Share on Facebook

Main News Page

ਸ਼ਹਿਰਾਂ ਵਿਚ ਹੀ ਨਹੀਂ, ਸਗੋਂ ਪੇਂਡੂ ਇਲਾਕੇ ਵੀ ਝਾੜੂ ਫਿਰਿਆ; ਤੀਜਾ ਬਦਲ ਸਮਝ ਕੇ ਆਮ ਆਦਮੀ ਪਾਰਟੀ ਵੱਲ ਉੱਲਰੇ ਪੰਜਾਬੀ
-: ਬਲਜੀਤ ਬੱਲੀ

6 ਮਈ ਨੂੰ ਮੇਰੇ ਤਿਰਛੀ ਨਜ਼ਰ ਮੀਡੀਆ ਦਫ਼ਤਰ ਦਾ ਇੱਕ ਪੁਰਾਣਾ ਸਹਿਯੋਗੀ ਮਿਲਣ ਆਇਆ। ਉਹ ਮੁਹਾਲੀ ਵਾਸੀ ਹੈ। ਗੱਲਾਂ ਵੋਟਾਂ ਦੀ ਚੱਲ ਪਈਆਂ। ਕਹਿਣ ਲੱਗਾ ਕਿ ਉਨ੍ਹਾ ਨੇ ਤੇ ਆਲੇ ਦੁਆਲੇ ਸਭ ਨੇ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਈਆਂ ਨੇ। ਉਸਨੇ ਦਿਲਚਸਪ ਕਿੱਸਾ ਸੁਣਾਇਆ। ਕਹਿੰਦਾ "ਮੇਰੀ ਬੀਵੀ ਨੂੰ ਮੈਂ ਪੁੱਛਿਆ ਕਿ ਉਮੀਦਵਾਰ ਕੌਣ ਹੈ ?" ਅੱਗੋਂ ਜਵਾਬ ਮਿਲਿਆ ਕਿ "ਕੈਂਡੀਡੇਟ ਤਾਂ ਪਤਾ ਨਹੀਂ, ਪਰ ਵੋਟ ਝਾੜੂ ਨੂੰ ਪਾਉਣੀ ਹੈ।" ਉਹ ਕਹਿਣ ਲੱਗਾ ਕਿ ਮੈਂ ਆਪਣੀ ਬੀਵੀ ਨੂੰ ਦੱਸਿਆ ਕਿ ਅਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਹੈ। ਉਹ ਕਹਿਣ ਲੱਗੀ ਕੋਈ ਫ਼ਰਕ ਨਹੀਂ ਪੈਂਦਾ, ਵੋਟ ਕੇਜਰੀਵਾਲ ਨੂੰ ਪਾਉਣੀ ਹੈ

30 ਅਪ੍ਰੈਲ ਨੂੰ ਪੰਜਾਬ ਵਿਚ ਲੋਕ ਸਭਾ ਲਈ ਪਈਆਂ ਵੋਟਾਂ ਤੋਂ ਬਾਅਦ ਬਹੁਗਿਣਤੀ ਪਾਰਲੀਮਾਨੀ ਹਲਕਿਆਂ ਦੇ ਵੱਖ ਤਬਕਿਆਂ ਦੇ ਲੋਕਾਂ ਤੋਂ ਮਿਲੀ ਫੀਡ ਬੈਕ ਵੀ ਇਹੀ ਸੰਕੇਤ ਕਰਦੀ ਹੈ ਕਿ ਕੇਜਰੀਵਾਲ ਪਾਰਟੀ ਦੇ ਝਾੜੂ ਨੂੰ ਬੇਹਿਸਾਬੀਆਂ ਵੋਟਾਂ ਪਈਆਂ ਹਨ। ਭਾਵੇਂ ਪਿੰਡ ਸੀ ਜਾਂ ਸ਼ਹਿਰ ਜਾਂ ਕਸਬੇ, ਲੱਗਭੱਗ ਇਕੋ ਜਿਹਾ ਰੁਝਾਨ ਬਹੁਗਿਣਤੀ ਹਲਕਿਆਂ ਵਿਚ ਦੇਖਣ ਨੂੰ ਮਿਲਿਆ। ਹੁਣ ਲਗਭਗ ਸਾਰੇ ਸਿਆਸੀ ਹਲਕੇ ਵੀ ਮੰਨਦੇ ਨੇ ਪੋਲਿੰਗ ਦੇ ਨੇੜੇ ਆਕੇ ਪੰਜਾਬ ਦੇ ਲਗਭਗ ਅੱਧੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਹੱਕ ਵਿਚ ਲੁਕਵੀਂ ਅਤੇ ਜ਼ਾਹਰਾ ਦੋਵਾਂ ਤਰ੍ਹਾਂ ਦੀ ਇੱਕ ਤਕੜੀ ਲਹਿਰ ਬਣ ਗਈ ਸੀ। ਬਠਿੰਡੇ ਨੂੰ ਛੱਡ ਕੇ ਮਾਲਵੇ ਦੇ ਬਹੁਤੇ ਹਲਕਿਆਂ ਵਿਚ ਇਹ ਵਰਤਾਰਾ ਵਧੇਰੇ ਦੇਖਣ ਨੂੰ ਮਿਲਿਆ।

ਬੇਸ਼ੱਕ ਇਹ ਗੱਲ ਠੀਕ ਹੈ ਕਿ ਨੌਜਵਾਨ ਵਰਗ ਦਾ ਝੁਕਾਅ ਵਧੇਰੇ ਕੇਜਰੀਵਾਲ ਪਾਰਟੀ ਵੱਲ ਹੋਇਆ ਪਰ ਇਹ ਵੀ ਸੱਚਾਈ ਹੈ ਕਿ ਉਮਰ, ਜਾਤ- ਬਰਾਦਰੀ ਅਤੇ ਧਰਮਾਂ ਅਤੇ ਧੜੇਬੰਦੀਆਂ ਤੋਂ ਉੱਪਰ ਉਠਕੇ ਲੋਕਾਂ ਨੇ ਝਾੜੂ ਦੇ ਹੱਕ ਵਿਚ ਵੋਟਾਂ ਪਾਈਆਂ।ਜਿਸ ਤਰ੍ਹਾਂ ਲੋਕਾਂ ਦਾ ਸਿਆਸੀ ਮੁਹਾਣ ਆਮ ਆਦਮੀ ਪਾਰਟੀ ਵੱਲ ਹੋਇਆ, ਇਸ ਦੀ ਉਮੀਦ ਤੇ ਅੰਦਾਜ਼ਾ ਨਾ ਹੀ ਪੰਜਾਬ ਦੇ ਚੋਣ ਮੈਦਾਨ ਵਿਚ ਡਟੀਆਂ ਸਿਆਸੀ ਪਾਰਟੀਆਂ ਅਤੇ ਇਨ੍ਹਾ ਦੇ ਨੇਤਾਵਾਂ ਨੂੰ ਸੀ ਅਤੇ ਨਾ ਹੀ ਖ਼ੁਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸੀ। ਉਂਝ ਵੀ ਕੇਜਰੀਵਾਲ ਸਮੇਤ ਦਿੱਲੀ ਵਿਚ ਸਰਗਰਮ ਇਸ ਪਾਰਟੀ ਦੇ ਬਹੁਤੇ ਨੇਤਾ ਹਰਿਆਣਾ ਜਾਂ ਦਿੱਲੀ ਦੇ ਹੀ ਵਾਸੀ ਸਨ। ਪੰਜਾਬ ਵਿਚ ਲੋਕ ਸਭਾ ਚੋਣ ਲਈ ਡਾ. ਸੁਮੇਲ ਸਿੰਘ ਵਰਗੇ ਕਰਿੰਦੇ ਨੂੰ ਕੋਆਰਡੀਨੇਟਰ ਬਣਾਇਆ ਸੀ, ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਸਨ। ਸੰਗਰੂਰ, ਲੁਧਿਆਣਾ ਅਤੇ ਗੁਰਦਾਸਪੁਰ ਨੂੰ ਛੱਡਕੇ ਬਾਕੀ ਹਲਕਿਆਂ ਬਾਰੇ ਮੀਡੀਆ ਵਿਚ ਆਮ ਆਦਮੀ ਪਾਰਟੀ ਦੀ ਸਰਗਰਮੀ ਦਾ ਕੋਈ ਖ਼ਾਸ ਨੋਟਿਸ ਨਹੀਂ ਸੀ ਲਿਆ।

19 ਅਪ੍ਰੈਲ ਨੂੰ ਪੰਜਾਬ ਦੇ ਚੋਣ-ਮੈਦਾਨ ‘ਤੇ ਮੈਂ ਤਿਰਛੀ ਨਜ਼ਰ ਦੇ ਰੂਪ ਵਿੱਚ ਆਪਣੀ ਆਬਜ਼ਰਵੇਸ਼ਨ ਦਿੱਤੀ ਸੀ। ਮੈਂ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਤੇਜ਼ੀ ਨਾਲ ਪਸਾਰਾ ਹੋ ਰਿਹਾ ਸੀ ਅਤੇ ਪੰਜਾਬ ਵਿਚ ਚੋਣ ਨਤੀਜੇ ਹੈਰਾਨੀਜਨਕ ਹੋਣਗੇ। ਜਿਸ ਹਿਸਾਬ ਨਾਲ ਪੰਜਾਬ ਭਰ ਵਿਚੋਂ ਅਤੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਇਸ ਰੁਝਾਨ ਦੀ ਪੁਸ਼ਟੀ ਕੀਤੀ ਗਈ ਤਾਂ ਉਸ ਵੇਲੇ ਵੀ ਇਹ ਸੰਕੇਤ ਮਿਲ ਗਏ ਸਨ ਕਿ ਇਹ ਪਾਰਟੀ ਵੋਟਰਾਂ ਮਨਾਂ ਅੰਦਰ ਨਵਾਂ ਘਰ ਬਣਾ ਰਹੀ ਹੈ। ਹੁਣ 30 ਅਪਰੈਲ ਦੀ ਪੋਲਿੰਗ ਤੋਂ ਸਾਹਮਣੇ ਆਏ ਰੁਝਾਨਾਂ ਨੇ 19 ਅਪ੍ਰੈਲ 2014 ਅਤੇ ਇਸਤੋਂ ਬਾਅਦ 23 ਅਪ੍ਰੈਲ 2014 ਨੂੰ ਤਿਰਛੀ ਨਜ਼ਰ ਵੱਜੋਂ ਲਿਖੇ ਮੇਰੇ ਉਨ੍ਹਾ ਲੇਖਾਂ ਦੀ ਪੁਸ਼ਟੀ ਕਰ ਦਿੱਤੀ ਹੈ, ਜਿਨ੍ਹਾਂ ਵਿਚ ਆਮ ਆਦਮੀਂ ਪਾਰਟੀ ਦੇ ਪਸਾਰ ਦੀ ਰਾਜਨੀਤਿਕ ਅਹਮੀਅਤ ਜ਼ਿਕਰ ਕੀਤਾ ਗਿਆ ਸੀ। ਇਸ ਪਾਰਟੀ ਦੇ ਪ੍ਰਚਾਰ ਵਿਚ ਸਭ ਤੋਂ ਵੱਧ ਅਹਿਮ ਰੋਲ ਸੀ ਸੋਸ਼ਲ ਨੈਟਵਰਕ ਮੀਡੀਆ ਦਾ। ਵਟ੍ਹਸਐਪ , ਫੇਸ ਬੁੱਕ ਯੂ ਟਿਊਬ ਆਦਿਕ ਨੈੱਟ ਮੀਡੀਆ ਕੇਜਰੀਵਾਲ ਪਾਰਟੀ ਦਾ ਇੱਕ ਵੱਡਾ ਸੰਚਾਰ ਸਾਧਨ ਬਣਿਆ।

ਆਮ ਆਦਮੀ ਪਾਰਟੀ ਕਿਸ ਹਲਕੇ ਵਿਚ ਕਿਸ ਪਾਰਟੀ ਨੂੰ ਵੇਧੇਰੇ ਰਗੜਾ ਲਾਏਗੀ ਅਤੇ ਕੇਜਰੀਵਾਲ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ, ਇਸ ਬਾਰੇ ਤਾਂ ਕੁਝ ਕਹਿਣਾ ਮੁਸ਼ਕਲ ਹੈ ਪਰ ਇੰਝ ਲਗਦਾ ਹੈ, ਕਿ ਪਰ ਇਸ ਪਾਰਟੀ ਨੂੰ ਇੰਨੀ ਕੁ ਫ਼ੀ ਸਦੀ ਵੋਟਾਂ ਮਿਲ ਜਾਣੀਆਂ ਨੇ ਕਿ ਪੰਜਾਬ ਦੇ ਸਿਆਸੀ ਪਿੜ ਵਿਚ ਇਹ ਪਾਰਟੀ ਇਕ ਰਾਜਨੀਤਿਕ ਧਿਰ ਬਣ ਕੇ ਉੱਭਰ ਸਕਦੀ ਹੈ।

ਇਹ ਵੀ ਸਵਾਲ ਖੜ੍ਹੇ ਨੇ ਕਿ ਇਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਕਿਹੋ ਉੱਭਰੇਗੀ? ਉਹ ਕਿਸ ਤਰ੍ਹਾਂ ਪਾਰਟੀ ਨੂੰ ਅੱਗੇ ਲਿਜਾਏਗੀ? ਇਹ ਪਾਰਟੀ ਆਪਣੇ ਸਤੱਈ ਆਧਾਰ ਨੂੰ ਇੱਕ ਜਥੇਬੰਦਕ ਢਾਂਚੇ ਵਿਚ ਤਬਦੀਲ ਕਰ ਸਕੇਗੀ ਜਾਂ ਨਹੀਂ? ਪਰ ਇੱਕ ਗੱਲ ਯਕੀਨੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਫ਼ੌਰੀ ਤੌਰ ‘ਤੇ ਝਾੜੂ ਵਾਲੀ ਪਾਰਟੀ – ਕਾਂਗਰਸ ਅਤੇ ਅਕਾਲੀ- ਬੀ ਜੇ ਪੀ ਗੱਠਜੋੜ ਲਈ ਇੱਕ ਰਾਜਨੀਤਿਕ ਚੁਨੌਤੀ ਜ਼ਰੂਰ ਬਣੇਗੀ।

ਲੋਕ ਸਭਾ ਚੋਣ ਪ੍ਰਚਾਰ ਦੌਰਾਨ ਐਂਟੀ- ਇਨਕਮਬੈਂਸੀ ਦੇ ਇਜ਼ਹਾਰ ਅਤੇ ਇਸ ਤੋਂ ਬਾਅਦ ਹੋਈ ਪੋਲਿੰਗ ਰੁਝਾਨ ਸਪਸ਼ਟ ਸੰਕੇਤ ਕਰਦੇ ਨੇ ਕਿ ਲੋਕਾਂ ਦਾ ਇੱਕ ਵੱਡਾ ਹਿੱਸਾ ਅਤੇ ਖ਼ਾਸ ਕਰਕੇ ਨੌਜਵਾਨ, ਬਾਦਲ ਸਰਕਾਰ ਅਤੇ ਕਾਂਗਰਸ ਦੋਹਾਂ ਧਿਰਾਂ ਤੋਂ ਹੀ ਨਾਰਾਜ਼ ਸਨ। ਇਸ ਦੇ ਕਾਰਨ ਬਹੁ-ਪੱਖੀ ਨੇ।

ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਵਿਚ ਹੋਏ ਪਸਾਰ ਨੇ ਬਹੁਜਨ ਸਮਾਜ ਪਾਰਟੀ ਨੂੰ ਵੀ ਚੌਥੇ ਥਾਂ ਲਿਆ ਖੜ੍ਹਾ ਕੀਤਾ ਅਤੇ ਇਸ ਦੇ ਆਧਾਰ ਨੂੰ ਵੀ ਖੋਰਾ ਲਾਕੇ ਦੋਆਬੇ ਨੂੰ ਛੱਡ ਕੇ ਪੰਜਾਬ ਦੇ ਸਿਆਸੀ ਸੀਨ’ਤੇ ਬਸਪਾ ਦੀ ਰੇਲੇਵੈਨਸ ਇੱਕ ਵਾਰ ਤਾਂ ਸੀਮਿਤ ਕਰ ਦਿੱਤੀ ਹੈ। ਇਸੇ ਤਰ੍ਹਾਂ ਖੱਬੀਆਂ ਪਾਰਟੀਆਂ ਦੇ ਬੱਚੇ -ਖੁਚੇ ਆਧਾਰ ਨੂੰ ਹੋਰ ਵੀ ਸੰਗੋੜ ਦਿਤਾ ਹੈ, ਕਿਉਂਕਿ ਖੱਬੇਪੱਖੀ ਧਿਰਾਂ ਦੇ ਵੀ ਕਾਫ਼ੀ ਸਰਗਰਮ ਜਾਂ ਗ਼ੈਰ-ਸਰਗਰਮ ਹਿੱਸੇ ਇਸ ਵਾਰ ਕੇਜਰੀਵਾਲ ਵੱਲ ਝੁਕ ਗਏ ਸਨ। ਕਾਂਗਰਸ ਦੇ ਪੰਜੇ ਵਿਚ ਆ ਕੇ ਪੀਪਲਜ਼ ਪਾਰਟੀ ਤਾਂ ਮਨਪ੍ਰੀਤ ਬਾਦਲ ਨੇ ਖ਼ੁਦ ਹੀ ਸਮੇਟ ਦਿੱਤੀ ਹੈ।

ਉਂਝ ਪੰਜਾਬ ਦੀਆਂ ਪਿਛਲੀਆਂ ਕੁਝ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਨਤੀਜੇ ਬੋਲਦੇ ਨੇ ਕੀ ਸੂਬੇ ਵਿਚ 10 ਤੋਂ 15 ਫ਼ੀ ਸਦੀ ਦੇ ਵਿਚਕਾਰ ਅਜਿਹਾ ਵੋਟਰ ਰਿਹਾ ਹੈ ਜਿਹੜਾ ਜਿਹੜਾ ਕਿ ਤੀਜੀਆਂ ਸਿਆਸੀ ਧਿਰਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਹੱਕ ਵਿਚ ਭੁਗਤਦਾ ਰਿਹਾ ਹੈ। ਇਨ੍ਹਾਂ ਵਿਚ ਬਸਪਾ, ਖੱਬੀਆਂ ਪਾਰਟੀਆਂ, ਪੀਪਲਜ਼ ਪਾਰਟੀ, ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਾਂ ਹੋਰ ਬਾਦਲ-ਵਿਰੋਧੀ ਅਕਾਲੀ ਧੜੇ, ਲੋਕ ਭਲਾਈ ਪਾਰਟੀ ਆਦਿਕ ਸ਼ਾਮਲ ਰਹੀਆਂ ਨੇ।

ਹੁਣ ਸਵਾਲ ਇਹ ਖੜ੍ਹਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਜੋ ਵੋਟ ਬੈਂਕ ਹਾਸਲ ਕਰੇਗੀ, ਇਸ ਵਿਚ ਕਿੰਨਾ ਹਿੱਸਾ ਜ਼ਿਕਰ ਕੀਤੇ ਤੀਜੇ ਵੋਟ ਬੈਂਕ ਵਿਚੋਂ ਹੋਵੇਗਾ ਅਤੇ ਕਿੰਨਾ ਖੋਰਾ ਕਾਂਗਰਸ ਅਤੇ ਹਾਕਮ ਅਕਾਲੀ-ਬੀ ਜੇ ਪੀ ਗੱਠਜੋੜ ਦੇ ਵੋਟ ਬੈਂਕ ਵਿਚੋਂ ਹਾਸਲ ਕੀਤਾ ਹੈ। ਕੇਜਰੀਵਾਲ ਪਾਰਟੀ ਦੇ ਉਭਾਰ ਨੇ ਪੰਜਾਬ ਵਿਚ ਮੋਦੀ ਲਹਿਰ ਨੂੰ ਵੀ ਕਾਫ਼ੀ ਰੋਕਾ ਲਾਇਆ ਲਗਦੈ… ਹਾਲਾਂਕਿ ਪੂਰੀ ਤਸਵੀਰ 16 ਮੈਂ ਨੂੰ ਹੀ ਸਾਹਮਣੇ ਆ ਸਕੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top