਮੈਨ ਜਾਂ ਦੋ ਚਾਰ ਲੋਕਾਂ ਦਾ ਸ਼ੋਅ ਹੋ ਕੇ ਰਹਿ ਗਈਆਂ ਹਨ।

ਸੱਚ ਇਹ ਹੈ ਕਿ ਸਿੱਖਾਂ ਦੀਆਂ ਧਾਰਮਿਕ ਤੇ ਰਾਜਨੀਤਕ ਸਿੱਖ ਜਥੇਬੰਦੀਆਂ ਦੀ ਬਹੁਤਾਤ ਤਾਂ ਸਿਧਾਂਤਕ ਸੂਝ ਪੱਖੋ ਦਿਵਾਲੀਆਂ ਹੋ ਚੁੱਕੀ ਹੈ। ਇਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਸਿਆਸੀ ਪੱਖੋ ਮਾਰ ਮੁਕਾਉਣ ਤੇ ਬਦਨਾਮ ਕਰਨ ਦੀ ਮੁਹਾਰਤ ਇਨ੍ਹਾਂ ਨੂੰ ਵਿਰਸੇ ਵਿਚ ਮਿਲੀ ਹੋਈ ਲੱਗਦੀ ਹੈ।

ਇਸੇ ਲਈ ਇਕ ਦੂਜੇ ਨੂੰ ਨੀਵਾਂ ਅਤੇ ਕਮਜ਼ੋਰ ਦਿਖਾਉਣ ਦੀ ਸਾਡੀ ਆਦਤ ਨੇ ਸਾਡੀ ਏਕਤਾ ਤੇ ਇਤਫਾਕ ਨੂੰ ਤਹਿਸ਼-ਨਹਿਸ ਕਰ ਦਿੱਤਾ ਹੈ। ਸਮੇਂ ਦੀ ਜਰੂਰਤ ਹੈ ਕਿ ਸਾਨੂੰ ਆਪਣੀਆਂ ਸਿੱਖ ਸੰਸਥਾਵਾਂ ਉਨ੍ਹਾਂ ਦੇ ਪ੍ਰਬੰਧਕੀ ਸਿਸਟਮ ਤੇ ਪ੍ਰਾਪਤੀਆਂ ਵੱਲ ਅੰਦਰ ਵੜ ਕੇ ‘ਕੌਮ ਦੀ ਹੋਣੀ’ ਨੂੰ ਵੇਖਣਾ ਚਾਹੀਦਾ ਹੈ।

ਜੇਕਰ ਅਸੀਂ ਕੇਸਾਂ ਦਾੜ੍ਹੀਆਂ ਵਾਲੇ ਅਤੇ ਦਸਤਾਰਾਂ ਪਹਿਨਣ ਵਾਲੇ ਸਭ ਮਨੁੱਖਾਂ ਨੂੰ ਸਿੱਖ ਮੰਨ ਕੇ ਚਲਦੇ ਜਾਵਾਂਗੇ, ਫਿਰ ਰਾਧਾ ਸਵਾਮੀ, ਨਿੰਰਕਾਰੀ, ਨਾਮਧਾਰੀ ਤੋ ਇਲਾਵਾਂ ਹੋਰਨਾਂ ਡੇਰਿਆਂ, ਸਾਧਾਂ ਦੇ ਬਥੇਰੇ ਸਰਧਾਲੂ ਹਨ। ਇਹ ਸਭ ਮਿਲ ਕੇ ਸਿੱਖੀ ਅੰਦਰ ਰੋਲ ਮਾਡਲ ਨਹੀਂ ਰਹਿਣ ਦੇਣਗੇ। ਜਿਸ ਲਈ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜੀ ਰੱਖਣਾ ਕਾਫ਼ੀ ਮੁਸ਼ਕਲ ਕੰਮ ਹੋਵੇਗਾ। ਇਹ ਵੀ ਗੱਲ ਗਲਤ ਨਹੀਂ ਕਹੀ ਜਾ ਸਕਦੀ ਕਿ ਸਿੱਖੀ ਦਾ ਵੱਧ ਨੁਕਸਾਨ ਪੱਗ ਅਤੇ ਦਾੜ੍ਹੀਆਂ ਅਤੇ ਲੰਮੇ ਚੋਲਿਆਂ ਵਾਲਿਆਂ ਨੇ ਹੀ ਕੀਤਾ ਹੈ।

ਸਿੱਖਾਂ ਦੀ ਮੰਨੀ ਜਾਂਦੀ ਸਿੱਖ ਪਾਰਲੀਮੈਂਟ (ਸ੍ਰੋਮਣੀ ਕਮੇਟੀ) ਜਿਸ ਦਾ ਮਨੋਰਥ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ। ਇਹ ਜਥੇਬੰਦੀ ਆਰ.ਐਸ.ਐਸ. (ਸੰਘ) ਦੀ ਦੁਬੇਲ ਬਣ ਕੇ ਆਪਣੀ ਹੌਣੀ ਦੇ ਆਖ਼ਰੀ ਸਾਹ ਲੈ ਰਹੀ ਹੈ। ਸਿੱਖਾਂ ਦਾ ਵੱਡਾ ਹਿੱਸਾ ਸ੍ਰੋਮਣੀ ਕਮੇਟੀ ਦੇ ਕੰਮ ਕਾਜ ਦੇ ਤਰੀਕੇ ਤੋ ਨਰਾਜ ਹੈ ਇਹ ਇਵੇਂ ਹੈ ਜਿਵੇਂ ਬਿੱਲੀ ਨੂੰ ਵੇਖ ਕੇ ਕਬੁਤਰ ਅਖਾ ਬੰਦ ਕਰ ਲਏ ਭਾਵ ਅਜਿਹੀ ਨਰਾਜਗੀ ਦਾ ਕੀ ਲਾਭ ਜਿਸ ਕਰ ਕੇ ਅਪਣੀ ਹੋੰਦ ਹੀ ਮੁੱਕਦੀ ਹੋਵੇ। ਅੱਜ ਸ਼ੋਮਣੀ ਕਮੇਟੀ ਚੰਗੇ ਤੇ ਸਿਆਣੇ ਸਿੱਖਾਂ ਦੀ ਅਗਵਾਈ ਲਈ ਉਡੀਕਵਾਨ ਹੈ। ਜਿਸ ਲਈ ਸਿਆਣੇ ਸਿੱਖਾਂ ਨੂੰ ਕੁਝ ਕਰਨਾ ਪਵੇਗਾ। ਦੂਜੇ ਪਾਸੇ ਜਿਥੋ ਤੀਕ ਸਿੱਖਾਂ ਦੇ ਰਾਜਸੀ ਨਿਸ਼ਾਨੇ ਦੀ ਗਲ ਹੈ ਅੱਜ ਆਰ.ਐਸ.ਐਸ. ਦੇ ਭਾਰਤ ਅੰਦਰ ਤਾਨਾਸ਼ਾਹੀ, ਜੁਸੋਚ ਦੇ ਅਸਰ ਹੇਠ ਭੋਲੇ ਸਿੱਖ ਵੀ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਨੂੰ ਮੰਨਣ ਤੋ ਇਨਕਾਰੀ ਹੋਈ ਜਾਂਦੇ ਹਨ ਜਦੋ ਕਿ ਦੇਸ਼ ਆਜ਼ਾਦੀ ਤੋ ਪਹਿਲਾਂ 1946 ਵਿਚ ਸ੍ਰੋਮਣੀ ਕਮੇਟੀ ਨੇ ਆਪਣੇ ਹਾਉਸ (ਸਿੱਖ ਪਾਰਲੀਮੈਂਟ) ਅੰਦਰ ਬਕਾਇਦਾ ਖਾਲਿਸਤਾਨ ਦੀ ਮੰਗ ਦਾ ਮਤਾ ਪਾਸ ਕੀਤਾ ਸੀ। ਜੇਕਰ ਸਿਰਫ ਸ੍ਰੋਮਣੀ ਕਮੇਟੀ ਸਿੱਖ ਧਰਮ ਪ੍ਰਤੀ ਇਮਾਨਦਾਰੀ ਵਾਲਾ ਬਣਦਾ ਰੋਲ ਨਿਭਾਉਂਦੀ ਤਾਂ ਰਾਜਸੀ ਤੋਰ ਤੇ ਸਿੱਖਾਂ ਨੂੰ ਅਪਣੇ ਹੱਕਾ ਲਈ ਇਹਨਾ ਨਾ ਜੁਝਣਾ ਪੈਂਦਾ ਅਤੇ ਧਾਰਮਿਕ ਖੇਤਰ ਵਿਚ ਵੀ ਪਤਿਤਪੁਣੇ ਤੇ ਨਸ਼ਿਆਂ ਦਾ ਵਹਿਣ ਗੁਰੂਆਂ ਦੀ ਧਰਤੀ ਪੰਜਾਬ ਤੇ ਕਦੇ ਵੀ ਨਾ ਹੁੰਦਾ।

ਸਿੱਖਾਂ ਅੰਦਰ ਬੇਵਸੀ ਵਾਲਾ ਮਾਹੌਲ ਵੀ ਪੈਂਦਾ ਨਾ ਹੁੰਦਾ ਕਿਉਂਕਿ ਸ੍ਰੋਮਣੀ ਕਮੇਟੀ ਨੂੰ ਕਿਸੇ ਸਾਹਮਣੇ ਜਵਾਬਦੇਹ ਨਹੀਂ ਹੋਣਾ ਪੈਂਦਾ, ਨਾਂ ਹੀ ਅੱਜ ਤੱਕ ਸ੍ਰੋਮਣੀ ਕਮੇਟੀ ਮੁਕਾਬਲੇ ਕੋਈ ਪੰਥਕ ਧਿਰ ਖੜਿਆ ਹੋ ਸਕੀ, ਜੋ ਸ੍ਰੋਮਣੀ ਕਮੇਟੀ ਵਿਚ ਪਹਿਰੇਦਾਰੀ ਦਾ ਰੋਲ ਨਿਭਾ ਸਕਦੀ। ਸ੍ਰੋਮਣੀ ਕਮੇਟੀ ਦੇ 170 ਮੈਂਬਰਾਂ ਵਿਚ 15 ਕੋਆਪਰੇਟਿਵ ਮਿਲਾ ਕੇ ਕੁੱਲ 185 ਮੈਂਬਰੀ ਹਾਊਸ “ਮਿੱਟੀ ਦਾ ਮਾਧੋ” ਬਣ ਚੁੱਕਾ ਹੈ। ਸ੍ਰੋਮਣੀ ਕਮੇਟੀ ਦਾ ਕੋਈ ਮੈਂਬਰ ਆਪਣੇ ਹਲਕੇ ਵਿਚ ਵਧ ਰਿਹਾ “ਬਾਬਾਵਾਦ”, ਪਤਿਤਪੁਣਾ, ਨਸ਼ਿਆ ਦਾ ਪਸਾਰ ਲਈ ਜਿੰਮੇਵਾਰ ਨਹੀਂ ਮੰਨਦਾ। ਇਵੇਂ ਹੀ ਸ੍ਰੋਮਣੀ ਕਮੇਟੀ ਦੇ ਅਧਿਕਾਰੀ, ਕਰਮਚਾਰੀ, ਮੈਨੇਜਰ ਤੇ ਹੋਰ ਅਹੁਦੇਦਾਰ ਆਪਣੇ ਆਪ ਨੂੰ ਸੇਵਾਦਾਰ ਮੰਨਣ ਦੀ ਥਾਂ, ਅਫ਼ਸਰਸ਼ਾਹੀ ਦਾ ਸ਼ਿਕਾਰ ਹਨ।ਦੁਜੇ ਪਾਸੇ ਸ੍ਰੀ ਅਕਾਲ ਤਖਤ ਦੀ ਮਾਨ ਮਰਯਾਦਾ ਤੇ ਸਿਧਾਂਤ ਨੂੰ ਸ਼੍ਰੋਮਣੀ ਕਮੇਟੀ ਰਾਹੀ ਮੁੱਠੀ ਭਰ ਰਾਜਸੀ ਲੋਕਾ ਵਲੋ ਖੱਤਮ ਕੀਤਾ ਜਾ ਰਿਹਾ ਹੈ ਸਾਡਾ ਮਨੋਰਥ ਸ੍ਰੋਮਣੀ ਕਮੇਟੀ ਨੂੰ ਨੀਵਾਂ ਦਿਖਾਉਣਾ ਕਦਾਚਿਤ ਨਹੀਂ ਹੈ।

ਸਵਾਲ ਇਹ ਹੈ ਜਿਤਨੇ ਸਾਧਨ ਸ੍ਰੋਮਣੀ ਕਮੇਟੀ ਕੋਲ ਮੌਜੂਦ ਹਨ ਜੋ ਸਿੱਖ ਸੰਗਤਾਂ ਦੀ ਬਦੌਲਤ ਮਿਲੇ ਹਨ। ਉਨ੍ਹਾਂ ਦਾ ਸਦ-ਉਪਯੋਗ ਕਰਕੇ ਪੰਜਾਬ ਵਰਗੇ ਦੇਸ਼ ਨੂੰ ਨਸ਼ਾ ਤੇ ਪਤਿਤਪੁਣੇ ਤੋ ਮੁਕਤ ਕੀਤਾ ਜਾ ਸਕਦਾ ਸੀ। ਅੱਜ ਸਿੱਖੀ ਦੇ ਪ੍ਰਚਾਰ ਲਈ ਕੋਈ ਸਿੱਖ ਸੰਸਥਾ ਜਾਂ ਪੰਥਕ ਦਰਦੀ ਸ੍ਰੋਮਣੀ ਕਮੇਟੀ ਤੱਕ ਪਹੁੰਚਦਾ ਹੈ ਤਾਂ ਸ੍ਰੋਮਣੀ ਕਮੇਟੀ ਦਾ ਨਾ-ਮਿਲਵਰਤਨ ਅੰਦੋਲਨ ਸੁਰੂ ਹੋ ਜਾਂਦਾ ਹੈ। ਜਿਸ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ। ਸਾਨੂੰ ਵੇਖਣਾ ਪਵੇਗਾ ਕਿ ਸਿੱਖ ਸੰਸਥਾਵਾਂ ਅਥਵਾ ਸਿੱਖਾਂ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਅਤੇ ਫੈਡਰੇ ਟਕਸਾਲਾਂ, ਮਿਸ਼ਨਰੀਆਂ, ਬ੍ਰਹਮ ਗਿਆਨੀਆਂ ਦੇ ਬਾਵਜੂਦ ਪੰਥ ਦਾ ਪਤਨ ਕਿਉਂ ਜ਼ਾਰੀ ਹੈ। ਸਾਡੀਆਂ ਵਿੱਦਿਅਕ ਸੰਸਥਾਵਾਂ ਅੰਦਰ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਕੇ ਪਤਿਤ ਹੁੰਦੇ ਜਾ ਰਹੇ ਹਨ, ਉਸ ਨੂੰ ਠੱਲ ਨਹੀਂ ਪੈ ਰਹੀਂ। ਦੂਜੇ ਪਾਸੇ ਗੁਰਮਤਿ ਸਮਾਗਮ ਕੀਰਤਨ ਦਰਬਾਰ, ਅਮ੍ਰਿਤ ਸੰਚਾਰ, ਸ਼ਤਾਬ ਯਾਤਰਾਵਾਂ ਕਰਵਾ ਕੇ ਵੀ ਸਫ਼ਲਤਾ ਨਹੀਂ ਮਿਲ ਰਹੀ ਹੁਣ ਸਿੱਖੀ ਦਾ ਘੇਰਾ ਸੁੰਘੜਦਾ ਜਾ ਰਿਹਾ ਹੈ।

ਸਿੱਖੀ ਨੂੰ ਖੋਰਾ ਲਾਉਣ ਵਾਲੀਆਂ ਆਰ.ਐਸ.ਐਸ. ਤੇ ਹੋਰ ਇਹੋ ਜਿਹੀਆਂ ਫਿਰਕੂ ਸੰਸਥਾਵਾਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਪ੍ਰਚਾਰ ਕੇ ਸਿੱਖੀ ਸਰੂਪ ਨੂੰ ਬੇਦਾਵਾ ਦੇਣ ਦੀ ਪ੍ਰੇਰਨਾ ਤੇ ਪ੍ਰਚਾਰ ਕਰ ਰਹੀਆਂ ਹਨ। ਭਾਰਤ ਦੇ ਵਿਧਾਨ ਦੀ 25 ਧਾਰਾ ਅੰਦਰ ਸਿੱਖ ਨੂੰ ਕੇਸਾਧਾਰੀ ਹਿੰਦੂ ਕਿਹਾ ਗਿਆ ਹੈ। ਜਿਸ ਦੇਸ਼ ’ਚ ਸਿੱਖ ਬਹੁਗਿਣਤੀ ਲੋਕ ਰਹਿੰਦੇ ਹਨ, ਉਥੋ ਦਾ ਵਿਧਾਨ ਹੀ ਸਿੱਖ ਤਸਲੀਮ ਕਰਨ ਤੋ ਨਾਂਹ ਕਰਦਾ ਹੋਵੇ ਤਾਂ ਵੇਖਣਾ ਪਵੇਗਾ ਕਿ 1947 ਤੋ ਹੁਣ ਤੱਕ 67 ਸਾਲਾਂ ਚ ਸਾਡੇ ਰਾਜਨੀਤਕ ਆਗੂਆਂ ਨੇ ਕਿੰਨੀ ਕੁ ਪ੍ਰਾਪਤੀ ਕੀਤੀ ਹੋਵੇਗੀ। ਮੁੱਖ ਤੋਰ ਤੇ ਇਹ ਵੀ ਵਿਚਾਰ ਕਰਨੀ ਪਵੇਗੀ ਕਿ ਜੇਕਰ 70 ਪ੍ਰਤੀਸ਼ਤ ਬਹੁਗਿਣਤੀ ਹਿੰਦੂ ਮੁਲਕ ਵਿਚੋਂ ਦੋ ਪ੍ਰਤੀਸ਼ਤ ਸਿੱਖ ਆਪਣੇ ਹੱਕਾਂ ਲਈ ਗੰਭੀਰ ਨਹੀਂ ਹਨ ਤਾਂ ਭਵਿੱਖ ਚ ਵਾਪਰਣ ਵਾਲੇ ਕਿਸੇ ਮਾੜੇ ਵਰਤਾਰੇ ਲਈ ਉਹ ਖੁਦ ਜਿੰਮੇਵਾਰ ਹੋਣਗੇ। ਸਵਾਲ ਇਹ ਹੈ ਕਿ ਸਿੱਖੀ ਸੋਚ ਦੇ ਧਾਰਨੀ ਸਿੱਖਾਂ ਵੱਲੋਂ ਆਪਣੀ ਜਿੰਮੇਵਾਰੀ ਤੋਂ ਅਵੇਸਲਾਪਣ ਕਿਉਂ ਹੈ। ਸਾਡੇ ਸਿੱਖ ਆਗੂ ਪੰਜਾਬ ਅਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੋਂ ਤੁਰਨ ਦਾ ਭੰਡੀ ਪ੍ਰਚਾਰ ਕਰਦੇ ਨਹੀਂ ਥੱਕਦੇ। ਪਰ ਆਪਣੀ ਚਿੰਤਾ ਸਿੱਖ ਕੌਮ ਦੀਆਂ ਅਮੀਰ ਕਦਰਾ ਕੀਮਤਾਂ ਤੇ ਅਸੂਲਾਂ ਨੂੰ ਬਚਾਉਣਾ ਵੀ ਛੱਡ ਚੁੱਕੇ ਹਨ। ਜਿਸ ਦੀ ਮਿਸਾਲ ਅਕਾਲੀ ਦਲ ਤੋਂ ਪੰਜਾਬੀ ਪਾਰਟੀ ਤੱਕ ਦੇ ਸਫ਼ਰ ਤੋ ਮਿਲਦੀ ਹੈ। ਸਾਡੇ ਸਿੱਖ ਨੇਤਾ ਪਹਿਲਾਂ ਅੰਗਰੇਜ਼ਾਂ ਨੂੰ ਸਬਕ ਸਿਖਾਉਣ ਲਈ ਕਾਂਗਰਸ ਪਿਛੇ ਲੱਗੇ ਫਿਰ ਕਾਂਗਰਸ ਨੂੰ ਸਬਕ ਸਿਖਾਉਣ ਲਈ ਜਨਤਾ ਪਾਰਟੀ ਪਿੱਛੇ ਤੇ ਹੁਣ ਭਾਜਪਾ ਤੇ ਅਕਾਲੀਆਂ ਪਿੱਛੇ। ਅੱਜ ਕੱਲ ਆਮ ਆਦਮੀ ਪਾਰਟੀ ਤੇ ਡੁਲ੍ਹੇ ਹੋਏ ਨੇ ਹੁਣ ਇਸ ਦੇ ਪਿੱਛੋ ਕੀ ਹੋਵੇਗਾ ਕਿਸੇ ਨੂੰ ਪਤਾ ਨਹੀਂ।

ਸਿੱਖਾਂ ਨੂੰ ਚਿੰਤਾ ਧਰਮ ਕੌਮ ਨੂੰ ਬਚਾਉਣ ਤੇ ਮਜ਼ਬੂਤ ਕਰਨ ਦੀ ਹੋਣੀ ਚਾਹੀਦੀ ਸੀ, ਜਿਸ ਵਿਚ ਤਕੜੇ ਹੋ ਕੇ ਕੰਮ ਕਰਨ ਦੀ ਲੋੜ ਹੈ। ਮੇਰੇ ਗੁਰੂ ਨਾਨਕ ਯੂਨੀਵਰਸਿਟੀ ਵਿਚ ਤਾਇਨਾਤ ਮਿੱਤਰ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਦੀ ਵੱਡੀ ਸੰਸਥਾ ਦੇ ਵਿਦਿਆਰਥੀ ਵਿੰਗ ਵਿਚ ਇਕ ਕਾਰਾਕੁੰਨ ਨੇ ਸਿਰ ਮੂਹ ਮੁਨਾ ਲਿਆ ਤੇ ਉਸ ਰੌਦਿਮਾਗ ਗੁਰਸਿੱਖ ਨੇ ਇਸ ਕਾਰਕੁੰਨ ਦੇ ਕਾਰਨ ਬਾਰੇ ਜਾਨਣਾ ਚਾਹਿਆ ਤਾਂ ਉਸ ਨੇ ਦੱਸਿਆ ਕਿ ਅੱਜ ਪੜ੍ਹੇ ਲਿਖੇ ਲੋਕਾਂ ਵਿਚ ਇਹ ਗੱਲ ਪ੍ਰਵਾਨ ਕਰ ਲਈ ਗਈ ਹੈ ਕਿ ਅਮ੍ਰਿਤਧਾਰੀ ਅਤੇ ਖੁੱਲੀ ਦਾੜ੍ਹੀ ਵਾਲੇ ਲੋਕ ਉਜੱਡ, ਪਿਛਾਹ ਖਿਚੂ ਅਤੇ ਲੜਾਕੇ ਹੁੰਦੇ ਹਨ। ਇਸ ਲਈ ਆਪਣੇ ਆਪ ਨੂੰ ਅਗਾਂਹਵਧੂ ਵਿਦਵਾਨ ਅਤੇ ਸਰੀਫ਼ ਵਿਅਕਤੀ ਪੇਸ਼ ਕਰਨ ਲਈ ਸਿਰ ਮੂੰਹ ਮੁਨਾ ਲਏ ਹਨ। ਅੱਜ ਕੇਸ ਅਤੇ ਕ੍ਰਿਪਾਨ ਵਰਗੇ ਪਵਿੱਤਰ ਚਿੰਨ੍ਹ ਬਹੁਤ ਹੀ ਵਿਪਰੀਤ ਪ੍ਰਤੀਕ ਬਣ ਚੁੱਕੇ ਹਨ। ਐਸਾ ਮਾਹੌਲ ਕਿਵੇਂ ਬਣ ਗਿਆ। ਜਿੰਮੇਵਾਰ ਕੌਣ ਹੈ। ਸਿੱਖ ਪ੍ਰਚਾਰਕ ਸੰਸਥਾਂ ਦੇ ਕਾਰਕੁੰਨ ਦੀ ਇਹ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਹੈ।

ਦੂਜੇ ਪਾਸੇ ਅੱਜ ਘੱਟ ਪੜ੍ਹੇ ਲਿਖੇ ਗ੍ਰੰਥੀਆਂ ਜਾਂ ਰਾਗੀਆਂ ਨੂੰ ਵੀ ਵੱਡੇ ਅਹੁਦਿਆਂ ਤੇ ਲਗਾਉਣ ਦੀ ਪ੍ਰੰਪਰਾ ਬਣੀ ਹੋਈ ਹੈ। ਜੇ ਅਸੀ ਸਿੱਖਾਂ ਵਿਚੋ ਪੜ੍ਹੇ ਲਿਖੇ ਚੰਗੇ ਵਿਗਿਆਨੀ ਡਾਕਟਰ, ਉਦਯੋਗਪਤੀ, ਵਪਾਰੀ, ਰਿਟਾਇਰਡ ਅਫ਼ਸਰ ਪ੍ਰਬੰਧਕੀ ਸੇਵਾਵਾਂ ਵਾਸਤੇ ਭਾਲ ਕਰਨੀ ਸੁਰੂ ਕਰ ਦਈਏ ਤਾਂ ਉਨ੍ਹਾਂ ਦੀ ਯੋਗਤਾ ਅਨੁਸਾਰ ਸਿੱਖ ਸੰਸਥਾਵਾਂ ਵਿਚ ਮਾਣ ਤਾਣ ਦੇਣਾ ਸੁਰੂ ਕਰੀਏ ਤਾਂ ਇਸ ਤਰ੍ਹਾਂ ਸਾਡੀਆਂ ਸੰਸਥਾਵਾਂ ਦਾ ਨਵੀਨਕਰਨ ਹੋ ਸਕਦਾ ਹੈ। ਸਿੱਖਾਂ ਦੀ ਸੋਚ ਦਾ ਪੱਧਰ ਮਾਪਣ ਲਈ ਇਕ ਹੋਰ ਮਿਸਾਲ ਕਿ ਜਦੋਂ ਇਕ ਸੈਮੀਨਾਰ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਨਿਯੁਕਤੀ ਅਤੇ ਯੋਗਤਾ ਤੇ ਗੱਲ ਕਰਦਿਆਂ ਕਿਸੇ ਸਿਆਣੇ ਵਿਦਵਾਨ ਨੇ ਕਿਹਾ ਕਿ ਇਸ ਮਹਾਨ ਪਦਵੀ ਤੇ ਘੱਟੋ-ਘੱਟ ਬੀ.ਏ. ਦੀ ਯੋਗਤਾ ਹੋਣੀ ਚਾਹੀਦੀ ਹੈ ਤਾਂ ਝੱਟਪੱਟ ਇਕ ਹੋਰ ਸੱਜਣ ਕਹਿਣ ਲੱਗਾ ਕਿ ਦੇਖੋ ਜੀ ਗੁਰੂ ਨਾਨਕ ਸਾਹਿਬ ਨੇ ਕਿਹੜਾ ਡਿਗਰੀ ਲਈ ਸੀ। ਜਿਸ ਦਾ ਸਿੱਧਾ ਮਤਲਬ ਸੀ ਕਿ ਸਿੱਖਾਂ ਦੀਆਂ ਉੱਚ ਸੰਸਥਾਵਾਂ ਤੇ ਅਨਪੜ ਕਿਸਮ ਦੇ ਬੰਦੇ ਹੀ ਹੋਣੇ ਚਾਹੀਦੇ ਹਨ। ਹਲਾਂਕਿ ਇਹੋ ਜਿਹੀ ਸੋਚ ਕਾਰਨ ਹੀ ਅੰਗਰੇਜ਼ਾਂ ਨੇ ਆਪਣੇ ਕਾਲ ਵਿਚ ਸਿੱਖੀ ਅਦਾਰਿਆਂ ਉੱਤੇ ਅਨਪੜ੍ਹ ਮਹੰਤਾਂ, ਸੰਤਾਂ ਨੂੰ ਲਾਈ ਰੱਖਿਆ ਸੀ। ਫਿਰ ਸਿੱਖਾਂ ਨੂੰ ਲਹੂ ਡੋਲ ਕੇ ਮੰਹਤਾਂ ਪਾਸੋ ਗੁਰਦਆਰੇ ਅਜਾਦ ਕਰਵਾਉਣੇ ਪਏ ਸੀ ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਉਹ ਅਰਬੀ, ਫਾਰਸੀ, ਲੰਡੇ, ਹਿਸਾਬ ਤੋ ਬਿਨ੍ਹਾਂ ਵੇਦਾਂ, ਪੁਰਾਣਾਂ, ਕਤੇਬਾਂ ਆਦਿ ਦਾ ਗਹਿਰਾ ਅਧਿਐਨ ਕੀਤਾ ਹੋਇਆ ਸੀ।ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਦੱਸਣ ਵਾਲੇ ਲੋਕ ਪਾਪ ਨਹੀਂ ਤਾਂ ਹੋਰ ਕੀ ਕਰ ਰਹੇ ਹਨ। ਸਿੱਖਾਂ ਦੀ ਸਰਵ-ਉੱਚ ਸੰਸਥਾਂ, ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲੀ ਦਲ ਦੀ ਸਥਾਪਨਾ ਵੇਲੇ ਸਾਡੇ ਬਜ਼ੁਰਗਾਂ ਵੱਲੋ ਲਏ ਗਏ ਫੈਸਲਿਆਂ, ਉਦੇਸ਼ਾਂ ਨੂੰ ਲਾਗੂ ਕਰਨ ਲਈ ਸਿਆਣੇ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸ੍ਰੋਮਣੀ ਗੁਰਮਤਿ ਚੇਤਨਾ ਨੇ ਇਸ ਮਹਾਨ ਕੰਮ ਲਈ ਬੀੜਾ ਚੁੱਕਣ ਦਾ ਫੈਸਲਾ ਕੀਤਾ ਹੈ। ਸੂਝਵਾਨ, ਪੰਥਕ ਦਰਦੀ ਸਾਨੂੰ ਸਹਿਯੋਗ ਦੇਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾ. ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top