Share on Facebook

Main News Page

ਉਮੀਦਵਾਰਾਂ ਨੂੰ ਆਉਂਦੇ ਨੇ ਪਸੀਨੇ ਤੇ ਵੋਟਰਾਂ ਦੇ ਢਿੱਡ ਹਸਦੇ - ਜਿੱਤੇਗਾ ਕੌਣ …ਸਭ ਨਜ਼ਰਾਂ 16 ਮਈ ਉੱਤੇ

ਪੰਜਾਬ ਵਿਚ 30 ਅਪ੍ਰੈਲ ਨੂੰ ਵੋਟਾਂ ਪੈਣ ਮਗਰੋਂ ਹੁਣ ਸਾਰਿਆਂ ਦੀਆਂ ਨਜ਼ਰਾਂ 16 ਮਈ ਤੇ ਟਿਕੀਆਂ ਹਨ ਜਦੋਂ ਬਕਸਿਆਂ ਵਿਚੋਂ ਵੋਟਰਾਂ ਵੱਲੋਂ ਲਿਖੀ ਅਕਾਲੀ -ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਤਕਦੀਰ ਬਾਹਰ ਨਿਕਲੇਗੀ।

ਕੀ ਹੋਣਗੇ ਇਸ ਵਾਰ ਚੋਣਾਂ ਦੇ ਨਤੀਜੇ? ਇਹ ਸੁਆਲ ਜਿੱਥੇ ਕਰੋੜਾਂ ਰੁਪਏ ਖਰਚੀਂ ਬੈਠੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਉਡਾ ਰਿਹਾ ਹੈ, ਉਥੇ ਆਮ ਲੋਕਾਂ ਦੀ ਦਿਲਚਸਪੀ ਨੂੰ ਵੀ ਦਿਨੋ-ਦਿਨ ਤੇਜ਼ ਕਰ ਰਿਹਾ ਹੈ। ਸਿਆਸੀ ਲੀਡਰ ਅਤੇ ਉਹਨਾਂ ਦੇ ਸਮਰਥਕ ਇਸ ਗੱਲ ਨੂੰ ਲੈ ਕੇ ਬੁਖਲਾਏ ਹੋਏ ਹਨ ਕਿ ਇਸ ਵਾਰ ਲੋਕਾਂ ਨੇ ਪੈਸੇ ਵੀ ਲਏ, ਦਾਰੂ ਵੀ ਪੀਤੀ, ਪਰ ਵੋਟ ਦਿੱਤੀ ਕਿ ਨਹੀਂ ਇਸ ਦੀ ਕੋਈ ਗਰੰਟੀ ਨਹੀਂ। ਉੱਧਰ ਜੇਕਰ ਆਮ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਹ ਸਾਰੇ ਇਕੋ ਸਾਹ ਵਿਚ ਕਹਿੰਦੇ ਹਨ ਕਿ ਇਸ ਵਾਰ ਤਾਂ ਸਾਰੀ ਵੋਟ ਝਾੜੂ ਵੱਲ ਹੀ ਡਿੱਗੀ ਹੈ

ਇੱਥੇ ਲੋਕ ਸਭਾ ਹਲਕਾ ਸੰਗਰੂਰ ਦੇ ਇਕ ਪਿੰਡ ਵਿਚ ਵਾਪਰੀ ਇਕ ਬਹੁਤ ਹੀ ਦਿਲਚਸਪ ਘਟਨਾ ਦੱਸਣੀ ਬਣਦੀ ਹੈ । ਹੋਇਆ ਇੰਝ ਕਿ ਜਦੋ ਵੱਡੀ ਗਿਣਤੀ ਵਿਚ ਲੋਕ ਵੋਟਾਂ ਪਾ ਰਹੇ ਸਨ ਤਾਂ ਉਹਨਾਂ ਸਾਰਿਆਂ ਵੱਲੋਂ ਵਾਰ ਵਾਰ ‘ਝਾੜੂ’ ਦਾ ਬਟਨ ਦਬਾਉਣ ਨਾਲ ਉਹ ਬਟਨ ਗਰਮ ਹੋ ਗਿਆ ਅਤੇ ਚੋਣ ਅਮਲੇ ਨੂੰ ਉਹ ਈਵੀਐਮ ਕੁਝ ਸਮੇਂ ਲਈ ਬੰਦ ਕਰਨੀ ਪਈ ਕਿਉਂਕਿ ਬਾਕੀ ਬਚੇ ਲੋਕਾਂ ਦੀ ਲੰਬੀ ਕਤਾਰ ਵੀ ਉਹੀ ਬਟਨ ਦੱਬਣ ਲਈ ਖੜ੍ਹੀ ਸੀ।

ਨੌਜਵਾਨਾਂ ਨੇ ਝੁਕਾਇਆ ਪਾਸਕੂ

ਇਸ ਵਾਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੌਰਾਨ ਪ੍ਰਮੁੱਖ ਪਾਰਟੀਆਂ ਨਾਲ ਦਹਾਕਿਆਂ ਤੋਂ ਜੁੜੀਆਂ ਰਵਾਇਤੀ ਵੋਟਾਂ ਖਿੰਡਣ ਅਤੇ ਨੌਜਵਾਨ ਵੋਟਰ ਫੈਸਲਾਕੁਨ ਸਾਬਤ ਹੋਣ ਦੇ ਸੰਕੇਤ ਮਿਲੇ ਹਨ। ਆਮ ਦੇ ਉਲਟ ਐਤਕੀਂ ਪਈਆਂ ਚੋਣਾਂ ਦੌਰਾਨ ਪਰਿਵਾਰਾਂ ਵਿੱਚ ਵੀ ਵੋਟਾਂ ਵੰਡੀਆਂ ਗਈਆਂ। ਵੋਟਰ ਰਵਾਇਤਾਂ ਤੋਂ ਹਟ ਕੇ ਮੌਜੂਦਾ ਸਿਆਸੀ ਮਾਹੌਲ ਅਨੁਸਾਰ ਵੋਟਾਂ ਪਾਉਣ ਦੇ ਰੌਂਅ ਵਿੱਚ ਦਿਸੇ।

ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਕੁੱਲ 1,95,27,114 ਵੋਟਰਾਂ ਵਿੱਚੋਂ 18 ਤੋਂ 39 ਸਾਲ ਦੇ ਨੌਜਵਾਨ ਵੋਟਰਾਂ ਦੀ ਗਿਣਤੀ 97,79,398 ਬਣਦੀ ਹੈ, ਜੋ ਕੁੱਲ ਵੋਟਾਂ ਦਾ 48 ਫੀਸਦ ਹਨ।ਵਿਸ਼ੇਸ਼ ਗੱਲ ਇਹ ਹੈ ਕਿ ਇਹ 48 ਫੀਸਦ ਵੋਟਰ ਮੌਜੂਦਾ ਸਿਆਸੀ ਹਾਲਾਤ ਨੂੰ ਵਿਚਾਰੇ ਬਿਨਾਂ ਪੀੜ੍ਹੀ-ਦਰ-ਪੀੜ੍ਹੀ ਕਿਸੇ ਇੱਕ ਪਾਰਟੀ ਦੇ ਲੜ ਲੱਗਣ ਦੀ ਰਵਾਇਤ ਦੇ ਉਲਟ ਐਤਕੀਂ ਆਪਣੀ ਸੋਚ ਅਨੁਸਾਰ ਵੋਟ ਪਾਉਣ ਲਈ ਬਾਹਰ ਨਿਕਲੇ ਸਨ। ਇਸ ਵਰਗ ਦੇ ਵੋਟਰਾਂ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਦੀ ਭੂਮਿਕਾ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। 18 ਤੋਂ 39 ਸਾਲ ਵਰਗ ਦੇ ਵੋਟਰਾਂ ਦੀ ਸਭ ਤੋਂ ਵੱਧ ਗਿਣਤੀ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਹੈ। ਇਸ ਹਲਕੇ ਵਿੱਚ 8,02,381 ਨੌਜਵਾਨ ਵੋਟਰ ਹਨ, ਪਟਿਆਲਾ ਹਲਕੇ ਵਿੱਚ 8,01,802 ਅਤੇ ਖਡੂਰ ਸਾਹਿਬ ਹਲਕੇ ਵਿੱਚ 8,01,644 ਨੌਜਵਾਨ ਵੋਟਰ ਹਨ।

ਇਨ੍ਹਾਂ ਚੋਣਾਂ ਦੌਰਾਨ ਵੱਡੀ ਤਬਦੀਲੀ ਇਹ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਨੌਜਵਾਨ ਮੁਲਾਜ਼ਮਾਂ ਦੀ ਵੱਡੀ ਗਿਣਤੀ ਨੇ ਆਪਣੇ ਹੀ ਅੰਦਾਜ਼ ਵਿੱਚ ਵੋਟਾਂ ਪਾਈਆਂ ਹਨ। ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੋਚ ਸਰਕਾਰੀ ਮੁਲਾਜ਼ਮਾਂ ਤੋਂ ਪੂਰੀ ਤਰ੍ਹਾਂ ਹੱਟ ਕੇ ਹੈ। ਇਹ ਵਰਗ ਮਹਿਜ਼ ਆਪਣੀਆਂ ਤਨਖਾਹਾਂ ਜਾਂ ਭੱਤਿਆਂ ਬਾਰੇ ਸੋਚ ਕੇ ਵੋਟ ਪਾਉਣ ਤੱਕ ਸੀਮਤ ਨਹੀਂ ਜਾਪਦਾ ਸਗੋਂ ਦੇਸ਼ ਵਿੱਚ ਆਈ.ਟੀ. ਅਤੇ ਹੋਰ ਆਧੁਨਿਕ ਖੇਤਰ ਵਿੱਚ ਹੋ ਰਹੇ ਵਿਕਾਸ ‘ਤੇ ਚਰਚਾ ਕਰਨ ਤੋਂ ਬਾਅਦ ਹੀ ਕਿਸੇ ਪਾਰਟੀ ਦੇ ਹੱਕ ਵਿੱਚ ਭੁਗਤਦਾ ਹੈ।

ਇਸ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਇਕ ਚੋਣ ਸਰਵੇਖਣ ਵਿੱਚ ਵੀ ਕਿਹਾ ਗਿਆ ਹੈ, ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੇ ਕਾਂਗਰਸ ਅਤੇ ਭਾਜਪਾ ਨੂੰ ਵੋਟ ਪਾਉਣ ਦੀ ਥਾਂ ‘ਆਪ’ ਨੂੰ ਵੋਟ ਪਾਉਣ ਨੂੰ ਪਹਿਲੀ ਦਿੱਤੀ ਹੈ।

ਰਾਜਨੀਤੀ ਵਿਗਿਆਨ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਹਰਪ੍ਰੀਤ ਮਾਂਗਟ ਅਤੇ ਐਮ.ਫਿਲ. ਦੀ ਵਿਦਿਆਰਥਣ ਸੁਖਪ੍ਰੀਤ ਕੌਰ ਵੱਲੋਂ ਕੀਤੇ ਗਏ ਇਸ ਚੋਣ ਸਰਵੇਖਣ ਵਿੱਚ ਸ਼ਹਿਰ ਦੇ ਦੋ ਸੌ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ। ਡਾ. ਮਾਂਗਟ ਨੇ ਕਿਹਾ ਕਿ ਇਨ੍ਹਾਂ ਦੋ ਸੌ ਵੋਟਰਾਂ ਵਿੱਚ 82 ਉਹ ਵੋਟਰ ਸ਼ਾਮਲ ਹਨ, ਜਿਨ੍ਹਾਂ ਐਤਕੀਂ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਸਰਵੇਖਣ ਅਨੁਸਾਰ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਵਿੱਚੋਂ 36.5 ਫੀਸਦ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਨੂੰ ਵੋਟ ਪਾਈ ਹੈ, ਜਦੋਂਕਿ 28.04 ਫੀਸਦ ਨੇ ਕਾਂਗਰਸ ਅਤੇ 16 ਫੀਸਦ ਨੇ ਭਾਜਪਾ ਨੂੰ ਵੋਟ ਪਾਏ ਜਾਣ ਦਾ ਖੁਲਾਸਾ ਕੀਤਾ

ਅਕਾਲੀ-ਭਾਜਪਾ ਨੂੰ ਘੱਟ ਵੋਟਾਂ ਪਈਆਂ

ਉਪਰੋਕਤ ਸਰਵੇਖਣ ਵਿੱਚ ਹੀ ਇਹ ਖੁਲਾਸਾ ਵੀ ਕੀਤਾ ਗਿਆ ਹੈ ਕਿ ਸੰਨ 2012 ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ-ਅਕਾਲੀ ਗੱਠਜੋੜ ਨੂੰ ਘੱਟ ਵੋਟਾਂ ਪਈਆਂ ਹਨ। ਘੱਟੋ-ਘੱਟ 31.35 ਫੀਸਦ ਵੋਟਰਾਂ (ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਛੱਡ ਕੇ) ਨੇ ਸੰਨ 2012 ਵਿੱਚ ਕਾਂਗਰਸ ਨੂੰ ਵੋਟ ਪਾਈ ਸੀ ਜਦੋਂਕਿ 27 ਫੀਸਦ ਨੇ ਭਾਜਪਾ ਨੂੰ ਵੋਟ ਪਾਈ ਸੀ। ਬਾਕੀਆਂ ਵਿੱਚੋਂ ਕਿਸੇ ਨੇ ਵੋਟ ਹੀ ਨਹੀਂ ਸੀ ਪਾਈ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਪਾਈ ਸੀ। ਡਾ. ਮਾਂਗਟ ਦਾ ਕਹਿਣਾ ਹੈ ਕਿ ਸੰਨ 2012 ਵਿੱਚ ਕਾਂਗਰਸ ਨੂੰ ਜਿੰਨੀਆਂ ਵੋਟਾਂ ਪਈਆਂ ਸਨ, ਉਸ ਵਿੱਚੋਂ ਤੀਜਾ ਹਿੱਸਾ ਘਾਟਾ ਪਿਆ ਹੈ ਜਦੋਂਕਿ ਭਾਜਪਾ ਨੂੰ ਇਸ ਵਾਰ 62 ਫੀਸਦ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੀਆਂ ਨੁਕਸਾਨੀਆਂ ਹੋਈਆਂ ਵੋਟਾਂ ਦਾ 55 ਫੀਸਦ ਹਿੱਸਾ ‘ਆਪ’ ਵੱਲ ਗਿਆ ਜਦੋਂਕਿ 35 ਫੀਸਦੀ ਵੋਟਰਾਂ ਦਾ ਝੁਕਾਅ ਭਾਜਪਾ ਵੱਲ ਗਿਆ। ਡਾ. ਮਾਂਗਟ ਦਾ ਕਹਿਣਾ ਹੈ ਕਿ ਰਹਿੰਦੇ ਦਸ ਫੀਸਦ ਵੋਟਰਾਂ ਨੇ ਜਾਂ ਤਾਂ ਵੋਟ ਨਹੀਂ ਪਾਈ ਜਾਂ ਫਿਰ ਜਿਸ ਪਾਰਟੀ ਨੂੰ ਪਾਈ, ਉਹ ਦੱਸਣ ਤੋਂ ਗੁਰੇਜ਼ ਕੀਤਾ।

ਸਰਕਾਰੀ ਬਾਬੂਆਂ ਦੀ ਮੱਥਾਪੱਚੀ

ਜਲੰਧਰ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ 70 ਫੀਸਦੀ ਤੋਂ ਵੱਧ ਮਤਦਾਨ ਹੋਣ ‘ਤੇ ਪਹਿਲੀ ਮਈ ਨੂੰ ਸਰਕਾਰੀ ਅਫਸਰਾਂ ਦੇ ਦਫਤਰਾਂ ਵਿੱਚ ਸਰਕਾਰੀ ਬਾਬੂ ਆਮ ਆਦਮੀ ਪਾਰਟੀ (ਆਪ) ਬਾਰੇ ਹੀ ਚਰਚਾ ਕਰਦੇ ਰਹੇ। ਸਰਕਾਰੀ ਅਫਸਰਾਂ ‘ਚ ਇਸ ਗੱਲ ਦੀ ਬੜੀ ਉਤਸੁਕਤਾ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਕੀ ਹੋਣਗੇ। ਸਿਵਲ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜਿੱਥੇ ਇਕ ਦੂਜੇ ਨਾਲ ਟੈਲੀਫੋਨ ‘ਤੇ ਲੋਕ ਸਭਾ ਚੋਣਾਂ ਦੇ ਆਉਣ ਵਾਲੇ ਨਤੀਜਿਆਂ ਬਾਰੇ ਚਰਚਾ ਕਰ ਰਹੇ ਸਨ ਉਥੇ ਇਸ ਚਰਚਾ ਦੇ ਕੇਂਦਰ ਬਿੰਦੂ ਵਿੱਚ ਸਿਰਫ ‘ਆਪ’ ਹੀ ਸੀ। ਖਾਸ ਕਰਕੇ ਪੁਲੀਸ ਅਫਸਰਾਂ ਵਿੱਚ ਇਸ ਗੱਲ ਨੂੰ ਘੋਖਣ ਵਿੱਚ ਲੱਗੇ ਰਹੇ ਕਿ ਸੂਬਾ ਸਰਕਾਰ ਵਿਰੋਧੀ ਲੋਕਾਂ ਦਾ ਗੁੱਸਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਿਆ ਹੈ ਤਾਂ ਫਿਰ ਚੋਣ ਨਤੀਜੇ ਕਿਹੋ ਜਿਹੇ ਰਹਿਣਗੇ? ਸੂਬੇ ਦੀਆਂ ਸੂਹੀਆ ਏਜੰਸੀਆਂ ਦੇ ਮੁਲਾਜ਼ਮ ਵੀ ਮੀਡੀਆਕਰਮੀਆਂ ਤੇ ਹੋਰ ਲੋਕਾਂ ਤੋਂ ਇਸ ਗੱਲ ਦੀ ਭਿਣਕ ਲੈਂਦੇ ਰਹੇ ਕਿ ਆਪ ਨੇ ਕਿਸ ਧਿਰ ਦੀਆਂ ਵੋਟਾਂ ਦਾ ਜ਼ਿਆਦਾ ਨੁਕਸਾਨ ਕੀਤਾ ਹੈ।

ਲੋਕਾਂ ਨੇ ਆਪਣੇ ਮੂਡ ਦੀ ਭਿਣਕ ਨਹੀਂ ਲੱਗਣ ਦਿੱਤੀ

ਪੰਜਾਬ ਵਿੱਚ ਚੋਣਾਂ ਵਾਲੇ ਦਿਨ ਹੀ ਲੋਕਾਂ ਦਾ ਗੁੱਸਾ ਇਕਦਮ ਜ਼ਾਹਰ ਹੋਇਆ ਜਦਕਿ ਪਹਿਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਭਿਣਕ ਸੱਤਾਧਾਰੀ ਧਿਰ ਪਾਰਟੀ ਨੂੰ ਨਹੀਂ ਸੀ ਲੱਗ ਰਹੀ। ਵੋਟਾਂ ਵਾਲੇ ਦਿਨ ਲੋਕ ਜਿੱਥੇ ਆਪ ਮੁਹਾਰੇ ‘ਆਪ’ ਨੂੰ ਵੋਟਾਂ ਪਾਉਣ ਲਈ ਜਾ ਰਹੇ ਸਨ ਉਥੇ ਉਹ ਬੜੇ ਦਾਅਵੇ ਤੇ ਚਾਅ ਨਾਲ ਇਹ ਗੱਲ ਕਹਿੰਦੇ ਰਹੇ ਕਿ ਉਨ੍ਹਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਹਨ। ਲੋਕਾਂ ਦੇ ਮਨਾਂ ‘ਚ ਸੂਬੇ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੇ ਕੇਂਦਰ ਦੀ ਕਾਂਗਰਸ ਸਰਕਾਰ ਵਿਰੁੱਧ ਗੁੱਸਾ ਸੀ ਪਰ ਇਸ ਗੁੱਸੇ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਸੂਬਾ ਸਰਕਾਰ ਹੋਈ। ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਪੂਰਾ ਤਰ੍ਹਾਂ ਕਾਇਮ ਨਾ ਹੋਣ ਦੇ ਬਾਵਜੂਦ ਅਕਾਲੀਆਂ ਦੇ ਗੜ੍ਹ ਵਿੱਚੋਂ ਉਨ੍ਹਾਂ ਨੂੰ ਲੋਕਾਂ ਦੀ ਹਮਾਇਤ ਮਿਲਣੀ ਇਹ ਸਪੱਸ਼ਟ ਸੰਕੇਤ ਦੇ ਰਹੀਆਂ ਹਨ ਕਿ ਅਕਾਲੀ ਪੱਖੀ ਵੋਟਰ ਵੀ ਸੱਤਾਧਾਰੀ ਧਿਰ ਤੋਂ ਗੁੱਸੇ ਵਿੱਚ ਸਨ।

ਅਕਾਲੀ-ਭਾਜਪਾ ਗੱਠਜੋੜ ਨੇ ਆਪਣੇ ਪ੍ਰਚਾਰ ਦੇ ਆਖਰੀ ਦਿਨਾਂ ਦੌਰਾਨ ਵੱਡੇ ਵੱਡੇ ਇਸ਼ਤਿਹਾਰ ਨਸ਼ਿਆਂ ਨੂੰ ਰੋਕਣ ਬਾਰੇ ਤੇ ਪ੍ਰਾਪਰਟੀ ਟੈਕਸ ਨੂੰ ਲਾਉਣ ਲਈ ਜ਼ਿੰਮੇਵਾਰ ਕਾਂਗਰਸ ਬਾਰੇ ਹੀ ਦਿੱਤੇ ਸਨ ਤਾਂ ਜੋ ਇਨ੍ਹਾਂ ਮੁੱਦਿਆਂ ‘ਤੇ ਲੋਕਾਂ ਦੇ ਗੁੱਸੇ ਨੂੰ ਕਿਸੇ ਹੱਦ ਤੱਕ ਸ਼ਾਂਤ ਕੀਤਾ ਜਾ ਸਕੇ। ਅਕਾਲੀ-ਭਾਜਪਾ ਗੱਠਜੋੜ ਵੱਲੋਂ ਪ੍ਰਾਪਰਟੀ ਟੈਕਸ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਹੇਠ ਜਾਰੀ ਹੋਣ ਨੂੰ ਲੈ ਕੇ ਲੋਕ ਹੈਰਾਨ ਸਨ ਕਿ 7 ਸਾਲ ਤੋਂ ਸੂਬੇ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਹੈ ਤਾਂ ਫਿਰ ਉਹ ਇਸ਼ਤਿਹਾਰਾਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ।

ਇਸੇ ਤਰ੍ਹਾਂ ਸੱਤਾਧਾਰੀ ਧਿਰ ਵੱਲੋਂ ਨਸ਼ਿਆਂ ਬਾਰੇ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਕੀਤੀ ਗਈ ਬਰਾਮਦਗੀ ਨੂੰ ਆਪਣੀ ਸਫਲਤਾ ਤਾਂ ਦੱਸਿਆ ਸੀ, ਪਰ ਪਿੰਡਾਂ ਵਿੱਚ ਸ਼ਰ੍ਹੇਆਮ ਵਿਕਦੇ ‘ਚਿੱਟੇ’ ਬਾਰੇ ਚੁੱਪ ਧਾਰੀ ਰੱਖੀ। ਜਾਣਕਾਰੀ ਅਨੁਸਾਰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਮਾਪਿਆਂ ਨੇ ਜਿੱਥੇ ਸਰਕਾਰ ਵਿਰੁੱਧ ਗੁੱਸਾ ਕੱਢਣ ਲਈ ‘ਆਪ’ ਨੂੰ ਵੋਟਾਂ ਪਾਈਆਂ ਉਥੇ ਅਫਸਰਾਂ ਦੇ ਮਾਪਿਆਂ ਨੇ ਵੀ ਝਾੜੂ ਵਾਲਾ ਬਟਨ ਹੀ ਦਬਾਇਆ ਦੱਸਿਆ ਜਾਂਦਾ ਹੈ।

ਵੱਡੇ ਉਲਟ-ਫੇਰ ਦੀ ਉਮੀਦ

ਆਮ ਆਦਮੀ ਪਾਰਟੀ (ਆਪ) ਦੇ ਆਗੂ ਵੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵੋਟਰਾਂ ਤੋਂ ਮਿਲੇ ਸਮਰਥਨ ਤੋਂ ਕਾਫ਼ੀ ਆਸਵੰਦ ਹਨ। ਉਨ੍ਹਾਂ ਵੱਲੋਂ ਚੋਣ ਨਤੀਜਿਆਂ ਵਿੱਚ ਵੱਡਾ ਉਲਟ-ਫੇਰ ਹੋਣ ਦੇ ਦਾਅਵੇ ਵੀ ਕੀਤੇ ਜਾਣ ਲੱਗ ਪਏ ਹਨ।

ਪਾਰਟੀ ਦੀ ਲੀਡਰਸ਼ਿਪ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਵੋਟਰਾਂ ਦੇ ਮਿਲੇ ਹੁੰਗਾਰੇ ਤੋਂ ਉਤਸ਼ਾਹਤ ਹੈ। ਜਿਨ੍ਹਾਂ ਹਲਕਿਆਂ ਵਿੱਚ ਪਾਰਟੀ ਨੂੰ ਖੁਦ ਬਹੁਤੇ ਸਮਰਥਨ ਦੀ ਆਸ ਨਹੀਂ ਸੀ, ਉਨ੍ਹਾਂ ਹਲਕਿਆਂ ਵਿੱਚੋਂ ਵੀ ਪਾਰਟੀ ਲੀਡਰਸ਼ਿਪ ਕੋਲ ਪਹੁੰਚੀਆਂ ਰਿਪੋਰਟਾਂ ਨੇ ਉਨ੍ਹਾਂ ਨੂੰ ਢਾਰਸ ਬੰਨਾਈ ਹੈ। ਇਸ ਲਈ ਪਾਰਟੀ ਦੇ ਆਗੂਆਂ ਸੁਮੇਲ ਸਿੰਘ ਸਿੱਧੂ, ਪ੍ਰੋ. ਮਨਜੀਤ ਸਿੰਘ, ਸੰਤੋਖ ਸਿੰਘ ਸਲਾਣਾ ਤੇ ਗੁਲਸ਼ਨ ਛਾਬੜਾ ਨੇ ਪੰਜਾਬ ਚੋਣਾਂ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਲਈ ਪਾਰਟੀ ਦੇ ਸਾਰੇ ਵਾਲੰਟੀਅਰਾਂ, ਨੌਜਵਾਨਾਂ ਅਤੇ ਹੋਰ ਸਮੁੱਚੇ ਵਰਗਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।

ਪਾਰਟੀ ਨੇ ਹੋਰਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ। ਭਗਵੰਤ ਮਾਨ ਅਮੇਠੀ ਤੇ ਵਾਰਾਣਸੀ ਤੋਂ ਬਾਅਦ ਉਤਰਾਖੰਡ ਦੇ ਨੈਨੀਤਾਲ ਹਲਕੇ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਜੱਸੀ ਜਸਰਾਜ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਅਤੇ ਕੁਝ ਹੋਰ ਉਮੀਦਵਾਰਾਂ ਨੂੰ ਹਿਮਾਚਲ ਪ੍ਰਦੇਸ਼ ਭੇਜਿਆ ਜਾ ਰਿਹਾ ਹੈ।

ਸੱਟੇਬਾਜ਼ਾਂ ਦੀਆਂ ਕਿਆਸਰਾਈਆਂ

ਪੰਜਾਬ ਤੇ ਹਰਿਆਣਾ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਸੱਟੇਬਾਜ਼ੀ ਜ਼ੋਰ ‘ਤੇ ਹੈ। ਅਜਿਹੀ ਸੱਟੇਬਾਜ਼ੀ ਦਾ ਗੜ੍ਹ ਹੈ ਸਿਰਸਾ ਜਿੱਥੇ ਸੱਟੇਬਾਜ਼ ਪੰਜਾਬ ਵਿੱਚ ਕਾਂਗਰਸ ਨੂੰ 6 ਅਤੇ ਹੁਕਮਰਾਨ ਅਕਾਲੀ-ਭਾਜਪਾ ਗੱਠਜੋੜ ਨੂੰ 7 ਸੀਟਾਂ ਦੇ ਰਹੇ ਹਨ। ਇਹ ਸੱਟੇਬਾਜ਼ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਇੱਕੀ ਅਤੇ ਅਰੁਣ ਜੇਤਲੀ ਨੂੰ ਉੱਨੀ ਦੱਸ ਰਹੇ ਹਨ। ਦੂਜੇ ਪਾਸੇ ਲੁਧਿਆਣਾ ਦੇ ਸੱਟੇਬਾਜ਼ੀ ਗਰੋਹ ਕਾਂਗਰਸ ਨੂੰ 6, ਅਕਾਲੀ-ਭਾਜਪਾ ਗੱਠਜੋੜ ਨੂੰ 6 ਅਤੇ ਆਮ ਆਦਮੀ ਪਾਰਟੀ (ਆਪ) ਨੂੰ ਇਕ ਸੀਟ ਦੇ ਰਹੇ ਹਨ। ਇਕ ਹੋਰ ਗੱਲ ਇਹ ਕਹੀ ਜਾ ਰਹੀ ਹੈ ਕਿ ਜਿੱਥੇ ‘ਆਪ’ ਦਾ ਉਮੀਦਵਾਰ ਇਕ ਲੱਖ ਵੋਟਾਂ ਲੈ ਗਿਆ, ਉੱਥੇ ਅਕਾਲੀ ਉਮੀਦਵਾਰ ਮਾਂਜਿਆ ਜਾਵੇਗਾ। ਜਿੱਥੇ ‘ਆਪ’ ਨੂੰ 40-50 ਹਜ਼ਾਰ ਵੋਟ ਪਈ, ਉੱਥੇ ਕਾਂਗਰਸੀ ਮਾਂਜਿਆ ਜਾਵੇਗਾ।

(ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼ ਵਿਚੋਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top